ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ,ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਨ ਤੇ ਤੇਜ਼ ਹੁੰਦੀ ਹੈ (ਸ਼ਹੀਦ ਭਗਤ ਸਿੰਘ)

1210

ਅਜ ਦੇ ਦਿਨ 23-3-1889 ਮਿਰਜ਼ਾ ਹਾਦੀ ਬੇਗ ਨੇ ਅਹਿਮਦੀਆ ਮੁਸਲਮ ਜਮਾਤ ਦੀ ਨੀਂਹ ਰੱਖੀ।1910 ਸਮਾਜਿਕ ਤੇ ਰਾਜਸੀ ਨੇਤਾ ਡਾ ਰਾਮ ਮਨੋਹਰ ਲਾਲ ਲੋਹੀਆਂ ਦਾ ਅਕਬਰਪੁਰ ਯੂ ਪੀ ‘ਚ ਜਨਮ।1915 ਸਿੰਗਾਪੁਰ ਵਿੱਚ ਗਦਰੀ ਫੌਜੀਆਂ ਝੰਡੇ ਖਾਂ,ਚਿਸਤੀ ਖਾਂ,ਰਹਿਮਤ ਅਲੀ, ਹਾਕਮ ਅਲੀ ਤੇ ਅਬਦੁਲ ਗਨੀ ਖਾਂ ਸਮੇਤ 14 ਗਦਰੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ।1931ਸ਼ਹੀਦ ਭਗਤ ਸਿੰਘ,ਸ਼ਿਵਰਾਮ ਰਾਜ ਗੁਰੂ ਤੇ ਸੁਖਦੇਵ ਨੂੰ ਲਾਹੌਰ ਵਿੱਚ ਫਾਂਸੀ।1935 ਪ੍ਰਸਿਧ ਗਜ਼ਲਗੋ ਡਾ ਜਗਜੀਤ ਸਿੰਘ ਦਾ ਜਨਮ।1956 ਪਾਕਿਸਤਾਨ ਸੰਸਾਰ ਦਾ ਪਹਿਲਾ ਇਸਲਾਮਿਕ ਗਣਤੰਤਰ ਦੇਸ਼ ਬਣਿਆ।1988 ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਉਸਦੇ ਦੋਸਤ ਹੰਸ ਰਾਜ ਦਾ ਅੱਤਵਾਦੀਆਂ ਵਲੋਂ ਕਤਲ।
      ‘ਵਿਸ਼ਵ ਪੁਲਾੜ ਦਿਵਸ (1961 ਤੋਂ )’
*ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵੰਸ਼ਵਲੀ* ਸ਼ਹੀਦ ਭਗਤ ਸਿੰਘ ਦੇ ਵੱਡੇ-ਵਡੇਰੇ ਮੁਗਲ ਕਾਲ ਸਮੇਂ ਨਾਰਲੀ ਪਿੰਡ(ਜਿਲਾ ਤਰਨ ਤਾਰਨ, ਪਾਕਿਸਤਾਨ ਸਰਹਦ ਤੇ)ਵਿੱਚ ਰਹਿੰਦੇ ਸਨ।ਇਥੋਂ ਦੇ ਵਸਨੀਕ ਸੰਧੂਆਂ ਦੇ ਬਹਾਦਰ ਰਾਜਾ ਚਰਮਿਕ ਨੇ ਪੋਰਸ ਤੋਂ ਵੀ ਪਹਿਲਾਂ ਯੂਨਾਨੀ ਹਮਲਾਵਰਾਂ ਨੂੰ ਭਜਾਇਆ ਸੀ।ਇਸ ਘਰਾਣੇ ਦੇ ਕਰੋੜ ਸਿੰਘੀਆ ਮਿਸਲ ਦੇ ਸ਼ਾਮ ਸਿੰਘ ਤੇ ਬਘੇਲ ਸਿੰਘ ਨੇ ਲਾਲ ਕਿਲੇ (ਦਿਲੀ) ਤੇ ਝੰਡਾ ਝੁਲਾਇਆ ਸੀ।ਇਸੇ ਘਰਾਣੇ ਦੇ ਭੀਲਾ ਸਿੰਘ ਨੇ ਨਾਮਧਾਰੀ ਸਿੰਘਾਂ ਦੀ ਖਾਤਰ  ਸ਼ਹੀਦੀ ਦਿੱਤੀ।ਇਕ ਵਾਰ ਇਸ ਪਰਿਵਾਰ ਦਾ ਨੌਜਵਾਨ ਰਣੀਆ ਬਜ਼ੁਰਗਾਂ ਦੀਆਂ ਅਸਥੀਆਂ ਲੈ ਕੇ ਹਰਦੁਆਰ ਜਾ ਰਿਹਾ ਸੀ,ਰਾਹ ਵਿੱਚ ਹਨੇਰਾ ਹੋਣ ਤੇ ਬੜੇ ਗੜੇ ਦੇ ਮਾਲਕ ਕੋਲ ਠਹਿਰ ਗਿਆ।ਉਸ ਨੇ ਯਾਤਰਾ ਦਾ ਮਕਸਦ ਤੇ ਪਰਿਵਾਰ ਦਾ ਪਿਛੋਕੜ ਜਾਣ ਕੇ ਵਾਪਸੀ ਤੇ ਆਪਣੀ ਧੀ ਦਾ  ਉਸ ਨੌਜਵਾਨ ਨਾਲ ਵਿਆਹ(1725 ਦੇ ਕਰੀਬ) ਕਰ ਦਿੱਤਾ,ਦਾਜ ਵਿੱਚ ਬੜਾ ਗੜਾ ਦੇ ਦਿਤਾ।ਵਿਆਹ ਉਪਰੰਤ ਇਸ ਥਾਂ ਦਾ ਨਾਂ ਖਟ ਵਿੱਚ ਮਿਲੇ ਗੜ ਕਾਰਨ ਖਟਗੜ ਕਲਾਂ ਪੈ ਗਿਆ,ਜੋ ਬਾਅਦ ਵਿੱਚ ਹੌਲੀ ਹੌਲੀ ਖਟਕੜ ਕਲਾਂ ਬਣ ਗਿਆ।ਰਣੀਆ ਦਾ ਪੁੱਤਰ ਭਾਉ ਸੀ ਜਿਸ ਦੇ ਤਿੰਨ ਪੁੱਤਰ ਲਛੀਆ,ਧਰਮਾਂ ਤੇ ਤਾਰਾ ਸਨ। ਤਾਰੇ ਦੇ ਪੁੱਤਰ ਦੀਵਾਨ,ਅਮਰ ਸਿੰਘ ਤੇ ਰਾਮ ਸਿੰਘ ਸਨ,ਰਾਮ ਸਿੰਘ ਨੂੰ ਸਿੱਖ ਰਾਜ ਦੀ ਸਥਾਪਨਾ ਸਮੇਂ ਵਿਖਾਈ ਬਹਾਦਰੀ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਵੱਡੀ ਜਾਗੀਰ ਦਿੱਤੀ।ਇਸ ਦੇ ਪੁੱਤਰ ਫਤਿਹ ਸਿੰਘ ਨੇ ਅੰਗਰੇਜ਼ਾਂ ਖਿਲਾਫ ਲੜਾਈਆਂ ਲੜੀਆਂ ਜਿਸ ਕਰਕੇ ਉਸ ਦੀ ਜਾਗੀਰ ਅੰਗਰੇਜ਼ਾਂ ਨੇ ਘੱਟ ਕਰ ਦਿੱਤੀ।ਇਸ ਦਾ ਪੁੱਤਰ ਖੇਮ ਸਿੰਘ (ਕੁਝ ਮੁਤਾਬਿਕ ਜੈਲਦਾਰ ਗੁਰਬਚਨ ਸਿਂਘ)ਸੀ,ਜਿਸ ਦੇ ਤਿੰਨ ਪੁੱਤਰ ਅਰਜਨ ਸਿੰਘ,ਸੁਰਜਨ ਸਿੰਘ ਤੇ ਮੇਹਰ ਸਿੰਘ ਸਨ।ਅੰਗਰੇਜਾਂ ਨੇ ਜੰਗਲੀ ਇਲਾਕੇ ਨੂੰ ਅਬਾਦ ਕਰਨ ਲਈ ਅਰਜਨ ਸਿੰਘ ਨੂੰ 25 ਏਕੜ ਜਮੀਨ ਪਿੰਡ ਬੰਗਾ ਚਕ 105 ਜਿਲਾ ਲਾਇਲਪੁਰ ਵਿਖੇ ਦਿਤੀ,ਇਥੇ ਹੀ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ।ਅਰਜਨ ਸਿੰਘ ਦੇ ਤਿੰਨ ਪੁੱਤਰ ਕਿਸ਼ਨ ਸਿੰਘ,ਅਜੀਤ ਸਿੰਘ ਤੇ ਸਵਰਨ ਸਿੰਘ ਸੀ। ਕਿਸ਼ਨ ਸਿੰਘ ਦੇ ਜਗਤ ਸਿੰਘ,ਸ਼ਹੀਦ ਭਗਤ ਸਿੰਘ,ਕੁਲਬੀਰ ਸਿੰਘ, ਕੁਲਤਾਰ ਸਿੰਘ,ਰਾਜਿੰਦਰ ਸਿੰਘ,ਰਣਬੀਰ ਸਿੰਘ ਪੁੱਤਰ ਅਤੇ ਅਮਰ ਕੌਰ, ਸੁਮਿਤਰਾ ਤੇ ਸ਼ੰਕੁਤਲਾ ਪੁੱਤਰੀਆਂ ਸਨ।” ਪ੍ਰੋਫੈਸਰ ਜਗਮੋਹਣ ਸਿੰਘ ਜੋ ਜਮਹੂਰੀ ਅਧਿਕਾਰ ਸਭਾ ਦੇ ਆਹੁਦੇਦਾਰ ਨੇ ਉਹ ਬੀਬੀ ਅਮਰ ਕੌਰ ਦੇ ਲੜਕੇ ਹਨ ਭਾਵ ਸ਼ਹੀਦ ਭਗਤ ਸਿੰਘ ਦੇ ਭਾਣਜੇ ਹਨ।ਅਜਾਦੀ ਤੋਂ ਬਾਅਦ 1954 ਵਿੱਚ ਸ਼ਹੀਦ ਭਗਤ ਸਿੰਘ ਬਾਰੇ ਫਿਲਮ ਡਾਇਰੈਕਟਰ ਜਗਦੀਸ਼ ਗੋਤਮ ਨੇ ਤੇ ਸ਼ਸੀ ਕਪੂਰ ਨੇ 1963 ਵਿਚ ਫਿਲਮ ਬਣਾਈ ਪਰ ਚਲੀ ਨਹੀਂ। ਫਿਲਮ ਅਦਾਕਾਰ ਮਨੋਜ ਕੁਮਾਰ ਵਲੋਂ ਬਣਾਈ ਫਿਲਮ ਲੋਕਾਂ ਵਿਚ ਕਾਫੀ ਪਸੰਦ ਕੀਤੀ ਗਈ।ਪਰ ਰਾਜਸੀ ਪਾਰਟੀਆਂ   ਨੇ ਆਪਣੇ ਆਪ ਨੂੰ ਭਗਤ ਸਿੰਘ ਤੋਂ ਦੂਰ ਹੀ ਰਖਿਆ।ਸ਼ਹੀਦ ਭਗਤ ਸਿੰਘ ਨੂੰ 26 ਜਨਵਰੀ ਤੇ 15 ਅਗਸਤ ਨੂੰ ਗੀਤ ਗਾਉਣ ਤਕ ਸੀਮਤ ਰਖਿਆ। *23 ਮਾਰਚ 1932 ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਪਹਿਲੇ ਸ਼ਹੀਦੀ ਦਿਵਸ ਮੌਕੇ ਲੋਕ ਕਵੀ ਤਾਇਰ ਨੇ ਟਾਂਗੇ ਤੇ ਖਲੋਕੇ ਭਗਤ ਸਿੰਘ ਦੀ ਘੋੜੀ ਪੜੀ*
“ਆਵੋ ਨੀ ਭੈਣੋਂ ਰਲ ਗਾਈਏ ਘੋੜੀਆਂ,ਜੰਝ ਤੇ ਹੋਈ ਏ ਤਿਆਰ ਵੇ ਹਾਂ।
ਮੌਤ ਕੁੜੀ ਨੂੰ ਪਰਨਾਵਣ ਚਲਿਆ,ਦੇਸ਼ ਭਗਤ ਸਰਦਾਰ ਵੇ ਹਾਂ।
ਫਾਂਸੀ ਦੇ ਤਖਤੇ ਵਾਲਾ ਖ਼ਾਰਾ ਬਣਾ ਕੇ,ਬੈਠਾ ਤੂੰ ਚੌਂਕੜੀ ਮਾਰ ਵੇ ਹਾਂ।
ਹੰਝੂਆਂ ਦੇ ਪਾਣੀ ਭਰ ਨਾਹਵੋ ਗੜੋਲੀ,ਲਹੂ ਦੀ ਰਤੀ ਮੋਹਲੀ ਧਾਰ ਵੇ ਹਾਂ।
ਫਾਂਸੀ ਦੀ ਟੋਪੀ ਵਾਲਾ ਮੁਕਟ ਬਣਾ ਕੇ,ਸਿਹਰਾ ਤੂੰ ਬੱਧਾ ਝਾਲਰਦਾਰ ਵਾ ਹਾਂ।
ਜੰਡੀ ਤੇ ਵੱਢੀ ਲਾੜੇ ਜ਼ੋਰ-ਜ਼ੁਲਮ ਦੀ,ਸਬਰ ਦੀ ਮਾਰ ਤਲਵਾਰ ਵੇ ਹਾਂ।
ਰਾਜਗੁਰੂ ਤੇ ਸੁਖਦੇਵ ਸਰਬਾਲੇ,ਚੜਿਆ ਤੇ ਤੂੰ ਹੀ ਵਿਚਕਾਰ ਵੇ ਹਾਂ।
ਵਾਗ-ਫੜਾਈ ਤੈਥੋਂ ਭੈਣਾਂ ਨੇ ਲੈਣੀ,ਭੈਣਾਂ ਦਾ ਰੱਖਿਆ ਉਧਾਰ ਵੇ ਹਾਂ।
ਹਰੀ ਕਿਸ਼ਨ ਤੇਰਾ ਬਣਿਆ ਵੇ ਸਾਂਢੂ,ਢੁਕੇ ਤੇ ਤੁਸੀਂ ਇਕੋ ਵਾਰ ਵੇ ਹਾਂ।
ਪੈਂਤੀ ਕਰੋੜ ਤੇਰੇ ਜਾਂਝੀ ਵੇ ਲਾੜਿਆ,ਕਈ ਪੈਦਲ ਤੇ ਕਈ ਸਵਾਰ ਵੇ ਹਾਂ।
ਕਾਲੀਆਂ ਪੁਸ਼ਾਕਾਂ ਪਾ ਕੇ ਜੰਝ ਜੁ ਤੁਰ ਪਈ, ‘ਤਾਇਰ’ ਵੀ ਹੋਇਆ ਏ ਤਿਆਰ ਵੇ ਹਾਂ।” ਸ਼ਹੀਦ ਭਗਤ ਸਿੰਘ ਦਾ ਜਨਮ ਚੱਕ ਨੰ105 ਬੰਗਾ ਪਾਕਿਸਤਾਨ ਵਿਖੇ 28-9-1907,ਰਾਜ ਗੁਰੂ ਦਾ 24-8-1908 ਨੂੰ ਪੂਨੇ ਤੇ ਸੁਖਦੇਵ ਦਾ 19-2-1907 ਨੂੰ ਲੁਧਿਆਣਾ ਵਿਖੇ ਜਨਮ ਨੈਟ ਉਪਰ ਉਸਦਾ ਜਨਮ 15 ਮਈ 1907 ਹੈ।’ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ,ਜੇਲ ਡਾਇਰੀ ਤੇ ਮੈਂ ਨਾਸਤਿਕ ਕਿਉਂ ਹਾਂ ?,ਜੇਲ ਡਾਇਰੀ ਅਹਿਮ ਦਸਤਾਵੇਜ ਹਨ।ਉਸਨੇ ਪ੍ਰੀਵਾਰ,ਦੋਸਤਾਂ, ਨੌਜਵਾਨਾਂ,ਅਧਿਕਾਰੀਆਂ ਨੂੰ ਅਨੇਕਾਂ ਖੱਤ ਤੋਂ ਲੈ ਕੇ ਸਿਆਸੀ ਲੇਖ ਤੇ ਟਿਪਣੀਆਂ ਲਿਖੀਆਂ।”ਝੁਕੇ ਨਹੀਂ ਕਟੇ ਗਏ ਉਹ ਸਾਂ ਅਸੀਂ,ਉਹ ਹੋਰ ਸਨ ਜੋ ਮਰ ਗਏ ਹੱਥ ਜੋੜਦੇ।”
ਮੁਖਵਿੰਦਰ ਸਿੰਘ ਚੋਹਲਾ