“ਪਾਣੀ ਹੈ ਅਨਮੋਲ ਰਤਨ, ਬਚਾਉਣ ਦਾ ਕੋਈ ਕਰੋ ਯਤਨ”/-ਮੁਹੰਮਦ ਅੱਬਾਸ ਧਾਲੀਵਾਲ ਦੀ ਕਲਮ ਤੋਂ

626

ਕੁਦਰਤ ਦੀ ਅਨਮੋਲ ਨਿਆਮਤ, ਪਾਣੀ ਬਾਰੇ ਅੱਜ ਕੁੱਝ ਚਿੰਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ । ਰੱਬ ਨੇ ਸਾਨੂੰ ਜਿਨ੍ਹਾਂ ਬੇਸ਼ਕੀਮਤੀ ਤੌਹਫਿਆਂ ਨਾਲ ਨਿਵਾਜਿਆ ਹੈ ਪਾਣੀ ਉਨ੍ਹਾਂ ਵਿਚੋਂ ਇਕ ਹੈ। ਪਾਣੀ ਜਿਸ ਦੇ ਬਗੈਰ ਅਸੀਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ ਕੁਦਰਤ ਦੀ ਇਸ ਵੱਡੀ ਦਾਤ ਨੂੰ ਮਨੁੱਖ ਅੱਜ ਜਿਸ ਅਜਾਈਂ ਬਹਾ ਕੇ ਬਰਬਾਦ ਕਰ ਰਿਹਾ ਹੈ। ਉਸ ਨੂੰ ਵੇਖ ਕੇ ਅਜਿਹਾ ਲਗਦਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਗੀਆਂ, ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਸਾਡੀਆਂ ਪਾਣੀ ਦੇ ਸੰਦਰਭ ਵਿੱਚ ਕੀਤੀਆਂ ਕੁਤਾਹੀਆਂ ਨੂੰ ਸ਼ਾਇਦ ਕਦੇ ਮੁਆਫ ਨਹੀਂ ਕਰਨਗੀਆਂ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਗਲੇ ਵਿਸ਼ਵ ਯੁੱਧ ਦਾ ਕਾਰਨ ਪਾਣੀ ਬਣੇ।

ਇਕ ਅਧਿਅਨ ਤੋਂ ਇਹ ਪਤਾ ਲੱਗਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਅੰਦਾਜ਼ੇ ਮੁਤਾਬਿਕ ਇਸ ਸਮੇਂ ਕਰੀਬ 270 ਐੱਮਜੀਡੀ ਪਾਣੀ ਦੀ ਕਮੀ ਹੈ। ਦਰਅਸਲ ਜ਼ਮੀਨੀ ਵਿਚਲੇ ਪਾਣੀ ਦੀ ਨਿਕਾਸੀ ਜ਼ਿਆਦਾ ਤੇ ਰਿਚਾਰਜ ਘੱਟ ਹੋਣ ਦੇ ਚਲਦਿਆਂ ਇਥੇ ਜ਼ਿਆਦਾਤਰ ਇਲਾਕਿਆਂ ਵਿਚ ਜ਼ਮੀਨ ਦੇ ਹੇਠਲੇ ਪਾਣੀ ਦਾ ਹਰ ਸਾਲ ਗਿਰਾਵਟ ਵੱਲ ਜਾ ਰਿਹਾ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਣੀ ਪੀਣ ਲਈ ਵੀ ਉਪਲੱਬਧ ਹੋ ਪਾਉਣਾ ਮੁਸ਼ਕਲ ਹੋ ਜਾਵੇਗਾ । ਜਿਥੇ ਦਿੱਲੀ ਦੀ ਅਜੋਕੀ ਜ਼ਮੀਨ ਵਿਚਲੇ ਪਾਣੀ ਦੀ ਸਥਿਤੀ ਭਵਿੱਖ ਦੀ ਡਰਾਵਨੀ ਤਸਵੀਰ ਪੇਸ਼ ਕਰਦੀ ਹੈ। ਉਥੇ ਹੀ ਜ਼ਮੀਨੀ ਪਾਣੀ ਦੇ ਵਧ ਇਸਤੇਮਾਲ ਹੋਣ ਨਾਲ ਪਾਣੀ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ ਫਲਸਰੂਪ ਦਿੱਲੀ ਦੇ ਭੂ-ਗਰਭ ਵਿਚ ਮੌਜੂਦ ਪਾਣੀ ਦਾ 76 ਫੀਸਦੀ ਹਿੱਸਾ ਵਰਤੋਂ ਯੋਗ ਨਹੀਂ ਰਿਹਾ।

ਗੱਲ ਇਹ ਵੀ ਚਿੰਤਾਜਨਕ ਹੈ ਕਿ ਇਸ ਸਮੇਂ ਦਿੱਲੀ ਤੋਂ ਇਲਾਵਾ 21 ਹੋਰ ਸ਼ਹਿਰਾਂ ਵਿਚ ਵੀ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਵਾਲਾ ਹੈ। ਇਸ ਸੰਦਰਭ ਵਿੱਚ ਮੈਗਸੈਸੇ ਪੁਰਸਕਾਰ ਪ੍ਰਾਪਤ ‘ਪਾਣੀ ਪੁਰਸ਼’ ਰਾਜੇਂਦਰ ਸਿੰਘ ਨੇ ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਕਿ ਜ਼ਮੀਨੀ ਪਾਣੀ ਦੀ ਖਪਤ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦੀ ਮੈਟਰੋ ਸਿਟੀ ਮੇਰਠ, ਦਿੱਲੀ, ਫਰੀਦਾਬਾਦ ਤੇ ਗੁਰੂਗ੍ਰਾਮ ਵਿਚ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਦੇ ਕੰਢੇ ਹੈ। ਜੇਕਰ ਸਮੁੱਚੇ ਦੇਸ਼ ਦੀ ਗੱਲ ਕਰੀਏ ਤਾਂ ਇਕ ਰਿਪੋਰਟ ਅਨੁਸਾਰ ਇਸ ਸਮੇਂ ਦੇਸ਼ ਦਾ ਲਗਭਗ 42 ਫ਼ੀਸਦੀ ਹਿੱਸਾ ਅਸਾਧਾਰਣ ਤੌਰ ’ਤੇ ਸੋਕੇ ਦੀ ਮਾਰ ਹੇਠ ਚੱਲ ਰਿਹਾ ਹੈ। ਇਹ ਪਿਛਲੇ ਵਰ੍ਹਿਆਂ ਦੇ ਮੁਕਾਬਲਤਨ 6 ਫ਼ੀਸਦੀ ਵੱਧ ਹੈ। ਪਿਛਲੇ ਸਾਲ 28 ਮਈ ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ਦਾ ਸੋਕਾਗ੍ਰਸਤ ਇਲਾਕਾ ਵਧ ਕੇ 42.61 ਫ਼ੀਸਦੀ ਹੋ ਗਿਆ ਸੀ ।

ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਲਫਜ਼ ਪੰਜਾਬ ਦੋ ਸ਼ਬਦਾਂ ਪੰਜ ਅਤੇ ਆਬ ਨੂੰ ਮਿਲ ਕੇ ਬਣਿਆ ਹੈ ਫਾਰਸੀ ਭਾਸ਼ਾ ਦੇ ਸ਼ਬਦ ਆਬ ਦਾ ਅਰਥ ਪਾਣੀ ਹੈ ਕਿਉਂਕਿ ਇਕ ਸਮਾਂ ਸੀ ਜਦੋਂ ਪੰਜਾਬ ਵਿਚੋਂ ਦੀ ਪੰਜ ਦਰਿਆ ਗੁਜਰਦੇ ਸਨ ਜਿਨ੍ਹਾਂ ਸਦਕਾ ਪੰਜਾਬ ਪੂਰੇ ਦੇਸ਼ ਚੋਂ ਸੱਭ ਤੋਂ ਵੱਧ ਹਰਾ ਭਰਾ, ਸ਼ਾਦਾਬ ਅਤੇ ਖੁਸ਼ਹਾਲ ਮੰਨਿਆ ਜਾਂਦਾ ਸੀ । ਮਾਹਿਰਾਂ ਅਨੁਸਾਰ ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਮੌਜੂਦ ਹੈ। ਜਿਥੋਂ ਤਕ ਉਪਰਲੀ ਭਾਵ ਪਹਿਲੀ ਪਰਤ ਦਾ ਤਆਲੁਕ ਹੈ ਉਹ 10 ਤੋਂ 20 ਫੁੱਟ ਤੱਕ ਹੈ। ਜਿਸ ਦੇ ਵਿਚਲਾ ਪਾਣੀ ਅਸੀਂ ਅੱਜ ਤੋਂ ਕਈ ਦਹਾਕੇ ਪਹਿਲਾਂ ਖਤਮ ਕਰ ਚੁੱਕੇ ਹਾਂ । ਜਦੋਂ ਕਿ ਦੂਜੀ ਪਰਤ ਲੱਗਭੱਗ 100 ਤੋਂ 200 ਫੁੱਟ ਵਿਚਕਾਰ ਹੈ ਇਸ ਦੀ ਵਰਤੋਂ ਕਰ ਕਰ ਅਸੀਂ ਇਸ ਨੂੰ ਅੱਜ ਤੋਂ ਲੱਗਭਗ 10 ਸਾਲ ਪਹਿਲਾਂ ਖੁਸ਼ਕ ਕਰ ਦਿੱਤਾ ਹੈ ।

ਮੌਜੂਦਾ ਸਮੇਂ ਅਸੀਂ ਪਾਣੀ ਦੇ ਜਿਸ ਭਾਗ ਦੀ ਵਰਤੋਂ ਕਰ ਰਹੇ ਹਾਂ ਉਹ ਪਾਣੀ ਦੀ ਤੀਜੀ ਸਤਹ ਹੈ ਜੋ ਕਿ 300 ਜਾ 350 ਫੁੱਟ ਤੋਂ ਵੱਧ ਡੂੰਘੀ ਹੈ ਇਕ ਅੰਦਾਜ਼ੇ ਮੁਤਾਬਿਕ ਪਾਣੀ ਹੇਠਲੀ ਇਹ ਪਰਤ ਵੀ ਅਗਲੇ ਦਹਾਕੇ ਤੱਕ ਖਾਲ਼ੀ ਹੋ ਜਾਵੇਗੀ। ਮਾਹਿਰਾਂ ਅਨੁਸਾਰ ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਵਿਗਿਆਨੀਆਂ ਅਨੁਸਾਰ ਉਕਤ ਤਿੰਨਾਂ ਪਰਤਾਂ ਵਿੱਚੋ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ ਹੱਦ ਤੱਕ ਰਿਚਾਰਜ ਹੁੰਦੀ ਹੈ। ਜੇਕਰ ਇਹ ਪਰਤ ਰਿਚਾਰਜ ਹੋ ਵੀ ਜਾਵੇ ਤਾਂ ਇਹ ਪਾਣੀ ਕਈ ਸਦੀਆਂ ਤੱਕ ਪੀਣ ਯੋਗ ਨਹੀਂ ਹੋਵੇਗਾ ਦੂਜੀ ਅਤੇ ਤੀਜੀ ਪਰਤ ਵਿੱਚ ਕਈ ਸਦੀਆਂ ਵਿੱਚ ਪਹੁੰਚਦਾ ਹੈ। ਇਸ ਵਿਚਲਾ ਤੁਬਕਾ ਤੁਬਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਅਨਮੋਲ ਤੋਹਫ਼ਾ ਹੈ।

ਇਥੇ ਇਹ ਵੀ ਜਿਕਰਯੋਗ ਹੈ ਕਿ ਸਾਡੀਆਂ ਸਰਕਾਰਾਂ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਇਹ ਚੇਤਾਵਨੀਆਂ ਦਿੰਦੇ ਆ ਰਹੇ ਸਨ ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਬੇਹੱਦ ਜ਼ਰੂਰੀ ਹੈ। ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਲੋਕ ਪੰਜਾਬ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅੱਜ ਜਿਸ ਤਰ੍ਹਾਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਬਾਹਰ ਜਾ ਰਿਹਾ ਹੈ ਅਤੇ ਜਿਸ ਬੇਰਹਿਮੀ ਨਾਲ ਪੰਜਾਬ ਦੇ ਕਿਸਾਨ ਧਰਤੀ ਹੇਠਲੇ ਪਾਣੀ ਦੀ ਵੱਡੀ ਪੱਧਰ ਤੇ ਵਰਤੋਂ ਕਰ ਰਹੇ ਹਨ ਉਸ ਤੋਂ ਇਹੀ ਲਗਦਾ ਹੈ ਕਿ ਪੰਜਾਬ ਨੂੰ ਦੋਵੇਂ ਧਿਰਾਂ ਜਲਦੀ ਤੋਂ ਜਲਦੀ ਰੇਗਿਸਤਾਨ ਬਣਾਉਣ ਵਲ ਤੁਰੀਆਂ ਹੋਈਆਂ ਹਨ ।

ਇਕ ਰਿਪੋਰਟ ਅਨੁਸਾਰ ਪੰਜਾਬ ਦੇ 13 ਲੱਖ ਟਿਊਬਵੈਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨ ਕਿਆਸ ਇਹ ਵੀ ਹੈ ਕਿ ਅਗਲੇ 15 ਸਾਲਾਂ ਵਿੱਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਇਹ ਕਿ ਪੰਜ ਪਾਣੀਆਂ ਵਾਲੇ ਪੰਜਾਬ ਦਾ 73 ਫੀਸਦੀ ਰਕਬਾ ਲਗਪਗ 14 ਲੱਖ ਟਿਊਬਵੈੱਲਾਂ ਦੀ ਸਿੰਚਾਈ ਉੱਤੇ ਨਿਰਭਰ ਕਰਦਾ ਹੈ ਅਤੇ ਸਿਰਫ 27 ਫੀਸਦੀ ਹੀ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਹੈ। ਜੇਕਰ ਅਸੀਂ ਆਪਣੇ ਦਰਿਆਈ ਪਾਣੀਆਂ ਦੀ ਯੋਗ ਤੇ ਸੁਚੱਜੇ ਢੰਗ ਨਾਲ ਵਰਤੋਂ ਕਰੀਏ ਵਿੱਚ ਤਾਂ ਇਨ੍ਹਾਂ ਵਿਚ ਵੱਖ ਵੱਖ mineral ਅਤੇ sediment ਹੁੰਦੇ ਹਨ ਜੋ ਕਿ ਕੁਦਰਤੀ ਤੌਰ ਤੇ ਫਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦੇ ਹਨ ।

ਜਦ ਕਿ ਦਰਿਆਈ ਪਾਣੀ ਦੀ ਅਣਹੋਂਦ ਦੇ ਚਲਦਿਆਂ ਪੰਜਾਬ ਦੀ ਕਿਸਾਨੀ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪੈਂਦੀ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਆਪਣੇ ਤਾਜ਼ੇ ਪਾਣੀ ਦਾ ਅਣਮੁੱਲਾ ਤੇ ਵੱਡਮੁੱਲਾ ਜ਼ਖ਼ੀਰਾ ਖਤਮ ਕਰਦਾ ਜਾ ਰਿਹਾ ਹੈ ਅਤੇ ਨਾਲ ਹੀ ਦਵਾਈਆਂ ਨਾਲ ਜ਼ਮੀਨ ਦੀ ਉੱਪਰਲੀ ਤਹਿ ਵੀ ਦੂਸ਼ਿਤ ਬੇਹੱਦ ਦੂਸ਼ਿਤ ਹੋ ਰਹੀ ਹੈ। ਇਸ ਸੱਭ ਦੇ ਫਲਸਰੂਪ ਪੰਜਾਬ ਸਿਰਫ ਰੇਗਸਤਾਨ ਹੀ ਨਹੀਂ ਬਲਕਿ ਅਜਿਹਾ ਜ਼ਹਿਰੀਲਾ ਰੇਗਸਤਾਨ ਬਣੇਗਾ ਕਿ ਜਿਸ ਦੀ ਕਲਪਨਾ ਕਰਦਿਆਂ ਵੀ ਖੌਫ ਆਉਂਦੇ। ਇਕ ਅੰਦਾਜ਼ੇ ਮੁਤਾਬਿਕ ਇਸ ਸਮੇਂ ਪੰਜਾਬ ਦਾ ਝੋਨੇ ਹੇਠ ਰਕਬਾ ਕੁਲ 28 ਲੱਖ ਹੈਕਟੇਅਰ ਤੋਂ ਵਧ ਕੇ 30 ਲੱਖ ਹੈਕਟੇਅਰ ਦੇ ਕਰੀਬ ਚਲਾ ਗਿਆ ਹੈ। ਇਸ ਦੇ ਨਤੀਜੇ ਵਜੋਂ ਪਾਣੀ ਦੀ ਵਧ ਰਹੀ ਖ਼ਪਤ ਕਾਰਨ ਪੰਜਾਬ ਦੇ 138 ਵਿੱਚੋਂ 110 ਬਲਾਕ ਅਜਿਹੇ ਹਨ ਜਿਥੇ ਜ਼ਮੀਨੀ ਪਾਣੀ ਦੀ ਇੰਨੀ ਜ਼ਿਆਦਾ ਬੇਤਹਾਸ਼ਾ ਤੇ ਬੇ-ਦਰਦੀ ਵਰਤੋਂ ਕੀਤੀ ਗਈ ਹੈ ਕਿ ਇੱਥੇ ਪਾਣੀ ਦਾ ਪੱਧਰ ਹੁਣ ਬਹੁਤ ਹੇਠਾਂ ਚਲਾ ਗਿਆ ਹੈ।

ਇਕ ਅੰਦਾਜ਼ੇ ਮੁਤਾਬਿਕ ਸੂਬੇ ’ਚ ਹੁਣ ਕੇਵਲ 23 ਬਲਾਕ ਹੀ ਸੁਰੱਖਿਅਤ ਹਨ, ਇਨ੍ਹਾਂ ਵਿੱਚੋਂ ਵੀ ਵਧੇਰੇ ਕਰਕੇ ਸੇਮ ਪ੍ਰਭਾਵਿਤ ਖੇਤਰ ਹੀ ਹਨ ਅਰਥਾਤ ਇਨ੍ਹਾਂ ਉਕਤ ਸੇਮ ਪ੍ਰਭਾਵਿਤ ਇਲਾਕਿਆਂ ਵਿਚ ਵੀ ਹੇਠਲਾ ਪਾਣੀ ਪੀਣ ਅਤੇ ਫ਼ਸਲਾਂ ਲਗਾਉਣ ਯੋਗ ਨਹੀਂ । ਇਥੇ ਜਿਕਰਯੋਗ ਹੈ ਕਿ ਕੇਂਦਰੀ ਗਰਾਊਂਡ ਵਾਟਰ ਅਥਾਰਿਟੀ ਨੇ ਸੂਬੇ ਦੇ 45 ਬਲਾਕਾਂ ਨੂੰ ਵਿਸ਼ੇਸ਼ ਜ਼ੋਨ ਐਲਾਨਿਆ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਬਲਾਕਾਂ ਵਿੱਚ ਡਿਪਟੀ ਕਮਿਸ਼ਨਰਾਂ ਦੀ ਮਨਜ਼ੂਰੀ ਤੋਂ ਬਗੈਰ ਕੋਈ ਵੀ ਟਿਊਬਵੈੱਲ ਬੋਰ ਨਹੀਂ ਕੀਤਾ ਜਾ ਸਕਦਾ। ਇਹ ਕਿ ਲਗਾਤਾਰ ਬਰਸਾਤ ਦੀ ਘਾਟ ਕਰਕੇ ਔਸਤਨ ਹਰ ਸਾਲ 55 ਤੋਂ 60 ਸੈਂਟੀਮੀਟਰ ਪਾਣੀ ਹੋਰ ਹੇਠਾਂ ਚਲਾ ਜਾਂਦਾ ਹੈ । ਇਹ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨਾ ਲਗਾਉਣ ਵਿੱਚ ਦੇਰੀ ਵਾਲੇ ਕਾਨੂੰਨ ਨਾਲ ਪਾਣੀ ਹੇਠ ਜਾਣ ਨੂੰ ਕੁਝ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਸਰਵ ਸੰਮਤੀ ਨਾਲ ਮਤਾ ਪਾਸ ਕਰਦਿਆਂ ਕੇਂਦਰ ਨੂੰ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਪੰਜਾਬ ਦੇ ਕੋਲ ਪਾਣੀ ਦੀ ਕੌਈ ਇਕ ਬੂੰਦ ਵੀ ਵਾਧੂ ਨਹੀਂ ਹੈ ਤੇ ਗੁਆਂਢੀ ਸੂਬਿਆਂ ਦਾ ਦਰਿਆਵਾਂ ਦੇ ਪਾਣੀਆਂ ਤੇ ਕੋਈ ਅਧਿਕਾਰ ਨਹੀਂ ਹੈ। ਇਸ ਮੌਕੇ ਜਸਟਿਸ ਈਰਾਡੀ ਟ੍ਰਿਬਿਊਨਲ ਵਲੋਂ 17.5 ਐੱਮ.ਏ.ਐਫ. ਵਲੋਂ ਪਾਣੀ ਦੀ ਵੰਡ ਨੂੰ ਗੈਰ-ਵਾਜਿਬ ਕਰਾਰ ਦਿੱਤਾ ਗਿਆ । ਇਹ ਵੀ ਕਿਹਾ ਗਿਆ ਕਿ ਸਤਲੁਜ ਯਮਨਾ ਲਿੰਕ ਨਹਿਰ ਦਾ ਨਿਰਮਾਣ ਕਰਨ ਵਾਲੇ ਹੁਕਮ ਬਾਰੇ ਸੁਪਰੀਮ ਕੋਰਟ ਦੁਬਾਰਾ ਸੋਚੇ।

ਪਾਣੀ ਦੇ ਸੰਦਰਭ ਵਿੱਚ ਇੱਕ ਹੋਰ ਰੋਚਕ ਤੱਥ ਨੂੰ ਬਿਆਨ ਕਰਦਿਆਂ ਮਾਸਟਰ ਅਮਰੀਕ ਸਿੰਘ ਨੇ ਜੋਹਲ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਕਿਲੋ ਚਾਵਲ ਦੀ ਪੈਦਾਵਾਰ ਲਈ ਲੱਗਭਗ ਪੰਜ ਹਜ਼ਾਰ ਲੀਟਰ ਪਾਣੀ ਦੀ ਵਰਤੋਂ ਹੋ ਜਾਂਦੀ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਵੇਖਿਆ ਜਾਏ ਤਾਂ ਅੱਜ ਮਿਨਰਲ ਵਾਟਰ ਦੀ ਇਕ ਬੋਤਲ ਘੱਟੋ-ਘੱਟ ਵੀਹ ਰੁਪਏ ਦੀ ਮਿਲਦੀ ਹੈ ਜੇਕਰ ਕਿਸਾਨ ਵੀਰ ਧਰਤੀ ਹੇਠਲੇ ਖਜਾਨੇ ਭਾਵ ਪਾਣੀ ਨੂੰ ਮਿਨਰਲ ਵਾਟਰ ਦੀ ਸ਼ਕਲ ਵਿੱਚ ਵੀ ਵੇਚਣ ਲੱਗ ਜਾਣ ਤਾਂ ਯਕੀਨਨ ਝੋਨੇ ਦੀ ਫਸਲ ਤੋਂ ਕਈ ਗੁਣਾਂ ਵਧੇਰੇ ਆਮਦਨ ਹੋ ਸਕਦੀ ਹੈ। ਜਿਕਰਯੋਗ ਹੈ ਕਿ ਡਾ. ਸਰਦਾਰਾ ਸਿੰਘ ਜੌਹਲ ਦੀ ਅਗਵਾਈ ਵਾਲੀ ਜੌਹਲ ਕਮੇਟੀ ਨੇ 1986 ਵਿੱਚ ਆਪਣੀ ਇਕ ਰਿਪੋਰਟ ਵਿੱਚ ਪਾਣੀ ਦਾ ਸੰਕਟ ਵਧਣ ਦੀ ਪਛਾਣ ਕਰਦਿਆਂ ਫ਼ਸਲੀ ਵਿਭਿੰਨਤਾ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਸੀ, ਪਰ ਸੂਬੇ ਵਿੱਚ ਸਿਆਸੀ ਇੱਛਾ ਸ਼ਕਤੀ ਦੀ ਘਾਟ ਤੇ ਵੋਟਾਂ ਦੀ ਰਾਜਨੀਤੀ ਨੇ ਇਸ ਪਾਸੇ ਵੱਲ ਚੱਲਣ ਹੀ ਨਹੀਂ ਦਿੱਤਾ। ਖੇਤੀ ਸਬਸਿਡੀਆਂ ਨੂੰ ਵੀ ਪਾਣੀ ਬਚਾਉਣ ਦੀ ਦਿਸ਼ਾ ਵਿੱਚ ਮੁੜ ਵਿਉਂਤ ਬੰਦੀ ਕਰਨ ਦੀ ਲੋੜ ਹੈ।

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ :9855259650