ਦੂਹਰੀ ਮਾਰ !

707

ਆਈਟੀਆਈ ਕਰਕੇ ਮੈਂ ਨੌਕਰੀ ਦੀ ਤਲਾਸ਼ ਵਿੱਚ ਏਧਰ ਉਧਰ ਹੱਥ ਮਾਰ ਰਿਹਾ ਸੀ ਕਿ ਏਨੇ ਨੂੰ ਇੱਕ ਵਿਆਹ ਆ ਗਿਆ ਵਿਆਹ ਵਿੱਚ ਮੇਰਾ ਦੂਰ ਦਾ ਰਿਸ਼ਤੇਦਾਰ ਜਗਰਾਵਾਂ ਤੋਂ ਉਹ ਵੀ ਆਇਆ ਹੋਇਆ ਸੀ ਅਤੇ ਅਸੀਂ ਚਾਹ ਪਾਣੀ ਪੀਣ ਲੱਗੇ ਤਾਂ ਉਸ ਨੇ ਮੈਨੂੰ ਕਿਹਾ” ਕੀ ਕਰਦਾ ਹੁੰਦਾ ? ਮੈ ਕਿਹਾ ‘ਵਿਹਲਾ ਹਾ ਨੌਕਰੀ ਦੀ ਤਲਾਸ਼ ਵਿੱਚ ਹਾ’ ਤਾਂ ਉਸ ਨੇ ਸੁਣਦੇ ਸਾਰੇ ਮੈਨੂੰ ਕਿਹਾ ‘ਪੁਲਿਸ ਦੀ ਨੌਕਰੀ ਕਰੇਗਾ? ਮੇਰੀਆਂ ਅੱਖਾਂ ਚਮਕ ਉੱਠੀਆਂ ਤੇ ਮੇਰਾ ਧਿਆਨ ਉਸ ਆਦਮੀ ਵੱਲ ਗਿਆ ਮੈਂ ਕਿਹਾ ਜ਼ਰੂਰ ਕਰਾਂਗਾ ਕਿਉਂ ਨਹੀਂ ਕਰਾਂਗਾ ਤਾਂ ਉਸ ਨੇ ਮੈਨੂੰ ਕਿਹਾ ਤੂੰ ਫਿਰ ਜਗਰਾਵਾਂ ਆਜੀ ਤੇ ਆਪਾ ਮਸਲਾ ਹੱਲ ਕਰ ਦੇ ਹਾ ‘ਉਸ ਨੇ ਦੱਸਿਆ ਕਿ ‘ਸਾਡੀ ਜਗਰਾਵਾਂ ਵਿੱਚ ਟੇਲਰ ਦੀ ਦੁਕਾਨ ਹੈ ਅਤੇ ਬਹੁਤ ਸਾਰੇ ਪੁਲਿਸ ਦੇ ਵੱਡੇ ਵੱਡੇ ਅਫਸਰ ਸਾਥੋਂ ਵਰਦੀਆਂ ਸਵਾਉਂਦੇ ਹਨ’ ਮੈਂ ਘਰੇ ਆ ਕੇ ਆਪਣੇ ਪਿਓ ਨਾਲ ਰਾਇ ਕੀਤੀ ਕਿ ਮੈਨੂੰ ਦੂਰ ਦੇ ਰਿਸ਼ਤੇਦਾਰ ਪੁਲਸ ਦੀ ਨੌਕਰੀ ਬਾਰੇ ਕਹਿ ਕੇ ਗਏ ਐ ਮੈਂ ਜਾਵਾਂ ਕਿ ਨਾ ਜਾਵਾਂ ਮੇਰਾ ਪਿਓ ਹੱਸ ਪਿਆ ਤੇ ਕਹਿਣ ਲੱਗਿਆ “ਜਾਣ ਨੂੰ ਤਾਂ ਵਗਜਾ ਪਰ ਪੁਲਿਸ ਚ ਭਰਤੀ ਹੋਕੇ ਕਿਤੇ ਸਾਡੇ ਤੇ ਡੰਡੇ ਨਾ ਖੜਕਾਈ ਜਾਈਂ” ਮੈ ਵੀ ਹੱਸਿਆ ਤੇ ਕਿਹਾ ” ਸ਼ੁਰੂਆਤ ਤਾਂ ਘਰਦਿਆਂ ਤੋਂ ਹੁੰਦੀ ਹੁੰਦੀ ਹੈ” ਸੋ ਮੈਂ ਦੂਜੇ ਦਿਨ ਹੀ ਜਗਰਾਵਾਂ ਪਹੁੰਚ ਗਿਆ ਤੇ ਉੱਥੇ ਰਾਤ ਕੱਟ ਕੇ ਦੂਜੇ ਦਿਨ ਸਵੇਰੇ ਅਸੀਂ ਫਿਲੌਰ ਵਾਲੇ ਕਿਲ੍ਹੇ ਵਿੱਚ ਪਹੁੰਚ ਗਏ ਮੇਰੇ ਰਿਸ਼ਤੇਦਾਰ ਚ ਹੁਨਰ ਬਹੁਤ ਸੀ ਉਹ ਇੱਕ ਸੀਤੀ ਸਿਲਾਈ ਵਰਦੀ ਆਪਣੇ ਨਾਲ ਲੈ ਗਿਆ ਸਕਿਓਰਿਟੀ ਬਹੁਤ ਸੀ ਪਰ ਚਲਾਕੀ ਨਾਲ ਸਕਿਊਰਿਟੀ ਵਾਲੇ ਨੂੰ ਕਿਹਾ ਕਿ “ਸਾਹਬ ਨੂੰ ਵਰਦੀ ਦੇਣ ਜਾਣਾ ਹੈ” ਤਾਂ ਉਸ ਨੇ ਕੋਈ ਅੜਚਣ ਨਾ ਪਾਈ ।

ਅਸੀਂ ਸਾਹਬ ਨੂੰ ਮਿਲੇ ਤਾਂ ਸਾਹਬ ਨੇ ਉਸ ਦਾ ਨਾਂ ਲੈ ਕੇ ਕਿਹਾ “ਆ ਬਈ ….ਸਿਹਾ ਕਿੱਦਾਂ ? ਤਾ ਓਸ ਨੇ ਕਿਹਾ “ਹੋਰ ਸਾਹਿਬ ਜੀ ਦੀ ਵਰਦੀ ਦੇਣ ਆਏ ਸੀ” ਉਸ ਤੋਂ ਬਾਅਦ ਉਸ ਨੇ ਮੇਰੇ ਬਾਰੇ ਸਾਰਾ ਦੱਸਿਆ ਕਿ ਗਰੀਬ ਘਰ ਦਾ ਬੱਚਾ ਹੈ ਟੈਲੈਂਟ ਬਹੁਤ ਹੈ ਇਸ ਨੂੰ ਕੋਈ ਨਾ ਕੋਈ ਨੌਕਰੀ ਤੇ ਜ਼ਰੂਰ ਰੱਖ ਲਿਆ ਜਾਵੇ ਸਾਹਿਬ ਗੱਲਾਂ ਕਰਦੇ ਕਰਦੇ ਖੜ੍ਹੇ ਹੋ ਗਏ ਓਹ  ਥੋੜ੍ਹੀ ਦੂਰ ਚਲੇ ਗਏ ਮਗਰੀ ਮੇਰਾ ਰਿਸ਼ਤੇਦਾਰ ਚਲਿਆ ਗਿਆ ਦੋਨੋਂ ਕੋਈ ਗੱਲ ਕਰਕੇ ਖੂਬ ਹੱਸੇ ਤੇ ਆਪਣਾ ਹੱਥ ਮਿਲਾ ਕੇ ਮੇਰੇ ਕੋਲ ਆਗੇ ਸਾਹਬ ਨੇ ਕਿਹਾ “ਕਾਹਦਾ ਡਿਪਲੋਮਾ ਕੀਤਾ? ਹੈ ਮੈਂ ਕਿਹਾ “ਜੀ ਆਈਟੀਆਈ ਰੇਡੀਓ ਟੀ ਵੀ ਦੀ ਟਰੇਡ ਕੀਤੀ ਹੈ” ਸਾਹਿਬ ਬੋਲੇ “ਕੀ ਵਾਇਰਲੈਸ ਅਪਰੇਟਰ ਦੀ ਨੌਕਰੀ ਕਰੇਗਾ ?ਮੈਂ ਕਿਹਾ ਜੀ ਜ਼ਰੂਰ ਕਰਾਂਗਾ ਤਾਂ ਉਸ ਨੇ ਮੇਰਾ ਨਾਮ ਪਤਾ ਨੋਟ ਕਰ ਲਿਆ ਤੇ ਕਿਹਾ “ਜਿਸ ਦਿਨ ਤੈਨੂੰ ਇੰਟਰਵਿਊ ਲੈਟਰ ਮਿਲ ਗਿਆ ਉਸ ਤਰੀਕ ਨੂੰ ਇੰਟਰਵਿਊ ਦੇ ਜੀ ਉਸ ਤੋਂ ਬਾਅਦ ਸੈੱਟ ਹੋ ਜੂਗਾ” ਜਦੋਂ ਅਸੀਂ ਕਿਲੇ ਤੋਂ ਬਾਹਰ ਆਏ ਤਾਂ ਮੇਰੇ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਕਿ ਤੇਰਾ ਕੰਮ ਸੈੱਟ ਕਰ ਦਿੱਤਾ ਜਦੋਂ ਤੈਨੂੰ ਲੈਟਰ ਮਿਲ ਗਿਆ ਤਾ ਨੌਕਰੀ ਤੇਰੀ ਪੱਕੀ ਪੰਦਰਾਂ ਹਜ਼ਾਰ ਸਾਹਿਬ ਮੰਗਦਾ ਸੀ, ਦਸ ਹਜ਼ਾਰ ਤੇ ਸੈੱਟ ਕਰਤਾ।

ਮੈਂ ਕਿਹਾ ਪੈਸੇ ਤਾਂ ਥੋੜ੍ਹੀ ਜਿਹੀ ਜ਼ਿਆਦਾ ਹੈ ਚਲੋ ਕੋਈ ਨਹੀਂ ਕਰਾਂਗੇ ਜ਼ਰੂਰ ਮੈਂ ਪਿੰਡ ਆ ਗਿਆ ਤੇ ਮੇਰਾ ਰਿਸ਼ਤੇਦਾਰ ਜਗਰਾਵਾਂ ਚਲਾ ਗਿਆ ਦਸੰਬਰ ਉੱਨੀ ਸੌ ਛਿਆਸੀ ਦਾ ਸਾਲ ਸੀ ਅਤੇ ਰਾਤ ਨੂੰ ਸਾਡੀ ਪਾਣੀ ਦੀ ਵਾਰੀ ਸੀ ਮੇਰੇ ਬਾਪੂ ਨੇ ਕਿਹਾ ਜਾਂ ਤੇਰੇ ਚਾਚੇ ਨਾਲ ਪਾਣੀ ਲਵਾ ਆ ਪਾਣੀ ਵੱਢਣ ਚ ਅਜੇ ਟਾਈਮ ਸੀ ਦੋ ਕੁ ਵਜੇ ਦਾ ਸਮਾਂ ਸੀ ਅਸੀਂ ਕੀ ਕਰਿਆ ਰਾਤ ਨੂੰ ਪਾਲੇ ਤੋਂ ਬਚਣ ਲਈ ਅੱਗ ਸੇਕਣ ਵਾਸਤੇ ਧੂੰਈਂ ਬਾਲੀ ਤੇ ਮੇਰੇ ਚਾਚੇ ਨੇ ਸਹਿਜਸੁਭਾ ਹੀ ਪੁੱਛਿਆ ਕਿ ਤੇਰੀ ਨੌਕਰੀ ਦਾ ਕੀ ਬਣਿਆ ਮੈਂ ਕਿਹਾ ਚਾਚਾ ਜੀ ਗੱਲ ਬਣਗੀ ਦਸ ਹਜ਼ਾਰ ਚ ਗੱਲ ਸੈੱਟ ਹੋ ਗਈ ਹਨੇਰੇ ਚ ਕੋਲ ਹੀ ਜਿਸਦੀ ਸਾਡੇ ਬਾਪ ਨਾਲ ਨਹੀਂ ਬਣਦੀ ਸੀ ਬੰਦਾ ਖੜ੍ਹਾ ਸੀ ਸਾਨੂੰ ਪਤਾ ਨਹੀਂ ਲੱਗਿਆ ਉਸ ਨੇਇਹ ਗੱਲ ਸੁਣ ਗਈ ਹੈ  ਪਰ ਉਸ ਨੇ ਸਵੇਰੇ ਹੀ ਜਾ ਕੇ ਖਾੜਕੂਆਂ ਦੇ ਐਕਟਿਵ ਸੈੱਲ ਨੂੰ ਇਹ ਜਾਣਕਾਰੀ ਦੇ ਦਿੱਤੀ ਕਿ ਫਲਾਣੇ ਦਾ ਮੁੰਡਾ ਪੁਲੀਸ ਵਿੱਚ ਭਰਤੀ ਹੋ ਰਿਹੈ ਆਪਣੀ ਜਥੇਬੰਦੀ ਵਾਸਤੇ ਸਿਰਦਰਦੀ ਖੜ੍ਹੀ ਹੋਜੂ ।

ਇਹ ਗੱਲ ਜਦੋਂ ਖਾੜਕੂ ਜਥੇਬੰਦੀ ਦੇ ਦਫਤਰ ਪਹੁੰਚੀ ਤਾਂ ਉੱਥੋਂ ਮੇਰੀ ਮੌਤ ਦਾ ਫਰਮਾਨ ਜਾਰੀ ਹੋ ਗਿਆ !ਬੁਲਟ ਮੋਟਰਸਾਈਕਲ ਤੇ ਦੋ ਲੋਈਆਂ ਵਾਲੇ ਭਾਈ ਖਾੜਕੂ ਜਥੇਬੰਦੀ ਦੇ ਲੈਟਰਪੈਡ ਤੇ ਉਹ ਫ਼ਰਮਾਨ ਮੇਰੀ ਅਨਪੜ੍ਹ ਮਾਂ ਨੂੰ ਦੇ ਗਏ ਮੇਰੀ ਮਾਂ ਨੇ ਉਹ ਫ਼ਰਮਾਨ ਲੱਖ ਵਾਰੀ ਆਪਣੇ ਮੱਥੇ ਨਾਲ ਲਾਇਆ ਕਿ ਮੇਰੇ ਪੁੱਤ ਦੀ ਇੰਟਰਵਿਊ ਵਾਲੀ ਚਿੱਠੀ ਆ ਗਈ ਹੈ । ਜਦੋਂ ਮੈਂ ਘਰੇ ਆਇਆ ਤੇ ਮੇਰੀ ਮਾਂ ਨੇ ਮੈਨੂੰ ਕਿਹਾ ਅੱਜ ਤਾਂ ਭਾਈ ਵਾਲਾ ਸੋਹਣਾ ਦਿਨ ਹੈ  ਤੇਰੀ ਨੌਕਰੀ ਦੇ ਕਾਗਤ ਆਏ ਹਨ ਮੈਂ ਸੁਣ ਕੇ ਕਿਹਾ ਬੇਬੇ ਕਿੱਥੇ ਹੈ ਤਾਂ ਉਸ ਨੇ ਮੈਨੂੰ ਉਹ ਕਾਗਜ਼ ਫੜਾਏ ਤਾਂ ਮੈਂ ਖੋਲ੍ਹ ਕੇ ਪੜ੍ਹਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ “ਪੁਲਸ ਦੀ ਨੌਕਰੀ ਛੱਡ ਦੇ ਨਹੀਂ ਦਾ ਸਾਰੇ ਪਰਿਵਾਰ ਨੂੰ ਸੋਧ ਦਿੱਤਾ ਜਾਊ।

ਸੋਮਵਾਰ ਨੂੰ ਦਫਤਰ ਆ ਕੇ ਮਿਲ” ਜਦੋਂ ਮੈਂ ਮੇਰੀ ਮਾਂ ਨੂੰ ਦੱਸਿਆ ਕਿ ਇੰਟਰਵਿਊ ਦੀ ਚਿੱਠੀ ਨਹੀਂ ਇਹ ਤਾ ਮੇਰੀ ਮੌਤ ਦੀ ਚਿੱਠੀ ਹੈ ਤਾਂ ਮੇਰੀ ਮਾਂ ਡੌਰਭੌਰ ਹੋ ਗਈ ਉਸ ਤੋਂ ਬਾਅਦ ਮੈਂ ਪਿੰਡ ਦੇ ਸਰਪੰਚ ਸਾਹਿਬ ਕੋਲ ਗਿਆ ਤੇ ਉਸ ਨੂੰ ਸਾਰੀ ਕਹਾਣੀ ਦੱਸੀ ਸਰਪੰਚ ਨਾਲ ਮੇਰੀ ਚੰਗੀ ਸੀ ਤੇ ਸਰਪੰਚ ਨੇ ਮੈਨੂੰ ਕਿਹਾ “ਕੋਈ ਨੀ ਆਪਾ ਸੋਮਵਾਰ ਨੂੰ ਚੱਲਾਂਗੇ ਮੈਂ ਉਨ੍ਹਾਂ ਨੂੰ ਜਾਣਦਾ “ਅਸੀਂ ਸੋਮਵਾਰ ਨੂੰ ਸਕੂਟਰ ਤੇ ਦਸ ਵਜੇ ਦਫ਼ਤਰ ਗਏ ਤੇ ਸਰਪੰਚ ਸਾਹਿਬ ਨੇ ਉਸ ਦਫ਼ਤਰ ਵਿੱਚ ਬੈਠੇ ਬੰਦੇ ਨੂੰ ਦੱਸਿਆ ਕਿ ਇਹ ਉਹ ਮੁੰਡਾ ਹੈ ਜਿਸਦੇ ਘਰ ਤੁਸੀ ਚਿਠੀ ਦੇ ਆਏ ਐਸੀ ਕੋਈ ਗੱਲ ਨਹੀਂ ਇਹ ਕੋਈ ਪੁਲਿਸ ਚ ਭਰਤੀ ਨਹੀਂ ਹੋ ਰਿਹਾ ਦਫ਼ਤਰ ਵਾਲੇ ਬੰਦੇ ਨੇ ਮੇਰੀ ਡੀਲ ਡੌਲ ਦੇਖ ਕੇ ਕਿਹਾ “ਭਰਤੀ ਤਾ ਮਿੱਤਰਾ ਤੂੰ ਹੋ ਗਿਆ ਹੋਣਾ ਹੁਣ ਡਰਦਾ ਕਹਿ ਰਿਹਾ” ਮੈਂ ਫਿਰ ਕਿਹਾ ਕਿ ਮੈਂ ਗਿਆ ਤਾਂ ਜ਼ਰੂਰ ਸੀ ਪਰ ਭਰਤੀ ਨਹੀਂ ਹੋਣਾ ਅਤੇ ਫੇਰ ਮੇਨੂੰ ਉਸ ਦਫਤਰ ਵਾਲੇ ਬੰਦੇ ਨੇ ਕਿਹਾ ਚਲੋ ਕੋਈ ਗੱਲ ਨਹੀਂ ਦਫਤਰ ਗੇੜਾ ਮਾਰਦਾ ਰਹੀਂ ਕਿਤੇ ਚੁੱਪ ਕਰਕੇ ਭਰਤੀ ਨਾ ਹੋਜੀ ਮੈਂ ਕਿਹਾ ਜੀ ਸੱਤ ਵਚਨ ਜ਼ਰੂਰ ਗੇੜਾ ਮਾਰਦਾ ਰਹਾਂਗਾ।

ਅਸੀਂ ਘਰ ਆ ਗਏ  ਫਿਰ ਦੂਜੇ ਤੀਜੇ ਦਿਨ ਮੈਂ ਦਫਤਰ ਗੇੜਾ ਵੀ ਮਾਰਿਆ ਡਰ ਵੀ ਬਹੁਤ ਲੱਗਦਾ ਸੀ ਕਿ ਨਾ ਗਿਆ ਤਾਂ ਕਹਿਣਗੇ ਭਰਤੀ ਹੋ ਗਿਆ ਜਿਹੜੇ ਬੰਦੇ ਨੇ ਪਹਿਲਾਂ ਚੁਗਲੀ ਕੀਤੀ ਸੀ ਕਿ ਪੁਲੀਸ ਵਿੱਚ ਭਰਤੀ ਹੋ ਗਿਆ ਉਸ ਬੰਦੇ ਨੇ ਮੈਨੂੰ ਉਸ ਦਫ਼ਤਰ ਵਿੱਚ ਆਉਂਦਾ ਜਾਂਦਾ ਵੇਖ ਲਿਆ ਉਹ ਤੋਂ ਫਿਰ ਨਾ ਰਿਹਾ ਗਿਆ ਉਸਨੇ ਜਾ ਕੇ ਥਾਣੇਦਾਰ ਨੂੰ ਜਾ ਦੱਸਿਆ ਕਿ ਫਲਾਣਿਆ ਦਾ ਮੁੰਡਾ ਖਾੜਕੂਆਂ ਨਾਲ ਰਲ ਗਿਆ  ਅੱਜ ਮੈਂ ਉੱਥੇ ਦਫ਼ਤਰ ਵਿੱਚ ਵੇਖਿਆ ਥਾਣੇਦਾਰ ਨੇ ਨਾ ਕੋਈ ਪੁੱਛ ਪੜਤਾਲ ਕੀਤੀ ਨਾ ਮੇਰਾ ਪੱਖ ਸੁਣਿਆ ਸਿੱਧਾ ਹੀ ਸਾਡੇ ਘਰ ਤੇ ਛਾਪਾ ਮਾਰ ਦਿੱਤਾ ਪੰਦਰਾਂ ਵੀਹ ਗੱਡੀਆਂ ਨੇ ਸਾਡੇ ਘਰ ਨੂੰ ਘੇਰ ਲਿਆ ਅਤੇ ਸਾਡੇ ਘਰ ਵਿੱਚ ਨਾ ਮੈਂ ਸੀ ਨਾ ਹੀ ਮੇਰਾ ਬਾਪ ਸੀ ਜਦੋਂ ਮੈਨੂੰ ਇਸ ਛਾਪੇ ਬਾਰੇ ਪਤਾ ਲੱਗਿਆ ਤਾਂ ਮੈਂ ਸਰਪੰਚ ਸਾਹਿਬ ਦਾ ਟੀਵੀ ਠੀਕ ਕਰ ਰਿਹਾ ਸੀ ਫਿਰ ਮੈਂ ਸਰਪੰਚ ਸਾਹਿਬ ਨੂੰ ਉੱਥੇ ਘਟਨਾ ਸਥਲ ਤੇ ਭੇਜਿਆ ਤਾਂ ਉਸ ਨੇ ਥਾਣੇਦਾਰ ਨੂੰ ਪੁੱਛਿਆ ਕਿ ਕੀ ਗੱਲ ਏ ਥਾਣੇਦਾਰ  ਕਹਿੰਦਾ “ਕੋਈ ਗੱਲਬਾਤ ਨਹੀਂ ਤੜਕੇ ਮੁੰਡੇ ਨੂੰ ਲੈ ਕੇ ਥਾਣੇ ਆ ਨਹੀ ਤਾ ਫਿਰ ਉਹ ਕਰਾਂਗੇ ਜੋ ਕਰਦੇ ਹੁੰਦੇ ਹਾ” ਮੈਂ ਸਰਪੰਚ ਸਾਬ ਇੱਕ ਮੈਂਬਰ ਤੇ ਮੇਰਾ ਬਾਪ ਤਿੰਨੇ ਥਾਣੇ ਚਲੇ ਗਏ ਠਾਣੇਦਾਰ ਕਹਿੰਦਾ “ਮੁੰਡਾ ਲਿਆਏ ?ਤਾ ਓਹਨਾ ਨੇ ਕਿਹਾ ਸਾਨੂੰ ਗੱਲ ਤਾਂ ਦੱਸੋ ਕੀ ਗੱਲ ਹੋਗੀ ਅੱਗੋਂ ਠਾਣੇਦਾਰ ਨੇ ਕੜਕ ਕਿ ਕਿਹਾ”ਬਲੇ ਓਏ ਸਰਪੰਚਾਂ ਆਪ ਤਾ ਤੂੰ ਮੁੰਡੇ ਨੂੰ ਖਾੜਕੂਆਂ ਨਾਲ ਰਲਾ ਕੇ ਆਇਆਂ ਅਜੇ ਮੈਨੂੰ ਪੁੱਛਦਾ ਕੀ ਹੋਇਆ? ਸਰਪੰਚ  ਸਾਹਿਬ ਨੇ ਬਥੇਰਾ ਸਫ਼ਾਈ ਦਿੱਤੀ ਕਿ ਉਹਨਾਂ ਖਾੜਕੂਆਂ ਨੇ ਇਹਨੂੰ  ਪੁਲਸ ਚ ਭਰਤੀ ਹੋਣ ਤੋਂ ਰੋਕਣ ਵਾਸਤੇ ਇੱਕ ਚਿੱਠੀ ਘੱਲੀ ਸੀ ਉਹਦੀ ਸਫ਼ਾਈ ਚ ਅਸੀਂ ਸਪੱਸ਼ਟੀਕਰਨ ਦੇਣਗਏ ਸੀ ਵੀ ਅਸੀਂ ਕੋਈ ਪੁਲਿਸ ਚ ਭਰਤੀ ਨਹੀਂ ਹੁੰਦੇ ਪਰ ਥਾਣੇਦਾਰ ਨਹੀਂ ਮੰਨਿਆ ਤੇ ਬੇਇੱਜ਼ਤੀ ਕਰ ਕੇ ਥਾਣੇ ਚੋਂ ਬਾਹਰ ਕੱਢ ਦਿਤੇ ਤੇ ਕਹਿੰਦਾ ਮੁੰਡਾ ਪੇਸ਼ ਕਰੋ ।

ਮੈਂ ਆਸੇ ਪਾਸੇ ਹੋ ਗਿਆ ਤੇ ਥਾਣੇਦਾਰ ਰੋਜ਼ ਸਾਡੇ ਘਰੇ ਰੇਡ ਮਾਰਨ ਲੱਗ ਗਿਆ ਐਨੇ ਨੂੰ ਉਹ ਮੇਰੀ ਇੰਟਰਵਿਊ ਵਾਲੀ ਚਿੱਠੀ ਵੀ ਡਾਕੀਆ ਸਾਡੇ ਘਰ ਦੇ ਗਿਆ ਮੈਂ ਖੋਲ੍ਹ ਕੇ ਪੜ੍ਹਿਆ ਕਿ ਫਲਾਣੀ ਤਰੀਕ ਨੂੰ ਭਾਈ ਪੁੱਜੀ ਮੈਂ ਚਿੱਠੀ ਪੜ੍ਹ ਕੇ ਹੈਰਾਨ ਸੀ ਕਿ ਕੀ ਕੀਤਾ ਜਾਵੇ ਕਿੱਧਰ ਜਾਵਾਂ ਮੈਂ ਚੱਕੀ ਦੇ ਦੋ ਪੁੜਾਂ ਦੇ ਵਿੱਚ ਆਇਆ ਹੋਇਆ ਆਪਣੇ ਆਪ ਨੂੰ ਮਹਿਸੂਸ ਕੀਤਾ ਤੇ ਘੋਰ ਨਿਰਾਸ਼ਾ ਵਿੱਚ ਚਲਾ ਗਿਆ  ।

ਇੱਕ ਦਿਨ ਮੇਰੇ ਬਾਪ ਨੇ ਕਿਹਾ ਸਰਪੰਚ ਨੂੰ ਕਿ ਜਾਂ ਤਾਂ ਸਰਪੰਚਾਂ ਕੋਈ ਹੱਲ ਕਰ ਜਾਂ ਫਿਰ ਮੁੰਡਾ ਪੇਸ਼ ਕਰਦੇ ਸਾਥੋਂ ਨਹੀਂ ਇਹ ਰੋਜ਼ ਪੁਲਿਸ ਦੀਆਂ ਗਾਲਾ ਝੱਲੀ ਦੀਆਂ । ਸਰਪੰਚ ਸਾਹਬ ਨੇ ਕਿਹਾ ਮੁੰਡੇ ਨੂੰ ਮੇਰੇ ਕੋਲ ਭੇਜ ਮੈਂ ਕਿਸੇ ਤਰ੍ਹਾਂ ਲੁਕਦਾ ਲੁਕਾਉਂਦਾ ਸਰਪੰਚ ਸਾਹਿਬ ਕੋਲੇ ਪੁੱਜਾ ਅਤੇ ਉੱਥੋਂ ਲੁਕਦੇ ਲੁਕਾਉਂਦੇ ਅਸੀਂ ਦੋਨੇ ਸਾਡੇ ਇਲਾਕੇ ਦੇ ਚੇਅਰਮੈਨ ਸਾਹਿਬ ਦੇ ਘਰ ਜਾ ਪੁੱਜੇ ।  ਸਰਪੰਚ ਸਾਹਿਬ ਨੇ ਚੇਅਰਮੈਨ ਸਾਹਿਬ ਕੋਲ ਪੁੱਜ ਕੇ ਸਾਰੀ ਗੱਲ ਦੱਸੀ ਕਿ ਠਾਣੇਦਾਰ ਮੁੰਡੇ ਦੇ ਮਗਰ ਬਿਨਾਂ ਕੋਈ ਗੱਲਬਾਤ ਤੇ ਪੈ ਰਿਹਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਸ ਨੇ ਕਿਹਾ ਮੈਂ ਚੰਡੀਗੜ੍ਹ ਜਾ ਰਿਹਾ ਚੱਲੋ ਜਾਂਦੇ ਜਾਂਦੇ ਐੱਸਐੱਸਪੀ ਸਾਹਬ ਨੂੰ ਵੀ ਮਿੱਲ ਚੱਲਦੇ ਆਂ ਅਸੀਂ ਕਾਰ ਵਿੱਚ ਬੈਠ ਕੇ ਸਕੂਟਰ ਉੱਥੇ ਰੋਕ ਦਿੱਤਾ ਗਿਆ ਅਤੇ ਸਿੱਧੇ ਐਸਐਸਪੀ ਸਾਹਬ ਦੇ ਦਫ਼ਤਰ ਜਾ ਪਹੁੰਚੇ ਚੇਅਰਮੈਨ ਸਾਹਿਬ ਨੇ ਆਪਣੀ ਜਾਣ ਪਛਾਣ ਕਰਵਾਈ ਤਾਂ ਅੰਦਰੋਂ ਅੰਦਰ ਆਉਣ ਦਾ ਸੁਨੇਹਾ ਆ ਗਿਆ ਅਸੀਂ ਤਿੰਨੇ ਅੰਦਰ ਚਲੇ ਗਏ ਐੱਸ  ਐੱਸ ਪੀ ਸਾਹਬ ਸਾਹਮਣੇ ਕੁਰਸੀ ਤੇ ਮੁੱਛਾਂ ਨੂੰ ਤਾਅ ਦੇਈ ਬੈਠੇ ਸਨ ਤਾਂ ਦੇਖ ਕੇ ਮੇਰਾ ਸੀਤ ਜਾਂ ਨਿਕਲ ਗਿਆ ਤੇ ਪਤਾ ਨਹੀਂ ਕੀ ਹੋਵੇਗਾ ਦੁਆ ਸਲਾਮ ਤੋਂ ਬਾਅਦ ਐਸਐਸਪੀ ਸਾਹਿਬ ਨੇ ਚੇਅਰਮੈਨ ਸਾਹਿਬ ਨੂੰ ਕਿਹਾ ਦੱਸੋ ਜੀ ਕੀ ਹੁਕਮ ਹੈ? ਤਾਂ ਚੇਅਰਮੈਨ ਸਾਹਿਬ ਨੇ ਕਿਹਾ ਇਹ ਉਹ ਫਲਾਣੇ ਪਿੰਡ ਦਾ ਮੁੰਡਾ ਜੀਹਦੇ ਮਗਰ ਤੇਰਾ ਐਸਐਚਓ ਹੱਥ ਧੋ ਕੇ ਪੈ ਰਿਹਾ । ਐੱਸਐੱਸ ਪੀ ਨੇ ਸੁਣਦੇ ਸਾਰ ਮੈਨੂੰ ਕਿਹਾ ਖੜ੍ਹਾ ਹੋ ਤੇ ਸਿੱਧਾ ਜਾ ਕੇ ਉਹ ਪਰਦੇ ਨਾਲ ਖੜ੍ਹਾ ਹੋ ਜਾ ਮੈ ਸਿੱਧਾ ਜਾ ਕੇ ਪਰਦੇ ਦੇ ਨਾਲ ਖੜ੍ਹੋ ਗਿਆ ਚੇਅਰਮੈਨ ਸਾਹਿਬ ਨੇ ਕਿਹਾ ਸਾਹਬ ਬਹਾਦਰ ਇਹ  ਤਾ ਸਾਡਾ ਪਾਰਟੀ ਵਰਕਰ ਹੈ ਮੇਰੀਆਂ ਸਟੇਜਾਂ ਤਿਆਰ ਕਰਦਾ ਹੈ । ਐੱਸਐੱਸਪੀ ਸਾਹਿਬ ਤੇ ਚੇਅਰਮੈਨ ਸਾਹਿਬ ਦੀ ਆਪਸ ਵਿੱਚ ਬਹੁਤ ਗੂੜ੍ਹੀ ਦੋਸਤੀ ਸੀ ਜਿਸ ਦਾ ਫਾਇਦਾ ਮੈਨੂੰ ਮਿਲਿਆ ।

ਐੱਸਐੱਸਪੀ ਸਾਹਬ ਆਪਣੀ ਕੁਰਸੀ ਤੋਂ ਉੱਠੇ ਤਾਂ ਮੇਰੇ ਉਤੋ ਦੀ ਗੇੜਾ ਜਾ ਦਿੱਤਾ ਅਤੇ ਮੇਰੀ ਬੌਡੀ ਲੈਂਗੁਏਜ਼ ਪੜ੍ਹੀ ਪੜ੍ਹਕੇ ਜਾ ਕੇ ਆਪਣੀ ਕੁਰਸੀ ਤੇ ਬੈਠਦੇ ਹੀ ਸਨ ਤਾਂ ਚੇਅਰਮੈਨ ਸਾਹਿਬ ਨੇ ਉਹ ਦੋਵੇਂ ਚਿੱਠੀਆਂ ਐੱਸਐੱਸਪੀ ਸਾਹਿਬ ਦੇ ਮੂਹਰੇ ਰੱਖ ਦਿਤੀਆ ਇੱਕ ਤਾਂ ਇੰਟਰਵਿਊ ਵਾਲੀ ਚਿੱਠੀ ਤੇ ਦੂਜੀ ਖਾੜਕੂਆਂ ਵਾਲੀ ਚਿੱਠੀ ਐੱਸਐੱਸਪੀ ਸਾਹਿਬ ਨੇ ਦੋਨੇ ਚਿੱਠੀਆਂ ਬੜੀ ਧਿਆਨ ਨਾਲ ਪੜ੍ਹੀਆਂ ਤੇ ਕਹਿਦਾ ਆ ਗਲ ਆ ਤੇ ਵਾਇਰਲੈੱਸ ਚੱਕ ਉਸ ਥਾਣੇਦਾਰ ਨੂੰ ਜਾ ਖੜਕਾਈ ਤੇ ਕਿਹਾ ਭਾਈ ਉਸ ਮੁੰਡੇ ਨੂੰ ਤੰਗ ਕਰਨਾ ਛੱਡਦੇ ਉਹਤਾ ਵਿਚਾਰਾ ਪਹਿਲਾਂ ਹੀ ਦੂਹਰੀ ਮਾਰ ਝੱਲੀ ਜਾ ਰਿਹਾ ਹੈ ਮੇਰੀ ਤਸੱਲੀ ਹੋ ਗਈ ਇਹ ਬੇਕਸੂਰ ਹੈ ਇਸ ਨੂੰ ਨਾ ਬੁਲਾਈਂ ਗਲਤ ਫਹਿਮੀ ਦੂਰ  ਹੋ ਗਈ ਐਸਐਸਪੀ ਸਾਹਿਬ ਦੀਆਂ ਗੱਲਾਂ ਸੁਣ ਕੇ ਮੇਰੀ ਜਾਨ ਚ ਜਾਨ ਆਈ ਮੈਂ ਰੋਣ ਹਾਕਾ ਹੋ ਕੇ ਖੜ੍ਹਾ ਰਿਹਾ ।

ਐੱਸਐੱਸਪੀ ਸਾਹਿਬ ਨੇ ਖ਼ਾੜਕੂਆਂ ਵਾਲੀ ਚਿੱਠੀ ਉੱਥੇ ਹੀ ਪਾੜ ਕੇ ਟੋਕਰੀ ਵਿੱਚ ਵਿਚ ਸੁੱਟ ਦਿੱਤੀ ਅਤੇ ਮੈਨੂੰ ਮੁਖਾਤਿਬ ਹੋ ਕੇ ਬੋਲੇ “ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਦੁਬਾਰਾ ਟ੍ਰਾਈ ਕਰ ਜੇ ਕੋਈ ਲੋੜ ਪਈ ਤਾਂ ਮੈਨੂੰ ਦੱਸੀਂ ਆਹ ਫੜ੍ਹ ਤੇਰੀ ਇੰਟਰਵਿਊ ਦੀ ਚਿੱਠੀ ਜਾਂ ਦੁਆਰਾ ਫਿਲੌਰ । ਮੈਂ ਕਿਹਾ ਇਸ  ਦਾ ਇੰਟਰਵਿਊ ਡੇਟ ਟੱਪ ਗਈ ਉਸਨੇ ਉਸੇ ਚਿੱਠੀ ਦੇ ਪਿਛਲੇ ਪਾਸੇ ਅੰਗਰੇਜ਼ੀ ਵਿੱਚ ਲਿਖਤਾਂ “ਪਲੀਜ਼ ਐਕਸੈਪਟ ਦਿਸ” ਤੇ ਦਸਖਤ ਕਰ ਕੇ ਮੈਨੂੰ ਫੜਾ ਦਿੱਤੇ ਮੈਨੂੰ ਇਉਂ ਲੱਗਿਆ ਜਿਵੇਂ ਲੱਖਾਂ ਮਣ ਭਾਰ ਮੇਰੇ ਸਿਰ ਤੋਂ ਉੱਤਰ ਗਿਆ ਹੋਵੇ ਅਤੇ ਅਸੀਂ ਦਫ਼ਤਰ ਵਿੱਚੋਂ ਬਾਹਰ ਆਏ ਚੇਅਰਮੈਨ ਸਾਹਿਬ ਚੰਡੀਗੜ੍ਹ ਚਲੇ ਗਏ ਅਸੀਂ ਪਿੰਡ ਆ ਗਏ ਘਰੇ ਮੈਨੂੰ ਸਾਰਾ ਪਰਿਵਾਰ ਉਡੀਕ ਰਿਹਾ ਸੀ ਮੇਰਾ ਬਾਪ ਇੱਕ ਪਾਸੇ ਘਧੋਲੀ ਨਾਲ ਖੜ੍ਹਾ ਸੀ ਨ੍ਹੇਰਾ ਹੋ ਚੁੱਕਿਆ ਸੀ ਮੇਰੀ ਮਾਂ ਚੁੱਲ੍ਹੇ ਤੇ ਰੋਟੀਆਂ ਪਕਾ ਰਹੀ ਸੀ।

ਮੈਨੂੰ ਦੇਖ ਕੇ ਟੱਬਰ ਦੇ ਸਾਹ ਵਿੱਚ ਸਾਹ ਆਇਆ ਤੇ ਕਹਿਣ ਲੱਗੇ  ਕੀ ਬਣਿਆ? ਤਾਂ ਮੈਂ ਹੌਲੀ ਦੇਣੇ ਕਿਹਾ ਦੋਨੇ ਪਾਸਿਆਂ ਤੋਂ ਹੀ ਖਹਿੜਾ ਛੁੱਟ ਗਿਆ ਨਾ ਖਾੜਕੂਆਂ ਦਾ ਡਰ ਨਾ ਪੁਲਿਸ ਦਾ ਡਰ। ਜਦੋਂ ਮੈਂ ਸ਼ਬਦ ਕਹੇ ਤਾਂ ਪਹਿਲੀ ਵਾਰ ਮੈਂ ਮੇਰੇ ਬਾਪ ਦੀਆਂ ਅੱਖਾਂ ਚੋਂ ਜ਼ਾਰਜਾਰ ਹੰਝੂ  ਡਿੱਗਦੇ ਦੇਖੇ ਉਸ ਨੇ ਭਰੇ ਗਚ ਨਾਲ ਮੈਨੂੰ ਕਿਹਾ “ਕੋਈ ਲੋੜ ਨਹੀਂ ਨੌਕਰੀਆਂ ਦੀ ਬਥੇਰੀ ਜ਼ਮੀਨ ਹੈ ਵਾਹੀ ਕਰਾਂਗੇ ਵਾਹੀ ਕਰ ਮੇਰੇ ਨਾਲ ਅੱਗੇ ਕਿਹੜਾ ਤੇਰੀ ਨੌਕਰੀ ਖਾਂਦੇ ਸੀ” ਤੇ ਮੈਨੂੰ ਬੁੱਕਲ ਚ ਲੈ ਲਿਆ ਤੇ ਮੇਰੀ ਭੁਬ ਨਿਕਲ ਗਈ । ਬਾਪੂ ਦੀ ਬਗਲ ਵਿੱਚ ਦੀ ਦੇਖਿਆ ਚੁੱਲ੍ਹੇ ਦੀ ਅੱਗ ਦੇ ਚਾਨਣ  ਵਿੱਚ ਮਾਂ ਦੇ ਮੂੰਹ ਤੇ ਹੰਝੂ ਪਰਲ ਪਰਲ ਜਾ ਰਹੇ ਸਨ ਤੇ ਚਿਹਰਾ ਚੰਡੀ ਵਾਂਗ ਦਗਦਗ ਕਰ ਰਿਹਾ ਸੀ ਉਹ ਗੁੱਸੇ ਵਿੱਚ ਖੜ੍ਹੀ ਹੋਈ ਤੇ ਮੈਨੂੰ ਕਿਹਾ “ਕਿੱਥੇ ਆ ਓਹ ਚਿੱਠੀ”? ਮਾਂ ਨੇ ਮੈਥੋਂ ਖੋਹ ਕੇ  ਪਾੜ ਕੇ ਚੁੱਲ੍ਹੇ ਚੋ ਲਾਤੀ ਤੇ ਕਹਿੰਦੀ “ਨਹੀਂ ਬਣਨਾ ਖਾੜਕੂ ਨਹੀਂ ਕਰਨੀ ਪੁਲਿਸ ਦੀ ਨੌਕਰੀ ” ਜਿਸ ਬੰਦੇ ਨੇ ਮੈਨੂੰ ਫਸਾਇਆ ਸੀ ਬਾਪੂ ਨਾਲ ਰੰਜਸ ਅੈਨ਼ੀ ਸੀ ਕਿ ਅਸੀ ਓਹਨਾਂ ਦੇ ਦੂਜੇ ਘਰ ਦੀ  ਜਮੀਨ ਖਰੀਦੀ ਸੀ ਜੋ ਓਹ ਖਰੀਦਣਾ ਚਾਹੁੰਦੇ ਸੀ।

ਬਲਵੀਰ ਸੋਚੀ..

9417326529