ਪਦਮਸ੍ਰੀ ਨਿਰਮਲ ਸਿੰਘ ਖ਼ਾਲਸਾ ਦੀ ਭੇਤ ਭਰੀ ਮੌਤ ਤੋਂ ਪੰਜਾਬ ਨੇ ਕੀ ਸਬਕ ਲਿਆ?

354

ਜਦੋਂ ਇਹ ਖ਼ਬਰ, ਨਸ਼ਰ ਹੋਈ ਸੀ ਕਿ ਦਰਬਾਰ ਸਾਹਿਬ ਅਮ੍ਰਿਤਸਰ ਦੇ ਸਾਬਿਕ ਹਜ਼ੂਰੀ ਰਾਗੀ ਪਦਮਸ੍ਰੀ ਨਿਰਮਲ ਸਿੰਘ ਖ਼ਾਲਸਾ # covid 19 ਪੋਜ਼ੀਟਿਵ ਹੋਣ ਕਾਰਨ ਨਹੀਂ ਰਹੇ ਤਾਂ ਏਸ ਸਮੁੱਚੇ ਵਰਤਾਰੇ ਉੱਤੇ ਯਕ਼ੀਨ ਨਹੀਂ ਹੋ ਰਿਹਾ ਸੀ.  ਵਜ੍ਹਾ ਇਹ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ ਕਿ ਮਰਹੂਮ ਖ਼ਾਲਸਾ ਵਿਚ ਕੋਰੋਨਾ ਵਾਇਰਸ #19 ਦੇ ਲੱਛਣ ਜ਼ਾਹਰ ਹੋਏ ਹਨ.  ਏਸ ਤੋਂ ਬਾਅਦ,  ਇਕ ਤੋਂ ਵੱਧ ਇਕ ਹੈਰਾਨ ਤੇ ਦੁਖੀ ਕਰਨ ਵਾਲੀਆਂ ਖ਼ਬਰਾਂ ਨੇ ਸਾਡੇ ਮਨ /ਮਸਤਕ ਉੱਤੇ ਦਸਤਕ ਦਿੱਤੀ.  ਏਸੇ ਬੇਚੈਨ ਮਨੋਦਸ਼ਾ ਕਾਰਨ ਅਸੀਂ ਆਪਣੀ ਜਗਿਆਸਾ ਸ਼ਾਂਤ ਕਰਨ ਲਈ ਖ਼ਬਰਾਂ ਦੀ ਚੀਰਫਾੜ ਕਰਨੀ ਸ਼ੁਰੂ ਕਰ ਦਿੱਤੀ ਸੀ. 
  * *
 ਏਸ ਮਗਰੋਂ ਇਹ ਖ਼ਬਰ ਆਈ ਕਿ ਵੇਰਕਾ ਪਿੰਡ ਦੇ ਆਪੇ ਬਣੇ ਮੋਹਤਬਰ ਨੇ ਰਾਗੀ ਖ਼ਾਲਸਾ ਦਾ ਸਸਕਾਰ ਕਰਨੋਂ ਮਨ੍ਹਾ ਕਰ ਦਿੱਤੈ.  ਕਿੰਨਾ ਵੱਡਾ ਦੁਖਾਂਤ ਹੈ ਕਿ ਪਦਮਸ੍ਰੀ ਇਨਾਮ ਹਾਸਿਲ ਭਾਈ ਖ਼ਾਲਸਾ ਦਾ ਇਲਾਜ ਕਰਨ ਵੇਲੇ ਜਿੱਥੇ ਇਲਾਜ ਕਾਮਿਆਂ ਨੇ ਰੱਜ ਕੇ ਕੋਤਾਹੀ ਕੀਤੀ,  ਓਥੇ ਮੌਤ ਤੋਂ ਬਾਅਦ,  ਦੇਹ ਦਾ ਨਿਰਾਦਰ ਕੀਤਾ ਗਿਆ.  ਇਹ ਵੱਖਰੀ ਗੱਲ ਹੈ ਕਿ ਇਸ ਮਾਮਲੇ ਤੋਂ ਬਾਅਦ ਹਰਪਾਲ ਸਿੰਘ ਵੇਰਕਾ ਨੇ ਅਖ਼ਬਾਰਨਵੀਸਾਂ ਤੇ ਵਿਜ਼ੂਅਲ ਮੀਡੀਆ ਦੇ ਖ਼ਬਰੀ ਚੈਨਲਾਂ ਨਾਲ ਗੱਲਬਾਤ ਕੀਤੀ ਤੇ ਸਸਕਾਰ ਰੋਕਣ ਦੇ ‘ਕਾਰਨਾਂ” ਬਾਰੇ ਆਪਣਾ ਪੱਖ ਦੱਸ ਦਿੱਤਾ ਸੀ. ਜਦਕਿ ਵੱਡਾ ਸਵਾਲ ਹਾਲੇ ਵੀ ਇਹੀ ਹੈ ਕਿ ਜੇ ਡਾਕਟਰਾਂ,  ਨਰਸਾਂ ਤੇ ਹੋਰ ਇਲਾਜ ਕਾਮਿਆਂ ਨੇ ਸੁਹਿਰਦਤਾ ਨਾਲ ਨਿਰਮਲ ਸਿੰਘ ਖ਼ਾਲਸਾ (covid 19# ਕੇਸ) ਦਾ ਇਲਾਜ ਕੀਤਾ ਹੁੰਦਾ ਤਾਂ ਪੰਜਾਬੀਆਂ ਨੇ ਇਨ੍ਹਾਂ ਦਾ ਜੱਸ ਗਾਉਣਾ ਸੀ. ਹੁਣ ਲਾਹਨਤਾਂ ਪਾਉਣ ਵਾਲੀਆਂ ਦੀ ਗਿਣਤੀ ਚੋਖੀ ਹੁੰਦੀ ਦੇਖ ਰਹੇ ਹਾਂ. ਮੁੜ ਕੇ ਮ੍ਰਿਤਕ ਦੇਹ ਦਾ ਨਿਰਾਦਰ ਹੋਰ ਵੀ ਸਦਮੇ ਵਾਲਾ ਮੁਆਮਲਾ ਹੈ.
 *   *   *
 ਜੇ ਅਸੀਂ ਏਸ ਨਿਹੱਕੀ ਮੌਤ ਦੇ ਸਾਰੇ ਪਰਦੇ ਫੋਲੀਏ ਤਾਂ ਫੇਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ,  ਗੁਰੂ ਨਾਨਕ ਹਸਪਤਾਲ ਦੇ ਡਾਕਟਰ,  ਨਰਸਾਂ,  ਅਦਾਰੇ ਦਾ ਪ੍ਰਿੰਸੀਪਲ ਤੇ ਤਮਾਮ ਇਲਾਜ ਕਾਮੇ ਕਟਹਿਰੇ ਵਿਚ ਖੜੇ ਪ੍ਰਤੀਤ ਹੋ ਰਹੇ ਹਨ.  ਦਰਅਸਲ,  ਸੋਸ਼ਲ ਮੀਡੀਆ ਉੱਤੇ ਮਰਹੂਮ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਟੱਬਰ ਦੇ ਜੀਆਂ ਨਾਲ ਕੀਤੀ ਆਖ਼ਰੀ ਗੱਲਬਾਤ ਦੀ ਆਡੀਓ ਵਾਇਰਲ ਹੋ ਚੁੱਕੀ ਹੈ.  ਭਾਈ ਖ਼ਾਲਸਾ,  ਆਪਣੇ ਪੁੱਤਰ ਅਮਤੇਸ਼ਵਰ ਸਿੰਘ ਨੂੰ ਦੁੱਖ ਦੱਸ ਰਹੇ ਸਨ ਕਿ ਕਾਫ਼ੀ ਸਮੇਂ ਤੋਂ ਓਹ ਹਸਪਤਾਲ ਵਿਚ ਕੁਵਾਰਨਟਾਈਨ ਤਹਿਤ ਹਨ ਪਰ ਹਾਲੇ ਤਕ ਡਾਕਟਰ ਦੇਖਣ ਨਹੀਂ ਆਇਆ. … ਤੇ ਅੰਤਮ ਸੱਚ ਵੀ ਇਹੀ ਹੈ ਕਿ ਭਾਰਤ ਦੇ ਨਰਕ ਤੁਲ ਹਸਪਤਾਲਾਂ ਵਿਚ ਡਾਕਟਰ ਤੇ ਹੋਰ ਇਲਾਜ ਕਾਮੇ ਏਨੇ ਚੌੜ ਹੋ ਚੁੱਕੇ ਹਨ ਕਿ ਓਹ ਮਰੀਜ਼ ਨੂੰ ਦਾਖ਼ਲ ਕਰਨ ਮਗਰੋਂ ਉਸ ਨੂੰ ਦੇਖਣ ਜਾਣਾ ਸ਼ੈਦ ਆਪਣੀ ਹੱਤਕ ਸਮਝਦੇ ਹਨ.  ਮੈਂ,  22 ਸਾਲਾਂ ਤੋਂ ਮੀਡੀਆ ਅਦਾਰਿਆਂ ਵਿਚ ਕੰਮ ਕਰ ਰਿਹਾ ਹਾਂ,  ਮੈਂ ਖ਼ੁਦ ਗਵਾਹ ਹਾਂ ਕਿ ਅੱਜ ਤਾਈਂ ਕਿਸੇ ਹਸਪਤਾਲ ਖ਼ਾਸਕਰ ਸਰਕਾਰੀ ਨੁਮਾ ਹਸਪਤਾਲ ਦੇ ਡਾਕਟਰਾਂ ਬਾਰੇ ਚੱਜ ਦੀ ਖ਼ਬਰ ਨਹੀਂ ਸੁਣੀ, ਹਾਂ,  ਇਹ ਜ਼ਰੂਰ ਹੈ ਕਿ ਸਰਕਾਰੀ ਨੌਕਰੀ ਵੇਲੇ ਜਿਹੜੇ ਡਾਕਟਰ ਨੂੰ ਫਿੱਕਾ ਬੋਲਦਿਆਂ ਦੇਖਿਆ/ ਸੁਣਿਆ ਹੈ,  ਓਸੇ ਭਲੇਮਾਣਸ ਨੂੰ ਆਪਣੇ ਨਿੱਜੀ ਮਾਲਕੀ ਵਾਲੇ ਕਲੀਨਿਕ ਵਿਚ ਜੀ-ਜੀ ਕਰਦਿਆਂ ਬੜੀ ਆਜਜ਼ੀ ਨਾਲ ਗੱਲ ਕਰਦੇ ਨੂੰ ਸੁਣਿਆ ਹੈ.  ਘਾਟ ਸਿਰਫ਼ ਏਸ ਗੱਲ ਦੀ ਹੈ ਕਿ ਸਾਜੋ ਸਾਮਾਨ ਦੀ ਕਮੀ ਦਾ ਬਹਾਨਾ ਲਾ ਕੇ ਇਹ ਲੋਕ ਹਰ ਮਾਮਲੇ ਵਿੱਚੋਂ ਸਾਫ਼ ਨਿਕਲ ਜਾਂਦੇ ਹਨ.  ਨਹੀਂ ਤਾਂ ਕੀ ਵਜ੍ਹਾ ਹੈ ਮਰੀਜ਼ਾਂ ਤੇ ਉਨ੍ਹਾਂ ਦੇ ਸੰਭਾਲੂਆਂ ਨਾਲ ਬਦ ਤਮੀਜ਼ੀ ਕਰਨ ਵਾਲੇ ਇਲਾਜ ਕਾਮਿਆਂ ਉੱਤੇ ਬਣਦੀ ਸਖਤੀ ਕਿਓਂ ਨਹੀਂ ਕੀਤੀ ਜਾ ਰਹੀ?  ਸਿਹਤ ਮੰਤਰੀ ਕਿਸੇ ਨੂੰ ਵੀ ਬਣਾ ਦਿਓ,  ਅਗਲਾ ਸਿਸਟਮ ਨੂੰ ਸਮਝ ਲੈਂਦਾ ਹੈ ਤੇ ਜਦੋਂ ਕੋਈ ਪੱਤਰਕਾਰ ਸਵਾਲ ਕਰੇ ਤਾਂ ਸਿਹਤ ਮੰਤਰੀ ਵੀ ਕੰਨ ਵਲ੍ਹੇਟ ਲੈਂਦਾ ਹੈ,  ਸਿਹਤ ਮਾਮਲਿਆਂ ਦਾ ਸਕੱਤਰ ਗੂੰਗਾ ਹੋ ਜਾਂਦਾ ਹੈ. ਨਹੀਂ ਤਾਂ ਸਾਡੇ ਪੰਜਾਬ ਵਿਚ ਮੁੱਖ ਪਾਰਲੀਮਾਨੀ ਸਕੱਤਰ ਹੀ ਮਾਣ ਨਹੀਂ ਹੁੰਦੇ ਪਰ ਸਿਹਤ ਸੇਵਾਵਾਂ ਦੀ ਤਬਾਹੀ ਬਾਰੇ ਸਵਾਲ ਪੁੱਛ ਕੇ ਵੇਖ ਲਿਓਂ,  ਸਾਰੇ ਜਣੇ ਮੌਨੀ ਸਾਧ ਵਾਂਗ ਚੁੱਪ ਧਾਰ ਲੈਣਗੇ.
 * * *
 ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਮਰੀਕਾ ਵੱਸਦੇ ਪੁੱਤਰ,  ਮਸਕੀਨ ਸਿੰਘ ਨੇ ਪ੍ਰਦੇਸੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਸਫੇਦਪੋਸ਼ਾਂ  ਦੀ ਕਰਤੂਤ ਨੰਗੀ ਕੀਤੀ ਹੈ.  ਮਸਕੀਨ ਸਿੰਘ ਮੁਤਾਬਕ ਇਹ ਗੱਲ ਕੋਰੀ ਗੱਪ ਹੈ ਕਿ ਮੌਤ ਤੋਂ ਮਹੀਨਾ ਪਹਿਲਾਂ ਉਸਦੇ ਪਿਤਾ ਯੂ.ਕੇ.  ਗਏ ਸਨ,  ਮਸਕੀਨ ਮੁਤਾਬਕ ਸਾਲ ਪਹਿਲਾਂ ਉਸਦੇ ਪਿਤਾ ਅਮਰੀਕਾ ਫੇਰੀ ਉੱਤੇ ਆਏ ਸਨ.  ਉਦੋਂ ਫਲੋਰੀਡਾ,  ਨਿਊਜਰਸੀ ਵਗੈਰਾ ਵਿਚ ਉਨ੍ਹਾਂ ਨੇ ਸਮਾਗਮਾਂ ਵਿਚ ਸ਼ਿਰਕਤ ਕੀਤੀ ਸੀ. ਪਰ,  ਯੂ. ਕੇ. ਵਿਚ ਫੇਰੀ ਨਹੀਂ ਪਾਈ.  ਮਸਕੀਨ ਸਿੰਘ ਮੁਤਾਬਕ ਉਸਦੇ ਪਿਤਾ ਦੀ ਅਰੰਭਕ covid#19 ਰਿਪੋਰਟ nagative ਆਈ ਸੀ.  ਫੇਰ,  ਜਾਪਦਾ ਹੈ ਕਿ ਡਾਕਟਰਾਂ ਨੇ ਕੋਲੋਂ ਕਹਾਣੀ ਘੜ੍ਹ ਕੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੋਵੇਗਾ.  You tube ਉੱਤੇ ਮੌਜੂਦ ਕੁਝ ਕਲਿਪ ਅਸੀਂ ਵੀ ਦੇਖੇ ਹਨ ਕਿ ਮਸਕੀਨ ਸਿੰਘ ਯੂ. ਐੱਸ. ਏ. ਇਹ ਦੱਸ ਰਿਹਾ ਹੈ ਕਿ ਕੋਈ ਡਾ. ਬੋਪਾਰਾਏ ਓਹਨਾਂ ਨੂੰ ਅਖੀਰ ਤਕ ਧਰਵਾਸ ਦਿੰਦਾ ਰਿਹਾ ਸੀ ਪਰ ਓਹਦੀ ਕਾਰਗੁਜ਼ਾਰੀ ਫੇਰ ਵੀ ਸਹੀ ਨਹੀਂ ਦੱਸੀ ਗਈ. ਮਸਕੀਨ ਸਿੰਘ ਮੁਤਾਬਕ ਉਨ੍ਹਾਂ ਦਾ ਭਰਾ,  ਅਮਤੇਸ਼ਵਰ ਸਿੰਘ ਲਗਾਤਾਰ ਪਿਤਾ ਦੇ ਨਾਲ ਸੀ ਪਰ ਗੁਰੂ ਨਾਨਕ ਹਸਪਤਾਲ ਦੇ ਇਲਾਜ ਕਾਮਿਆਂ ਨੇ ਸੇਨੇਟਾਈਜ਼ਰ,  ਨਕਾਬ ਤੇ ਇੰਫ੍ਰਾਸਟ੍ਰਕਚਰ ਦੀ ਕਮੀ ਦਾ ਹਵਾਲਾ ਦੇ ਕੇ ਭਾਈ ਖ਼ਾਲਸਾ ਦੇ ਇਲਾਜ ਵਿਚ ਗੰਭੀਰ ਕੋਤਾਹੀ ਕੀਤੀ ਹੈ. ਹੋਰ ਤਾਂ ਹੋਰ, ਸਾਡੀਆਂ ਕੁਝ ਨਰਸ ਭੈਣਾਂ ਜਿਹੜੀਆਂ ਸਮਾਜਕ ਸਰੋਕਾਰਾਂ,  ਸਾਹਿਤ ਤੇ ਗਿਆਨ ਜਗਤ ਬਾਰੇ ਕੱਖ ਨਹੀਂ ਜਾਣਦੀਆਂ,  ਓਹ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਬੁੱਢਾ-ਬੁੱਢਾ ਆਖ ਰਹੀਆਂ ਸਨ. ਬੁੱਢਾ-ਬੁੱਢਾ ਆਖਣ ਵਾਲੇ ਅਲਫ਼ਾਜ਼ ਕਈਆਂ ਨੇ ਸੁਣੇ ਹਨ.
 * * * *
 Bhai Nirmal Singh Khalsa # covid 19 ਲਿਖਣ ਦੀ ਦੇਰ ਸੀ ਕਿ ਗੂਗਲ ਉੱਤੇ ਅਨੇਕ ਸਬੰਧਤ links ਜ਼ਾਹਿਰ ਹੋਣ ਲੱਗੇ.  ਕੁਝ ਯੂ ਟਿਊਬ ਚੈਨਲਾਂ ਦੀਆਂ ਕਲਿੱਪਾਂ ਸਾਡੇ ਸਾਮ੍ਹਣੇ ਹਨ.  ਕਾਰਜ ਸਿੰਘ ਨਾਲ ਪੱਤਰਕਾਰ ਇੰਟਰਵਿਯੂ ਕਰ ਰਿਹਾ ਹੈ,  ਕਾਰਜ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਖ਼ਾਲਸਾ ਦੇ ਸਾਥੀ,  ਦਰਸ਼ਨ ਸਿੰਘ ਦਾ ਇਲਾਜ ਚੱਲ ਰਿਹਾ ਹੈ. ਉਸਨੂੰ ਕਿਸੇ ਐਸਕਾਰਟ ਹਸਪਤਾਲ ਵਿਚ ਤਬਦੀਲ ਕਰਨ ਦੀ ਅਰਜ਼ ਮੰਨ ਲਈ ਗਈ ਹੈ. ਪਦਮਸ੍ਰੀ ਖ਼ਾਲਸਾ ਦਾ ਇਕ ਹੋਰ ਸਾਥੀ ਦੱਸ ਰਿਹਾ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਮਲੇ ਫੈਲੇ ਨੇ ਇਹ ਖ਼ਬਰ ਭੇਜੀ ਸੀ ਕਿ ਨਿਰਮਲ ਸਿੰਘ ਦਾ ਇਲਾਜ 5 ਸਿਤਾਰਾ ਨਿਯਮਾਂ ਤਹਿਤ ਹੋ ਰਿਹਾ ਹੈ,  ਡਾਕਟਰ ਸੁਹਣਾ ਸਲੂਕ ਕਰ ਰਹੇ ਹਨ,  ਖ਼ਾਸ ਤਵੱਜੋ ਦੇ ਕੇ ਡਾਕਟਰ ਮਿੰਟ ਮਿੰਟ ਉੱਤੇ ਦੇਖ ਰਹੇ ਹਨ,  ਵਗੈਰਾ ਵਗੈਰਾ.  ਜਦਕਿ ਏਥੇ 4 ਦਿਨਾਂ ਤੋਂ ਇਲਾਜ ਈ ਸ਼ੁਰੂ ਨਹੀਂ ਹੋਇਆ.  ਮੁੱਖ ਮੰਤਰੀ ਨੇ ਰਾਗਾਂ ਦੇ ਮਾਹਰ ਨਿਰਮਲ ਸਿੰਘ ਖ਼ਾਲਸਾ ਦਾ ਮਾਮਲਾ ਗੌਰ ਨਾਲ ਵਾਚਿਆ ਹੁੰਦਾ ਤਾਂ ਅੰਜਾਮ ਇਹ ਨਹੀਂ ਹੋਣਾ ਸੀ.
* * * * *
 ਅੰਬਰਸਰ ਜਿੱਥੇ ਓਹ ਹਸਪਤਾਲ ਸਥਿਤ ਹੈ,  ਉਥੋਂ ਦੀ ਸਟਾਫ਼ ਨਰਸ ਬਲਵਿੰਦਰ ਦਾ ਕਲਿੱਪ ਅਸੀਂ ਦੇਖਿਆ ਹੈ.  ਬਲਵਿੰਦਰ ਦੱਸਦੀ ਹੈ ਕਿ ਓਹ ਤੇ ਓਹਦੇ ਵਰਗੀਆਂ ਹੋਰ ਨਰਸਾਂ 10 ਹਜਾਰ ਰੁਪਏ ਮਾਹਵਾਰ ਤਹਿਤ ਕੰਮ ਉੱਤੇ ਰੱਖੀਆਂ ਹਨ.  ਕੱਟ ਕਟਾ ਕੇ 9 ਹਜਾਰ ਹੱਥ ਵਿਚ ਆਉਂਦੇ ਹਨ. ਇਹਦੇ ਵਿਚ ਕਮਰੇ ਦਾ ਕਿਰਾਇਆ,  ਰੋਟੀ, ਰਹਿਣ ਸਹਿਣ ਕਰਨਾ ਹੁੰਦਾ ਹੈ. ਹਸਪਤਾਲ ਵਿਚ ਮਾਸਕ ਨਹੀਂ ਹਨ, ਸੈਨੇਟਾਈਜ਼ਰ ਨਹੀਂ, ਬਦ ਇੰਤਜ਼ਾਮਾਂ ਸਿਖਰਾਂ ਉੱਤੇ ਹੈ.  ਓਹ ਵਿਚਾਰੀਆਂ ਨਰਸਾਂ ਕਿਹਨੂੰ ਆਪਣਾ ਦੁੱਖ ਦੱਸਣ?
  * * * * * *
 ਸਾਰੇ ਘਟਨਾਚੱਕਰ ਦਾ ਤੱਤਸਾਰ ਇਹ ਹੈ ਕਿ ਹਰ ਪੱਧਰ ਉੱਤੇ ਬੇੜਾ ਗਰਕ ਚੁੱਕਾ ਹੈ.  ਅਰਬਾਂ ਰੁਪਏ ਦੀ ਮਲਕੀਅਤ ਵਾਲੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਵੇਂ ਏਸ ਵਰਤਾਰੇ ਤੋਂ ਅਣਭਿੱਜ ਰਹਿ ਗਿਆ ਕਿ ਸਾਬਿਕ ਹਜ਼ੂਰੀ ਰਾਗੀ ਦਾ ਇਲਾਜ,  ਸਹੀ ਤਰੀਕੇ ਨਹੀਂ ਹੋ ਰਿਹਾ?  ਨਿਰਮਲ ਸਿੰਘ ਦੀ ਮੌਤ ਮਗਰੋਂ ਸਸਕਾਰ ਲਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਸਾਮ੍ਹਣੇ ਕਿਓਂ ਨਹੀਂ ਆਏ?  ਹਸਪਤਾਲ ਦੀ ਬਦ ਇੰਤਜ਼ਾਮੀ ਦੂਰ ਕਰਨ ਲਈ ਹਾਲੇ ਤਕ,  ਮੁੱਖ ਮੰਤਰੀ ਨੇ ਅਵਾਜ਼ ਕਿਓਂ ਨਹੀਂ ਕੱਢੀ?  ਜੇ ਨਰਸਾਂ ਤੇ ਡਾਕਟਰ ਰੋਂਦੇ ਨੇ ਕਿ ਹਸਪਤਾਲ ਵਿਚ ਪੀ. ਪੀ. ਆਈ.  ਕਿੱਟ ਨਹੀਂ ਹੈ,  ਵੈਂਟੀਲੇਟਰ ਨਹੀਂ ਹਨ ਤਾਂ ਸਿਹਤ ਮੰਤਰੀ ਸੁਣਦਾ ਕਿਓਂ ਨਹੀਂ?  ਸਿਹਤ ਮਾਮਲਿਆਂ ਦਾ ਸਕੱਤਰ ਏਸ ਵੇਲੇ ਕਿੱਥੇ ਹੈ?  ਓਹ ਕੀ ਕਰ ਰਿਹਾ ਹੈ?  ਆਪਣਾ ਪੱਖ ਕਿਓਂ ਨਹੀਂ ਦੱਸ ਰਿਹਾ?  ਇਹ ਸਾਰੇ ਸਵਾਲ ਭਾਰਤ ਖ਼ਾਸਕਰ ਪੰਜਾਬ ਦੇ ਸੁਚੇਤ ਬਾਸ਼ਿੰਦਿਆਂ ਦੀ ਜ਼ੁਬਾਨ ਉੱਤੇ ਹਨ. ਪਰ ਅਸੀਂ ਜਾਣਦੇ ਹਾਂ ਕਿ ਮੀਸਣੇ ਕਦੇ ਜਵਾਬ ਨਹੀਂ ਦਿੰਦੇ ਹੁੰਦੇ !

ਯਾਦਵਿੰਦਰ 
94653 29617