ਬਰਸੀ ‘ਤੇ ਵਿਸ਼ੇਸ਼: ਗ਼ਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ

313

ਗ਼ਦਰ ਪਾਰਟੀ ਦੀ ਕਮਾਨ ‘ਚ ਦੇਸ਼ ਨੂੰ ਅੰਗਰੇਜ਼ ਸਾਮਰਾਜਵਾਦ ਤੋਂ ਆਜ਼ਾਦ ਕਰਵਾਉਣ ਲਈ ਲੜੀ ਲੜਾਈ ਵਿਚ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਦਾ ਅਹਿਮ ਯੋਗਦਾਨ ਹੈ। ਸੁੰਦਰ ਸਿੰਘ ਦੇ ਘਰ ਜਨਮੇ ਹਰਨਾਮ ਸਿੰਘ ਦਾ ਬਚਪਨ ਦਾ ਨਾਂ ਰਾਮ ਚੰਦ ਸੀ। 8 ਫਰਵਰੀ 1909 ਨੂੰ 21 ਸਾਲ ਦੀ ਉਮਰ ‘ਚ ਉਹ 26 ਨੰਬਰ ਪੰਜਾਬੀ ਪਲਟਣ ਵਿਚ ਭਰਤੀ ਹੋ ਗਿਆ।

ਗ਼ਦਰ ਪਾਰਟੀ ਨੇ ਪਹਿਲੇ ਵਿਸ਼ਵ ਯੁੱਧ ਦਾ ਲਾਹਾ ਲੈਣ ਲਈ ਭਾਰਤ ਵਿਚ ਫ਼ੌਜਾਂ ‘ਚ ਬਗਾਵਤ ਕਰਵਾ ਕੇ ਰਾਜ ਪਲਟਾ ਕਰਨ ਦੀ ਸਕੀਮ ਬਣਾਈ। ‘ਗ਼ਦਰ’ ਅਖ਼ਬਾਰ ਅਮਰੀਕਾ ਤੋਂ ਛਾਪ ਕੇ ਦੁਨੀਆ ਭਰ ਵਿੱਚ ਰਹਿੰਦੇ ਭਾਰਤੀਆਂ ਨੂੰ ਮੁਫ਼ਤ ਭੇਜੀ ਜਾਂਦੀ ਸੀ। 1914 ‘ਚ ਹਾਂਗਕਾਂਗ ਵਿਚ ਹਰਨਾਮ ਸਿੰਘ ਤੇ ਸਾਥੀਆਂ ਨੂੰ ਗੁਰਦੁਆਰੇ ‘ਚੋਂ ‘ਗ਼ਦਰ’ ਅਖ਼ਬਾਰ ਪੜ੍ਹਨ ਨੂੰ ਮਿਲਦੀ। ਇਸ ਅਖ਼ਬਾਰ ਨੇ ਫ਼ੌਜੀਆਂ ਨੂੰ ਬਾਗ਼ੀ ਬਣਾ ਦਿੱਤਾ। ਹਰਨਾਮ ਸਿੰਘ ਤੇ ਸਾਥੀਆਂ ਨੂੰ ਫਿਰੋਜ਼ਪੁਰ ਛਾਉਣੀ ਭੇਜ ਦਿੱਤਾ।

ਕਰਤਾਰ ਸਿੰਘ ਸਰਾਭਾ ਤੇ ਸਾਥੀ ਫਿਰੋਜ਼ਪੁਰ ਛਾਉਣੀ ਵਿਚ ਹਰਨਾਮ ਸਿੰਘ ਹੁਰਾਂ ਨੂੰ ਮਿਲ਼ਣ ਲੱਗੇ। ਗ਼ਦਰੀਆਂ ਨੇ 21 ਫਰਵਰੀ 1915 ਨੂੰ ਛਾਉਣੀਆਂ ‘ਚ ਗ਼ਦਰ ਕਰਨ ਦੀ ਤਰੀਕ ਮਿੱਥ ਲਈ। ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਿਆ ਤੇ ਉਨ੍ਹਾਂ ਨੇ ਭਾਰਤੀ ਫ਼ੌਜੀਆਂ ਤੋਂ ਹਥਿਆਰ ਲੈ ਲਏ। ਹਰਨਾਮ ਸਿੰਘ ਨੂੰ ਸਾਥੀਆਂ ਸਮੇਤ ਨੌਕਰੀ ਤੋਂ ਬਰਖਾਸਤ ਕਰ ਕੇ ਘਰੋਂ-ਘਰੀ ਤੋਰ ਦਿੱਤਾ। ਉਹ ਦੁਬਾਰਾ ਫਿਰ ਫਿਰੋਜ਼ਪੁਰ ਛਾਉਣੀ ਵਿਚ ਬਗਾਵਤ ਕਰਵਾਉਣ ਗਏ ਪਰ ਅਸਫ਼ਲ ਰਹੇ।

23 ਫਰਵਰੀ ਨੂੰ ਪਿੰਡੋਂ ਗ੍ਰਿਫ਼ਤਾਰ ਕਰ ਕੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਵਿਚ ਉਮਰ ਕੈਦ ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ। ਕਪੂਰਥਲਾ ਰਿਆਸਤ ਦੇ ਰਾਜੇ ਨੇ ਅੰਗਰੇਜ਼ ਹੁਕਮਰਾਨਾਂ ਨੂੰ ਖ਼ੁਸ਼ ਕਰਨ ਲਈ ਆਪਣਾ ਘਰ, ਘਰ ਦਾ ਸਾਮਾਨ, ਗਹਿਣੇ ਤੇ ਜ਼ਮੀਨ ਨਿਲਾਮ ਕਰਵਾ ਦਿੱਤੀ। ਜਦੋਂ ਨਿਲਾਮੀ ਕਰਨ ਆਏ ਤਾਂ ਉਸ ਦੀ ਪਤਨੀ ਰੋਟੀਆਂ ਬਣਾ ਰਹੀ ਸੀ। ਪਤਨੀ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ। ਬਾਬਾ ਹਰਨਾਮ ਸਿੰਘ ਨੇ 20 ਸਾਲ 8 ਮਹੀਨੇ 17 ਦਿਨ ਸਜ਼ਾ ਭੁਗਤੀ।

ਦੇਸ਼ ਆਜ਼ਾਦ ਹੋਣ ‘ਤੇ ਬਾਬਾ ਜੀ ਨੇ ਸਰਕਾਰਾਂ ਨੂੰ ਜ਼ਮੀਨ ਵਾਪਸ ਕਰਨ ਲਈ ਕਿਹਾ ਪਰ ਸਰਕਾਰਾਂ ਲਾਰੇ ਲਾਉਂਦੀਆਂ ਰਹੀਆਂ। 18 ਮਈ 1978 ਨੂੰ ਬਾਬਾ ਜੀ ਇਸ ਜਹਾਨ ਤੋਂ ਰੁਖ਼ਸਤ ਹੋ ਗਏ। ਲੇਖਕ ਨੇ ਫ਼ਰਵਰੀ 2004 ਵਿਚ ਕਪੂਰਥਲਾ ਦੇ ਰਿਕਾਰਡ ‘ਚੋਂ ਬਾਬਾ ਜੀ ਦੀ ਜਾਇਦਾਦ ਜ਼ਬਤੀ ਦੇ ਕਾਗ਼ਜ਼ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਲੜ ਕੇ ਬਾਬਾ ਜੀ ਦੇ ਪੋਤਰਿਆਂ ਨੂੰ ਪੰਜਾਬ ਸਰਕਾਰ ਤੋਂ 35 ਲੱਖ ਰੁਪਏ ਮੁਆਵਜ਼ਾ ਦਿਵਾਇਆ। ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਇਨ੍ਹਾਂ ਮਹਾਨ ਦੇਸ਼ ਭਗਤਾਂ ਨੂੰ ਪ੍ਰਣਾਮ ਹੈ।

(Thank you punjabi jagran)

ਸੀਤਾਰਾਮ ਬਾਂਸਲ

ਸੰਪਰਕ : 75892-56092