ਫਿਲਮ ਨਿਰਮਾਣ ਲਈ ਜਲਦ ਜਾਰੀ ਹੋਣਗੀਆਂ ਹਦਾਇਤਾਂ : ਜਾਵੜੇਕਰ

166

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇਸ਼ ‘ਚ ਫਿਲਮਾਂ ਦੀ ਸ਼ੂਟਿੰਗ ਲਈ ਹਦਾਇਤਾਂ (ਗਾਈਡਲਾਈਨਜ਼) ਜਾਰੀ ਕਰਨ ਵਾਲੀ ਹੈ। ਸਰਕਾਰ ਫਿਲਮ ਨਿਰਮਾਣ ਨੂੰ ਰਫ਼ਤਾਰ ਦੇਣ ਲਈ ਰਾਸ਼ੀ ਵੀ ਦੇਵੇਗੀ। ਫਿੱਕੀ ਵੱਲੋਂ ਕਰਵਾਏ ‘ਫਿੱਕੀ ਫਰੇਮਸ 2020’ ਦੇ ਉਦਘਾਟਨ ਸੈਸ਼ਨ ‘ਚ ਜਾਵੜੇਕਰ ਨੇ ਉਕਤ ਗੱਲਾਂ ਕਹੀਆਂ।

ਮੀਡੀਆ ਤੇ ਮਨੋਰੰਜਨ ਨੂੰ ਭਾਰਤ ਦੀ ਸਾਫਟ ਪਾਵਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅੱਗੇ ਵੱਧਣ ਲਈ ਸਾਰੇ ਹਿੱਤਧਾਰਕਾਂ ਨੂੰ ਨਾਲ ਲੈ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਫਿਲਮਾਂ ਦੀ ਸ਼ੂਟਿੰਗ ਬਾਰੇ ਦਿਸ਼ਾ-ਨਿਰਦੇਸ਼ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਠੱਪ ਫਿਲਮ ਨਿਰਮਾਣ ਦੇ ਕੰਮ ਨੂੰ ਤੇਜ਼ੀ ਨਾਲ ਮੁੜ ਤੋਂ ਸ਼ੁਰੂ ਕਰਨ ਲਈ ਸਰਕਾਰ ਨਿਰਮਾਣ ਦੇ ਸਾਰੇ ਖੇਤਰਾਂ ਜਿਵੇਂ ਕਿ ਟੈਲੀਵਿਜ਼ਨ ਸੀਰੀਅਲ, ਫਿਲਮ ਨਿਰਮਾਣ, ਸਹਿ-ਨਿਰਮਾਣ, ਐਨੀਮੇਸ਼ਨ ਤੇ ਗੇਮਿੰਗ ਨੂੰ ਉਤਸ਼ਾਹਿਤ ਕਰੇਗੀ।

ਜਾਵੜੇਕਰ ਨੇ ਕਿਹਾ ਕਿ 80 ਤੋਂ ਜ਼ਿਆਦਾ ਫਿਲਮ ਨਿਰਮਾਤਾ ਫਿਲਮ ਸੁਵਿਧਾ ਦਫ਼ਤਰ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿੱਕੀ ਫਰੇਮਸ 2020 ‘ਚ ਹੋਣ ਵਾਲੀ ਵਿਚਾਰ-ਚਰਚਾ ਨਾਲ ਪੱਕੇ ਤੌਰ ‘ਤੇ ਨਵੇਂ ਵਿਚਾਰ ਸਾਹਮਣੇ ਆਉਣਗੇ।