ਨਵੀਂ ਦਿੱਲੀ, 18 ਮਈ (ਪੀ. ਟੀ. ਆਈ.)-
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਜਾਰੀ ਤਾਲਾਬੰਦੀ ਕਾਰਨ ਇਸ ਸਾਲ ਪੰਜਾਬ ਨੂੰ ਘੱਟੋ-ਘੱਟ 50,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕਰਦਿਆਂ ਵਧੇਰੇ ਮਾਲੀਆ ਇਕੱਠਾ ਕਰਨ ਲਈ ਸਖ਼ਤ ਫ਼ੈਸਲੇ ਲੈਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਖ਼ਬਰ ਏਜੰਸੀ ਪੀ.ਟੀ.ਆਈ. ਨਾਲ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਸ਼ੁਰੂਆਤੀ ਅਨੁਮਾਨ ਮੁਤਾਬਿਕ ਸੂਬੇ ‘ਚ 10 ਲੱਖ ਦੇ ਕਰੀਬ ਨੌਕਰੀਆਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ ਆਰਥਿਕ ਮੋਰਚੇ ‘ਤੇ ਹਰ ਮਹੀਨੇ 3 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਮੁੱਖ ਮੰਤਰੀ ਨੇ ਕੁਝ ਮਾਹਿਰਾਂ ਵਲੋਂ ਜੁਲਾਈ ਤੇ ਅਗਸਤ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਸਿਖਰ ‘ਤੇ ਪੁੱਜਣ ਸਬੰਧੀ ਕੀਤੀਆਂ ਭਵਿੱਖਬਾਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ‘ਚ ਪੰਜਾਬ ਖੁਦ ਨੂੰ ‘ਸਭ ਤੋਂ ਬੁਰੇ’ ਸਮੇਂ ਲਈ ਤਿਆਰ ਕਰ ਰਿਹਾ ਹੈ, ਜਿਸ ਦੌਰਾਨ ਪ੍ਰਵਾਸੀਆਂ ਤੇ ਵਿਦੇਸ਼ਾਂ ਤੋਂ ਮੁੜਨ ਵਾਲਿਆਂ ਕਾਰਨ ਬਿਮਾਰੀ ਨਾਲ ਨਜਿੱਠਣ ਲਈ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਕੱਲੇ ਅਪ੍ਰੈਲ ‘ਚ ਹੀ ਤਾਲਾਬੰਦੀ ਕਾਰਨ ਅਸੀਂ ਅਨੁਮਾਨਿਤ ਮਾਲੀਏ ਦਾ 88 ਫ਼ੀਸਦੀ ਗੁਆ ਚੁੱਕੇ ਹਾਂ ਅਤੇ ਹਰ ਮਹੀਨੇ 3,000 ਕਰੋੜ ਰੁਪਏ ਦੇ ਹੋਣ ਵਾਲੇ ਨੁਕਸਾਨ ਦੇ ਚੱਲਦਿਆਂ ਪੂਰੇ ਸਾਲ ‘ਚ ਸਾਡਾ 50,000 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਆਰਥਿਕ ਸਥਿਤੀ ‘ਬਹੁਤ ਖਰਾਬ’ ਹੈ, ਜਿਸ ਨੂੰ ਵੇਖਦਿਆਂ ਪਹਿਲਾਂ ਹੀ ਸਭ ਵਿਭਾਗਾਂ ਨੂੰ ‘ਗੈਰ-ਜ਼ਰੂਰੀ’ ਖਰਚਿਆਂ ‘ਚ ਕਟੌਤੀ ਕਰਨ ਤੇ ਉਨ੍ਹਾਂ ਦੀ ਲਾਗਤ ਦਾ ਵਿਵੇਕਪੂਰਨ ਢੰਗ ਨਾਲ ਪ੍ਰਬੰਧਨ ਕਰਨ ਲਈ ਕਿਹਾ ਗਿਆ ਹੈ। ਪਰ ਇਹ ਹੀ ਸਭ ਕਾਫੀ ਨਹੀਂ ਹੋਵੇਗਾ, ਇਸ ਲਈ ਸਾਨੂੰ ਤਾਜ਼ਾ ਟੈਕਸਾਂ ਸਬੰਧੀ ਕੁਝ ‘ਕਠੋਰ ਫ਼ੈਸਲੇ’ ਲੈਣੇ ਪੈਣਗੇ। ਇਸ ਲਈ ਸੂਬੇ ‘ਚ ਵੱਖ-ਵੱਖ ਬਦਲਾਂ ‘ਤੇ ਵਿਚਾਰ-ਵਟਾਂਦਰਾ ਜਾਰੀ ਹੈ ਅਤੇ ਅਗਲੇ ਕੁਝ ਦਿਨਾਂ ‘ਚ ਇਸ ਸਬੰਧੀ ਨਿਰਣਾ ਲੈ ਲਿਆ ਜਾਵੇਗਾ।
ਉਨ੍ਹਾਂ ਸੂਬਿਆਂ ਲਈ ਤੱਤਕਾਲ ਆਰਥਿਕ ਪੈਕੇਜ ਦੀ ਮੰਗ ਕਰਦਿਆਂ ਕਿਹਾ ਕਿ ਬਿਨਾਂ ਜੀ.ਐਸ.ਟੀ., ਉਤਪਾਦ ਟੈਕਸ ਜਾਂ ਟਰਾਂਸਪੋਰਟ ਤੋਂ ਆਉਣ ਵਾਲੇ ਵੈਟ ਦੀ ਅਣਹੋਂਦ ‘ਚ ਸਭ ਵਿੱਤੀ ਸਰੋਤ ਖ਼ਤਮ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੇਂਦਰ ਵਲੋਂ ਸੂਬੇ ਦੀ ਮੌਜੂਦਾ ਵਿੱਤੀ ਸਥਿਤੀ ਨੂੰ ਵੇਖਦਿਆਂ ਦਖਲ ਨਾ ਦਿੱਤਾ ਗਿਆ ਤਾਂ ਉਹ ਪੰਜਾਬ ਦੀ ਸਥਿਤੀ ਨੂੰ ਹੋਰ ਖਰਾਬ ਹੁੰਦਾ ਵੇਖ ਰਹੇ ਹਨ।