ਬਾਦਲਾਂ ਦੀ ਰੈਲੀ ‘ਚ ‘ਭਾੜੇ’ ਦੀ ਭੀੜ.!

689

ਪੰਜਾਬ ਦੀ ਕੈਪਟਨ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਵਿਰੁੱਧ ਅਕਾਲੀ ਭਾਜਪਾ ਦੇ ਵਲੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਅੰਦਰ ਕੈਪਟਨ ਸਰਕਾਰ ਦੇ ਵਿਰੁੱਧ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਭਾਜਪਾ ਦੇ ਵਲੋਂ ਕੈਪਟਨ ਸਰਕਾਰ ‘ਤੇ ਕਈ ਪ੍ਰਕਾਰ ਦੇ ਦੋਸ਼ ਮੜੇ ਜਾ ਰਹੇ ਹਨ। ਅਕਾਲੀ ਦਲ ਦੀਆਂ ਰੈਲੀਆਂ ਦੇ ਅੰਦਰ ਬੇਸ਼ੱਕ ਲੋਕਾਂ ਦੀ ਭੀੜ ਕਾਫ਼ੀ ਜ਼ਿਆਦਾ ਵਿਖਾਈ ਦੇ ਰਹੀ ਹੈ, ਪਰ ਅੱਜ ਅਸੀਂ ਤੁਹਾਨੂੰ ਉਹ ਕੁਝ ਦੱਸਾਂਗੇ, ਜੋ ਕੁਝ ਤੁਸੀਂ ਕਦੇ ਵੀ ਪਹਿਲੋਂ ਨਹੀਂ ਸੁਣਿਆ ਹੋਵੇਗਾ। ਹਰ ਪਾਰਟੀ ਦੀ ਜਦੋਂ ਵੀ ਰੈਲੀ ਹੁੰਦੀ ਹੈ ਤਾਂ ਸਭ ਨੂੰ ਸ਼ੌਕ ਹੁੰਦਾ ਹੈ ਕਿ ਉਨ੍ਹਾਂ ਦੀ ਰੈਲੀ ਦੇ ਅੰਦਰ ਵੱਧ ਤੋਂ ਵੱਧ ਲੋਕ ਪਹੁੰਚਣ ਤਾਂ, ਜੋ ਅਗਲੇ ਸਮੇਂ ਵਿਚ ਸਰਕਾਰ ਬਣਾਈ ਜਾ ਸਕੇ। ਕਾਂਗਰਸ ਦੀ ਰੈਲੀ ਹੋਵੇ ਜਾਂ ਫਿਰ ਅਕਾਲੀ ਭਾਜਪਾ ਦੀ, ਹਰ ਰੈਲੀ ਦੇ ਵਿਚ ਭੀੜ ਤਾਂ ਬਹੁਤ ਹੁੰਦੀ ਹੈ, ਪਰ ਕਦੇ ਵੀ ਕਿਸੇ ਨੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ, ਕਿ ਇਹ ਭੀੜ ਕਿਥੋਂ ਅਤੇ ਕਿਵੇਂ ਰੈਲੀਆਂ ਦੇ ਅੰਦਰ ਲਿਆਂਦੀ ਜਾਂਦੀ ਹੈ। ਪੰਜਾਬ ਦੇ ਅੰਦਰ ਅਕਾਲੀ ਭਾਜਪਾ ਦੇ ਵਲੋਂ ਕੈਪਟਨ ਸਰਕਾਰ ਦੇ ਵਿਰੁੱਧ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਕਥਿਤ ਤੌਰ ‘ਤੇ ਵਿਕਾਓ ਮੀਡੀਆ ਦੇ ਵਲੋਂ ਅਕਾਲੀ ਭਾਜਪਾ ਦੀਆਂ ਰੈਲੀਆਂ ਵਿਚ ਬੈਠੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਵਿਖਾਏ ਜਾ ਰਹੇ ਹਨ। ਲੰਘੇ ਦਿਨ ਫਿਰੋਜ਼ਪੁਰ ਵਿਖੇ ਅਕਾਲੀ ਭਾਜਪਾ ਦੇ ਵਲੋਂ ਕੈਪਟਨ ਸਰਕਾਰ ਦੇ ਵਿਰੁੱਧ ਰੈਲੀ ਕੀਤੀ ਗਈ। ਇਹ ਰੈਲੀ ‘ਤੇ ਜਾਣ ਵਾਲੇ ਜਦੋਂ ਇਕ ਕਾਫ਼ਲੇ ਵਿਚ ਸਵਾਰ ਕੁਝ ਲੋਕਾਂ ਨੂੰ ਪੁੱਛਿਆ ਕਿ ਕਿਸ ਦੀ ਰੈਲੀ ਵਿਚ ਜਾ ਰਹੇ ਹੋ ਤਾਂ, ਜਵਾਬ ਮਿਲਿਆ ਕਿ ਬਾਦਲਾਂ ਦੀ ਰੈਲੀ ਵਿਚ ਜਾ ਰਹੇ ਹਾਂ। ਇਸੇ ਦੌਰਾਨ ਹੀ ਫੁੱਟਪਾਥ ‘ਤੇ ਬਣੀ ਇਕ ”ਚਾਹ ਵਾਲੀ ਦੁਕਾਨ ‘ਤੇ ਬੈਠਾ ਹੀ ਸੀ ਕਿ ਇਕ ਅੱਧਖੜ ਆ ਕੇ ਮੇਰੇ ਕੋਲ ਖੜ ਗਿਆ, ਜਦੋਂ ਪੁੱਛਿਆ ਕਿ ਭਾਈਸਾਬ ਕਿਹੜੇ ਪਾਸੇ ਨੂੰ ਜਾ ਰਹੇ ਹੋ ਤਾਂ, ਅੱਗੋ ਜਵਾਬ ਮਿਲਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਅਕਾਲੀ ਦਲ ਰੈਲੀ ਕਰਨ ਜਾ ਰਿਹਾ ਹੈ, ਉਸ ਰੈਲੀ ਦੇ ਵਿਚ ਸ਼ਾਮਲ ਹੋਣ ਵਾਸਤੇ ਜਾ ਰਹੇ ਹਾਂ। ਜਦੋਂ ਮੈਂ ਪੁੱਛਿਆ ਕਿ ਹੋਰ ਵੀ ਤਾਂ ਲੋਕ ਹੋਣਗੇ, ਜਿਨ੍ਹਾਂ ਨੇ ਰੈਲੀ ਵਿਚ ਜਾਣਾ ਹੋਵੇਗਾ ਤਾਂ, ਜਵਾਬ ਮਿਲਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚ ਰਹੇ ਹਨ। ਅੱਧਖੜ ਨੇ ਮੈਨੂੰ ਕਿਹਾ ਕਿ ਤੂੰ ਵੀ ਰੈਲੀ ਵਿਚ ਆ ਜਾਵੀਂ, ਬਾਦਲ ਸਾਹਬ ਬੜਾ ਸੋਹਣ ਪ੍ਰਚਾਰ ਕਰਦੇ ਹਨ ਤਾਂ ਮੈਂ ਕਿਹਾ ਮੈਨੂੰ ਕਿੰਨੇ ਪੈਸੇ ਮਿਲਣਗੇ ਤਾਂ, ਅੱਗੋਂ ਕਹਿੰਦਾ ਕਿ ਸਾਨੂੰ ਤਾਂ ਅਗਲੇ 450 ਰੁਪਏ ‘ਤੇ ਲੈ ਕੇ ਆਏ ਨੇ, ਬਾਕੀ ਤੇਰੀ ਗੱਲ ਕਰਵਾ ਦਿੰਦੇ ਹਾਂ, ਇਨ੍ਹਾਂ ਹੀ ਸੁਣਦਿਆਂ, ਆਪਾ ਪਿੱਛੇ ਮੁੜੇ ਅਤੇ ਸੋਚਣ ਲੱਗੇ ਕਿ ਇਹ ਲੀਡਰ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾ ਗੁੰਮਰਾਹ ਕਰਕੇ ਰੈਲੀਆਂ ਦੇ ਵਿਚ ਲਿਆ ਰਹੇ ਹਨ। ਸਾਥੀਓ, ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਰੈਲੀ ਦੇ ਦੌਰਾਨ ਕਿਹਾ ਕਿ ਖਾਲੀ ਖਜ਼ਾਨੇ ਨੇ ਨਹੀਂ, ਸਗੋਂ ਕਾਂਗਰਸ ਸਰਕਾਰ ਦੇ ਬੁਰੇ ਇਰਾਦੇ ਸੂਬੇ ਨੂੰ ਹਰ ਖੇਤਰ ਵਿਚ ਪਿੱਛੇ ਧੱਕ ਰਹੇ ਹਨ। ਇਸ ਸਰਕਾਰ ਨੇ ਜੀਐਸਟੀ ਅਤੇ ਹੋਰ ਟੈਕਸਾਂ ਦੇ ਰੂਪ ਵਿਚ ਸਾਲਾਨਾ ਹਜ਼ਾਰਾਂ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦੇ ਬਾਵਜੂਦ ਸਾਰੇ ਵਿਕਾਸ ਕਾਰਜ ਅਤੇ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਸੂਬੇ ਦੀ ਮੌਜੂਦਾ ਖਸਤਾ ਵਿੱਤੀ ਹਾਲਤ ਲਈ ਕੈਪਟਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਮਾੜਾ ਪ੍ਰਬੰਧ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਸਰਕਾਰ 25 ਹਜ਼ਾਰ ਕਰੋੜ ਰੁਪਏ ਸਾਲਾਨਾ ਜੀਐਸਟੀ ਟੈਕਸਾਂ ਦੇ ਰੂਪ ਵਿਚ ਇਕੱਠੇ ਕਰਦੀ ਹੈ, 5 ਹਜ਼ਾਰ ਕਰੋੜ ਰੁਪਏ ਬਿਜਲੀ ਟੈਕਸਾਂ ਤੋਂ ਵਸੂਲਦੀ ਹੈ, ਸੱਤ ਹਜ਼ਾਰ ਕਰੋੜ ਰੁਪਏ ਸ਼ਰਾਬ ਦੀ ਵਿਕਰੀ ਅਤੇ 5 ਹਜ਼ਾਰ ਕਰੋੜ ਰੁਪਏ ਜ਼ਮੀਨਾਂ ਦੀਆਂ ਰਜਿਸਟਰੀਆਂ ਤੋਂ ਇਕੱਠੇ ਕਰਦੀ ਹੈ। ਉਹਨਾਂ ਕਿਹਾ ਸਾਰੇ ਟੈਕਸਾਂ ਵਿਚ ਬੇਹਤਾਸ਼ਾ ਵਾਧਾ ਕਰਨ ਦੇ ਬਾਵਜੂਦ, ਕਾਂਗਰਸ ਸਰਕਾਰ ਸਮਾਜ ਦੇ ਗਰੀਬ ਤਬਕਿਆਂ ਨੂੰ ਕੋਈ ਵੀ ਸਹੂਲਤ ਦੇਣ ਤੋਂ ਇਨਕਾਰ ਕਰ ਰਹੀ ਹੈ। ਜੇਕਰ ਆਪਾ ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ, ਪੰਜਾਬ ਦੇ ਅੰਦਰ ਕੈਪਟਨ ਸਰਕਾਰ ਬਣਿਆ ਨੂੰ ਕਰੀਬ ਤਿੰਨ ਸਾਲ ਪੂਰੇ ਹੋਣ ਵਾਲੇ ਹਨ, ਪਰ ਹੁਣ ਤੱਕ ਕੈਪਟਨ ਸਾਹਬ ਇਕ ਵੀ ਵਾਅਦਾ ਪੰਜਾਬ ਵਾਸੀਆਂ ਦਾ ਪੂਰਾ ਨਹੀਂ ਕਰ ਸਕੇ। ਬੇਸ਼ੱਕ ਸੱਤਾ ਵਿਚ ਆਉਣ ਤੋਂ ਪਹਿਲੋਂ ਕੈਪਟਨ ਨੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਸੱਤਾ ਦੇ ਵਿਚ ਆ ਜਾਂਦੀ ਹੈ ਤਾਂ ਸਭ ਤੋਂ ਪਹਿਲੋਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ, ਉਸ ਤੋਂ ਬਾਅਦ ਪੰਜਾਬ ਦੇ ਅੰਦਰ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਾਣ। ਚੋਣਾਂ ਜਿੱਤਣ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਅੰਦਰ ਹੀ ਪੰਜਾਬ ਦੇ ਅੰਦਰੋਂ ਨਸ਼ਾ ਖ਼ਤਮ ਕੀਤਾ ਜਾਵੇਗਾ। ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਵੇਗਾ, ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ, ਜੇਕਰ ਕੋਈ ਵੀ ਤਿੜ ਫਿੜ ਕਰਦਾ ਵਿਖਾਈ ਦਿੱਤਾ ਤਾਂ ਸਿੱਧਾ ਹੀ ਜੇਲ੍ਹ ਅੰਦਰ ਤੁੰਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੈਪਟਨ ਨੇ ਇਹ ਵੀ ਸਮੂਹ ਪੰਜਾਬ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਸੱਤਾ ਵਿਚ ਆ ਜਾਂਦੀ ਹੈ ਤਾਂ ਬੇਅਦਬੀ ਮਾਮਲਿਆਂ ਨੂੰ ਸੁਲਝਾਇਆ ਜਾਵੇਗਾ ਅਤੇ ਬਰਗਾੜੀ ਕਾਂਡ ਦਾ ਵੀ ਹੱਲ ਕੀਤਾ ਜਾਵੇਗਾ। ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੁਆਇਆ ਜਾਵੇਗਾ। ਅਜਿਹੇ ਹੋਰ ਅਨੇਕਾਂ ਵਾਅਦੇ ਕਰਕੇ ਸੱਤਾ ਵਿਚ ਆਈ ਕੈਪਟਨ ਸਰਕਾਰ, ਸੱਤਾ ਵਿਚ ਆਉਣ ਤੋਂ ਬਾਅਦ ਆਪਣੇ ਕੀਤੇ ਵਾਅਦੇ ਸਾਰੇ ਭੁੱਲ ਗਈ। ਜਿਸ ਦੇ ਕਾਰਨ ਹੁਣ ਪੰਜਾਬ ਦੀ ਜਨਤਾ ਕਾਫ਼ੀ ਜ਼ਿਆਦਾ ਕੈਪਟਨ ਸਰਕਾਰ ਤੋਂ ਤੰਗ ਪ੍ਰੇਸ਼ਾਨ ਹੈ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਅੰਦਰ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਆਮ ਲੋਕਾਂ ਦੇ ਵਲੋਂ ਕੈਪਟਨ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਪੰਜਾਬ ਦਾ ਮੁਲਾਜ਼ਮ ਵਰਗ, ਬੇਰੁਜ਼ਗਾਰ ਨੌਜਵਾਨ, ਵਿਦਿਆਰਥੀ ਵਰਗ, ਕਿਸਾਨ, ਮਜ਼ਦੂਰ, ਕਿਰਤੀ ਆਦਿ ਸਰਕਾਰ ਦੀਆਂ ਗਲ਼ਤ ਨੀਤੀਆਂ ਦੇ ਵਿਰੁੱਧ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਦੀ ਸਿਹਤ ‘ਤੇ ਭੋਰਾ ਅਸਰ ਨਹੀਂ ਪੈ ਰਿਹਾ।