ਪਿੰਡ ਅਨਾਰਕਲੀ ਦੀਆਂ ਯਾਦਾਂ..

458

ਵਿਦਿਆਰਥੀ ਅਧਿਆਪਕ ਦਾ ਰਿਸ਼ਤਾ ਬੜਾ ਹੀ ਪਵਿੱਤਰ –ਉੱਚਾ-ਸੁੱਚਾ ਅਤੇ ਆਦਰ ਸਤਿਕਾਰ ਭਰਿਆ ਹੈ। ਇਸ ਰਿਸ਼ਤੇ ਦੀ ਸਮਾਜ ਵਿੱਚ ਬੜੀ ਇੱਜਤ ਹੈ। ਜੇਕਰ ਅਧਿਆਪਕ ਦਿਲ ਦੀਆਂ ਗਹਿਰਾਇਆ ਤੋਂ ਵਿਦਿਆਰਥੀਆਂ ਦਾ ਭਲਾ ਚਾਹੁੰਦਾ ਹੈ ਬੱਚੇ ਵੀ ਆਪਣੇ ਅਧਿਆਪਕਾਂ ਨੂੰ ਐਨਾ ਪਿਆਰ ਸਤਿਕਾਰ ਦਿੰਦੇ ਹਨ ਕਿ ਉਹ ਆਪਣੇ ਮਾਪਿਆਂ ਦੀਆ ਬਹੁਤ  ਗੱਲਾਂ ਨਹੀਂ ਮੰਨਦੇ ਜੋ ਇੱਕ ਅਧਿਆਪਕ ਦੀਆਂ ਮੰਨਦੇ ਹਨ। ਇਸੇ ਲਈ ਅਮਰੀਕਾ ਦੇ ਰਾਸ਼ਟਰਪਤੀ ਇੰਬਰਾਹਿਮ ਲਿੰਕਨ ਨੇ ਆਪਣੇ ਬੇਟੇ ਦੇ ਅਧਿਆਪਕ ਨੂੰ ਖਤ ਲਿਖਿਆ ਸੀ ਕਿ ਉਹ ਮੇਰੇ ਬੇਟੇ ਨੂੰ ਇੱਕ ਚੰਗਾ ਇਨਸਾਨ ਬਣਾਵੇ, ਉਸ ਨੂੰ ਸਮਾਜ ਵਿੱਚ ਚੰਗੇ ਮਾੜੇ ਦੀ ਪਰਖ ਕਰਨੀ ਸਿਖਾਵੇ, ਉਸ ਨੇ ਸਰਵਗੁਣ ਸੰਪਨ ਬਣਾਵੇ ਤਾਂ ਕਿ ਉਹ ਸਮਾਜ ਵਿੱਚ ਸਫਲ ਇਨਸਾਨ ਵਜੋਂ ਵਿਚਰ ਸਕੇ। ਮੈਂ ਆਪਣੇ ਅਧਿਆਪਨ ਦੌਰਾਨ ਕਾਫੀ ਸਕੂਲ ਦੇਖ ਚੁੱਕੀ ਹਾਂ ਹਰ ਸਕੂਲ ਵਿਚੋਂ ਬਦਲੀ ਦੌਰਾਨ ਬਹੁਤ ਹੀ ਦੁੱਖੀ ਹੋ ਕੇ ਆਉਂਦੀ ਹਾਂ ਕਿਉਂਕਿ ਵਿਦਿਆਰਥੀਆਂ ਤੇ ਉਹਨਾਂ  ਦੇ ਮਾਪਿਆਂ ਵਲੋਂ ਮਿਲਿਆ ਪਿਆਰ ਸਤਿਕਾਰ ਮੇਰੇ ਲਈ ਬੇਸ਼ਕੀਮਤੀ ਤੋਹਫਾ ਹੈ। ਆਪਣੀ ਪਹਿਲੀ ਨੌਕਰੀ ਦੌਰਾਨ ਮੈਨੂੰ ਫਿਰੋਜਪੁਰ ਜਿਲੇ ਵਿੱਚ ਬਸਤੀ ਅਨਾਰਕਲੀ ਪਿੰਡ ਮਿਲਿਆ ਜੋ ਕਿ ਜ਼ੀਰਾ ਰੋਡ ਤੇ ਪਿੰਡ ਕੁੱਲਗੜੀ , ਚੰਗਾਲੀ ਦੇ ਨੇੜੇ ਪੈਂਦਾ ਹੈ। ਭਾਵੇਂ ਸਹਿਰ ਵਿੱਚ ਜੰਮੀ ਪਲੀ ਹੋਣ ਕਰਕੇ ਪਿੰਡਾਂ ਵਿੱਚ ਰਹਿਣ ਤੇ ਆਉਣ ਜਾਣ ਦਾ ਕੋਈ ਤਜਰਬਾ ਨਹੀਂ ਸੀ, ਪਰ ਨਵੀਂ ਨਵੀਂ ਨੌਕਰੀ ਕਰਕੇ ਮਨ ਮਾਰ ਕੇ ਪਿੰਡ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ। ਮੇਰੇ ਅਧਿਆਪਕ ਸਾਥੀ ਸ੍ਰ ਸੁਖਦਰਸ਼ਨ ਸਿੰਘ ਨੇ ਮੈਨੂੰ ਸ੍ਰ ਬੁੱਕਣ ਸਿੰਘ ਦੇ ਘਰ ਰਹਿਣ ਵਾਸਤੇ ਕਮਰਾ ਲੈ ਦਿੱਤਾ ਕਿਉਂਕਿ ਮੈਂ  ਹਰ ਰੋਜ਼ ਬਠਿੰਡਾ ਤੋਂ 150 ਕਿਲੋਮੀਟਰ ਸਫਰ ਕਰਕੇ ਰੋਜ਼ਾਨਾ ਸਕੂਲ ਨਹੀਂ ਸੀ ਪਹੁੰਚ ਸਕਦੀ। ਕੁਝ ਕੁ ਦਿਨ ਤਾਂ ਮੇਰੇ ਮਾਤਾ ਜੀ ਮੇਰੇ ਨਾਲ ਰਹੇ ਪਰ ਸ੍ਰ ਬੁੱਕਣ ਸਿੰਘ ਦੇ ਪਰਿਵਾਰ ਨੇ ਸਾਨੂੰ ਕਦੀ ਵੀ ਵੱਖਰੇ ਤੌਰ ਤੇ ਕੁਝ ਖਾਣ ਪਕਾਉਣ ਨਾ ਦਿੱਤਾ। ਫਿਰ ਮੇਰੇ ਮਾਤਾ ਜੀ ਮੈਨੂੰ ਉਥੇ ਇਕੱਲਿਆਂ ਛੱਡ ਆਪ ਘਰ ਆ ਗਏ ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਮਾਹੌਲ ਬੜਾ ਤਸੱਲੀਬਖ਼ਸ ਲੱਗਿਆ। ਉਸ ਪਿੰਡ ਵਿੱਚ ਮੈਂ 17 ਦਸਬੰਰ 1992 ਤੋਂ ਲੈਕੇ ਅਗਸਤ 1996 ਤੱਕ ਰਹੀ। ਉਸ ਪਰਿਵਾਰ ਦੇ ਮੈਂਬਰਾਂ ਤੇ ਪਿੰਡ ਜੋ ਮੈਨੂੰ ਦੇ ਬਹੁਤ ਉਪਰਾ ਲੱਗਦਾ ਸੀ ਹੁਣ ਆਪਣਾ –ਆਪਣਾ ਲੱਗਦਾ ਕਿਉਂਕਿ ਅਧਿਆਪਕਾਂ ਦੀ ਘਾਟ ਹੋਣ ਕਰਕੇ  ਬਹੁਤ ਚਿਰ ਬਾਅਦ ਸਕੂਲ ਨੂੰ  ਇਕ ਹੋਰ ਅਧਿਆਪਕ ਮਿਲਿਆ ਸੀ,  ਮਾਣ-ਸਤਿਕਾਰ  ਜੋ ਪਿੰਡ  ਵਾਸੀਆਂ ਨੇ ਮੈਨੂੰ ਦਿੱਤਾ  ਕਦੇ ਵੀ ਭੁੱਲਾਇਆ ਨਹੀਂ ਜਾ ਸਕਦਾ। ਮੈਂ ਹਰ ਰੋਜ਼ ਬੜੇ ਹੀ ਚਾਅ ਨਾਲ ਸਕੂਲ ਜਾਣਾ ਤੇ ਬੱਚਿਆਂ ਨੂੰ ਪੜਉਣਾ ਕਿਉਂਕਿ ਮੇਰੇ ਅਧਿਆਪਕ ਸਾਥੀ ਸ੍ਰ ਸੁਖਦਰਸ਼ਨ ਸਿੰਘ ਬੜੇ ਮਿਹਨਤੀ ਸਨ ਉਹਨਾਂ ਮੈਨੂੰ ਕਹਿਣਾ ਇਨਾਂ ਨੂੰ ਪੂਰਨੇ ਪਾ ਦੇ। ਉਹਨਾਂ ਦੀ ਲਿਖਾਈ ਬੜੀ ਸੁੰਦਰ ਸੀ। ਸੋ ਮੈਂ ਉਹਨਾਂ  ਵਾਂਗ ਮੈਂ ਫੱਟੀਆਂ ਤੇ ਪੂਰਨੇ ਪਾਉਣੇ ਸਿੱਖੇ, ਤੇ ਪੂਰਨੇ ਪਾਉਣੇ, ਵਿਦਿਆਰਥੀਆਂ ਦੀਆਂ ਫਟੀਆ ਸਕੂਲ ਵਿੱਚ ਪੋਚਦੀ ਉਨਾ  ਨੂੰ ਪੜਾਉਣਾ ਵਿਦਿਆਰਥੀਆਂ ਨਾਲ ਛੋਟੇ ਭੈਣ ਭਰਾਵਾਂ ਵਾਂਗ ਵਿਚਰਦੀ, ਅਧਿਆਪਕ ਸਾਥੀ ਜੇਕਰ ਬੱਚਿਆਂ ਨੂੰ ਡੰਡੇ ਮਾਰਦੇ  ਤੇ ਮੈਂ ਆਪ ਵੀ ਉਹਨਾਂ  ਤੋਂ ਡਰ ਜਾਂਦੀ। ਮੈਨੂੰ ਇੰਝ ਹੀ ਲਗਦਾ ਮੈਂ ਵੀ ਇੱਕ ਵਿਦਿਆਰਥੀ ਹੀ ਹਾਂ ਤੇ ਉਹ ਮੇਰੇ ਅਧਿਆਪਕ ਹਨ। ਉਨ੍ਹਾਂ ਕੋਲ ਬੈਠ ਕੇ ਮੈਨੂੰ ਕਦੀ ਵੀ ਨਾ ਲਗਦਾ ਕਿ ਮੈਂ ਉਨ੍ਹਾਂ ਦੀ ਕੁਲੀਕ ਹਾਂ। ਜਦੋਂ ਮੇਰੇ ਮਾਤਾ ਜੀ ਮੈਨੂੰ ਸਕੂਲ ਵਿੱਚ ਮਿਲਣ ਆਏ ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਬੱਚਿਆਂ ਨੂੰ ਕੁੱਟਦਾ ਹਾਂ ਮੈਡਮ ਤਾਂ ਆਪ ਰੋਣ ਵਾਲੇ ਹੋ ਜਾਂਦੇ ਹਨ ਪਰ ਉਨ੍ਹਾਂ ਦੇ ਪੜਾਏ  ਵਿਦਿਆਰਥੀਆਂ  ਦੀ ਆਸੇ ਪਾਸੇ ਦੇ ਸਕੂਲਾਂ ਵਿੱਚ ਬੜੀ ਤਾਰੀਫ ਸੀ। ਮੈਂ ਘਰ ਆ ਕੇ ਵੀ ਵਿਦਿਆਰਥੀਆਂ ਨੂੰ ਪੜਉਣਾ, ਚੰਗਾਲੀ, ਬਸਤੀ ਬੇਲਾ ਸਿੰਘ ਤੇ ਜੱਟਾ ਵਾਲੀ ਤੋਂ ਵੀ ਵਿਦਿਆਰਥੀ ਪ੍ਰਾਇਮਰੀ, ਹਾਈ ਸਕੂਲਾਂ ਦੇ ਮੇਰੇ ਕੋਲ  ਪੜ੍ਹਨ  ਆ ਜਾਂਦੇ। ਸ੍ਰ ਬੁੱਕਣ ਸਿੰਘ ਦੇ ਘਰ ਦਾ ਵਿਹੜਾ ਬੱਚਿਆਂ ਨਾਲ ਭਰ ਜਾਂਦਾ।ਸਕੂਲ ਵਿੱਚ ਬਸਤੀ ਅਨਾਰਕਲੀ ਤੋ ਇਲਾਵਾ ਜੱਟਾ ਵਾਲੀ ਤੇ ਜੰਮੂਆ ਦੀ  ਢਾਣੀ ਤੋਂ ਵੀ ਪ੍ਰੀਤੋ ਤੇ ਉਸ ਦੇ ਭਤੀਜੇ ਪੰਮਾ, ਗੁਰਮੁੱਖ, ਲਾਡੀ, ਸਰਬਜੀਤ ਅਤੇ ਹੋਰ ਬੱਚੇ ਆਉਦੇ ।  ਪਿੰਡ ਜੱਟਾ ਵਾਲੀ  ਦਾ  ਰਾਜਾ, ਉਹਦੀ ਭੈਣ   ,ਪੁਸ਼ਪਿੰਦਰ  ਤੇ ਗੁਰਪ੍ਰੀਤ, ਵੀਰਪਾਲ  ਬਸਤੀ ਬੇਲਾ ਦੇ ਰਾਹ ਤੇ ਰਹਿੰਦੇ  ਬਲਦੇਵ, ਗੁਰਭੇਜ  ਆਦਿ ।ਸ ਬੁੱਕਣ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨਾਲ ਮੈ ਬਹੁਤ ਘੁਲਮਿਲ ਗਈ ਸੀ  ਅੱਧਾ ਪਿੰਡ ਮੇਰੇ ਵਿਆਹ ਤੇ ਬਠਿੰਡੇ ਪਹੁੰਚਿਆ,  ਪੰਮੇ ਨੇ ਹਲਵਾਈ ਦੀ ਡਿਉਟੀ  ਬਾਖੂਬੀ ਨਿਭਾਈ ਜੋ  ਸ ਬੁੱਕਣ ਸਿੰਘ ਦਾ ਭਤੀਜਾ ਹੈ ।ਸਕੂਲ ਆਈ ਨੂੰ ਸਭ ਨੇ ਸ਼ਗਨ ਦਿਤੇ। ਵੱਡੇ ਵਿਦਿਆਰਥੀ ਜਿਨ੍ਹਾਂ ਵਿੱਚ ਹਾਈ ਸਕੂਲ ਦੇ ਵਿਦਿਆਰਥੀ ਸਨ ਉਹ ਰਾਤ ਸਮੇਂ ਮੇਰੇ ਕੋਲ ਆਉਂਦੇ।  ਬਲਵੀਰ, ਨੇਕਾ, ਸੋਡੀ, ਨਿੰਦਰ, ਸਰਬਜੀਤ, ਬਿੰਦਾ ਜੋ  ਸ੍ ਬੁੱਕਣ ਦੇ ਭਰਾਵਾਂ ਦੇ ਬੱਚੇ ਸਨ ਮੇਰੇ ਕੋਲ ਰਾਤ ਨੂੰ ਪੜਨ ਆਉਂਦੇ। ਭਾਵੇਂ ਮੈਂ ਵੀ ਪਲੱਸ ਟੂ  ਪਾਸ ਹੀ ਸੀ ਉਸ ਸਮੇਂ, ਪਰ ਉਨ੍ਹਾਂ ਵਿੱਚ ਮੈਂ ਅੰਨਿਆਂ ਵਿੱਚ ਕਾਣੇ ਰਾਜਾ ਵਾਲੀ ਗੱਲ ਸੀ। ਬਲਜੀਤ, ਸੁਖਜੀਤ, ਕੁਲਦੀਪ ਤੇ ਹੋਰ ਆਂਢ ਗੁਆਂਢ ਦੀਆਂ ਲੜਕੀਆਂ ਵੀ ਰਾਤ ਸਮੇਂ ਮੇਰੇ ਕੋਲ ਪੜਦੀਆਂ। ਪੜਦੇ ਸਮੇਂ ਹਰ ਰੋਜ਼ 5 ਕੁ ਮਿੰਟ ਲਾਈਟ ਚਲੀ ਜਾਂਦੀ ਉਸ ਸਮੇਂ ਦੌਰਾਨ ਸਾਰੇ ਗੀਤ ਗਾਉਣ ਲੱਗ ਜਾਂਦੇ, ਅੰਤਾਕਸ਼ਰੀ ਖੇਡਦੇ, ਇਹ ਸਮਾਂ ਸਾਡਾ ਬਰੇਕ ਦਾ ਸੀ। ਉਂਝ ਪੂਰਾ ਸਮਾਂ ਲਗਨ ਨਾਲ ਪੜਦੇ ਰਹਿਣਾ। ਮੈਂ ਆਪ ਵੀ ਬੀ. ਏ. ਭਾਗ ਪਹਿਲੇ ਦੇ ਪੇਪਰ ਦੇਣੇ ਸਨ ਮੈਂ ਸਵੇਰੇ ਉਠ ਕੇ ਆਪ ਪੜਨਾ ਘਰ ਦੀਆਂ ਲੜਕੀਆਂ ਨੂੰ ਵੀ ਸਵੇਰੇ ਉਠ ਕੇ ਪੜਨ ਲਈ ਕਹਿਣਾ ਪਰ ਉਨਾ ਨੂੰ ਉਸ ਸਮੇਂ ਬੜੀ ਨੀਂਦ ਆਉਂਦੀ ਸੀ। ਮਾਂ ਜੀ ਨੇ ਕਹਿਣਾ ” ਕੁੜੇ ਘਰ ਵਿੱਚ ਗੰਗਾ ਵਗਦੀ ਹੈ ਫਾਇਦਾ ਲੈ ਲਵੋ” ਪਰ ਬੱਚਿਆ ਨੂੰ ਤਾਂ ਨੀਂਦ ਹੀ ਪਿਆਰੀ ਹੁੰਦੀ ਸੀ। ਸੋ ਪੇਪਰ ਦੇ ਦਿਨਾਂ ਵਿੱਚ ਹਰ ਰੋਜ ਰਾਤ ਨੂੰ ਪੜਉਣ । ਰਾਤ ਦਸ ਕੁ ਵਜੇ ਘਰ ਜਾਣ ਸਮੇਂ ਬਲਵੀਰ ਹੋਰਾਂ ਤੇ ਹੋਰ ਪਿਛਲੇ ਘਰਾਂ ਦੇ ਬੱਚਿਆਂ ਨੇ ਕੋਠਿਆਂ ਦੇ ਉਪਰੋਂ ਹੀ ਛੋਟੇ ਰਸਤੇ ਵਿਚੋਂ ਜਾਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਤਾਂ ਲੋਕਾਂ ਨੇ ਵਿੜਕਾਂ ਲਈਆਂ ਕਿ ਐਸੇ ਵੇਲੇ ਕੋਠੇ ਤੇ ਕੋਣ ਹੈ। ਪਰ ਵਾਪਸੀ ਤੇ ਸਾਰੇ ਰੋਲਾ ਰੱਪਾ ਪਾਉਦੇ ਜਦੋਂ ਘਰ ਮੁੜਦੇ ਉਦੋਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਬੱਚੇ ਸ੍ਰ ਬੁੱਕਣ ਸਿੰਘ ਦੇ ਘਰੋਂ ਪੜਕੇ ਆਏ ਹਨ। ਕਦੇ ਕਿਸੇ ਬੱਚੇ ਦੀ ਕੋਈ ਸਿਕਾਇਤ ਨਹੀਂ ਸੀ। ਸੋ ਪਿੰਡ ਵਾਸੀਆਂ ਤੇ ਮੇਰਾ ਰਿਸ਼ਤਾ ਬੜਾ ਗਹਿਰਾ ਤੇ ਪੇਕਿਆਂ ਵਾਲਾ ਬਣ ਗਿਆ। ਮੈਨੂੰ ਹੁਣ ਆਪਣੇ ਘਰ ਦੀ ਯਾਦ ਨਹੀਂ ਸੀ ਆਉਂਦੀ। ਲਾਡੀ-ਦੀਪੂ ਛੋਟੇ ਬੱਚੇ ਮੇਰੇ ਕੋਲੋਂ ਪੜਦੇ ਵੀ ਅਤੇ ਮੇਰੇ ਨਾਲ ਲੜਦੇ ਵੀ। ਇੱਕ ਦਿਨ ਮੈਂ ਸਕੂਟਰ ਚਲਾਉਣ ਦੀ ਕੋਸਿਸ਼ ਕੀਤੀ ਪਰ ਜਿਆਦਾ ਰੇਸ  ਹੋਣ ਕਰਕੇ ਸਕੂਟਰ ਕੰਧ ਟੱਪਦਾ ਟੱਪਦਾ ਮਸ਼ਾਂ ਬੱਚਿਆ, ਮੇਰੇ ਸੱਟ ਤਾਂ ਭਾਵੇ ਨਹੀ ਵੱਜੀ ਪਰ ਸਭ ਨੂੰ ਬੜੀ ਚਿੰਤਾ ਹੋਈ। ਜੇਕਰ ਸੱਟ ਵੱਜ ਜਾਂਦੀ, ਦੀਪੂ ਜੋ  ਬੜਾ ਸ਼ਰਾਰਤੀ ਬੱਚਾ ਸੀ ਮੈਂ ਉਸ ਨੂੰ ਕਿਹਾ ਕਿ ਅੰਕਲ ਜੀ ਨੂੰ ਨਾ ਦੱਸੀ ਮੈਂ ਸਕੂਟਰ ਤੋਂ ਡਿੱਗ ਪੈਣੀ ਸੀ। ਪਰ ਜਦੋਂ ਮੈਂ ਉਸ ਨੂੰ ਪੜਨ ਨੂੰ ਕਹਿਣਾ ਉਸ ਨੇ ਕਹਿਣਾ  ਜੇਕਰ ਤੁਸੀਂ ਮੈਨੂੰ ਪੜਾਇਆ ਮੈਂ ਭਾਪੇ ਨੂੰ ਦੱਸੂਗਾ। ਉਸ ਨੇ ਇਸ ਗੱਲ ਤੇ ਮੈਨੂੰ ਕਈ ਦਿਨ ਬਲੈਕਮੇਲ ਕੀਤਾ। ਉਹ ਹਮੇਸਾ ਮੇਰੇ ਨਾਲ ਆਪਣੀਆਂ ਭੈਣਾਂ ਵਾਂਗੂ ਲੜਦਾ। ਮਾਂ ਜੀ , ਅੰਟੀ ਜੀ ਤੇ ਆਂਢ -ਗੁਆਂਢ ਦੀਆਂ ਔਰਤਾਂ ਮੇਰੇ ਨਾਲ ਬਹੁਤ ਹੀ ਮੋਹ ਕਰਦੀਆਂ। ਸੋ ਵਿਆਹ ਤੋਂ ਬਾਅਦ ਉਥੋਂ ਬਦਲੀ ਕਰਵਾਕੇ ਮੈਂ ਇੰਝ ਰੋਈ ਤੇ ਨਾਲੇ ਉਹ ਸਾਰਾ ਪਿੰਡ ਜਿਵੇਂ ਡੋਲੀ ਵਿਦਾ ਹੋਣ ਵੇਲੇ ਰੋਂਦਾ  ਹੈ।

ਹੁਣ 30 ਸਾਲ ਬਾਅਦ ਫਿਰ ਦੁਬਾਰਾ ਉਸ ਘਰ ਵਿੱਚ ਵਿਆਹ ਤੇ ਜਾਣ ਦਾ ਮੌਕਾ ਮਿਲਿਆ, ਸਭ ਕੁਝ ਬਦਲ ਗਿਆ ਸੀ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ। ਅੰਕਲ ਜੀ, ਮਾਂ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਪੁਰਾਣੇ ਘਰਾਂ ਦੀਆਂ ਸਭਨਾਂ ਨੇ ਵਧੀਆਂ ਕੋਠੀਆਂ ਪਾ ਲਈਆਂ ਹਰ ਘਰ  ਦੀ ਵਧੀਆ ਤਰੱਕੀ ਦੇਖਕੇ ਮਨ ਖੁਸ਼ ਹੋਇਆ। ਮੇਰੇ ਉਹ ਵਿਦਿਆਰਥੀ ਜਿਹੜੇ ਮੇਰੇ ਛੋਟੇ ਭੈਣ ਭਰਾਵਾਂ ਵਾਂਗ ਮੇਰੇ ਨਾਲ ਰਹਿੰਦੇ ਸਨ ਉਹ ਹੁਣ ਆਪ ਮਾਤਾ ਪਿਤਾ ਬਣ ਗਏ ਹਨ ਉਨ੍ਹਾਂ ਨੂੰ ਦੇਖਕੇ ਤਾਂ ਲੱਗਦਾ ਹੀ ਨਹੀਂ ਸੀ ਕਿ ਉਹ ਕਦੇ ਮੇਰੇ ਕੋਲ ਪੜਦੇ ਹੋਣਗੇ ਪ੍ਰਾਇਮਰੀ ਸਕੂਲ ਵਿੱਚ। ਉਨ੍ਹਾਂ ਦੇ ਬੱਚੇ 10 ਤੋਂ 15 ਸਾਲ ਦੇ ਹੋ ਗਏ ਹਨ। ਕਈ ਵਿਦਿਆਰਥੀ ਮੈਨੂੰ ਹੂਬਹੂ ਉਸ ਤਰਾਂ ਲੱਗੇ ਜਿਵੇਂ ਉਹਨਾ ਦੇ ਪਿਤਾ ਮੈਨੂੰ ਮਿਲਦੇ ਹੁੰਦੇ ਸਨ ਅਤੇ ਉਹਨਾਂ  ਦੇ 10-11 ਸਾਲਾਂ ਦੇ ਲੜਕੇ  ਜਿਵੇਂ ਉਹੀ ਆਪ ਵਿਦਿਆਰਥੀ ਹੋਣ। ਉਨ੍ਹਾਂ ਦੇ ਬੱਚਿਆਂ ਵਿਚੋਂ ਮੈਨੂੰ ਉਨਾਂ ਦੀ ਉਹੀ ਪ੍ਰਾਇਮਰੀ ਸਕੂਲ ਵਾਲੀ ਸ਼ਕਲ ਨਜ਼ਰ ਆ ਰਹੀ ਸੀ ਪਰ ਮੇਰੇ ਵਿਦਿਆਰਥੀ ਏਨੇ ਵੱਡੇ ਹੋ ਚੁੱਕੇ ਹਨ ਕਿ ਮੈਨੂੰ ਉਹਨਾਂ  ਨਾਲ ਗੱਲ ਕਰਦਿਆਂ ਬੜਾ ਅਜੀਬ ਲੱਗ ਰਿਹਾ ਸੀ।  ਪਰ ਉਨ੍ਹਾਂ ਸਭਨਾਂ ਨੇ ਮੈਨੂੰ ਪਛਾਣ ਲਿਆ ਸੀ। ਮੇਰੇ ਟਿਊਸ਼ਨ ਦਾ ਵਿਦਿਆਰਥੀ ਬਲਵੀਰ ਸਿੰਘ ਜੋਸ਼ਨ ਅੱਜ ਕੱਲ ਪਿੰਡ ਦਾ ਸਰਪੰਚ ਅਤੇ ਇਕ ਅਖਬਾਰ ਦਾ ਸੀਨੀਅਰ ਪੱਤਰਕਾਰ ਹੈ ਅਤੇ ਅਕਾਲੀ ਦਲ ਦਾ ਸਰਗਰਮ ਮੈਂਬਰ ਵੀ। ਉਸ ਦੇ ਦੋਨੋਂ ਭਰਾ ਹਰਨੇਕ ਸਿੰਘ ਤੇ ਸੋਡੀ ਦੋਵੇਂ ਜਰਮਨੀ ਤੇ ਇਟਲੀ ਵਿਖੇ ਸੈਟ ਹਨ। ਸੁਖਚੈਨ ਸਿੰਘ ਜਸੋ ਪੰਜਵੀਂ ਕਲਾਸ ਦਾ ਬੜਾ ਹੁਸਿਆਰ ਵਿਦਿਆਰਥੀ ਸੀ ਤੇ ਉਸ ਦਾ ਭਰਾ ਮਨਵੀਰ ਵੀ ਮਿਲੇ ਜਿੰਨਾ ਦੇ ਮਾਤਾ ਜੀ ਨੇ ਮੈਨੂੰ ਪਛਾਣ ਲਿਆ ਤੇ ਮੈਂ ਵੀ ਕਿਹਾ ਤੁਸੀਂ ਸੁਖਚੈਨ ਦੇ ਮੰਮੀ ਹੋ। ਮਨਵੀਰ ਸਿੰਘ ਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਉਨਾਂ ਦਾ ਮੱਲਾਵਾਲਾ ਵਿਖੇ ਸਿਟੀ ਹਾਰਟ ਰੈਸਟੋਰੈਂਟ ਹੈ ਅਤੇ ਕੈਟਰਿੰਗ ਦਾ ਬਹੁਤ ਵਧੀਆ ਕੰਮ ਹੈ। ਸੇਵਾ ਸਿੰਘ, ਸੰਦੀਪ ਜਿੰਨਾ ਦੇ ਮੈਂ ਘਰ ਰਹਿੰਦੀ ਸੀ ਉਨ੍ਹਾਂ  ਵੀ ਆਪਣੀ ਖੇਤੀਬਾੜੀ ਅਤੇ ਕੰਮ ਨੂੰ ਵਧੀਆ ਵਧਾਇਆ ਹੈ। ਪਹਿਲੀ ਵਿੱਚ ਪੜਦਾ ਗੋਪੀ ਵਿਦਿਆਰਥੀ ਜੋ ਉਸ ਸਮੇਂ ਬਹੁਤ ਹੀ ਨਾਜੁਕ ਮਾਸੂਮ ਜਿਹਾ ਸੀ ਉਹ ਅੱਜ ਕੱਲ ਜੀ. ਪੀ. ਐਸ ਟਰੈਵਲਰਜ ਬਣ ਵਿਦਿਆਰਥੀਆਂ ਦੇ ਵਿਦੇਸ਼ਾਂ ਵਿੱਚ ਵੀਜੇ ਲਗਵਾ ਦੇਸ਼ ਵਿਦੇਸ਼ ਵਿੱਚ ਆਪਣਾ ਨਾਂ ਰੋਸ਼ਨ ਕਰ ਚੁੱਕਿਆ ਹੈ। ਇੱਕ ਵਿਦਿਆਰਥੀ ਉਹ ਵੀ ਮਿਲਿਆ ਜਿਸ ਦੇ ਘਰਦਿਆਂ ਨੇ ਉਸ ਦੇ ਕੰਘਨ ਵਿੰਨ ਕੇ ਕੰਨ ਵਿੱਚ ਨੱਤੀ ਪਾ ਦਿੱਤੀ ਸੀ ਮੈਂ ਉਸ ਦੇ ਕੰਨ ਵਿਚੋਂ ਹਮੇਸਾਂ ਉਸ ਨੂੰ ਨੱਤੀ ਉਤਾਰਨ ਲਈ ਕਹਿਣਾ ਪਰ ਉਹ ਉਸ ਸਮੇਂ ਨਾ ਮੰਨਿਆ ਪਰ ਸਮਾਗਮ ਦੌਰਾਨ ਮੇਰੇ ਕੋਲ ਆਕੇ ਕਹਿੰਦਾ ਮੈਡਮ ਪਹਿਚਾਣਿਆ ਮੈਂ ਬਲਵੰਤ ਹਾਂ ਮੈਂ ਪਛਾਣਿਆ ਕਿਹਾ ਅੱਛਾ ਉਹ ਨੱਤੀ ਵਾਲਾ, ਉਸ ਨੇ ਕਿਹਾ ਉਹ ਤਾਂ ਮੈਂ ਹੁਣ ਕਦੀ ਨਹੀਂ ਪਾਉਂਦਾ ਕਿਉਂਕਿ ਤੁਸੀਂ ਮੈਨੂੰ ਵਾਰ ਵਾਰ ਉਤਾਰਨ ਲਈ ਕਦਿਹੰਦੇ ਸੀ ਬੜੀ ਅਪਣੱਤ ਨਾਲ ਮਿਲਿਆ। ਮੇਰੀ ਵਿਦਿਆਰਥਣ ਬੀਰੋ ਉਸ ਦਾ ਭਰਾ ਸਰਬਜੀਤ ਤੇ ਭੈਣ ਰਾਣੀ ਵੀ ਮਿਲੇ। ਸਰਬਜੀਤ ਦੇ ਪਰਿਵਾਰ ਨੂੰ ਮੈਂ ਦੱਸਿਆ ਕਿ ਮੈਂ ਸਕੂਲ ਵਿੱਚਡ ਕੁੜੀਆਂ ਨੂੰ ਗਿੱਧਾ ਸਿਖਾਉਣੀ ਹੁੰਦੀ ਸੀ । ਬੀਰੋ ਜੋ ਉਸ ਸਮੇਂ ਦੂਜੀ ਕਲਾਸ ਦੀ ਵਿਦਿਆਰਥਣ ਸੀ ਘਰ ਜਾ ਕੇ ਹਰਸਮੇਂ ਬੋਲੀਆਂ ਤੇ ਗਿੱਧਾ ਪਾਉਣੀ ਰਹਿੰਦੀ। ਇੱਕ ਦਿਨ ਉਸ ਦੀ ਦਾਦੀ ਗੁੱਸੇ ਵਿੱਚ ਆਕੇ ਮੈਨੂੰ ਕਹਿੰਦੀ ਕਿ ” ਭੈਣ ਜੀ ਚਾਰ ਅੱਖਰ ਪੜਾ ਵੀ ਦਿਆ ਕਰੋ ਬੀਰੋ ਨੂੰ” ਇਹ ਤਾਂ ਸਾਰਾ ਦਿਨ ਘਰੇ ਗਿੱਧਾ ਹੀ ਪਾਉਂਦੀ ਰਹਿੰਦੀ ਹੈ ਅਸਾਂ ਕਿਹੜਾ ਕੰਜਰਾਂ ਦੇ ਦੇਣੀ ਆ। ਇਹ ਗੱਲ ਸੁਣ ਬੀਰੋ ਸਰਮਾ ਗਈ ਜੋ ਹੁਣ ਮੇਰੇ ਬਰਾਬਰ ਦੀ ਲੱਗਦੀ ਸੀ। ਮੈਂ ਉਸ ਵਿਚੋਂ ਉਹੀ ਬਚਪਨ ਵਾਲੀ ਗਿੱਧਾ ਤੇ ਬੋਲੀਆਂ ਪਾਉਂਦੀ ਬੀਰੋ ਭਾਲ ਰਹੀ ਸੀ। ਦੀਪੂ-ਲਾਡੀ ਜਿੰਨਾ ਦੇ ਮੈਂ ਘਰ ਰਹਿੰਦੀ ਸੀ,ਉਹਨਾਂ  ਦੀਆਂ ਵਹੁਟੀਆਂ ਨੇ ਦੱਸਿਆ ਕਿ ਘਰ ਵਿੱਚ ਹਾਲੇ ਵੀ ਤੁਹਾਡਾ ਬੜਾ ਜਿਕਰ ਹੁੰਦਾ ਹੈ ਤੁਹਾਡੇ ਕਮਰੇ ਨੂੰ ਸਾਰੇ ਮੈਡਮ ਵਾਲਾ ਕਮਰਾ ਕਹਿ ਕੇ ਗੱਲ ਕਰਦੇ ਹਨ। ਭਾਵੇਂ ਤੁਹਾਨੂੰ ਦੇਖਿਆਂ ਹੁਣ ਹੈ ਪਰ ਤੁਹਾਡੇ ਬਾਰੇ ਬਹੁਤ ਕੁਝ ਜਾਣਦੀਆਂ ਹਾਂ। ਬੇਟੀ ਅਮਨਦੀਪ ਕੌਰ ਦੇ ਵਿਆਹ ਤੇ ਪਹੁੰਚ ਕੇ ਆਪਣੇ ਪੇਕੇ ਪਿੰਡ ਨੂੰ ਮਿਲ ਕੇ ਪੁਰਾਣੇ ਵਿਦਿਆਰਥੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ । ਸਾਰੇ ਪਿੰਡ ਦੇ ਹੋਰ ਮੈਂਬਰ, ਰਿਸ਼ਤੇਦਾਰ ਵੀ ਮਿਲੇ ਜਿੰਨਾਂ ਨੂੰ ਮਿਲ ਕੇ ਖੁਸ਼ੀ ਹੋਈ। ਆਪਣੇ ਸਭ ਪੁਰਾਣੇ ਵਿਦਿਆਰਥੀਆਂ, ਪਿੰਡ ਵਾਸੀਆਂ , ਅੰਟੀ ਜੀ, ਵੱਡੀਆਂ ਭੈਣਾਂ ਮਨਜੀਤ, ਜਸਵੀਰ, ਬਲਵਿੰਦਰ, ਸਲਵਿੰਦਰ ਤੇ ਉਹਨਾਂ  ਦੇ ਬੱਚਿਆ   ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਬੇਟੀ ਅਮਨਦੀਪ ਕੌਰ ਇੰਗਲੈਂਡ ਵਿਖੇ ਵਿਆਹੀ ਗਈ ਹੈ । ਕੁਝ ਸਮਾਂ ਬਠਿੰਡੇ  ਕੋਚਿੰਗ  ਲੈਣ  ਆਈ ਉਸ ਦੇ ਵਿਆਹ ਤੇ ਜਾਣਾ ਮੇਰੇ ਲਈ ਬੜਾ ਸੁਭਾਗ ਭਰਿਆ ਸਮਾਂ ਸੀ ਜਿੱਥੇ ਮੈਂ ਆਪੇ ਤੀਹ ਸਾਲਾ ਤੋਂ ਬਾਅਦ ਪੁਰਾਣੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲੀ। ਇਹ ਮੁਲਾਕਾਤ ਮੇਰੇ ਲਈ ਬੜੀ ਸੁੱਖਦ ਅਨੁਭਵ ਵਾਲੀ ਸੀ।ਬਚਿੱਤਰ ਸਿੰਘ  ਜੋ  ਮੇਰੀ ਵਿਦਿਆਰਥਣ ਬਲਜੀਤ ਕੌਰ ਦੇ ਪਤੀ ਉਨ੍ਹਾਂ ਦਾ ਅਤੇ ਸਮੁੱਚੇ  ਪਰਿਵਾਰ ਦਾ ਧੰਨਵਾਦ ਜਿਨ੍ਹਾਂ ਵਿਛੋੜੇ  ਵਿਦਿਆਰਥੀਆਂ ਨੂੰ ਮਿਲਣ ਦਾ ਮੌਕਾ ਦਿੱਤਾ ।

                                                    ਸੁਖਵਿੰਦਰ ਕੌਰ ਫਰੀਦਕੋਟ
                                                      ਸੰਪਰਕ 81469-33733