ਪੜ੍ਹੀ ਲਿਖ਼ੀ ਜਮਾਤ ‘ਤੇ ਅੱਤਿਆਚਾਰ

396
 ਸਾਡੇ ਦੇਸ਼ ਦੇ ਅੰਦਰ ਕੋਈ ਵੀ ਕੰਮ ਅਜਿਹਾ ਨਹੀਂ ਰਿਹਾ ਹੁਣ, ਜੋ ਬਿਨ੍ਹਾਂ ਸੰਘਰਸ਼ ਦੇ ਨੇਪਰੇ ਚੜਦਾ ਹੋਵੇ। ਹਰ ਛੋਟੇ ਮੋਟੇ ਕੰਮ ਨੂੰ ਨੇਪਰੇ ਚਾੜਣ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ। ਤੁਸੀਂ ਭਾਵੇਂ ਜਿੰਨਾਂ ਮਰਜੀ ਪੜ ਲਿਖ ਜਾਓ, ਪਰ ਫਿਰ ਵੀ ਤੁਹਾਨੂੰ ਨੌਕਰੀ ਸਾਡੇ ਦੇਸ਼ ਵਿਚ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਸਾਡੇ ਦੇਸ਼ ਦੇ ਅੰਦਰ ਪੜੀ ਲਿਖੀ ਜਮਾਤ ਨੂੰ ਕੋਈ ਨਹੀਂ ਪੁੱਛਦਾ, ਜਦੋਂਕਿ ਅਣਪੜ ਲੀਡਰਾਂ ਨੂੰ ਸਾਰੇ ਲੋਕ ਭੱਜ ਭੱਜ ਕੇ ਹੀ ਵੋਟਾਂ ਪਾ ਕੇ ਸੱਤਾ ਵਿਚ ਲਿਆ ਕੇ ਸਾਡੀ ਲੁੱਟ ਕਰਨ ਲਾ ਦਿੰਦੇ ਹਨ।ਦੱਸ ਦਈਏ ਕਿ ਭਾਰਤ ਸਮੇਤ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਇਸ ਕਦਰ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ। ਅੱਜ ਬੇਰੁਜ਼ਗਾਰ ਜੇਕਰ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਦੇ ਹਨ ਤਾਂ, ਉਨ੍ਹਾਂ ਨੂੰ ਨੌਕਰੀ ਦੀ ਬਿਜਾਏ, ਲਾਠੀਆਂ ਮਿਲਦੀਆਂ ਹਨ। ਉੱਚ ਪੱਧਰ ਦੀਆਂ ਡਿਗਰੀਆਂ ਹਾਂਸਲ ਕਰਨ ਤੋਂ ਬਾਅਦ ਵੀ ਸਾਡੇ ਦੇਸ਼ ਦੇ ਅੰਦਰ ਜੇਕਰ ਨੌਕਰੀ ਪ੍ਰਾਪਤ ਨਹੀਂ ਹੋਣੀ ਤਾਂ, ਇਸੇ ਨਾਲੋਂ ਤਾਂ ਅਣਪੜ ਰਿਹਾ ਹੀ ਚੰਗਾ ਹੈ। ਕਿਉਂਕਿ ਸਾਡੇ ਦੇਸ਼ ਦੇ ਅੰਦਰ ਤਾਂ, ਪੜੇ ਲਿਖੇ ਨਾਲੋਂ ਜ਼ਿਆਦਾ ‘ਵੈਲਯੂ’ ਅਣਪੜ ਦੀ ਹੈ।ਦੋਸਤੋ, ਤੁਹਾਨੂੰ ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਅੰਦਰ ਕੱਚੇ ਮੁਲਾਜ਼ਮਾਂ ਤੋਂ ਇਲਾਵਾ ਕੱਚੇ ਅਧਿਆਪਕਾਂ ਦੇ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੱਕਿਆ ਕੀਤਾ ਜਾਵੇ। ਪਰ ਦੂਜੇ ਪਾਸੇ ਅਜਿਹੇ ਵੀ ਅਧਿਆਪਕ ਹਨ, ਜਿਨ੍ਹਾਂ ਦੇ ਕੋਲ ਡਿਗਰੀਆਂ ਵੀ ਹਨ, ਪਰ ਸਰਕਾਰ ਉਨ੍ਹਾਂ ਨੂੰ ਕਿਸੇ ਵੀ ਸਕੂਲ ਵਿਚ ਰੱਖਣ ਲਈ ਤਿਆਰ ਹੀ ਨਹੀਂ ਹੈ, ਜਦੋਂਕਿ ਸਕੂਲਾਂ ਦੇ ਅੰਦਰ ਵੱਡੀ ਗਿਣਤੀ ਵਿਚ ਟੀਚਰਾਂ ਦੀ ਘਾਟ ਹੈ। ਕਹਿੰਦੇ ਹਨ ਕਿ ਜਿਸ ਨੇ ਬੀ. ਐੱਡ ਕਰ ਲਈ, ਉਹ ਪੱਕਾ ਅਧਿਆਪਕ ਲੱਗ ਜਾਂਦਾ ਹੈ।ਪਰ ਸਾਡੇ ਪੰਜਾਬ ਦੇ ਅੰਦਰ ਤਾਂ, ਸੈਂਕੜੈ ਅਜਿਹੇ ਬੀਐੱਡ ਪਾਸ ਹਨ, ਜੋ ਡਿਗਰੀਆਂ ਹਾਂਸਲ ਕਰਨ ਤੋਂ ਬਾਅਦ ਵੀ ਸੜਕਾਂ ‘ਤੇ ਧੱਕੇ ਖ਼ਾ ਰਹੇ ਹਨ। ਦੱਸ ਦਈਏ ਕਿ ਲੰਘੇ ਦਿਨਾਂ ਤੋਂ ਸੰਗਰੂਰ ਵਿਖੇ ਬੀਐੱਡ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਵਲੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਸ ਪੱਕੇ ਮੋਰਚੇ ਦੌਰਾਨ ਕਈ ਵਾਰ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਓ ਕਰ ਚੁੱਕੇ ਹਨ, ਪਰ ਅੰਤ ਉਨ੍ਹਾਂ ‘ਤੇ ਪੁਲਿਸ ਵਲੋਂ ਲਾਠੀਆਂ ਵਰ੍ਹਾ ਕੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਜਾਂਦੀਆਂ ਹਨ।ਦੋਸਤੋ, ਹੁਣ ਸਵਾਲ ਉੱਠਦਾ ਹੈ ਕਿ ਕੀ ਸਾਡੇ ਦੇਸ਼ ਦੇ ਅੰਦਰ ਪੜਿਆ ਲਿਖਿਆ ਦੀ ਇੰਨੀਂ ਕੁ ਇੱਜਤ ਹੁੰਦੀ ਹੈ? ਸਾਡੇ ਦੇਸ਼ ਦੇ ਅੰਦਰ ਇਕ ਅਣਪੜ ਨੇਤਾ ਪੜੇ ਲਿਖੇ ਨੌਜਵਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਸੰਗਰੂਰ ਵਿਖੇ ਜੋ ਕੁਝ ਬੀਤੇ ਕੱਲ੍ਹ ਹੋਇਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਅਤੇ ਖ਼ੌਰੇ ਨਾ ਹੀ ਲੁਕ ਛਿਪ ਸਕੇਗਾ, ਕਿਉਂਕਿ ਪੱਕਾ ਮੋਰਚਾ ਸੰਗਰੂਰ ਵਿਖੇ ਲਗਾਈ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ ਗਧਿਆਂ ‘ਤੇ ਬਿਠਾ ਕੇ ਕੱਢੇ ਗਏ।

ਜਿਸ ਤੋਂ ਬਾਅਦ ਬੇਰੁਜ਼ਗਾਰ ਬੀਐੱਡ ਅਧਿਆਪਕਾਂ ‘ਤੇ ਪੁਲਿਸ ਨੇ ਉਹ ਡੰਡੇ ਵਰਾਏ ਕਿ ਕੋਈ ਕਹਿਣ ਦੀ ਹੱਦ ਨਹੀਂ। ਅਧਿਆਪਕਾਂ ਉਪਰ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਕਈ ਅਧਿਆਪਕਾਂ ਦੀਆਂ ਤਾਂ ਪੱਗਾ ਤੱਕ ਲਹਿ ਗਈਆਂ ਅਤੇ ਔਰਤ ਅਧਿਆਪਕਾਂ ਦੀਆਂ ਚੁੰਨੀਆਂ ਪੈਰਾਂ ਵਿਚ ਰੁਲਦੀਆਂ ਨਜ਼ਰੀ ਆਈਆਂ। ਕੀ ਇਹ ਬੇਇਨਸਾਫ਼ੀ ਨਹੀਂ ਸਾਡੀ ਪੜੀ ਲਿਖੀ ਜਮਾਤ ਦੇ ਨਾਲ? ਦੋਸਤੋ, ਸਰਕਾਰਾਂ ਨੂੰ ਵੋਟਾਂ ਲੈਣਾ ਯਾਦ ਹੈ, ਬੇਰੁਜ਼ਗਾਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨੇ ਯਾਦ ਨਹੀਂ। ਸੋ ਦੋਸਤੋ, ਸਰਕਾਰ ਨੂੰ ਚਾਹੀਦਾ ਹੈ ਕਿ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੀਆਂ ਜਲਦ ਤੋਂ ਜਲਦ ਮੰਗਾਂ ਨੂੰ ਮੰਨ ਕੇ ਸਰਕਾਰ ਲਾਗੂ ਕਰੇ ਅਤੇ ਉਨ੍ਹਾਂ ਨੂੰ ਨੌਕਰੀਆਂ ਦੇਵੇ।