ਨੇਪਾਲ ਨੇ ਕਿਹਾ, ਕਾਲਾ ਪਾਣੀ ‘ਤੇ ਭਾਰਤ ਨਾਲ ਗੱਲਬਾਤ ਲਈ ਤਿਆਰ

242

ਕਾਠਮੰਡੂ (ਏਜੰਸੀ) : ਹਫ਼ਤੇ ਭਰ ਦੀ ਤਲਖ਼ ਬਿਆਨਬਾਜ਼ੀ ਤੋਂ ਬਾਅਦ ਨੇਪਾਲ ਵੱਲੋਂ ਖ਼ਾਸ ਸਬੰਧਾਂ ਨੂੰ ਕਾਇਮ ਰੱਖਣ ਦੀ ਇੱਛਾ ਪ੍ਰਗਟਾਉਣ ਵਾਲਾ ਬਿਆਨ ਆਇਆ ਹੈ। ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਕਿਹਾ ਕਿ ਨੇਪਾਲ ਦੇ ਭਾਰਤ ਨਾਲ ਖ਼ਾਸ ਤੇ ਨੇੜਲੇ ਸਬੰਧ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਕਾਲੇ ਪਾਣੀ ਦਾ ਮਸਲਾ ਦੋਵੇਂ ਦੇਸ਼ ਆਪਸੀ ਗੱਲਬਾਤ ਨਾਲ ਹੱਲ ਕਰ ਲੈਣਗੇ।

ਅੰਗਰੇਜ਼ੀ ਅਖ਼ਬਾਰ ਰਿਪਬਲਿਕਾ ਨਾਲ ਗੱਲਬਾਤ ‘ਚ ਨੇਪਾਲੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਮਸਲਿਆਂ ਤੇ ਵਿਵਾਦਾਂ ਨੂੰ ਆਪਸੀ ਗੱਲਬਾਤ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ। ਗ਼ੈਰ ਜ਼ਰੂਰੀ ਉਤੇਜਨਾ ਪੈਦਾ ਕੀਤੇ ਬਗ਼ੈਰ ਨੇਪਾਲ ਸਰਹੱਦ ਸਬੰਧੀ ਮਸਲੇ ਗੱਲਬਾਤ ਜ਼ਰੀਏ ਹੱਲ ਕਰਨਾ ਚਾਹੁੰਦਾ ਹੈ। ਪੂਰਾ ਭਰੋਸਾ ਹੈ ਕਿ ਕਾਲੇ ਪਾਣੀ ਦਾ ਮਸਲਾ ਵੀ ਭਾਰਤ ਨਾਲ ਗੱਲਬਾਤ ਜ਼ਰੀਏ ਹੱਲ ਹੋ ਜਾਵੇਗਾ। ਗਿਆਵਲੀ ਨੇ ਇੰਟਰਵਿਊ ‘ਚ ਇਕ ਵਾਰ ਵੀ ਲਿੰਪਿਆਧੁਰਾ ਤੇ ਲਿਪੁਲੇਖ ਦਾ ਜ਼ਿਕਰ ਨਹੀਂ ਕੀਤਾ।

ਹੁਣੇ ਜਿਹੇ ਇਨ੍ਹਾਂ ਦੋ ਇਲਾਕਿਆਂ ‘ਤੇ ਵੀ ਦਾਅਵੇ ਨੂੰ ਲੈ ਕੇ ਨੇਪਾਲ ਸਰਕਾਰ ਨੇ ਨਕਸ਼ਾ ਜਾਰੀ ਕੀਤਾ ਸੀ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਬਿਆਨ ਦਿੱਤਾ ਸੀ। ਭਾਰਤ ਤੇ ਨੇਪਾਲ ਦੇ ਸਬੰਧਾਂ ‘ਚ ਤਣਾਅ ਉਦੋਂ ਪੈਦਾ ਹੋ ਗਿਆ ਜਦੋਂ ਅੱਠ ਮਈ ਨੂੰ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰਾਖੰਡ ‘ਚ 80 ਕਿਲੋਮੀਟਰ ਲੰਬੇ ਲਿਪੁਲੇਖ ਦੱਰੇ ਨੂੰ ਧਾਰਚੂਲਾ ਨਾਲ ਜੋੜਨ ਵਾਲੀ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਰਣਨੀਤਿਕ ਤੌਰ ‘ਤੇ ਬਹੁਤ ਅਹਿਮ ਹੈ।

ਇਸ ਸਥਾਨ ਨਾਲ ਚੀਨ ਦੀ ਸਰਹੱਦ ਵੀ ਵੱਧ ਦੂਰ ਨਹੀਂ ਹੈ। ਨੇਪਾਲ ਨੇ ਇਸ ਸੜਕ ਨੂੰ ਵੱਡਾ ਵਿਰੋਧ ਪ੍ਰਗਟਾਇਆ ਪਰ ਭਾਰਤ ਨੇ ਜਵਾਬ ‘ਚ ਕਿਹਾ ਕਿ ਸੜਕ ਭਾਰਤੀ ਜ਼ਮੀਨ ‘ਤੇ ਬਣਾਈ ਗਈ ਹੈ। ਇਸ ਲਈ ਨੇਪਾਲ ਦਾ ਵਿਰੋਧ ਦੇ ਦਾਅਵਾ ਬੇਬੁਨਿਆਦ ਹੈ। Thankyou punjabi jagran