ਪ੍ਰਮਾਤਮਾ ਦੀ ਹੋਂਦ ਤੇ ਵਿਗਿਆਨਕ ਸੋਚ

377
ਮੇਰਾ ਇੱਕ ਦੋਸਤ ਲਿਖ ਰਿਹਾ ਹੈ ਕਿ ਸਾਡੇ ਦੇਸ਼ ਵਿੱਚ 95% ਲੋਕ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਦੀ ਗੱਲ ਮੰਨ ਕੇ ਪਰਮਾਤਮਾ ਵਿੱਚ ਯਕੀਨ ਕਰ ਲੈਣਾ ਚਾਹੀਦਾ ਹੈ। ਮੈਂ ਉਸਨੂੰ ਜਵਾਬ ਵਿੱਚ ਲਿਖਿਆ ਕਿ ਮਹਾਨ ਵਿਗਿਆਨਿਕ ਕਾਪਰੀਨਿਕਸ ਦਾ ਜਨਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਚਾਰ ਵਰ੍ਹੇ ਬਾਅਦ 1473 ਵਿੱਚ ਹੋਇਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਾਡੀ ਧਰਤੀ ਅਤੇ ਸਾਰੇ ਗ੍ਰਹਿ ਸੂਰਜ ਦੁਆਲੇ ਚੱਕਰ ਲਾ ਰਹੇ ਹਨ। ਉਸ ਤੋਂ ਪਹਿਲਾਂ ਦੁਨੀਆਂ ਭਰ ਦੇ ਗ੍ਰੰਥ ਅਤੇ ਸਾਰੇ ਲੋਕ ਇਹ ਯਕੀਨ ਕਰਦੇ ਸੀ ਕਿ ਸੂਰਜ ਅਤੇ ਬਾਕੀ ਗ੍ਰਹਿ ਸਾਡੀ ਧਰਤੀ ਦੁਆਲੇ ਚੱਕਰ ਲਾ ਰਹੇ ਹਨ। ਉਸ ਸਮੇਂ ਉਹ ਇਕੱਲਾ ਵਿਅਕਤੀ ਸੀ ਪਰ ਅੱਜ ਤਾਂ ਉਸ ਇਕੱਲੇ ਵਿਅਕਤੀ ਦੀ ਗੱਲ ਨੂੰ ਸਾਰਾ ਸੰਸਾਰ ਮੰਨ ਰਿਹਾ ਹੈ। ਹੱਬਲ ਨੇ ਜਦੋਂ 1927 ਵਿੱਚ ਇਹ ਐਲਾਨ ਕੀਤਾ ਕਿ ਸਾਰੀਆਂ ਗਲੈਕਸੀਆਂ ਇੱਕ ਦੂਜੇ ਤੋਂ ਪਰੇ ਹਟ ਰਹੀਆਂ ਹਨ ਅਤੇ ਬ੍ਰਹਿਮੰਡ ਫੈਲ ਰਿਹਾ ਹੈ। ਉਸ ਤੋਂ ਪਹਿਲਾਂ ਦੁਨੀਆਂ ਇਸ ਗੱਲ ਵਿੱਚ ਯਕੀਨ ਕਰਦੀ ਸੀ ਕਿ ਬ੍ਰਹਿਮੰਡ ਇੱਕ ਥਾਂ ਤੇ ਖੜ੍ਹਾ ਹੈ ਭਾਵੇਂ ਉਸ ਸਮੇਂ ਇਹ ਗੱਲ ਕਹਿਣ ਵਾਲਾ ਹੱਬਲ ਇਕੱਲਾ ਵਿਅਕਤੀ ਸੀ ਅੱਜ ਉਸਦੀ ਗੱਲ ਨੂੰ ਸਾਰਾ ਸੰਸਾਰ ਸਵੀਕਾਰ ਕਰ ਰਿਹਾ ਹੈ। ਮੇਰੇ ਇਹ ਗੱਲ ਦੱਸਣ ਦਾ ਮਤਲਬ ਇਹ ਹੈ ਕਿ ਸੱਚ ਨੂੰ ਮੰਨਨ ਲਈ ਬਹੁ ਸੰਮਤੀ ਜਾਂ ਘੱਟ ਸੰਮਤੀ ਦੀ ਲੋੜ ਨਹੀਂ ਹੁੰਦੀ ਸਗੋ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਕਿਹੜੀ ਗੱਲ ਕਿਸ ਅਧਾਰ ਤੇ ਕਹੀ ਜਾ ਰਹੀ ਹੈ।
ਚਿੱਠੀ ਦੇ ਅਗਲੇ ਪਹਿਰੇ ਵਿੱਚ ਉਹ ਲਿਖ ਰਿਹਾ ਹੈ ਕਿ ਸਾਡੇ ਵੇਦਾਂ, ਗ੍ਰੰਥਾਂ, ਪੁਰਾਨਾਂ ਤੇ ਸਰੂਤੀਆਂ ਵਿੱਚ ਸਾ ਡੇ ਰਿਸ਼ੀਆਂ ਮੁਨੀਆਂ ਨੇ ਪ੍ਰਮਾਤਮਾ ਦੀ ਹੋਂਦ ਬਾਰੇ ਲਿਖਿਆ ਹੈ। ਸਾਨੂੰ ਉਨ੍ਹਾਂ ਦੇ ਤੇ ਹੋਰ ਅਰਬਾਂ ਲੋਕਾਂ ਦੇ ਅਨੁਭਵਾਂ ਨੂੰ ਮੰਨ ਲੈਣਾ ਚਾਹੀਦਾ ਹੈ। ਉਂਜ ਵੀ ਅਸੀਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਅਨੁਭਵ ਦੇ ਅਧਾਰ ਤੇ ਸਵੀਕਾਰ ਕਰਦੇ ਹਾਂ, ਜਿਵੇਂ ਜਹਿਰ ਨੂੰ ਅਸੀਂ ਨੁਕਸਾਨ ਦਾਇਕ ਇਸ ਲਈ ਮੰਨਦੇ ਹਾਂ ਕਿਉਂਕਿ ਸਾਡੇ ਡਾਕਟਰ ਆਪਣੇ ਅਨੁਭਵ ਦੇ ਅਧਾਰ ਤੇ ਇਹ ਕਹਿੰਦੇ ਹਨ ਕਿ ਜਹਿਰ ਮਨੁੱਖੀ ਸਰੀਰ ਲਈ ਨੁਕਸਾਨ ਦਾਇਕ ਹੈ। ਇਸ ਲਈ ਜੇ ਅਸੀਂ ਡਾਕਟਰਾਂ ਦੇ ਅਨੁਭਵ  ਨੂੰ ਮੰਨ ਸਕਦੇ ਹਾਂ ਤਾਂ ਸਾਨੂੰ ਸਾਡੇ ਰਿਸ਼ੀਆਂ ਮੁਨੀਆਂ ਦੀ ਲਿਖੀ ਹੋਈ ਗੱਲ ਵੀ ਸਵੀਕਾਰ ਕਰ ਲੈਣੀ ਚਾਹੀਦੀ ਹੈ। ਪਰ ਮੈਨੂੰ ਇਸ ਗੱਲ ਤੇ ਵੀ ਕਿੰਤੂ ਹੈ ਮੈਂ ਸਮਝਦਾ ਹਾਂ ਕਿ ਵਰਤਾਰਿਆਂ ਵਿੱਚ ਸਚਾਈ ਲੱਭਣ ਲਈ ਇੱਕ ਵਿਗਿਆਨਕ ਢੰਗ ਹੈ ਇਸ ਢੰਗ ਵਿੱਚ ਉਸ ਵਰਤਾਰੇ ਬਾਰੇ ਸੈਂਕੜੇ ਕਿਸਮ ਦੇ ਸੁਆਲ ਪੈਦਾ ਕੀਤੇ ਜਾਂਦੇ ਹਨ। ਉਨ੍ਹਾਂ ਦੇ ਜਵਾਬ ਲੱਭਣ ਦਾ ਯਤਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਬਹੁਤ ਸਾਰੇ ਪ੍ਰਯੋਗ ਪਰੀਖਣ ਅਤੇ ਨਰੀਖਣ ਕੀਤੇ ਜਾਂਦੇ ਜਿਵੇਂ ਮੈਂ ਇੱਥੇ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਅੰਗ੍ਰੇਜ਼ੀ ਦਵਾਈਆਂ ਜਾਂ ਟੀਕੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਜਾਂ ਅੱਜ ਕੱਲ੍ਹ ਚੱਲ ਰਹੇ ਕਰੋਨਾ ਵਾਇਰਸ ਕੋਵਿਡ 19 ਦਾ ਇਲਾਜ਼ ਕਿਵੇਂ ਲੱਭਿਆ ਜਾਵੇਗਾ। ਪਹਿਲਾਂ ਤਾਂ ਇਸ ਸਬੰਧੀ ਸੈਂਕੜੇ ਸੁਆਲ ਪੈਦਾ ਕੀਤੇ ਜਾ ਚੁੱਕੇ ਹਨ ਇਸ ਤੋਂ ਬਾਅਦ ਇਸ ਵਾਇਰਸ ਦੀ ਲੈਬੋਰਟਰੀਆਂ ਵਿੱਚ ਰਸਾਇਣਿਕ ਬਣਤਰ ਸਮਝੀ ਗਈ ਹੈ। ਇਸ ਤੋਂ ਬਾਅਦ ਇਸ ਤੇ ਕ੍ਰਿਆ ਕਰਨ ਵਾਲੇ ਰਸਾਇਣਿਕ ਪ੍ਰਦਾਰਥ ਲੱਭੇ ਜਾ ਰਹੇ ਹਨ ਫਿਰ ਰਸਾਇਣਿਕ ਪ੍ਰਦਾਰਥਾਂ ਦੀ ਪਰੱਖ ਚੂਹਿਆਂ ਤੇ ਕੀਤੀ ਜਾਵੇਗੀ ਕਿਉਂਕਿ ਚੂਹਿਆਂ ਦੀ ਬਣਤਰ ਬਹੁਤ ਹੱਦ ਤੱਕ ਮਨੁੱਖ ਨਾਲ ਮਿਲਦੀ ਜੁਲਦੀ ਹੈ ਕਿਉਂਕਿ ਇਹ ਗੱਲ ਵਿਗਿਆਨ ਕਹਿੰਦੀ ਹੈ ਕਿ ਮਨੁੱਖ ਦਾ ਵਿਕਾਸ ਅੱਜ ਤੋਂ ਦਸ ਕਰੋੜ ਵਰ੍ਹੇ ਪਹਿਲਾਂ ਚੂਹਿਆਂ ਤੋਂ ਹੋਣਾ ਸ਼ੁਰੂ ਹੋਇਆ ਸੀ। ਇਹ ਪਰਖ ਇਸ ਤੋਂ ਬਾਅਦ ਬਾਂਦਰਾਂ ਤੇ ਕੀਤੀ ਜਾਵੇਗੀ ਫਿਰ ਇਹ ਪਰਖ ਮਨੁੱਖਾਂ ਦੇ ਛੋਟੇ ਗਰੁੱਪਾਂ ਤੇ ਅਤੇ ਫਿਰ ਮਨੁੱਖਾਂ ਦੇ ਵੱਡੇ ਸਮੂਹਾਂ ਤੇ ਕੀਤੀ ਜਾਵੇਗੀ। ਜੇ ਪਰਖ ਵਿੱਚ ਇਹ ਦਵਾਈਆਂ ਜਾਂ ਟੀਕਾਂ ਸਫਲ ਹੋ ਜਾਂਦਾ ਹੈ ਤਾਂ ਇਸਦੀ ਪ੍ਰਵਾਣਗੀ ਮਨੁੱਖਾਂ ਉੱਪਰ ਵਰਤਣ ਲਈ ਦੇ ਦਿੱਤੀ ਜਾਵੇਗੀ। ਅੱਜ ਦੁਨੀਆਂ ਦੇ ਲੱਖਾਂ ਵਿਗਿਆਨਕ ਸਹੀ ਦਵਾਈ ਜਾਂ ਟੀਕੇ ਨੂੰ ਲੱਭਣ ਲਈ ਯਤਨਸ਼ੀਲ ਹਨ।
ਜੇ ਸਾਨੂੰ ਰਿਸ਼ੀਆਂ ਮੁਨੀਆਂ ਅਤੇ ਪਵਿੱਤਰ ਗ੍ਰੰਥਾਂ ਵਿੱਚ ਲਿਖੇ ਹੋਏ ਅਨੁਭਵ ਦੇ ਅਧਾਰ ਤੇ ਕਿਸੇ ਚੀਜ਼ ਨੂੰ ਮੰਨ ਲੈਣਾ ਚਾਹੀਦਾ ਹੈ ਤਾਂ ਸਾਨੂੰ ਭੂਤਾਂ-ਪ੍ਰੇਤਾਂ ਦੀ ਹੋਂਦ ਵਿੱਚ ਵੀ ਯਕੀਨ ਕਰ ਲੈਣਾ ਚਾਹੀਦਾ ਹੈ ਪਰ ਤਰਕਸ਼ੀਲ ਸੁਸਾਇਟੀ ਦੇ ਲੱਗਭਗ ਸਾਢੇ ਤਿੰਨ ਦਹਾਕਿਆਂ ਦਾ ਤਜ਼ਰਬਾ ਇਹ ਦਰਸ਼ਾਉਂਦਾ ਹੈ ਕਿ ਇਨ੍ਹਾਂ ਦੀ ਕੋਈ ਹੋਂਦ ਨਹੀਂ ਹੁੰਦੀ ਕਿਉਂਕਿ ਇਹ ਵਿਗਿਆਨਕ ਢੰਗ ਨਾਲ ਇਨ੍ਹਾਂ ਦੀ ਹੋਂਦ ਸਿੱਧ ਨਹੀਂ ਹੋਈ। ਇੱਕ ਵਾਰ ਮੈਨੂੰ ਆਪਣੀ ਰਿਸ਼ਤੇਦਾਰ ਕੁੜੀ ਨੂੰ ਬਰਨਾਲੇ ਤੋਂ ਚੰਡੀਗੜ੍ਹ ਪੀ.ਜੀ.ਆਈ. ਹਸਪਤਾਲ ਵਿੱਚ ਲੈ ਕੇ ਜਾਣਾ ਪਿਆ। ਉਸ ਲੜਕੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਰਸਤੇ ਵਿੱਚ ਉਹ ਲੜਕੀ ਕਹਿਣ ਲੱਗੀ ਕਿ ਅੰਕਲ ਮੈਨੂੰ ਅਜੀਬ ਅਜੀਬ ਗੱਲਾਂ ਨਜ਼ਰ ਆਉਂਦੀਆਂ ਹਨ। ਜਦੋਂ ਮੈਂ ਉਸਨੂੰ ਕੁਰੇਦਿਆ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਆਪਣੇ ਨਾਲ ਆਪਣੀ ਹੀ ਸੀਟ ਤੇ ਬੈਠਾ ਮੁੰਡਾ ਆਪਣਾ ਅਗੂੰਠਾ ਮੇਰੇ ਅੰਦਰ ਪਾ ਰਿਹਾ ਹੈ। ਮੈਂ ਉਸਦੀ ਗੱਲ ਸਮਝ ਗਿਆ ਤੇ ਇਹ ਗੱਲ ਮੈਂ ਹਸਪਤਾਲ ਦੇ ਡਾਕਟਰ ਨੂੰ ਦੱਸ ਦਿੱਤੀ। ਉਹ ਕਹਿਣ ਲੱਗਿਆ ਕਿ ਇਸ ਬੀਮਾਰੀ ਵਿੱਚ ਮਰੀਜ਼ ਨੂੰ ਮਨੋਭਰਮ ਪੈਦਾ ਹੋ ਜਾਂਦੇ ਹਨ। ਸਾਡੇ ਦੇਸ਼ ਵਿੱਚ  ਡੂੰਘੀ ਸਮਾਧੀ ਵਿੱਚ ਮਘਨ ਹੋਏ ਵਿਅਕਤੀਆਂ ਨੂੰ ਵੀ ਅਜਿਹੇ ਅਨੁਭਵ ਹੋ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਉਹ ਝੂਠ ਬੋਲਦੇ ਹੋਣ। ਇਹ ਉਹਨਾਂ ਦੇ ਅਨੁਭਵ ਹੋ ਸਕਦੇ ਹਨ। ਉਂਝ ਵੀ ਹਿਪਨੋਨਿਸ ਦੀ ਹਾਲਤ ਵਿੱਚ ਅਸੀਂ ਅਜਿਹੇ ਅਨੁਭਵ ਪੈਦਾ ਕਰਕੇ ਵੀ ਵੇਖੇ ਹਨ। ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸਾਰੇ ਅਨੁਭਵ ਹਕੀਕੀ ਨਹੀਂ ਹੁੰਦੇ।
ਮੇਰਾ ਮਿੱਤਰ ਇਸ ਗੱਲ ਨੂੰ ਵੀ ਪ੍ਰਮਾਤਮਾ ਵਿੱਚ ਵਿਸ਼ਵਾਸ ਦਾ ਅਧਾਰ ਬਣਾਉਂਦਾ ਹੈ ਕਿ ਸੰਸਾਰ ਵਿੱਚ ਬਹੁਤ ਸਾਰੇ ਅਜੂਬੇ ਵਾਪਰ ਰਹੇ ਹਨ। ਉਹ ਲਿਖਦਾ ਹੈ ਕਿ 50 ਫੁੱਟ ਉੱਚੇ ਨਾਰੀਅਲ ਦੇ ਦਰਖ਼ਤ ਤੇ ਲੱਗੇ ਫਲ ਵਿੱਚ ਪਾਣੀ ਪੁੱਜ ਜਾਂਦਾ ਹੈ। ਉੱਥੇ ਵਿਗਿਆਨਕਾਂ ਨੇ ਬਿਜਲੀ ਦੀ ਮੋਟਰ ਤਾਂ ਲਾਈ ਹੋਈ ਨਹੀਂ ਹੁੰਦੀ ਜੋ ਪਾਣੀ ਇੰਨੀ ਉੱਚਾਈ ਤੇ ਪਹੁੰਚਾ ਦਿੰਦੀ ਹੈ। ਇਹ ਸਭ ਤਾਂ ‘ਸਰਵ ਸ਼ਕਤੀਮਾਨ’ ਪ੍ਰਮਾਤਮਾ ਦੀ ਦੇਣ ਹੈ। ਇਹ ਸਾਰਾ ਸੰਸਾਰ ਆਪਣੇ ਆਪ ਚੱਲ ਰਿਹਾ ਹੈ। ਅਸਲ ਵਿੱਚ ਧਰਤੀ ਤੇ ਅੱਜ ਤੋਂ ਦੋ ਤਿੰਨ ਸਦੀਆਂ ਪਹਿਲਾਂ ਹੋਰ ਵੀ ਬਹੁਤ ਸਾਰੇ ਅਜੂਬੇ ਸਨ। ਕਿਉਂਕਿ ਵਿਗਿਆਨ ਦੀ ਲੜਾਈ ਅਜੂਬਿਆਂ ਨਾਲ ਹੈ ਇਹ ਅਜੂਬਿਆਂ ਤੋਂ ਪਰਦੇ ਲਾਹੁੰਦੀ ਹੈ ਤੇ ਵਿਗਿਆਨਕ ਕਾਰਨਾਂ ਨੂੰ ਲੱਭਦੀ ਹੈ। ਅੱਜ ਉਨ੍ਹਾਂ ਅਜਿਹੀਆਂ ਲੱਖਾਂ ਗੱਲਾਂ ਤੋਂ ਪਰਦੇ ਲਾਹ ਦਿੱਤੇ ਹਨ ਜੋ ਕਿਸੇ ਸਮੇਂ ਰਹੱਸ ਸਮਝੇ ਜਾਂਦੇ ਸਨ। ਜਿਵੇਂ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਬਰਸਾਤ ਤਾਂ ‘ਇੰਦਰ ਦੇਵਤਾ’ ਦੀ ਕ੍ਰਿਪਾ ਨਾਲ ਹੁੰਦੀ ਹੈ। ਪਰ ਅੱਜ ਛੇਵੀ ਜਮਾਤ ਦਾ ਵਿਦਿਆਰਥੀ ਵੀ ਜਾਣਦਾ ਹੈ ਕਿ ਸੂਰਜ ਦੀ ਗਰਮੀ ਕਾਰਨ ਸਮੁੰਦਰ ਦਾ ਪਾਣੀ ਭਾਫ ਬਣਕੇ ਉੱਡ ਜਾਂਦਾ ਹੈ ਤੇ ਇਹ ਬੱਦਲਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਯੋਗ ਤਾਪਮਾਨ, ਦਬਾਓ ਤੇ ਹਵਾ ਦੀ ਗਤੀ ਮਿਲਣ ਤੇ ਇਹ ਬੱਦਲਾਂ ਦੇ ਰੂਪ ਵਿੱਚ ਵਰ੍ਹ ਜਾਂਦਾ ਹੈ। ਨਾਰੀਅਲ ਦੇ ਫ਼ਲਾਂ ਵਿੱਚ ਪਾਣੀ ਭਰਨ ਦਾ ਕਾਰਨ ਵੀ ਇਹ ਹੁੰਦਾ ਹੈ ਕਿ ਪਾਣੀ ਜਾਂ ਹੋਰ ਤਰਲ ਪ੍ਰਦਾਰਥ ਤਲੀ ਤਨਾਓ ਕਰਕੇ ਪੌਦਿਆਂ ਵਿੱਚ ਉੱਪਰ ਚੜ੍ਹਦੇ ਰਹਿੰਦੇ ਹਨ। ਜਿਵੇਂ ਜੇ ਪਾਣੀ ਦੀ ਭਰੀ ਬਾਲਟੀ ਵਿੱਚ ਇੱਕ ਕੱਪੜਾ ਗਿੱਲਾ ਕਰਕੇ ਇਸ ਢੰਗ ਨਾਲ ਲਟਕਾ ਦਿੱਤਾ ਜਾਵੇ ਕਿ ਉਸਦਾ ਇੱਕ ਕਿਨਾਰਾ ਪਾਣੀ ਦੀ ਬਾਲਟੀ ਵਿੱਚ ਹੋਵੇ ਤੇ ਦੂਜਾ ਕਿਨਾਰਾ ਬਾਲਟੀ ਦੇ ਉੱਪਰ ਦੀ ਬਾਹਰ ਵੱਲ ਨੂੰ ਲਮਕਦਾ ਹੋਵੇ ਤਾਂ ਪਾਣੀ ਉਚਾਈ ਤੇ ਜਾਂਦਾ ਵੀ ਸਾਨੂੰ ਨਜ਼ਰ ਆਵੇਗਾ।
ਸਮੁੱਚਾ ਸੰਸਾਰ ਪ੍ਰਕਿਰਤੀ ਦੇ ਮੁੱਢਲੇ ਚਾਰ ਨਿਯਮਾਂ ਤਹਿਤ ਚੱਲ ਰਿਹਾ ਹੈ। ਜਿਵੇਂ 2013 ਵਿੱਚ ਕੇਦਾਰ ਨਾਥ ਵਿਖੇ ਇੱਕ ਮੰਦੀ ਦੁਰਘਟਨਾ ਵਾਪਰੀ ਸੀ ਜਿਸ ਵਿੱਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੱਗਭਗ ਪੰਜ ਹਜ਼ਾਰ ਵਿਅਕਤੀ ਰੁੜ੍ਹ ਗਏ ਸਨ। ਬਹੁਤ ਸਾਰੇ ਰੱਬ ਦੇ ਘਰ ਵੀ ਸਾਬਣਦਾਨੀਆਂ ਦੀ ਤਰ੍ਹਾਂ ਰੁੜ੍ਹੇ ਜਾ ਰਹੇ ਸਨ। ਇਹ ਪ੍ਰਕਿਰਤੀ ਦੇ ਇੱਕ ਨਿਯਮ ਗੁਰੂਤਾ ਆਕਰਸ਼ਣ ਕਾਰਨ ਵਾਪਰਿਆ ਪਾਣੀ ਉੱਚੇ ਥਾਂ ਤੋਂ ਨੀਵੇਂ ਥਾਂ ਵੱਲ ਆਇਆ। ਇਸੇ ਤਰ੍ਹਾਂ ਤਿੰਨ ਨਿਯਮ ਹੋਰ ਹਨ। ਜਿੰਨ੍ਹਾਂ ਨੂੰ ਬਿਜਲੀ ਚੁੰਬਕੀ ਨਿਯਮ, ਨਿਓੂਕਲੀਅਰ ਫਿਊਜਨ ਅਤੇ ਨਿਓੂਕਲੀਅਰ ਫਿਜਨ ਹਨ। ਇਹ ਭਾਵੇਂ ਆਮ ਆਦਮੀ ਦੇ ਸਮਝ ਵਿੱਚ ਨਹੀਂ ਆ ਸਕਦੇ ਪਰ ਸਾਡੇ ਸੂਰਜ ਤੇ ਨਿਓੂਕਲੀਅਰ ਫਿਓੂਜਨ ਦਾ ਵਰਤਾਰਾ ਵਾਪਰ ਰਿਹਾ ਹੈ। ਹਾਈਡ੍ਰੋਜਨ ਗੈਸ ਹੀਲੀਅਮ ਵਿੱਚ ਬਦਲ ਰਹੀ ਹੈ। ਭਾਰਤ ਨੇ ਪੋਖਰਣ ਵਿਖੇ ਨਿਓੂਕਲੀਅਰ ਫਿਜੀਅਨ ਨਾਲ ਧਮਾਕਾ ਕੀਤਾ ਸੀ। ਜਿਸ ਵਿੱਚ ਯੂਰੇਨੀਅਮ ਹਲਕੀਆਂ ਧਾਤਾਂ ਵਿੱਚ ਟੁੱਟਦਾ ਹੈ। ਤੇ ਬਿਜਲੀ ਚੁੰਬਕੀ ਨਿਯਮ ਰਾਹੀਂ ਸਾਡੀਆਂ ਬਿਜਲੀ ਮੋਟਰਾਂ ਤੇ ਡਾਇਨ ਬੋ ਆਦਿ ਕੰਮ ਕਰਦੇ ਹਨ। ਸਾਰਾ ਬ੍ਰਹਿਮਡ ਇਨ੍ਹਾਂ ਚਾਰ ਨਿਯਮਾਂ ਅਨੁਸਾਰ ਅਰਬਾਂ ਵਰ੍ਹਿਆਂ ਤੋਂ ਗਤੀਸ਼ੀਲ ਹੈ।
ਜੇ ਮੇਰੇ ਖ਼ੂਨ ਵਿੱਚ ਕੋਈ ਨੁਕਸ ਪੈ ਜਾਵੇ ਤੇ ਮੈਂ ਇਹ 10 ਪ੍ਰਯੋਗਸ਼ਾਲਾਵਾਂ ਨੂੰ ਪਰਖ ਲਈ ਭੇਜ ਦੇਵਾ ਤਾਂ ਦਸਾਂ ਲੈਬੋਰਟਰੀਆਂ ਦੀ ਰਿਪੋਰਟ ਲੱਗਭਗ ਇੱਕੋ ਜਿਹੀ ਹੋਣੀ ਚਾਹੀਦੀ ਹੈ। ਜੇ ਇੰਜ ਹੋਵੇਗਾ ਤਾਂ ਹੀ ਮੈਂ ਇਸ ਢੰਗ ਨੂੰ ਵਿਗਿਆਨਕ ਢੰਗ ਕਹਾਂਗਾ। ਪਰ ਦੁਨੀਆ ਵਿੱਚ 4200 ਦੇ ਕਰੀਬ ਮੱਤ ਤੇ ਧਰਮ ਹਨ। ਪ੍ਰਮਾਤਮਾ ਦੀ ਦਿੱਖ, ਸਰੂਪ ਆਦਿ ਬਾਰੇ ਇਨ੍ਹਾਂ ਸਭ ਦੇ ਵਿਚਾਰ ਅੱਲਗ-ਅੱਲਗ ਹਨ। ਕੋਈ ਇੱਕ ਦੇਵਤੇ ਨੂੰ ਮੰਨਦਾ ਹੈ ਕੋਈ ਬਹੁਤੇ ਦੇਵਤਿਆਂ ਨੂੰ ਮੰਨਦਾ ਹੈ। ਇਸ ਲਈ ਮੈਂ ਕਹਿ ਸਕਦਾ ਹਾਂ ਕਿ ਉਪਰੋਕਤ ਸਾਰੀਆਂ ਗੱਲਾਂ ਦੇ ਅਧਾਰ ਤੇ ਪ੍ਰਮਾਤਮਾ ਦੀ ਹੋਂਦ ਨਹੀਂ ਮੰਨੀ ਜਾ ਸਕਦੀ।

                                                   ਮੇਘ ਰਾਜ ਮਿੱਤਰ
                                                ਸੰਸਥਾਪਕ ਤਰਕਸ਼ੀਲ ਸੁਸਾਇਟੀ
                                                      ਤਰਕਸ਼ੀਲ ਨਿਵਾਸ
                                                         ਗਲੀ ਨੰ: 8
                                                  ਕੱਚਾ ਕਾਲਜ ਰੋਡ ਬਰਨਾਲਾ
                                                     ਮੋਬਾ ਨੰ: 98887-87440