ਪਾਕਿਸਤਾਨ ਨਹੀਂ, ਬਲਕਿ ਸਾਡੇ ਆਪਣੇ ਹੀ ਬਣੇ ਸਾਡੇ ਦੁਸ਼ਮਣ !!!

724
ਪਾਕਿਸਤਾਨ ਦੀ ਹੱਦ ਭਾਰਤ ਦੇ ਨਾਲ ਲੱਗਦੀ ਹੈ, ਕਿਉਂਕਿ ਪਾਕਿਸਤਾਨ 1947 ਤੋਂ ਪਹਿਲੋਂ ਭਾਰਤ ਦਾ ਹਿੱਸਾ ਸੀ। ਬੇਸ਼ੱਕ ਪਾਕਿਸਤਾਨ ‘ਤੇ ਭਾਰਤ ਸਰਕਾਰ ਦੇ ਵੱਲੋਂ ਹਮੇਸ਼ਾ ਦੋਸ਼ ਮੜੇ ਜਾਂਦੇ ਹਨ ਕਿ ਪਾਕਿਸਤਾਨੀ ਤਾਕਤਾਂ ਦੇ ਵੱਲੋਂ ਭਾਰਤ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਜੇਕਰ ਭਾਰਤ ਸਰਕਾਰ ਆਪਣੀ ਪੀੜੀ ਥੱਲੇ ਸੋਟਾ ਫੇਰੇ ਤਾਂ, ਪਾਕਿਸਤਾਨ ਤਾਂ ਕੀ ਕਈ ਹੋਰ ਦੇਸ਼ ਵੀ ਭਾਰਤ ਕੋਲੋਂ ਡਰਨ ਲੱਗ ਪੈਣਗੇ। ਪਰ ਅਫ਼ਸੋਸ ਗੱਦਾਰਾਂ ਦੇ ਨਾਲ ਭਰੀ ਭਾਰਤ ਦੇਸ਼ ਦੀ ਧਰਤੀ ਭਾਰਤ ਨੂੰ ਬਰਬਾਦ ਕਰ ਰਹੀ ਹੈ। ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ ਅਤੇ ਕੋਈ ਵੀ ਮੁਲਕ ਇਹ ਨਹੀਂ ਚਾਹੁੰਦਾ ਹੁੰਦਾ ਕਿ ਉਸਦੇ ਗੁਆਂਢੀ ਨਾਲ ਉਸਦਾ ਮੁਖ ਖ਼ਰਾਬ ਹੋਵੇ। ਕੁਝ ਕੁ ਖਾੜਕੂ ਕਿਸਮ ਦੇ ਲੋਕ ਹਰ ਦੇਸ਼ ਦੇ ਅੰਦਰ ਹੁੰਦੇ ਹਨ, ਜੋ ਦੇਸ਼ ਦੀ ਅਮਨ ਸ਼ਾਂਤੀ ਨੂੰ ਹਮੇਸ਼ਾ ਹੀ ਭੰਗ ਕਰਦੇ ਰਹਿੰਦੇ ਹਨ। ਭਾਰਤ ਦੀ ਗੱਲ ਕਰੀਏ ਤਾਂ, ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਹੀ ਅਜਿਹੇ ਦੇਸ਼ ਦੇ ਗੱਦਾਰ ਭਾਰਤ ਦੀ ਧਰਤੀ ‘ਤੇ ਬੈਠੇ ਹਨ, ਜੋ ਦੇਸ਼ ਨੂੰ ਬਰਬਾਦ ਕਰਨ ਦੇ ਲਈ ਅਜਿਹੀਆਂ ਚਾਲਾਂ ਚੱਲ ਰਹੇ ਹਨ ਕਿ ਭਾਰਤੀ ਏਜੰਸੀਆਂ ਵੀ ਸੋਚਣ ਲਈ ਮਜ਼ਬੂਰ ਹਨ। ਦੱਸ ਦਈਏ ਕਿ ਪਾਕਿਸਤਾਨ ‘ਤੇ ਇਹ ਦੋਸ਼ ਲੱਗਦੇ ਆਏ ਹਨ ਕਿ ਪਾਕਿਸਤਾਨ ਭਾਰਤ ਦੇ ਅੰਦਰ ਨਸ਼ਾ ਭੇਜਦਾ ਹੈ ਅਤੇ ਭਾਰਤੀ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ, ਪਰ ਕਦੇ ਕਿਸੇ ਨੇ ਭਾਰਤੀ ਏਜੰਸੀਆਂ ਜਾਂ ਫਿਰ ਭਾਰਤ ਦੀਆਂ ਸਰਕਾਰਾਂ ਨੂੰ ਸਵਾਲ ਕੀਤਾ ਹੈ ਕਿ ਜੇਕਰ ਪਾਕਿਸਤਾਨ ਨਸ਼ਾ ਭਾਰਤ ਦੇ ਅੰਦਰ ਭੇਜਦਾ ਹੈ ਤਾਂ, ਕੀ ਭਾਰਤੀ ਸਮਗਲਰ ਉਕਤ ਨਸ਼ੇ ਨੂੰ “ਰਸੀਵ” ਕਰਨ ਵਾਸਤੇ ਨਹੀਂ ਜਾਂਦੇ? ਬੇਸ਼ੱਕ ਆਪਣੇ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਹਰ ਕੋਈ ਯਤਨ ਕਰਦਾ ਹੈ ਅਤੇ ਕਰਦਾ ਹੀ ਰਹੇਗਾ। ਪਰ ਇਸਦੇ ਵਿੱਚ ਸਿੱਧਾ-ਸਿੱਧਾ ਪਾਕਿਸਤਾਨ ਨੂੰ ਦੋਸ਼ ਦੇਣਾ ਠੀਕ ਨਹੀਂ। ਕਿਉਂਕਿ ਦੋਸ਼ੀ ਤਾਂ ਅਸੀਂ ਖੁਦ ਹਨ ਅਤੇ ਦੋਸ਼ ਗੁਆਂਢੀ ਨੂੰ ਦੇ ਰਹੇ ਹਨ। ਭਾਰਤੀ ਸਮਗਲਰਾਂ ਦੇ ਵੱਲੋਂ ਹੁਣ ਤੱਕ ਭਾਵੇਂ ਹੀ ਕਰੋੜਾਂ ਰੁਪਏ ਦਾ ਨਸ਼ਾ ਪਾਕਿਸਤਾਨ ਤੋਂ ਮੰਗਵਾਇਆ ਜਾ ਚੁੱਕਿਆ ਹੈ, ਪਰ ਇਸਦਾ ਨੁਕਸਾਨ ਕਿਸੇ ਹੋਰ ਨੂੰ ਨਹੀਂ, ਬਲਕਿ ਭਾਰਤ ਨੂੰ ਹੀ ਹੋਇਆ ਹੈ, ਕਿਉਂਕਿ ਪਾਕਿਸਤਾਨ ਤਾਂ ਹੈਰੋਇਨ ਵੇਚ ਕੇ ਪੈਸੇ ਕਮਾਉਂਦਾ ਹੈ ਅਤੇ ਭਾਰਤੀ ਸਮਗਲਰ ਵੀ ਉਕਤ ਹੈਰੋਇਨ ਨੂੰ “ਰਸੀਵ” ਕਰਕੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚ ਸਪਲਾਈ ਕਰਕੇ ਪੈਸਾ ਕਮਾਉਂਦੇ ਹਨ ਅਤੇ ਦੇਸ਼ ਦੀ ਜਵਾਨੀ ਨੂੰ ਬਰਬਾਦ ਕਰਦੇ ਹਨ। ਅੱਜ ਦੇਸ਼ ਦੀ 70 ਪ੍ਰਤੀਸ਼ਤ ਆਬਾਦੀ ਕਿਸੇ ਨਾ ਕਿਸੇ ਨਸ਼ੇ ਦੀ ਆਦੀ ਹੋ ਚੁੱਕੀ ਹੈ, ਪਰ ਇਸਦਾ ਦੋਸ਼ ਵੀ ਪਾਕਿਸਤਾਨ ਨੂੰ ਹੀ ਦਿੱਤਾ ਜਾ ਰਿਹਾ ਹੈ, ਜੋ ਕਿ ਬਿਲਕੁਲ ਹੀ ਗਲਤ ਹੈ। ਦੱਸ ਦਈਏ ਕਿ ਪਾਕਿਸਤਾਨ ਵਾਲੇ ਪਾਸਿਓਂ ਸਮਗਲਰਾਂ ਦੇ ਵੱਲੋਂ ਕੰਡਾ ਤਾਰ ਰਾਹੀਂ ਕਰੋੜਾਂ ਰੁਪਏ ਦੀ ਹੈਰੋਇਨ, ਹਥਿਆਰ ਅਤੇ ਹੋਰ ਕਈ ਪ੍ਰਕਾਰ ਦਾ ਸਾਮਾਨ ਭੇਜਿਆ ਜਾ ਰਿਹਾ ਹੈ, ਪਰ ਸਾਡੀਆਂ ਭਾਰਤੀ ਏਜੰਸੀਆਂ ਵੱਲੋਂ ਉਕਤ ਹੈਰੋਇਨ ਨੂੰ ਮੰਗਵਾਉਣ ਵਾਲੇ ਭਾਰਤੀ ਸਮਗਲਰਾਂ ਨੂੰ ਨਹੀਂ ਲੱਭਿਆ ਜਾ ਰਿਹਾ, ਜੋ ਦੇਸ਼ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ। ਬੀਐਸਐਫ਼ ਦੇ ਇੱਕ ਸਰਕਾਰੀ ਬੁਲਾਰੇ ਮੁਤਾਬਿਕ ਜਨਵਰੀ ਤੋਂ ਹੁਣ ਤੱਕ ਫਿਰੋਜ਼ਪੁਰ, ਅਬੋਹਰ, ਅੰਮ੍ਰਿਤਸਰ ਆਦਿ ਸੈਕਟਰਾਂ ਵਿੱਚ ਦੋ ਸੌ ਬਾਰਾਂ ਕਿੱਲੋਗ੍ਰਾਮ ਹੈਰੋਇਨ ਭਾਰਤੀ ਹੱਦ ਦੇ ਅੰਦਰ ਪਹੁੰਚ ਚੁੱਕੀ ਹੈ, ਜਿਸ ਨੂੰ ਕਿ ਬੀਐਸਐਫ਼ ਦੇ ਵੱਲੋਂ ਬਰਾਮਦ ਕੀਤਾ ਜਾ ਚੁੱਕਿਆ ਹੈ। ਇਸੇ ਦੇ ਨਾਲ ਹੀ 1 ਕਿੱਲੋ ਗ੍ਰਾਮ ਅਫੀਮ, 11 ਹਥਿਆਰ, 458 ਕਾਰਤੂਸ, 18 ਭਾਰਤੀ ਮੋਬਾਈਲ ਦੇ ਸਿਮ ਕਾਰਡ, 21 ਪਾਕਿ ਮੋਬਾਈਲ ਦੇ ਸਿਮ ਕਾਰਡ, 18 ਭਾਰਤੀ ਮੋਬਾਈਲ ਅਤੇ ਸਮਗਲਰਾਂ ਆਦਿ ਫੜੇ ਗਏ ਹਨ। ਬੀਐਸਐਫ਼ ਦੇ ਬੁਲਾਰੇ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਮੰਡੀ ਵਿੱਚ ਕੀਮਤ ਅਰਬਾਂ ਰੁਪਏ ਹੈ।