ਪੈਸੇ ਨੇ ਕਰ ਦਿੱਤੇ ਰਿਸ਼ਤੇ ‘ਕਚਨਾਚੂਰ’

379
ਬਾਬਿਆਂ ਮੁਤਾਬਿਕ ਭਾਵੇਂ ਹੀ ਪੈਸਾ ਹੱਥਾਂ ਦੀ ਮੈਲ ਹੁੰਦਾ ਹੈ, ਪਰ ਫਿਰ ਵੀ ਬਾਬੇ ਉਕਤ ਪੈਸੇ ਨੂੰ ਆਪਣੇ ਝੋਲੇ ਵਿਚ ਭਰਕੇ ਲੈ ਜਾਂਦੇ ਹਨ। ਪੈਸੇ ਖ਼ਾਤਰ ਜਿਥੇ ਰਿਸ਼ਤੇਦਾਰ ਰਿਸ਼ਤੇਦਾਰਾਂ ਤੋਂ ਦੂਰ ਹੋ ਰਹੇ ਹਨ, ਉਥੇ ਹੀ ਭੈਣ ਭਾਈ ਦਾ ਵੈਰ ਵੀ ਵੱਧ ਰਿਹਾ ਹੈ। ਦੱਸ ਦਈਏ ਕਿ ਪੈਸਿਆਂ ਦੇ ਨਸ਼ੇ ਵਿਚ ਕਈ ਵਾਰ ਤਾਂ ਆਪਣਿਆਂ ਹੱਥੋਂ ਆਪਣੇ ਵੀ ਕਤਲ ਹੋ ਜਾਂਦੇ ਹਨ। ਪੈਸੇ ਭਾਵੇਂ ਹੀ ਕਾਗਜ ਦਾ ਬਣਿਆ ਹੁੰਦੈ, ਪਰ ਇਹ ਮਨੁੱਖ ਨੂੰ ਅੰਦਰੋਂ ਇੰਨਾਂ ਕੁ ਸਾੜ ਕੇ ਰੱਖ ਦਿੰਦਾ ਹੈ ਕਿ ਬੰਦਾ ਫਿਰ ਪੈਸਾ ਪੈਸਾ ਕਰਦਾ ਹੀ ਮਰ ਜਾਂਦੇ। ਦੋਸਤੋ, ਪੈਸੇ ਦੀ ਖ਼ਾਤਰ ਪਿਉ ਪੁੱਤ, ਪਤੀ ਪਤਨੀ ਦੀ ਲੜਾਈ ਹਮੇਸ਼ਾਂ ਹੀ ਘਰਾਂ ਵਿਚ ਰਹਿੰਦੀ ਹੈ। ਕੋਈ ਵਿਰਲਾ ਹੀ ਘਰ ਅਜਿਹਾ ਹੋਵੇਗਾ, ਜਿਥੇ ਪਿਉ ਪੁੱਤ ਜਾਂ ਫਿਰ ਪਤੀ ਪਤਨੀ ਪੈਸੇ ਖ਼ਾਤਰ ਨਾ ਲੜਦੇ ਹੋਣ। ਪੈਸਿਆਂ ਦੇ ਚੱਕਰ ਵਿਚ ਕਈ ਵਾਰ ਅਸੀਂ ਅਜਿਹੇ ਰਿਸ਼ਤੇ ਗੁਆ ਬੈਠਦੇ ਹਨ, ਜਿਨ੍ਹਾਂ ਦੀ ਸਾਨੂੰ ਸਾਰੀ ਉਮਰ ਹੀ ਲੋੜ ਹੁੰਦੀ ਹੈ। ਦੋਸਤੋ, ਅੱਜ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਇਸ ਦੁਨੀਆਂ ‘ਤੇ, ਜਿਨ੍ਹਾਂ ਦੇ ਕੋਲ ਪੈਸਾ ਤਾਂ ਬਥੇਰਾ ਹੈ, ਪਰ ਉਸ ਨੂੰ ਵਰਤਣ ਵਾਲਾ ਕੋਈ ਵੀ ਨਹੀਂ ਹੈ ਉਨ੍ਹਾਂ ਦੇ ਕੋਲ।ਕਿਉਂਕਿ ਉਹ ਪੈਸੇ ਦੇ ਚੱਕਰ ਵਿਚ ਆਪਣੇ ਸਾਰੇ ਨਜ਼ਦੀਕੀਆਂ ਨੂੰ ਖ਼ੋਹ ਚੁੱਕੇ ਹੁੰਦੇ ਹਨ। ਕਈ ਵਾਰ ਲੋਕ ਪੈਸੇ ਪਿੱਛੇ ਨਹੀਂ, ਬਲਕਿ ਪਿਆਰ ਪਿੱਛੇ ਮਰ ਜਾਂਦੇ ਹਨ, ਜੋ ਕਿ ਉਨ੍ਹਾਂ ਨੂੰ ਸਾਰੀ ਉਮਰਾਂ ਹੀ ਨਹੀਂ ਮਿਲਦਾ। ਭਾਵੇਂ ਹੀ ਅੱਜ ਪੈਸੇ ਦੇ ਪਿੱਛੇ ਹਰ ਕੋਈ ਭੱਜਿਆ ਫ਼ਿਰਦਾ ਹੈ, ਪਰ ਜੇਕਰ ਬੰਦਾ ਕੰਮ ਚੰਗੇ ਕਰਨ ਲੱਗ ਪਏ ਤਾਂ, ਪੈਸਾ ਹੀ ਬੰਦੇ ਪਿੱਛੇ ਭੱਜਣਾ ਸ਼ੁਰੂ ਕਰ ਦੇਵੇਗਾ, ਪਰ ਸਾਡੇ ਲੋਕਾਂ ਦੇ ਕੋਲ ਇਨ੍ਹਾਂ ਸਮਾਂ ਕਿਥੇ ਕਿ ਉਹ ਪੈਸੇ ਤੋਂ ਬਾਹਰ ਨਿਕਲ ਕੇ ਸੋਚ ਸਕਣ। ਕੁਲ ਮਿਲਾ ਕੇ ਕਹਿ ਲਓ ਕਿ ਪੈਸੇ ਨੇ ਬੰਦੇ ਦਾ ਦਿਮਾਗ ਖ਼ਰਾਬ ਕਰਕੇ ਰੱਖ ਦਿੱਤਾ ਹੈ।ਤਾਜ਼ਾ ਜਾਣਕਾਰੀ ਦੇ ਮੁਤਾਬਿਕ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਦੇ ਰਹਿਣ ਵਾਲੇ ਇਕ ਪਿਉ ਨੂੰ ਉਸ ਦੇ ਪੁੱਤਰ ਵਲੋਂ ਹੀ ਪੈਸਿਆਂ ਖ਼ਾਤਰ ਕੁੱਟ ਦਿੱਤਾ ਗਿਆ ਅਤੇ ਦਸਤੀ ਕਾਪੇ ਨਾਲ ਹਮਲਾ ਕਰਕੇ ਗੰਭੀਰ ਸੱਟਾਂ ਮਾਰੀਆਂ ਗਈਆਂ। ਭਾਵੇਂ ਹੀ ਪੁਲਿਸ ਦੇ ਵਲੋਂ ਪਿਉ ਦੀ ਕੁੱਟਮਾਰ ਕਰਨ ਵਾਲੇ ਪੁੱਤਰ ਵਿਰੁੱਧ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਦੇ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਸਵਾਲ ਉੱਠਦਾ ਹੈ ਕਿ ਆਖ਼ਰ ਸਾਡਾ ਸਮਾਜ ਅੱਜ ਕਿਹੜੇ ਪਾਸੇ ਨੂੰ ਜਾ ਰਿਹਾ ਹੈ? ਕਿਉਂ ਨੌਜਵਾਨ ਪੀੜੀ ਆਪਣੇ ਮਾਪਿਆਂ ਉਪਰ ਹੀ ਪੈਸੇ ਖ਼ਾਤਰ ਹਮਲੇ ਕਰ ਰਹੀ ਹੈ?ਦਰਜ਼ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਣਬੀਰ ਮੌਂਗਾ ਪੁੱਤਰ ਰਤਨ ਮੌਂਗਾ ਵਾਸੀ ਖਾਈ ਫੇਮੇ ਕੀ ਨੇ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦਾ ਲੜਕਾ ਰਾਜਨ ਮੌਂਗਾ ਜੋ ਕਿ ਮੁੱਦਈ ਦੇ ਕਹਿਣੇ ਤੋਂ ਬਾਹਰ ਹੋਣ ਕਰਕੇ ਮੁੱਦਈ ਨੇ ਰਾਜਨ ਨੂੰ ਉਸ ਦਾ ਹਿੱਸਾ ਦੇ ਕੇ ਘਰੋਂ ਬੇਦਖ਼ਲ ਕੀਤਾ ਹੋਇਆ ਹੈ। ਰਣਬੀਰ ਮੌਂਗਾ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਰਾਜਨ ਮੌਂਗਾ ਨੇ ਮੁੱਦਈ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਦਸਤੀ ਕਾਪੇ ਨਾਲ ਸੱਟਾਂ ਮਾਰੀਆਂ।ਰਣਬੀਰ ਮੁਤਾਬਿਕ ਸੱਟਾਂ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਾਲਿਆਂ ਦੇ ਵਲੋਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਮੁੱਦਈ ਦਾ ਇਲਾਜ਼ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸਤਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਣਬੀਰ ਮੌਂਗਾ ਦੇ ਬਿਆਨਾਂ ਦੇ ਆਧਾਰ ‘ਤੇ ਰਾਜਨ ਮੌਂਗਾ ਪੁੱਤਰ ਰਣਬੀਰ ਮੌਂਗਾ ਵਾਸੀ ਖਾਈ ਫੇਮੇ ਕੀ ਦੇ ਵਿਰੁੱਧ 452, 324 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।