ਪੱਤਰਕਾਰਾਂ ਉੱਪਰ ਹਮਲਿਆਂ ਅਤੇ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦਾ ਡੱਟ ਕੇ ਵਿਰੋਧ ਕਰੋ – ਜਮਹੂਰੀ ਅਧਿਕਾਰ ਸਭਾ

204

ਜਮਹੂਰੀ ਅਧਿਕਾਰ ਸਭਾ ਪੰਜਾਬ ਪੱਤਰਕਾਰ ਜੈ ਸਿੰਘ ਛਿੱਬਰ ਉੱਪਰ ਚਮਕੌਰ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕਰਨ, ਉਸ ਦੇ ਘਰ ਛਾਪਾ ਮਾਰਨ ਅਤੇ ਮੋਹਾਲੀ ਪੁਲਿਸ ਵੱਲੋਂ ਚੰਡੀਗੜ-ਮੋਹਾਲੀ ਤੋ ਪਹਿਰੇਦਾਰ ਅਖ਼ਬਾਰ ਦੇ ਜ਼ਿਲਾ ਇੰਚਾਰਜ ਮੇਜਰ ਸਿੰਘ ਪੰਜਾਬੀ ਨੂੰ ਥਾਣੇ ਲਿਜਾ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਜਾਗਰਣ ਦੇ ਪੱਤਰਕਾਰ ਜੈ ਸਿੰਘ ਛਿੱਬਰ ਨੇ ਇਕ ਸੂਤਰ ਦੇ ਹਵਾਲੇ ਨਾਲ ਕੈਪਟਨ ਸਰਕਾਰ ਦੇ ਇਕ ਮੰਤਰੀ ਵੱਲੋਂ ਨੰਗੇ ਪੈਰੀਂ ਚੱਲ ਕੇ ਕਾਲਾ ਬੱਕਰਾ ਦਾਨ ਕਰਨ ਦੀ ਖ਼ਬਰ ਲਗਾਈ ਸੀ। ਇਹ ਕਾਂਗਰਸੀ ਕੈਬਨਿਟ ਮੰਤਰੀ ਆਪਣੇ ਅੰਧਵਿਸ਼ਵਾਸੀ ਵਿਹਾਰ ਕਾਰਨ ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕਾ ਹੈ। ਹਾਲਾਂਕਿ ਖ਼ਬਰ ਵਿਚ ਮੰਤਰੀ ਦਾ ਨਾਂ ਨਹੀਂ ਦਿੱਤਾ ਗਿਆ ਸੀ, ਫਿਰ ਵੀ ਮੰਤਰੀ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਪੱਤਰਕਾਰ ਦੇ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਮੋਹਾਲੀ ਵਾਲੇ ਪੱਤਰਕਾਰ ਤੋਂ ਪੁਲਿਸ ਇਸ ਕਰਕੇ ਖ਼ਫ਼ਾ ਸੀ ਕਿ ਉਸ ਨੇ ਇਕ ਗੁਰਦੁਆਰੇ ਦੇ ਕਿਸੇ ਵਿਵਾਦ ਵਿਚ ਪੁਲਿਸ ਵਲੋ ਗਿਰਫ਼ਤਾਰ ਕੀਤੇ ਇਕ ਵਿਅਕਤੀ ਦੀ ਵੀਡੀਓ ਬਣਾ ਕੇ ਉਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋਂ ਪਹਿਲਾਂ ਚੰਡੀਗੜ ਤੋ ਪੰਜਾਬੀ ਟ੍ਰਿਬਿਊਨ ਦੇ ਇਕ ਸੀਨੀਅਰ ਪੱਤਰਕਾਰ ਨਾਲ ਪੁਲਿਸ ਵਧੀਕੀ ਅਤੇ ਦੁਆਬੇ ਅਤੇ ਮਾਝੇ ਵਿਚ ਪੱਤਰਕਾਰਾਂ ਨੂੰ ਪੁਲਿਸ ਵੱਲੋਂ ਝੂਠੇ ਕੇਸਾਂ ਵਿਚ ਫਸਾ ਕੇ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲੇ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ। ਸਮੂਹ ਜਮਹੂਰੀ ਤਾਕਤਾਂ ਨੂੰ ਇਸ ਦਾ ਡੱਟ ਕੇ ਵਿਰੋਧ ਕਰਨ ਦੀ ਲੋੜ ਹੈ, ਇਹ ਮਹਿਜ਼ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਨਹੀਂ ਹੈ, ਇਹ ਪੁਲਿਸ ਤਾਕਤ ਅਤੇ ਸੱਤਾ ਦੇ ਜ਼ੋਰ ਸੱਚ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਹੈ। ਇਹਨਾਂ ਕੇਸਾਂ ਰਾਹੀਂ ਸਮਾਜਿਕ ਸਰੋਕਾਰਾਂ ਅਤੇ ਸਮੂਹਿਕ ਹਿਤਾਂ ਬਾਰੇ ਸੋਚ-ਵਿਚਾਰ ਕਰਨ ਅਤੇ ਆਵਾਜ਼ ਉਠਾਉਣ ਵਾਲੇ ਸਮੂਹ ਇਨਸਾਫ਼ਪਸੰਦਾਂ ਨੂੰ ਇਕ ਸੰਦੇਸ਼ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।