ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਅੰਬਰੋਂ ਵਰ੍ਹੇਗੀ ਅੱਗ

205

ਨਵੀਂ ਦਿੱਲੀ (ਏਜੰਸੀਆਂ) : ਉੱਤਰ ਭਾਰਤ ਦੇ ਕਈ ਹਿੱਸਿਆਂ ‘ਚ ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਪੰਜਾਬ, ਦਿੱਲੀ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਵਿਚ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼ ਵਿਚ ਲੂ ਤੇ ਗਰਮੀ ਦੇ ਥਪੇੜਿਆਂ ਦੇ ਚੱਲਦਿਆਂ ‘ਆਰੇਂਜ ਅਲਰਟ’ ਜਾਰੀ ਕੀਤਾ ਹੈ।

ਭਾਰਤੀ ਮੌਸਮ ਵਿਭਾਗ ਦੇ ਖੇਤਰੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਐਤਵਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਿਮਾਲੀਆਈ ਖੇਤਰ ‘ਚ ਗੜਬੜ ਵਾਲੀਆਂ ਪੱਛਮੀ ਪੌਣਾਂ ਕਾਰਨ ਤਾਪਮਾਨ ਅਗਲੇ ਦੋ-ਤਿੰਨ ਦਿਨਾਂ ‘ਚ ਦੇਸ਼ ਦੇ ਕੁਝ ਹਿੱਸਿਆਂ ਵਿਚ 47 ਡਿਗਰੀ ਤੋਂ ਉਪਰ ਜਾ ਸਕਦਾ ਹੈ। ਗਰਮੀ ਦੇ ਮੌਸਮ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਸਮੇਂ ਵਿਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਇਸ ਸਾਲ ਇਸ ਮੌਸਮ ਵਿਚ ਤਾਪਮਾਨ ਉੱਤਰ ਤੇ ਮੱਧ ਭਾਰਤ ਵਿਚ ਉਸ ਤਰ੍ਹਾਂ ਨਹੀਂ ਚੜਿ੍ਹਆ ਜਿਸ ਤਰ੍ਹਾਂ ਹਮੇਸ਼ਾ ਚੜ੍ਹਦਾ ਹੈ। ਖ਼ਾਸ ਕਰਕੇ ਅਪ੍ਰਰੈਲ ਤੇ ਮਈ ਦੇ ਮੱਧ ਵਿਚ ਹੋਈ ਬਾਰਿਸ਼ ਨਾਲ ਤਾਪਮਾਨ ਘੱਟ ਹੀ ਰਿਹਾ। ਪਰ ਯਕਦਮ ਸ਼ਨਿਚਰਵਾਰ ਨੂੰ ਰਾਜਸਥਾਨ ਦੇ ਪਿਲਾਨੀ ਵਿਚ ਤਾਪਮਾਨ 46.7 ਡਿਗਰੀ ਸੈਲਸੀਅਸ ਦਰਜ ਕੀਤ ਗਿਆ।

ਭਾਰਤੀ ਮੌਸਮ ਵਿਭਾਗ ਨੇ ਆਪਣੇ ਰੋਜ਼ਾਨਾ ਬੁਲੇਟਿਨ ਵਿਚ ਦੱਸਿਆ ਕਿ ਅਗਲੇ ਪੰਜ ਦਿਨਾਂ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ ਤੇ ਤੇਲੰਗਾਨਾ ਦੇ ਕੁਝ ਇਲਾਕਿਆਂ ਵਿਚ ਬੇਹੱਦ ਗਰਮ ਹਵਾਵਾਂ ਚੱਲਣਗੀਆਂ। ਲੂ ਦੇ ਥਪੇੜਿਆਂ ਨਾਲ ਇਨ੍ਹਾਂ ਇਲਾਕਿਆਂ ਵਿਚ ਝੁਲਸਾ ਦੇਣ ਵਾਲੀ ਗਰਮੀ ਪਵੇਗੀ। ਨਿੱਜੀ ਏਜੰਸੀ ਸਕਾਈਮੈੱਟ ਅਨੁਸਾਰ ਦਿੱਲੀ ਵਿਚ 25 ਤੇ 26 ਮਈ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਤਕ ਰਹਿਣ ਦੇ ਆਸਾਰ ਹਨ। ਪਰ 30 ਮਈ ਤਕ ਪਾਰਾ 38 ਡਿਗਰੀ ਸੈਲਸੀਅਸ ‘ਤੇ ਆਣ ਡਿੱਗੇਗਾ।

ਸ਼ਨਿਚਰਵਾਰ ਨੂੰ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 46.2 ਡਿਗਰੀ ਦਰਜ ਕੀਤਾ ਗਿਆ ਜੋ ਇਸ ਸੀਜ਼ਨ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਸਕਾਈਮੈੱਟ ਵੈਦਰ ਦੇ ਮਹੇਸ਼ ਪਲਾਵਤ ਅਨੁਸਾਰ ਦਿੱਲੀ ਤੇ ਆਸਪਾਸ ਦੇ ਖੇਤਰਾਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਦੀਆਂ ਪ੍ਰਰੀ-ਮੌਨਸੂਨ ਸਰਗਰਮੀਆਂ ਤੇ ਹਨੇਰੀ ਕਾਰਨ ਥੋੜ੍ਹੀ ਰਾਹਤ ਰਹੇਗੀ। ਇਸ ਤੋਂ ਇਲਾਵਾ ਛੱਤੀਸਗੜ੍ਹ, ਓਡੀਸ਼ਾ, ਗੁਜਰਾਤ, ਮੱਧ ਮਹਾਰਾਸ਼ਟਰ ਤੇ ਵਿਦਰਭ ਦੇ ਕੁਝ ਇਲਾਕਿਆਂ ਵਿਚ ਤੱਟੀ ਆਂਧਰ ਪ੍ਰਦੇਸ਼, ਯਨਮ, ਰਾਇਲਸੀਮਾ ਤੇ ਉੱਤਰੀ ਕਰਨਾਟਕ ਦੇ ਅੰਦਰੂਨੀ ਖੇਤਰਾਂ ਵਿਚ ਵੀ ਅਗਲੇ 3-4 ਦਿਨ ਅੱਗ ਵਰ੍ਹਾਉਂਦੀ ਗਰਮੀ ਪਵੇਗੀ।

ਪ੍ਰਚੰਡ ਗਰਮੀ ਉਦੋਂ ਐਲਾਨੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ ਘੱਟੋ-ਘੱਟ 40 ਡਿਗਰੀ ਸੈਲਸੀਅਸ ਹੋਵੇ ਤੇ ਆਮ ਤਾਪਮਾਨ ‘ਚ ਵਾਧਾ 4.5 ਡਿਗਰੀ ਤੋਂ ਲੈ ਕੇ 6.4 ਡਿਗਰੀ ਸੈਲਸੀਅਸ ਤਕ ਹੋਵੇ। ਮੈਦਾਨੀ ਇਲਾਕਿਆਂ ਵਿਚ ਪ੍ਰਚੰਡ ਗਰਮੀ ਦਾ ਐਲਾਨ ਉਦੋਂ ਕੀਤਾ ਜਾਂਦਾ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਹੋਵੇ ਤੇ ਲੂ ਦੇ ਥਪੇੜਿਆਂ ਨਾਲ ਇਹ ਵੱਧ ਕੇ 47 ਡਿਗਰੀ ਜਾਂ ਉਸ ਤੋਂ ਜ਼ਿਆਦਾ ਹੋ ਜਾਵੇ। ਅਜਿਹੀ ਸੂਰਤ ਵਿਚ ਭਾਰਤੀ ਮੌਸਮ ਵਿਭਾਗ ਰੰਗ ਆਧਾਰਿਤ ਮੌਸਮ ਸਬੰਧੀ ਚਿਤਾਵਨੀ ਜਾਰੀ ਕਰਦਾ ਹੈ। ਇਹ ਹੇਠਾਂ ਤੋਂ ਉਪਰ ਦੇ ਕ੍ਰਮ ਵਿਚ ਹਰੀ, ਪੀਲੀ, ਨਾਰੰਗੀ ਤੇ ਲਾਲ ਹੁੰਦੀ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਰੈੱਡ ਆਲਰਟ ਇਸ ਲਈ ਜਾਰੀ ਕੀਤਾ ਜਾਂਦਾ ਹੈ ਤਾਂ ਜੋ ਸਿਹਤ ਲਈ ਨੁਕਸਾਨਦੇਹ ਮੌਸਮ ਵਿਚ ਲੋਕ ਦੁਪਹਿਰ ਇਕ ਵਜੇ ਤੋਂ ਸ਼ਾਮ ਪੰਜ ਵਜੇ ਦਰਮਿਆਨ ਘਰੋਂ ਬਾਹਰ ਨਾ ਨਿਕਲਣ ਕਿਉਂਕਿ ਇਸ ਵੇਲੇ ਗਰਮੀ ਆਪਣਾ ਸਭ ਤੋਂ ਪ੍ਰਚੰਡ ਰੂਪ ਧਾਰਨ ਕਰਦੀ ਹੈ।

ਭਾਰਤੀ ਮੌਸਮ ਵਿਭਾਗ ‘ਚ ਐੱਨਡਬਲਿਊਐੱਫਸੀ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਦੱਸਿਆ ਖੁਸ਼ਕ ਉੱਤਰ-ਪੱਛਮੀ ਹਵਾਵਾਂ ਦੇ ਚੱਲਦਿਆਂ ਛੱਤੀਸਗੜ੍ਹ ਤੋਂ ਤਾਮਿਲਨਾਡੂ ਦਰਮਿਆਨ ਹਾਲਾਤ ਸਖ਼ਤ ਗਰਮੀ ਤੋਂ ਪ੍ਰਚੰਡ ਗਰਮੀ ਵਾਲੇ ਹੋ ਗਏ ਹਨ।