ਪੜ੍ਹਨਾ ਕਿਉਂ ਜ਼ਰੂਰੀ ?

292

ਕਿਸੇ ਜਮਾਤੀ ਸਮਾਜ ਵਿੱਚ ਸਿੱਖਿਆ ਉਸ ਮੁੱਠੀ ਭਰ ਜਮਾਤ ਦੀ ਕਠਪੁਤਲੀ ਹੁੰਦੀ ਹੈ ਜੋ ਸਮਾਜ ਉੱਤੇ ਭਾਰੂ ਹੁੰਦੀ ਹੈ ਭਾਵ ਜਿਸ ਦੀ ਮੁੱਠੀ ਵਿੱਚ ਰਾਜ ਸੱਤਾ ਹੁੰਦੀ ਹੈ। ਇਸ ਲਈ ‘ਪੜ੍ਹਨ’ ਤੋਂ ਇਥੇ ਸਾਡਾ ਭਾਵ ਸਕੂਲੀ ਪੜ੍ਹਾਈ ਤੋਂ ਨਹੀਂ ਹੈ।ਸਵਾਲ ਇਹ ਕਿ ਪੜ੍ਹਨਾ ਕਿਉਂ ਜ਼ਰੂਰੀ ਹੈ? ਇਸ ਦੇ ਲਈ ਆਓ ਇੱਕ ਸਾਈਕਲ ਦੀ ਉਦਾਹਰਨ ਲੈਂਦੇ ਹਾਂ।

ਮਨੁੱਖ ਦੁਆਰਾ ਇਸ ਦੀ ਕਾਢ ਸਦੀਆਂ ਪਹਿਲਾਂ  (ਲਗਪਗ 1817-18 ਈ.) ਵਿੱਚ ਕੱਢੀ ਗਈ ਅਤੇ ਲੰਮੇ ਸਮੇਂ ਵਿੱਚ ਇਸ ਦੀ ਅਜੋਕੀ ਬਣਤਰ ਹੋਂਦ ਵਿੱਚ ਆਈ, ਅਜੋਕੇ ਸਕੂਟਰ ਅਤੇ ਨਿੱਤ ਨਵੀਂ ਤਕਨੀਕ ਨਾਲ ਬਣਾਏ ਮੋਟਰਸਾਈਕਲ ਮਨੁੱਖ ਨੇ ਸਾਈਕਲ ਦੀ ਕਾਢ ਤੋਂ ਸੇਧ ਲੈ ਕੇ ਬਾਅਦ ਵਿੱਚ ਹੀ ਤਿਆਰ ਕੀਤੇ ਹਨ ਅਤੇ ਇਨ੍ਹਾਂ ਦੀ ਅਜੋਕੀ ਬਣਾਵਟ ਤਿਆਰ ਕਰਨ ਉੱਤੇ ਵੀ ਮਨੁੱਖੀ ਉਮਰਾਂ ਲੰਘੀਆਂ ਹਨ।

ਪਰ ਹੁਣ ਜੇਕਰ ਅੱਜ ਵੀ ਹਰ ਨਵੇਂ ਪੈਦਾ ਹੋਏ ਮਨੁੱਖ ਨੂੰ ਲੰਮੇ ਪੈਂਡੇ ਪੈਦਲ ਤਹਿ ਕਰਨ ਤੋਂ ਛੁਟਕਾਰਾ ਪਾਉਣ ਦੇ ਲਈ ਸਾਈਕਲ ਦੀ ਕਾਢ ਕੱਢਣ ਵਾਲੀ ਮਜਬੂਰੀ ਉਠਾਉਣੀ ਪਿਆ ਕਰਦੀ ਤਾਂ ਸੋਚੋ ਅੱਜ ਮਨੁੱਖੀ ਸੱਭਿਅਤਾ ਕਿੱਥੇ ਖਲੋਤੀ ਹੁੰਦੀ। ਪਰ ਅਸੀਂ ਸਭ ਜਾਣਦੇ ਹਾਂ ਕਿ ਅਜੋਕਾ ਮਨੁੱਖ ਆਪਣੇ ਵਡੇਰਿਆਂ ਦੀਆਂ ਪ੍ਰਾਪਤੀਆਂ ਨੂੰ ਅਪਣਾ ਕੇ ਹੀ ਅਗਲੀ ਪੁਲਾਂਘ ਪੁੱਟਦਾ ਹੈ।

ਅੱਜ ਆਵਾਜਾਈ ਦੇ ਇਹ ਸਾਧਨ ਉਸ ਲਈ ਲੋੜੀਂਦੀਆਂ ਸਹੂਲਤਾਂ ਨਾਲ ਭਰਪੂਰ ਬਣੇ-ਬਣਾਏ ਹੀ ਉਪਲਬਧ ਹਨ। ਅੱਜ ਦਾ ਮਨੁੱਖ ਆਪਣੇ ਰੋਜ਼ਾਨਾ ਜੀਵਨ-ਗੁਜਾਰੇ ਲਈ  ਹਾਸਲ ਸਹੂਲਤਾਂ ਤੋਂ ਵੱਧ ਅਤੇ ਕੁੱਝ ਨਵਾਂ ਪੈਦਾ ਕਰਨ ਦੇ ਸੁਪਨੇ ਦੇਖਦਾ ਅਤੇ ਆਪਣੀਆਂ ਵਿਉੰਤਾਂ ਨੂੰ ਅਮਲ ਵਿੱਚ ਲਿਆ ਰਿਹਾ ਹੈ। ਪਰ ਅਫਸੋਸ ਕਿ ਠੀਕ ਇਸੇ ਤਰ੍ਹਾਂ ਸਾਡਾ ਸਮਾਜ ਆਪਣੇ ਪੁਰਖਿਆਂ ਦੁਆਰਾ ਕਮਾਏ ਬੌਧਿਕ ਵਿਕਾਸ ਤੋਂ ਅੱਗੇ ਪੁਲਾਂਘ ਪੁੱਟਣ ਤੋਂ ਵਾਂਝਾ ਹੀ ਰਿਹਾ ਹੈ।

ਬੌਧਿਕ ਵਿਕਾਸ ਦੇ ਸਬੰਧ ਵਿੱਚ ਕਹਿ ਸਕਦੇ ਹਾਂ ਕਿ ਹਾਲੇ ਉਸ ਸਾਹਮਣੇ ਸਾਇਕਲ ਦੀ ਕਾਢ ਕੱਢਣ ਦਾ ਕੰਮ ਹੀ ਵਿੱਚ – ਵਿਚਾਲੇ ਲਟਕ ਰਿਹਾ ਹੈ। ਜੀਵਨ ਜੰਗ ਵਿੱਚ ਸਾਡੇ ਚਿੰਤਨਸ਼ੀਲ ਵਡੇਰਿਆਂ ਦੁਆਰਾ ਖੇਡੇ ਦਾਅ-ਪੇਚ, ਕੀਤੀਆਂ ਗਲਤੀਆਂ, ਪੀੜ੍ਹੀਆਂ ਨਾਲ ਖੇਡਦੇ ਉਸਾਰੂ ਜਾਂ ਭਟਕਾਊ ਸੰਸਾਰ ਦ੍ਰਿਸ਼ਟੀਕੋਣ ਜਿਨ੍ਹਾਂ ਤੋਂ ਉਨ੍ਹਾਂ ਜਾਂ ਉਨ੍ਹਾਂ ਦੇ ਪੂਰੇ ਸਮਾਜ ਨੇ ਹੰਢਾਏ ਚੰਗੇ – ਮਾੜੇ  ਪ੍ਰਭਾਵ ਉਨ੍ਹਾਂ ਦੁਆਰਾ ਲਿਖਤ ਕਿਤਾਬਾਂ ਵਿੱਚ ਹੀ ਦਰਜ ਹੁੰਦੇ ਹਨ।

ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਜੋਕਾ ਮਨੁੱਖ ਆਪਣੇ ਬਚਪਨ ਦੇ ਦਿਨਾਂ ਵਿੱਚ ਹੀ ਆਪਣਾ ਉਹ ਬੌਧਿਕ ਪੱਧਰ ਹਾਸਲ ਕਰ ਸਕਦਾ ਹੈ ਜੋ ਉਸਦੇ ਪੁਰਖਿਆਂ ਨੇ ਬੁਢੇਪੇ ਵਿੱਚ ਹਾਸਲ ਕੀਤਾ ਹੋਵੇ। ਜਦੋਂ ਤੱਕ ਬਹੁਗਿਣਤੀ ਕਿਤਾਬਾਂ ਨੂੰ ਮਹੱਤਵਹੀਣ ਜਾਂ ਵਿਹਲੜਾਂ ਦੇ ਟਾਇਮ – ਪਾਸ ਦਾ ਸਾਧਨ ਹੀ ਮੰਨਦੀ ਰਹੇਗੀ, ਦਿਸ਼ਾਹੀਣ ਹੀ ਰਹੇਗੀ ਅਤੇ ਅਜਿਹੇ ਸਮਾਜ ਦਾ ਬੇੜਾ ਗਰਕ ਹੋਣ ਤੋਂ ਦੂਜੀ ਕੋਈ ਤਾਕਤ ਨਹੀਂ ਰੋਕ ਸਕਦੀ।

ਗੁਰਜੀਤ ਆਲਮ
9465731894

3 COMMENTS

  1. ਖੁਸ਼ ਕੀਤਾ ਵੀਰ ਗੱਲ ਤਾਂ ਸਾਰੀ ਕਹਿ ਗਿਆ ਪਰ ਖੁਲ੍ਹ ਕੇ ਲਿਖਿਆ, ਕੋਈ ਗੱਲ ਨਹੀਂ ਦੋ ਚਾਰ ਵੀ ਸਮਝ ਗਏ ਤਾਂ ਬੜੇ ਨੇ ਸਾਬਸ।

Comments are closed.