ਰਾਮ ਤੀਰਥ, 18 ਮਈ
ਡੇਰਿਆਂ ਦੇ ਵਿਚ ਹਮੇਸ਼ਾਂ ਹੀ ਔਰਤਾਂ ਅਤੇ ਲੜਕੀਆਂ ਦਾ ਜਿਸਮਾਨੀ ਸ਼ੋਸ਼ਣ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਸਮੇਂ ਦੌਰਾਨ ਸਭ ਤੋਂ ਚਰਚਿਤ ਕੇਸ ਡੇਰਾ ਸਿਰਸਾ ਦੇ ਨਾਲ ਜੁੜਿਆ ਸੀ ਅਤੇ ਉਕਤ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਅਦਾਲਤਾਂ ਦੇ ਵਲੋਂ 20 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ, ਜਿਸ ਤੋਂ ਮਗਰੋਂ ਰਾਮ ਰਹੀਮ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਗਿਆ।
ਦੱਸ ਦਈਏ ਕਿ ਇਕ ਪਾਸੇ ਤਾਂ ਡੇਰਿਆਂ ਦੇ ਅੰਦਰ ਬਲਾਤਕਾਰ ਹੋ ਰਹੇ ਹਨ, ਪਰ ਦੂਜੇ ਪਾਸੇ ਅੰਧ ਭਗਤ ਹਾਲੇ ਵੀ ਅਜਿਹੀਆਂ ਘਟਨਾਵਾਂ ਸੁਣਨ ਤੋਂ ਬਾਅਦ ਵੀ ਸੁਧਰ ਨਹੀਂ ਰਹੇ। ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੇ ਦਿਨ ਪੁਲਿਸ ਥਾਣਾ ਲੋਪੋਕੇ ਨੇ ਐੱਸ.ਐੱਸ.ਪੀ. (ਦਿਹਾਤੀ) ਵਿਕਰਮਜੀਤ ਸਿੰਘ ਦੁੱਗਲ ਦੇ ਹੁਕਮਾਂ ਤੇ ਕਾਰਵਾਈ ਕਰਦੇ ਹੋਏ ਗੁਰੂ ਗਿਆਨ ਨਾਥ ਆਸ਼ਰਮ ਵਾਲਮੀਕਿ ਤੀਰਥ ਦੇ ਮੁਖੀ ਗਿਰਧਾਰੀ ਨਾਥ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਖ਼ਿਲਾਫ਼ ਮੁਕੱਦਮਾ ਨੰਬਰ 104, ਜੁਰਮ 376, 346 ,379, 509, 34 ਅਧੀਨ ਕੇਸ ਦਰਜ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਕਥਿਤ ਮੁੱਖ ਮੁਲਜ਼ਮ ਗਿਰਧਾਰੀ ਨਾਥ ਅਤੇ ਵਰਿੰਦਰ ਨਾਥ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਜਦੋਂਕਿ ਕਿ ਨਛੱਤਰ ਨਾਥ ਤੇ ਸੂਰਜ ਨਾਥ ਮੌਕੇ ਤੋਂ ਫ਼ਰਾਰ ਹਨ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਬ ਡਵੀਜ਼ਨ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਐੱਸ.ਸੀ. ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੇ ਥਾਣਾ ਲੋਪੋਕੇ ਵਿਖੇ ਇੱਕ ਲਿਖਤੀ ਦਰਖ਼ਾਸਤ ਦਿੱਤੀ ਸੀ ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਗੁਰੂ ਗਿਆਨ ਨਾਥ ਆਸ਼ਰਮ ਦੇ ਪੁਜਾਰੀ ਗਿਰਧਾਰੀ ਨਾਥ ਤੇ ਉਸ ਦੇ ਚੇਲਿਆਂ ਨੇ ਮੰਦਿਰ ਵਿਚ 2 ਔਰਤਾਂ ਨੂੰ ਬੰਦੀ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਦੋਹਾਂ ਔਰਤਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪੁਲਿਸ ਮੁਖੀ (ਦਿਹਾਤੀ) ਦੇ ਹੁਕਮਾਂ ਅਨੁਸਾਰ ਪੁਲਿਸ ਨੇ ਆਸ਼ਰਮ ਵਿਚ ਜਾ ਕੇ ਦੋਹਾਂ ਔਰਤਾਂ ਨੂੰ ਬਰਾਮਦ ਕਰ ਕੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਅਤੇ ਗਿਰਧਾਰੀ ਨਾਥ ਸਮੇਤ ਦੋ ਜਣਿਆਂ ਨੂੰ ਮੌਕੇ ‘ਤੇ ਕਾਬੂ ਕਰ ਲਿਆ। ਦੱਸਣਾ ਬਣਦਾ ਹੈ ਕਿ ਡੇਰਿਆਂ ਦੇ ਵਿਚ ਹਮੇਸ਼ਾਂ ਹੀ ਬਲਾਤਕਾਰ ਹੋਣ ਦੀਆਂ ਖ਼ਬਰਾਂ ਆਈਆਂ ਹਨ। ਪਰ ਬਾਵਜੂਦ ਇਸ ਦੇ ਲੋਕ ਜਾਗ ਨਹੀਂ ਰਹੇ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਵੀ ਕੁਝ ਮਹੀਨੇ ਪਹਿਲੋਂ ਇਕ ਡੇਰਾ ਸੰਚਾਲਕ ਅਤੇ ਉਸ ਦੇ ਚੇਲੇ ਵਿਰੁੱਧ ਇਕ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ, ਪਰ ਉਕਤ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹਨ।