ਚੰਡੀਗੜ੍ਹ: ਪੰਜਾਬ ‘ਚ ਸ੍ਰੀ ਨਾਂਦੇੜ ਸਾਹਿਬ ਤੋਂ ਸ਼ਰਧਾਲੂ ਪਰਤਣ ਮਗਰੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਇੱਕਦਮ ਇਜ਼ਾਫਾ ਹੋ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੇਤਾਵਨੀ ਤੋਂ ਬਾਅਦ ਇਹ ਸਿਲਸਿਲਾ ਇੱਥੇ ਹੀ ਰੁਕਦਾ ਨਜ਼ਰ ਨਹੀਂ ਆ ਰਿਹਾ। ਕੈਪਟਨ ਨੇ ਸਾਵਧਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਦੂਜੇ ਰਾਜਾਂ ਤੋਂ 60 ਹਜ਼ਾਰ ਪੰਜਾਬੀਆਂ ਤੇ ਵਿਦੇਸ਼ਾਂ ਤੋਂ 20 ਹਜ਼ਾਰ ਪੰਜਾਬੀਆਂ ਦੀ ਵਾਪਸੀ ਦੀ ਸੰਭਾਵਨਾ ਹੈ। ਇਸ ਕਾਰਨ ਕੋਰੋਨਾ ਨਾਲ ਸੰਕਰਮਿਤ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਕੈਪਟਨ ਨੇ ਕਿਹਾ ਕਿ ਪਹਿਲਾਂ ਐਨਆਰਆਈ ਵਿਦੇਸ਼ਾਂ ਤੋਂ ਆਏ ਤੇ ਉਨ੍ਹਾਂ ਦੀ ਬਦੌਲਤ ਪੰਜਾਬ ਵਿੱਚ ਕੋਰੋਨਾ ਫੈਲ ਗਿਆ ਸੀ। ਉਨ੍ਹਾਂ ਨਵਾਂ ਸ਼ਹਿਰ ਵਿੱਚ ਵਿਦੇਸ਼ ਤੋਂ ਪਰਤੇ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਤੇ ਇਸ ਕਾਰਨ ਕੋਰੋਨਾ ਦੇ ਫੈਲਣ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਥਿਤੀ ਕਾਫ਼ੀ ਹੱਦ ਤੱਕ ਕੰਟਰੋਲ ਕੀਤੀ ਗਈ ਸੀ, ਪਰ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਕਰਕੇ ਅਚਾਨਕ ਕੋਰੋਨਾ ਦੇ ਕੇਸ ਫਿਰ ਵਧ ਗਏ। ਲੋਕਾਂ ਦੇ ਸਹਿਯੋਗ ਨਾਲ ਰਾਜ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 44 ਦਿਨਾਂ ਵਿੱਚ ਦੁੱਗਣੀ ਹੋਈ ਸੀ, ਜਦਕਿ ਮਹਾਰਾਸ਼ਟਰ ਵਿੱਚ ਇਹ 11 ਦਿਨਾਂ ਵਿੱਚ ਦੁੱਗਣੀ ਹੋ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਚੌਕਸੀ ਰੱਖਣ ਤੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਦਾ ਸਮਰਥਨ ਕਰੋ। 55 ਦਿਨਾਂ ਬਾਅਦ ਸਰਕਾਰ ਸਖਤ ਕਰਫਿਊ ਦੀ ਥਾਂ ਰਾਹਤ ਦਾ ਲੌਕਡਾਊਨ ਲਿਆ ਰਹੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਿੱਖਿਆ ਸੰਸਥਾਵਾਂ ਫਿਲਹਾਲ ਬੰਦ ਰਹਿਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਹਾਲੇ ਵੀ ਕੋਰੋਨਾ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
(Thank you ABP sanjha ਪਵਨਪ੍ਰੀਤ ਕੌਰ ਦੀ ਰਿਪੋਰਟ)