ਨਸ਼ਿਆਂ ਦੇ ਦਰਿਆ ਨੇ ਡੋਬ ‘ਤੀ ਪੰਜਾਬ ਦੀ ਜਵਾਨੀ, ਜ਼ੁੰਮੇਵਾਰ ਕੌਣ, ਸਾਡੀਆਂ ਚੁਣੀਆਂ ਸਰਕਾਰਾਂ?

174

ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗ਼ਲਤਾਨ ਹੋ ਕੇ ਸਿਵਿਆਂ ਦੇ ਰਾਹ ਪਈ ਹੋਈ ਹੈ। ਨਿੱਤ-ਦਿਨ ਪੰਜਾਬ ਦੇ ਵਿਹੜਿਆਂ ਵਿੱਚ ਲੋਥਾਂ ਦੇ ਸੱਥਰ ਵਿਛ ਰਹੇ ਹਨ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਅਤੇ ਪਤਨੀਆਂ ਦੇ ਸੁਹਾਗ ਉਜਾੜ ਰਹੇ ਹਨ ਇਹ ਨਸ਼ਾ ਆ ਕਿਥੋਂ ਰਿਹਾ ਹੈ, ਸਭ ਨੂੰ ਪਤਾ ਹੈ ਇਹ ਸਾਡੀਆਂ ਸਾਬਕਾ ਅਤੇ ਮੌਜੂਦਾ ਸਰਕਾਰਾਂ ਦੀ ਦੇਣ ਹੈ ਜੋ ਕਿ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰਕੇ ਦਿਨੋ-ਦਿਨ ਵਧਾ ਕੇ ਆਪਣੇ ਹੱਥ ਰੰਗ ਰਹੇ ਹਨ। ਇਸ ਡਰੱਗ ਮਾਫ਼ੀਆ ਨਾਲ ਵੱਡੇ-ਵੱਡੇ ਅਫ਼ਸਰ, ਸਿਆਸੀ ਲੀਡਰ ਅਤੇ ਵੱਡੇ ਕਾਰੋਬਾਰੀ ਆਪਣਾ ਕਾਰੋਬਾਰ ਚਲਾ ਰਹੇ ਹਨ ਮਾਵਾਂ ਦੇ ਪੁੱਤ ਮਰਦੇ ਹਨ ਤਾਂ ਮਰਦੇ ਰਹਿਣ ਇਹ ਵੱਡੇ ਲੋਕ ਅਤੇ ਸਿਆਸਤਦਾਨ ਅੰਦਰੋਂ ਘਿਉ-ਖਿਚੜੀ ਹਨ ਪਰ ਲੋਕਾਂ ਨੂੰ ਇੱਕ ਦੂਜੇ ਨਾਲ ਪਾਰਟੀਆਂ ਦੇ ਨਾਮ ਤੇ ਲੜਾ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਆਪਣਾ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ।

ਪਹਿਲਾਂ ਸਰਕਾਰਾਂ ਨੇ ਪੰਜਾਬ ਦੀ ਨੌਜਵਾਨੀ ਖ਼ਤਮ ਕਰਨ ਲਈ ਪੰਜਾਬੀਆਂ ਤੇ ਜ਼ੁਲਮ ਦੀ ਹਨੇਰੀ ਚਲਾਈ ਜਿਸ ਤੋਂ ਅੱਕ ਕੇ ਨੌਜਵਾਨਾ ਨੂੰ ਮਜਬੂਰੀ ਬਸ ਹਥਿਆਰ ਚੁੱਕਣੇ ਪਏ ਜਿਸ ਤੇ ਸਰਕਾਰਾਂ ਲਈ ਜ਼ੁਲਮ ਕਰਨ ਦਾ ਰਾਹ ਖੁੱਲ ਗਿਆ ਸਰਕਾਰ ਨੇ ਲੱਖਾਂ ਨੌਜਵਾਨਾਂ ਨੂੰ ਅੱਤਵਾਦੀ ਆਖ ਕੇ ਬੇ-ਕਸੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ,ਜਿਸ ਦਾ ਚਿੱਟਾ ਸੱਚ ਜਸਵੰਤ ਸਿੰਘ ਖਾਲੜਾ ਜੀ ਨੇ 25,000 ਲਾਵਾਰਸ ਲਾਸ਼ਾਂ ਦਾ ਅੰਕੜਾ ਇਕੱਠਾ ਕਰਕੇ ਦੁਨੀਆ ਸਾਹਮਣੇ ਲਿਆਂਦਾ। ਜਿਸ ਨੂੰ ਸਮੇਂ ਦੀਆਂ ਸਰਕਾਰਾਂ ਬਰਦਾਸ਼ਤ ਨਹੀਂ ਕਰ ਸਕੀਆਂ ਜਸਵੰਤ ਸਿੰਘ ਜੀ ਖਾਲੜਾ ਨੂੰ ਵੀ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਸੰਨ 1984 ਜਿਸ ਨੂੰ ਸਿੱਖ ਕੌਮ ਕਦੇ ਭੁੱਲ ਨਹੀਂ ਸਕਦੀ ਪਹਿਲਾਂ ਕਰਫ਼ਿਊ ਲਗਾ ਕੇ ਸਾਰੇ ਪੰਜਾਬ ਦੇ ਗੁਰਦੁਆਰਿਆਂ ਉੱਤੇ ਹਮਲਾ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਤੋਂ ਬਾਅਦ ਜਦੋਂ ਇੰਦਰਾ ਗਾਧੀ ਦੀ ਹੱਤਿਆ ਮਗਰੋਂ ਸਿੱਖਾਂ ਨੂੰ ਚੁਣ-ਚੁਣ ਕੇ ਘਰਾਂ ਚੋਂ ਕੱਢ ਕੇ ਮਾਰਿਆ ਅਤੇ ਸਿੱਖ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਸਾਰੀਆਂ ਪਾਰਟੀਆਂ ਸਿੱਖਾਂ ਤੇ ਹੁੰਦੇ ਜ਼ੁਲਮ ਨੂੰ ਵੇਖ ਕੇ ਚੁੱਪ ਰਹੀਆਂ।

ਜਦੋਂ ਸਰਕਾਰਾਂ ਨੇ ਇਹ ਕੰਧ ਤੇ ਲਿਖਿਆ ਪੜ ਲਿਆ ਕਿ ਪੰਜਾਬ ਦੇ ਲੋਕਾਂ ਨੂੰ ਲੜ ਕੇ ਹਰਾਇਆ ਨਹੀਂ ਜਾ ਸਕਦਾ ਅਤੇ ਜ਼ੁਲਮ ਨਾਲ ਵੀ ਇਹ ਮਾਰਸ਼ਲ ਕੌਮ ਨੂੰ ਦਬਾਇਆ ਵੀ ਨਹੀਂ ਜਾ ਸਕਦਾ। ਕਿਉਂਕਿ ਇਸ ਤੋਂ ਪਹਿਲਾਂ ਵੱਡੀਆਂ-ਵੱਡੀਆਂ ਤਾਕਤਾਂ ਅਬਦਾਲੀ,ਮੱਸੇ ਰੰਗੜ, ਮੀਰ ਮੰਨੂ ਅਤੇ ਔਰੰਗਜ਼ੇਬ ਜਿਹੀਆਂ ਜ਼ਾਲਮ ਹਕੂਮਤਾਂ ਇਸ ਨੂੰ ਖ਼ਤਮ ਨਹੀਂ ਕਰ ਸਕੀਆਂ, ਇਸ ਲਈ ਇਹਨਾਂ ਨੇ ਪੰਜਾਬ ਨੂੰ ਖ਼ਤਮ ਕਰਨ ਲਈ ਇੱਕ ਕੋਝੀ ਚਾਲ ਚੱਲੀ ਇਸ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗਾ ਦੇਵੋ ਪੰਜਾਬ ਆਪਣੇ ਆਪ ਖ਼ਤਮ ਹੋ ਜਾਵੇਗਾ।
ਇਹ ਸਾਰਾ ਵਰਤਾਰਾ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਮਿਲੀਭੁਗਤ ਨਾਲ ਹੋਇਆ ਹੈ। ਸਰਕਾਰ ਕੋਈ ਵੀ ਹੋਵੇ ਅਕਾਲੀ ਭਾਜਪਾ ਜਾਂ ਕਾਂਗਰਸ ਸਰਕਾਰ ਸਭ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਹਨ।

ਕਿਉਂਕਿ ਅਣਖੀਲੇ ਮਰਦ ਦਲੇਰਾਂ ਤੇ ਕੋਈ ਮਹਾਰਾਜਾ ਰਣਜੀਤ ਸਿੰਘ ਜਿਹਾ ਬਲੀ-ਜੋਧਾ ਹੀ ਰਾਜ ਕਰ ਸਕਦਾ ਹੈ ਕਿਉਂਕਿ ਸ਼ੇਰਾਂ ਦੀ ਕੌਮ ਤੇ ਰਾਜ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਇਸ ਲਈ ਸਰਕਾਰਾਂ ਪੰਜਾਬੀਆਂ ਨੂੰ ਨਿਕੰਮੇ ਅਤੇ ਗ਼ੁਲਾਮ ਬਿਰਤੀ ਦੇ ਬਣਾਉਣਾ ਚਾਹੁੰਦੀਆਂ ਹਨ ਤਾਂ ਕਿ ਕਮਜ਼ੋਰ ਤੇ ਨਿਤਾਣੇ ਲੋਕਾਂ ਉੱਪਰ ਸੌਖਾ ਰਾਜ ਕਰ ਸਕੀਏ ਇਹ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜੀਆਂ ਕਮਜ਼ੋਰ,ਨਾ-ਮਰਦ ਅਤੇ ਬੁਜ਼ਦਿਲ ਹੋਣ ਤਾਂ ਜੋ ਅਸੀਂ ਚੰਮ ਦੀਆਂ ਚਲਾ ਸਕੀਏ ਸਾਡੇ ਅੱਗੇ ਕੋਈ ਅੱਖ ਨਾ ਚੁੱਕ ਸਕੇ।

ਇਸ ਕਰਕੇ ਹੀ ਅੱਜ ਮਾਪੇ ਸੋਚਦੇ ਹਨ ਕਿ ਜਿਸ ਨੇ ਆਪਣਾ ਬੱਚਾ ਨਸ਼ੇ ਤੋਂ ਬਚਾ ਲਿਆ ਉਸ ਨੇ ਸਭ ਕੁੱਝ ਪਾ ਲਿਆ ਇੰਨਾ ਹਲਾਤਾਂ ਤੋਂ ਦੁਖੀ ਹੋ ਕੇ ਅੱਜ ਦੀ ਪੀੜੀ ਬਾਹਰਲੇ ਦੇਸ਼ਾਂ ਵੱਲ ਦੌੜ ਰਹੀ ਹੈ ਇੱਥੋਂ ਦੀ ਸਿਆਸਤ ਦੀ ਹਾਲਤ ਬਿਲਕੁਲ ਨਿੱਘਰ ਰਹੀ ਹੈ। ਇਹਨਾਂ ਲਈ ਤਾਂ ਪੈਸਾ ਹੀ ਭਗਵਾਨ ਹੈ ਝੂਠ ਇਹਨਾਂ ਦੀ ਰਗ-ਰਗ ਵਿੱਚ ਸਮਾਅ ਗਿਆ ਹੈ। ਜਿੰਨਾ ਵੱਡਾ ਝੂਠ ਬੋਲੇਗਾ ਉੇਨਾ ਵੱਡਾ ਸਿਆਸਤਦਾਨ, ਹੁਣ ਪੰਜਾਬ ਦੇ ਪੜੇ ਲਿਖੇ ਬੁੱਧੀਜੀਵੀ ਵਰਗ ਦਾ ਇਹ ਹੱਕ ਬਣਦਾ ਹੈ, ਕਿ ਇਸ ਔਖੀ ਘੜੀ ਵਿੱਚ ਪੰਜਾਬ ਅਤੇ ਪੰਜਾਬੀਆਂ ਨੂੰ ਇਸ ਮੁੱਕੜਜ਼ਾਲ ਚੋਂ ਕੱਢਣ ਲਈ ਕੋਈ ਠੋਸ ਉਪਰਾਲਾ ਕੀਤਾ ਜਾਵੇ ਤਾਂ ਜੋ ਖ਼ਤਮ ਹੋ ਰਹੇ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲੈ ਜਾਇਆ ਜਾਵੇ।

ਲੇਖਕ-ਚਰਨਜੀਤ ਸਿੱਧੂ ਨਥਾਣਾ(ਬਠਿੰਡਾ)
ਮੋਬਾ,99156 13844