ਪਾਕਿਸਤਾਨ ਪਲੇਨ ਕਰੈਸ਼ ‘ਚ 57 ਦੀ ਮੌਤ ਦੀ ਪੁਸ਼ਟੀ, 3 ਲੋਕ ਬਚੇ, ਹਾਦਸੇ ਤੋਂ ਪਹਿਲਾਂ ਪਾਇਲਟ ਨੇ ਦਿੱਤੀ ਸੀ ਜਾਣਕਾਰੀ

191
ਕਰਾਚੀ: ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ ‘ਚ ਸ਼ੁੱਕਰਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ (ਪੀਆਈਏ) ਦਾ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਇਸ ਹਾਦਸੇ ਵਿੱਚ 57 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਹਾਜ਼ ‘ਚ 107 ਲੋਕ ਸਵਾਰ ਸਨ।

ਅਧਿਕਾਰੀ ਨੇ ਦੱਸਿਆ ਕਿ ਫਲਾਈਟ ਨੰਬਰ ਪੀਕੇ–30303 ਲਾਹੌਰ ਤੋਂ ਆ ਰਹੀ ਸੀ ਅਤੇ ਜਹਾਜ਼ ਕਰਾਚੀ ‘ਚ ਉਤਰਨ ਵਾਲਾ ਸੀ ਜਦੋਂ ਇਕ ਮਿੰਟ ਪਹਿਲਾਂ ਇਹ ਮਲੀਰ ਦੀ ਮਾਡਲ ਕਲੋਨੀ ਨੇੜੇ ਜਿਨਾਹ ਗਾਰਡਨ ਵਿਖੇ ਹਾਦਸਾਗ੍ਰਸਤ ਹੋ ਗਿਆ। ਰਾਸ਼ਟਰੀ ਏਅਰ ਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੀਆਈਏ ਏਅਰਬੱਸ ਏ320 ਵਿੱਚ 99 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ। ਜਹਾਜ਼ ਹਵਾਈ ਅੱਡੇ ਨੇੜੇ ਜਿਨਾਹ ਰਿਹਾਇਸ਼ੀ ਸੁਸਾਇਟੀ ਵਿਖੇ ਹਾਦਸਾਗ੍ਰਸਤ ਹੋ ਗਿਆ।

ਡਾਨ ਅਖਬਾਰ ਦੀ ਖ਼ਬਰ ਨੇ ਕਿਹਾ ਕਿ

ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮਾਰੇ ਗਏ ਸਾਰੇ ਜਹਾਜ਼ ‘ਚ ਯਾਤਰੀ ਸਨ ਜਾਂ ਰਿਹਾਇਸ਼ੀ ਖੇਤਰ ਦੇ ਲੋਕ, ਜਿਥੇ ਜਹਾਜ਼ ਕ੍ਰੈਸ਼ ਹੋਇਆ ਸੀ।” 

ਸਿੰਧ ਦੇ ਸਿਹਤ ਮੰਤਰੀ ਡਾ. ਅਜ਼ਰਾ ਪੇਚੂਹੋ ਨੇ ਕਿਹਾ ਕਿ ਹਾਦਸੇ ਵਿੱਚ ਤਿੰਨ ਲੋਕਾਂ ਦੇ ਬਚਣ ਵਾਲਿਆਂ ਦੀ ਪੁਸ਼ਟੀ ਹੋਈ ਹੈ।

ਪੀਐਮ ਮੋਦੀ ਨੇ ਜ਼ਾਹਰ ਕੀਤਾ ਦੁੱਖ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਜਹਾਜ਼ ਹਾਦਸੇ ਵਿੱਚ ਲੋਕਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ,

” ਪਾਕਿਸਤਾਨ ‘ਚ ਜਹਾਜ਼ ਹਾਦਸੇ ਕਾਰਨ ਹੋਏ ਜਾਨ-ਮਾਲ ਦਾ ਨੁਕਸਾਨ ਬਹੁਤ ਦੁਖਦਾਈ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਅਤੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਸ਼ੁੱਭ ਕਾਮਨਾ ਕਰਦੇ ਹਾਂ।

ਪਾਇਲਟ ਨੇ ਇਹ ਜਾਣਕਾਰੀ ਕ੍ਰੈਸ਼ ਤੋਂ ਠੀਕ ਪਹਿਲਾਂ ਦਿੱਤੀ ਸੀ:

ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗੀਅਰ ਕੰਮ ਨਹੀਂ ਕਰ ਰਿਹਾ ਸੀ। ਪੀਆਈਏ ਦੇ ਪ੍ਰਧਾਨ ਅਰਸ਼ਦ ਮਲਿਕ ਨੇ ਕਿਹਾ ਕਿ

” ਪਾਇਲਟ ਨੇ ਕੰਟਰੋਲ ਟਾਵਰ ਨੂੰ ਤਕਨੀਕੀ ਗਲਤੀ ਬਾਰੇ ਦੱਸਿਆ ਸੀ। ਪਾਇਲਟ ਨੂੰ ਦੱਸਿਆ ਗਿਆ ਸੀ ਕਿ ਦੋ ਰਨਵੇ ਲੈਂਡਿੰਗ ਲਈ ਉਪਲਬਧ ਹਨ ਅਤੇ ਲੈਂਡਿੰਗ ਤੋਂ ਪਹਿਲਾਂ ਉਸਨੇ ਇੱਕ ਚੱਕਰ ਲਗਾਉਣ ਦਾ ਫੈਸਲਾ ਕੀਤਾ ਜਿਸਦੇ ਬਾਅਦ ਇਹ ਹਾਦਸਾ ਵਾਪਰਿਆ।