ਹੁਸ਼ਿਆਰਪੁਰ :
ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪੱਧਰੀ ਅਰਥੀ ਫੂਕ ਮੁਜ਼ਾਹਰਿਆਂ ਦੇ ਦਿੱਤੇ ਪ੍ਰਰੋਗਰਾਮ ਅਨੁਸਾਰ ਡੀ ਐਮ ਐਫ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਬਾਈਪਾਸ ਫਗਵਾੜਾ ਚੌਕ ਹੁਸ਼ਿਆਰਪੁਰ ਵਿਖੇ ਡੀ ਐਮ ਐਫ ਦੇ ਆਗੂਆਂ ਸੁਖਦੇਵ ਡਾਨਸੀਵਾਲ ਰਜਿੰਦਰ ਸਿੰਘ, ਅਸ਼ਵਨੀ ਕੁਮਾਰ, ਹਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਡੀ ਐਮ ਐਫ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ ਨੇ ਦੱਸਿਆ ਕਿ ਵਿਸ਼ਵੀਕਰਨ ਉਦਾਰੀਕਰਨ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਕੇਂਦਰ ਅਤੇ ਪੰਜਾਬ ਸਰਕਾਰ ਸਰਕਾਰੀ ਵਿਭਾਗਾ ਦਾ ਉਜਾੜਾ ਕਰ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੁੱਪ ਧਾਰੀ ਹੋਈ ਹੈ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂ ਕੀਤੀ ਜਾ ਰਹੀ, ਸਗੋਂ ਇਸ ਨੂੰ ਦਸੰਬਰ ਤਕ ਅਗੇ ਪਾ ਦਿੱਤਾ ਹੈ।
ਡੀ ਏ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਜੰਗਲਾਤ ਵਰਕਰਾਂ ਨੂੰ 10 ਸਾਲ ਦੀ ਸੇਵਾ ਤੋਂ ਬਾਅਦ ਵੀ ਪੱਕਾ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਫਾਸਿਲੀਟੇਟਰ ਜੋ ਕਿ ਕੋਵਿਡ 19 ਦੀ ਲੜਾਈ ਫਰੰਟ ਵਾਰੀਅਰ ਵਜੋਂ ਲੜ ਰਹੀਆਂ ਹਨ, ਇਨ੍ਹਾਂ ਨੂੰ ਬਹੁਤ ਹੀ ਨਿਗੁਣੇ ਭੱਤੇ ਦਿੱਤੇ ਜਾ ਰਹੇ ਹਨ।
ਜਦੋਂ ਕਿ ਇਨ੍ਹਾਂ ਕੋਲੋਂ ਕਈ ਤਰ੍ਹਾਂ ਦੇ ਸਰਵੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹਾਂ ‘ਚ ਵਾਧਾ ਕਰਨ ਦਾ ਵਾਅਦਾ ਸਰਕਾਰ ਨੇ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਗਿਆ। ਜਥੇਬੰਦੀ ਮੰਗ ਕੀਤੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਜੰਗਲਾਤ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਤਨਖਾਹਾਂ ਰੈਗੂਲਰ ਦਿੱਤੀਆਂ ਜਾਣ।
ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਡੀ ਐੱਮ ਐੱਫ ਦੇ ਆਗੂ ਮੁਕੇਸ਼ ਗੁਜਰਾਤੀ, ਹੰਸ ਰਾਜ ਗੜ੍ਹਸ਼ੰਕਰ, ਸੱਤਪਾਲ ਚੱਕ ਫੁੱਲੂ, ਬਲਜਿੰਦਰ ਸਿੰਘ, ਪਵਨ ਕੁਮਾਰ, ਰਮੇਸ਼ ਕੁਮਾਰ ਬੱਗਾ, ਸੁਰਿੰਦਰ ਕੁਮਾਰ, ਜਗਤਾਰ ਸਿੰਘ, ਪਵਨ ਸਿੰਘ, ਬਲਜਿੰਦਰ ਸਿੰਘ, ਸੀਮਾ ਰਾਣੀ, ਕੰਚਨ ਜੱਸਲ, ਪਰਮਜੀਤ ਕੌਰ ਅਤੇ ਬਬੀਤਾ ਆਦਿ ਹਾਜ਼ਰ ਸਨ।