ਪੰਜਾਬ ਦੇ ਇਸ ਜ਼ਿਲ੍ਹੇ ‘ਚ ਹੋਈ ਹੁਣ ਕੋਰੋਨਾ ਕਾਰਨ ਮੌਤ, ਪੜ੍ਹੋ ਖ਼ਬਰ

187

ਚੰਡੀਗੜ੍ਹ, 28 ਮਈ (ਸਵਿੰਦਰ ਕੌਰ)-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਕਾਰਨ ਇੱਕ ਹੋਰ ਮੌਤ ਹੋ ਗਈ ਹੈ। 49 ਸਾਲਾ ਆਰ. ਪੀ. ਐੱਫ. ਦਾ ਜਵਾਨ, ਜੋ ਕਿ ਕਰੋਲ ਬਾਗ ਜਲੰਧਰ ਦਾ ਰਹਿਣ ਵਾਲਾ ਸੀ, ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਕਰ ਗਿਆ।

ਉਨ੍ਹਾਂ ਦੱਸਿਆ ਕਿ ਅੱਜ 5 ਵਿਅਕਤੀਆਂ ਨੂੰ ਠੀਕ ਹੋਣ ਉਪਰੰਤ ਵੱਖ-ਵੱਖ ਹਸਪਤਾਲਾਂ ਤੋਂਂ ਛੁੱਟੀ ਦੇ ਦਿੱਤੀ ਗਈ। ਜਿਨ੍ਹਾਂ ਵਿੱਚੋਂ 3 ਵਿਅਕਤੀਆਂ ਨੂੰ ਜੱਚਾ ਬੱਚਾ ਹਸਪਤਾਲ (ਵਰਧਮਾਨ ਪਿੱਛੇ) ਤੋਂ, ਸਿਵਲ ਹਸਪਤਾਲ ਅਤੇ ਡੀ. ਐੱਮ. ਸੀ. ਹਸਪਤਾਲ ਤੋਂ 1-1 ਵਿਅਕਤੀ ਨੂੰ ਛੁੱਟੀ ਦਿੱਤੀ ਗਈ। ਇਹ ਵਿਅਕਤੀ ਹੈਬੋਵਾਲ, ਮਿਲਰਗੰਜ, ਸ਼ੇਰਪੁਰ, ਲਲਤੋਂ ਅਤੇ ਦਯਾ ਬਸਤੀ ਦਿੱਲੀ ਨਾਲ ਸੰਬੰਧਤ ਸਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 6430 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 6222 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 5953 ਨਤੀਜੇ ਨੈਗੇਟਿਵ ਆਏ ਹਨ, ਜਦਕਿ 208 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 181 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 88 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 7 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 6 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 144 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 6493 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1802 ਵਿਅਕਤੀ ਇਕਾਂਤਵਾਸ ਹਨ।

ਅੱਜ ਵੀ 92 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 139 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ ’ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਮਾਸਕ ਨਾ ਪਹਿਨਣ ਵਾਲੇ ਵਿਅਕਤੀ ਨੂੰ ਹੁਣ 200 ਰੁਪਏ, ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 500 ਰੁਪਏ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲੇ ਲੋਕਾਂ ਨੂੰ 100 ਰੁਪਏ ਜੁਰਮਾਨਾ ਕੀਤਾ ਜਾਵੇਗਾ।