ਬਾਬਾ ਨਾਨਕ ਅਤੇ ਭਗਤ ਸਿੰਘ

407
ਅੱਜ ਕਰੋਨਾ ਵਾਇਰਸ ਦੇ ਕਹਿਰ ਸਮੇਂ ਗ਼ਰੀਬਾਂ ਨੂੰ ਭੋਜਨ ਵੰਡਣ ਦੀਆਂ ਫੋਟੋਆਂ ਪਾਈਆਂ ਜਾ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਜਾ ਰਹੇ ਹਨ ਅਤੇ ਗ਼ਰੀਬਾਂ ਦੀ ਗਰੀਬੀ ਨੂੰ ਪੂਰੀ ਦੁਨੀਆ ਵਿੱਚ ਖੂਬ ਉਛਾਲਿਆ ਜਾ ਰਿਹਾ ਹੈ। ਪਰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਗਰੀਬ ਕਿਉਂ ਹਨ? ਕੁਦਰਤੀ ਬਿਪਤਾ ਸਮੇਂ ਇਹ ਇੰਨੇ ਮਜਬੂਰ ਕਿਉਂ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਸਰਦੇ ਪੁੱਜਦੇ ਅਤੇ ਅਮੀਰਾਂ ਦੇ ਅੱਗੇ ਮੁਹਤਾਜ਼ ਹੋ ਕੇ ਹੱਥ ਕਿਉਂ ਅੱਡਣੇ ਪੈਂਦੇ ਹਨ? ਅਜਿਹੀ ਕੁਦਰਤੀ ਕਰੋਪੀ  ਸਮੇਂ ਕਿਉਂ ਉਨ੍ਹਾਂ ਨੂੰ ਅਮੀਰਾਂ ਦੀ ਅਮੀਰੀ ਅੱਗੇ ਬੇਵੱਸ ਹੋਣਾ ਪੈਂਦਾ ਹੈ ? ਪੇਟ ਭਰਨ ਲਈ ਕਿਉਂ ਤਰਲੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ? ਇਹ ਸਭ ਕੁਝ ਕਿਉਂ ਹੋ ਰਿਹਾ ਹੈ ? ਕੀ ਇਸ ਤੋਂ ਸਦਾ ਲਈ ਛੁਟਕਾਰਾ ਨਹੀਂ ਪਾਇਆ ਜਾ ਸਕਦਾ? ਮੇਰੇ ਇਹ ਸਾਰੇ ਸਵਾਲ ਇਸ ਧਰਤੀ ਤੇ ਉੱਤਰ ਸੁਣਨ ਲੲੀ ਹਮੇਸ਼ਾਂ ਹੀ ਭਟਕਦੇ ਰਹਿਣਗੇ। ਹਾਂ ਕੁੱਝ ਕੁ ਜਵਾਬ ਮੇਰੇ ਕੋਲ ਹਨ । ਪਹਿਲਾਂ ਜਵਾਬ ਹੈ ਦੇਸ਼ ਵਿੱਚ ਆਰਥਿਕ ਸਾਧਨਾਂ ਦੀ ਕਾਣੀ ਵੰਡ। ਦੂਜਾ ਹੈ ਅਖੌਤੀ ਧਾਰਮਿਕ ਪਾਖੰਡੀਆਂ ਦਾ ਪ੍ਰਚਾਰ ਕਿ ਸਾਡੇ ਦੁਖਾਂ, ਗਰੀਬੀ ਅਤੇ ਬਿਮਾਰੀਆਂ ਦਾ ਕਾਰਨ ਹੈ ਸਾਡੇ ਪਿਛਲੇ ਜਨਮਾਂ ਦੇ ਕੀਤੇ ਮਾੜੇ ਕਰਮਾਂ ਦਾ ਫ਼ਲ। ਜਿਸ ਦੀ ਸਜਾ ਅਸੀਂ ਇਸ ਜਨਮ ਵਿੱਚ ਭੁਗਤ ਰਹੇ ਹਾਂ। ਉਹ ਸ਼ਰੇਆਮ ਝੂਠੀ ਤੇ ਗੰਦੀ ਖੇਡ ਖੇਡ ਰਹੇ ਹਨ । ਇੱਕ ਪਾਸੇ ਕਹਿੰਦੇ ਹਨ ਕਿ ਮਨੁੱਖ ਜੂਨੀ ਸਭ ਤੋਂ ਉੱਤਮ ਜੂਨੀ ਹੈ। ਇਹ 84 ਲੱਖ ਜੂਨੀਆਂ ਤੋਂ ਬਾਅਦ ਸਾਡੇ ਚੰਗੇ ਕੀਤੇ ਕਰਮਾਂ ਕਾਰਨ ਹੀ ਪ੍ਰਾਪਤ ਹੁੰਦੀ ਹੈ। ਦੂਜੇ ਪਾਸੇ ਇਹ ਬਿਪਤਾਵਾਂ ਮਾੜੇ ਕਰਮਾਂ ਨਾਲ਼ ਜੋੜਦੇ ਹਨ।ਹੈ ਨਾਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ । ਸਾਡੇ ਦੇਸ਼ ਵਿੱਚ ਲੁਟੇਰਾ ਮਾਫ਼ੀਆ ਕੰਮ ਕਰ ਰਿਹਾ ਹੈ । ਇਸ ਮਾੜੇ ਸਮੇਂ ਵਿੱਚ ਲੰਗਰ ਦੀ ਸੇਵਾ ਕਰਕੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਵਸੂਲੀ ਸਾਡੇ ਕੋਲੋਂ ਹੀ ਕੀਤੀ ਜਾਵੇਗੀ। ਇਹ ਬਿਪਤਾ ਸਮੇਂ ਸਾਡੀ ਸਹਾਇਤਾ ਕਰਨੀ ਇੰਨ੍ਹਾਂ ਦੀ ਮਜਬੂਰੀ ਵੀ ਹੈ । ਕਿਉਂਕਿ ਜੇ ਇੰਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਲੋਕਾਂ ਦਾ ਇੰਨ੍ਹਾਂ ਦੇ ਝੂਠ ਤੋਂ ਵਿਸ਼ਵਾਸ ਉੱਠ ਜਾੲੇਗਾ। ਲੋਕ ਇੰਨ੍ਹਾਂ ਨੂੰ ਗਾਲ਼ਾਂ ਵੀ ਕੱਢਣਗੈ ਕਿ ਬਿਪਤਾ ਸਮੇਂ ਇੰਨ੍ਹਾਂ ਨੇ ਲੋਕਾਂ ਦੀ ਮੱਦਦ ਨਹੀਂ ਕੀਤੀ।ਅਤੇ ਲੋਕ ਆਉਣ ਵਾਲੇ ਸਮੇਂ ਵਿੱਚ ਮੰਦਰਾਂ ਗੁਰਦੁਆਰਿਆਂ ਵਿੱਚ ਪੈਸਿਆਂ ਦੇ ਮੱਥੇ ਟੇਕਣੇ ਬੰਦ ਕਰ ਦੇਣਗੇ । ਅਤੇ ਇੰਨ੍ਹਾਂ ਦਾ ਬਿਨਾਂ ਕੋਈ ਕੰਮ ਕੀਤਿਆਂ  ਚਲਦਾ ਤੋਰੀ ਫੁਲਕਾ ਬੰਦ ਹੋ ਜਾਵੇਗਾ। ਮੇਰਾ ਇੱਕ ਸਵਾਲ ਹੈ ਜੋ ਗੁਰਦਵਾਰੇ ਵਾਲੇ ਲੰਗਰ ਲਾ ਕੇ ਲੋਕਾਂ ਨੂੰ ਦਿਖਾ ਰਹੇ ਹਨ ਕੀ ਇਹਨਾਂ ਨੇ ਕੰਮ ਕਰਕੇ ਇਹ ਪੈਸੇ ਕਮਾਏ ਹਨ ਜਾਂ ਆਪਣੀ ਮਿਹਨਤ ਨਾਲ ਕਮਾਏ ਪੈਸਿਆਂ ਨੂੰ ਇਹ ਘਰੋਂ ਕੱਢ ਕੇ ਇਹ ਲੰਗਰ ਤਿਆਰ ਕਰਕੇ ਤੁਹਾਨੂੰ ਇਹ ਖਿਲਾ ਰਹੇ ਹਨ । ਨਹੀਂ ਇਹ ਸਿਰਫ਼ ਉਨ੍ਹਾਂ ਇਕੱਠੇ ਕੀਤੇ ਪੈਸਿਆਂ ਵਿਚੋਂ ਜਿਹੜੇ ਤੁਸੀਂ 10-10 ਰੁਪਏ ਸ਼ਰਧਾ ਵੱਸ ਮੱਥਾ ਟੇਕਿਆ ਸੀ ਉਸ ਵਿੱਚੋਂ ਕੁੱਝ ਕੁ ਬੁਰਕੀਆਂ ਤੁਹਾਨੂੰ ਦੇ ਕੇ ਤੁਹਾਡੀ ਮਦਦ ਕਰਨ ਦਾ ਢੌਂਗ ਰਚ ਰਹੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਫਿਰ 10-10 ਰੁਪਏ ਮੱਥੇ ਟੇਕਦੇ ਰਹੋਂ ਅਤੇ ਇੰਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਰਹੇ ।ਇਹ ਕਦੇ ਨਹੀਂ ਚਾਹੁੰਣਗੇ ਕਿ ਤੁਸੀਂ ਆਪਣੇ ਆਪ ਆਪਣਾ ਗੁਜ਼ਾਰਾ ਕਰਨ ਦੇ ਸਮਰੱਥ ਹੋਵੋ ਤੇ ਕੁਦਰਤੀ ਆਫ਼ਤਾਂ ਸਮੇਂ ਤੁਹਾਨੂੰ ਇੰਨ੍ਹਾਂ ਅੱਗੇ ਹੱਥ ਨਾ ਅੱਡਣੇ ਪੈਣ।ਇਹ ਅਜਿਹੇ ਸਮੇਂ ਬਾਬਾ ਨਾਨਕ ਜੀ ਦਾ ਨਾਮ ਖ਼ੂਬ ਉਛਾਲਦੇ ਹਨ।ਪਰ ਇਹ ਨਹੀਂ ਦੱਸਦੇ ਕਿ ਬਾਬਾ ਨਾਨਕ ਜੀ ਨੇ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਸੀ ਨਾ ਕਿ ਕਿਸੇ ਅੱਗੇ ਅੱਡਣ ਦਾ। ਉਨ੍ਹਾਂ ਖੁਦ ਕਰਤਾਰ ਪੁਰ ਖੇਤਾਂ ਵਿੱਚ ਹਲ਼ ਚਲਾਇਆ ਸੀ । ਮੈਨੂੰ ਵਿਖਾ ਦੇਵੇ ਕਿਹੜਾ ਜਥੇਦਾਰ ਗਿਆਨੀ ਪ੍ਰਧਾਨ ਆਪਣੇ ਹੱਥੀਂ  ਕਿਹੜਾ ਕੰਮ ਕਰਦਾ ਹੈ ਸਿਵਾਏ ਤੁਹਾਡੇ ਗਰੀਬ ਤੋਂ ਗਰੀਬ ਦੇ ਵੀ ਸ਼ਰਧਾ ਵੱਸ 10-10 ਰੁਪਏ ਗੋਲਕਾਂ ਵਿੱਚ ਪਾਏਂ ਪੈਸਿਆਂ ਨੂੰ ਗਿਣਨ ਤੋਂ ਬਿਨਾਂ ਅਤੇ ਉਨ੍ਹਾਂ ਪੈਸਿਆਂ ਤੇ ਐਸ਼ ਕਲਨ ਤੋਂ ਬਿਨਾਂ । ਇੰਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੇਰੇ ਭੋਲ਼ੇ ਦੇਸ਼ ਵਾਸੀਓ । ਸ਼ਹੀਦ ਭਗਤ ਦੀ ਕੁਰਬਾਨੀ ਨੂੰ ਸਿਰਫ਼ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਗੋਰਿਆਂ ਨੂੰ ਭਜਾਉਣ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ ਨਹੀਂ ਚਲਾਕ ਸਿਆਸਦਾਨ ਝੂਠ ਬੋਲ ਰਹੇ ਹਨ। ਭਗਤ ਸਿੰਘ ਦੀ ਸੋਚ ਦਾ ਕੋਈ ਪ੍ਰਚਾਰ ਨਹੀਂ ਕਰ ਰਿਹਾ ਉਸ ਦੀ ਸੋਚ ਸੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਕੇ ਇੱਕ ਬਰਾਬਰੀ ਵਾਲਾ ਸਮਾਜ ਉਸਾਰਨਾ ਜਿੱਥੇ ਹਰ ਕੋਈ ਸਿਰ ਉੱਚਾ ਕਰਕੇ ਜਿਉਂ ਸਕੇ । ਬਿਪਤਾ ਸਮੇਂ ਕਿਸੇ ਨੂੰ ਵੀ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਸ਼ੇਰ ਅਤੇ ਬੱਕਰੀ ਇੱਕੋ ਘਾਟ ਤੇ ਪਾਣੀ ਪੀਣ ।ਹਰ ਕੋਈ ਮਹਿਲਾਂ ਵਰਗੇ ਘਰਾਂ ਵਿੱਚ ਸਵਰਗ ਦੇ ਨਜ਼ਾਰੇ ਲਵੇ ਨਾ ਕਿ ਕੋਈ ਵੀ ਝੁੱਗੀਆਂ ਝੌਂਪੜੀਆਂ ਵਿੱਚ ਨਰਕ ਵਰਗੀ ਜ਼ਿੰਦਗੀ  ਭੋਗੇ।

ਸੁਖਮਿੰਦਰ ਬਾਗ਼ੀ 
ਸਮਰਾਲਾ
9417394805