ਬੜ੍ਹਤ ਦੇ ਬਾਵਜੂਦ ਏਸੀ ਮਿਲਾਨ ਹੱਥੋਂ ਹਾਰਿਆ ਜੁਵੈਂਟਸ

160

ਮਿਲਾਨ :

ਜੁਵੈਂਟਸ ਨੂੰ ਇਕ ਸਮੇਂ ਦੋ ਗੋਲ ਨਾਲ ਅੱਗੇ ਰਹਿਣ ਦੇ ਬਾਵਜੂਦ ਇੱਥੇ ਏਸੀ ਮਿਲਾਨ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਨਾਲ ਉਸ ਨੇ ਇਟਾਲੀਅਨ ਫੁੱਟਬਾਲ ਲੀਗ ਸੀਰੀ-ਏ ਵਿਚ ਲਗਾਤਾਰ ਨੌਵੇਂ ਖ਼ਿਤਾਬ ਲਈ ਆਪਣੀ ਬੜ੍ਹਤ ਮਜ਼ਬੂਤ ਕਰਨ ਦਾ ਮੌਕਾ ਵੀ ਗੁਆ ਦਿੱਤਾ। ਦੂਜੇ ਸਥਾਨ ‘ਤੇ ਕਾਬਜ ਲਾਜੀਓ ਦੇ ਲੇਸੀ ਹੱਥੋਂ 1-2 ਨਾਲ ਹਾਰ ਤੋਂ ਬਾਅਦ ਜਵੈਂਟਸ ਕੋਲ ਅੰਕ ਸੂਚੀ ਵਿਚ ਚੋਟੀ ਦੇ ਸਥਾਨ ‘ਤੇ ਆਪਣੀ ਬੜ੍ਹਤ 10 ਅੰਕ ਤਕ ਪਹੁੰਚਾਉਣ ਦਾ ਮੌਕਾ ਸੀ। ਪਹਿਲਾ ਅੱਧ ਗੋਲ ਰਹਿਤ ਰਿਹਾ। ਇਸ ਦੌਰਾਨ ਮਿਲਾਨ ਦੇ ਜਲਾਟਨ ਇਬ੍ਰਾਹੀਮੋਵਿਕ ਦਾ ਗੋਲ ਆਫ ਸਾਈਡ ਕਾਰਨ ਰੱਦ ਕਰ ਦਿੱਤਾ ਗਿਆ ਪਰ ਏਡਰੀਅਨ ਰੈਬੀਓਟ ਨੇ ਪਹਿਲੇ ਅੱਧ ਦੇ ਦੂਜੇ ਮਿੰਟ ਵਿਚ ਗੋਲ ਕੀਤਾ ਤੇ ਇਸ ਦੇ ਛੇ ਮਿੰਟ ਬਾਅਦ ਕ੍ਰਿਸਟੀਆਨੋ ਰੋਨਾਲਡੋ ਨੇ ਜੁਵੈਂਟਸ ਦੀ ਬੜ੍ਹਤ ਦੁੱਗਣੀ ਕਰ ਦਿੱਤੀ।

ਏਸੀ ਮਿਲਾਨ ਨੇ ਇਸ ਤੋਂ ਬਾਅਦ ਮੈਚ ਦਾ ਪਾਸਾ ਪਲਟਨ ਵਿਚ ਦੇਰ ਨਹੀਂ ਕੀਤੀ। ਪਹਿਲਾਂ ਇਬ੍ਰਾਹਿਮੋਵਿਕ ਨੇ 62ਵੇਂ ਮਿੰਟ ਵਿਚ ਪੈਨਲਟੀ ‘ਤੇ ਗੋਲ ਕੀਤਾ ਜਦਕਿ ਇਸ ਤੋਂ ਬਾਅਦ ਫਰੈਂਕ ਕੇਸੀ ਤੇ ਬਦਲਵੇਂ ਰਾਫੇਲ ਲੀਓ ਨੇ ਲਗਾਤਾਰ ਗੋਲ ਕੀਤੇ। ਏਂਟੇ ਰੇਬਿਚ ਨੇ ਖੇਡ ਸਮਾਪਤ ਹੋਣ ਤੋਂ 10 ਮਿੰਟ ਪਹਿਲਾਂ ਮਿਲਾਨ ਵੱਲੋਂ ਚੌਥਾ ਗੋਲ ਕੀਤਾ। ਇਸ ਹਾਰ ਨਾਲ ਜੁਵੈਂਟਸ ਦੇ ਹੁਣ 31 ਮੈਚਾਂ ਵਿਚ 75 ਅੰਕ ਹਨ ਪਰ ਉਸ ਨੇ ਲਾਜੀਓ ‘ਤੇ ਸੱਤ ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ। ਮਿਲਾਨ ਦੇ 31 ਮੈਚਾਂ ਵਿਚ 49 ਅੰਕ ਹੋ ਗਏ ਹਨ ਤੇ ਉਹ ਪੰਜਵੇਂ ਸਥਾਨ ‘ਤੇ ਪੁੱਜ ਗਿਆ ਹੈ।

ਵੇਲੇਂਸੀਆ ਦੀ ਟੀਮ ਨੇ ਲਿਆ ਜਿੱਤ ਦਾ ਸਵਾਦ

ਮੈਡਿ੍ਡ  : ਦੱਖਣੀ ਕੋਰੀਆ ਦੇ ਨੌਜਵਾਨ ਮਿਡਫੀਲਡਰ ਲੀ ਕਾਂਗ ਇਨ ਦੇ 89ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਵੇਲੇਂਸੀਆ ਨੇ ਵੈਲਾਡੋਲਿਡ ਨੂੰ 2-1 ਨਾਲ ਹਰਾ ਦਿੱਤਾ ਜੋ ਉਸ ਦੀ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਪਿਛਲੇ ਚਾਰ ਮੈਚਾਂ ਤੋਂ ਬਾਅਦ ਪਹਿਲੀ ਜਿੱਤ ਹੈ। ਲੀ ਦੇ ਗੋਲ ਨਾਲ ਵੇਲੇਂਸੀਆ ਨੇ ਯੂਰੋਪਾ ਲੀਗ ਵਿਚ ਥਾਂ ਬਣਾਉਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਉਹ ਹੁਣ ਸੱਤਵੇਂ ਸਥਾਨ ‘ਤੇ ਕਾਬਜ ਰੀਅਲ ਸੋਸੀਏਦਾਦ ਤੋਂ ਇਕ ਅੰਕ ਪਿੱਛੇ ਹੈ। ਅਜੇ ਤਿੰਨ ਦੌਰ ਦੇ ਮੈਚ ਖੇਡੇ ਜਾਣੇ ਬਾਕੀ ਹਨ। ਵੇਲੇਂਸੀਆ ਵੱਲੋਂ ਮੈਕਸੀ ਗੋਮੇਜ ਨੇ 30ਵੇਂ ਮਿੰਟ ਵਿਚ ਗੋਲ ਕੀਤਾ ਪਰ ਵਿਕਟਰ ਗਾਰਸੀਆ ਨੇ 47ਵੇਂ ਮਿੰਟ ਵਿਚ ਵਿਚ ਵੈਲਾਡੋਲਿਡ ਨੂੰ ਬਰਾਬਰੀ ਦਿਵਾ ਦਿੱਤੀ। ਇਸ ਵਿਚਾਲੇ ਏਟਲੇਟਿਕੋ ਮੈਡਿ੍ਡ ਨੂੰ ਸੇਲਟਾ ਵੀਗੋ ਨੇ 1-1 ਨਾਲ ਡਰਾਅ ‘ਤੇ ਰੋਕ ਦਿੱਤਾ ਜਿਸ ਨਾਲ ਉਸ ਦੇ ਚੈਂਪੀਅਨਜ਼ ਲੀਗ ਵਿਚ ਥਾਂ ਬਣਾਉਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ।

ਖਿਡਾਰੀਆਂ ਨੂੰ ਗੋਡੇ ਟੇਕ ਕੇ ਬੈਠਣ ਦੀ ਇਜਾਜ਼ਤ

ਲੰਡਨ : ਫੁੱਟਬਾਲ ਐਸੋਸੀਏਸ਼ਨ (ਐੱਫਏ) ਅਗਲੇ ਮਹੀਨੇ ਹੋਣ ਵਾਲੇ ਐੱਫਏ ਕੱਪ ਦੇ ਫਾਈਨਲ ਵਿਚ ਖਿਡਾਰੀਆਂ ਨੂੰ ਗੋਡੇ ਟੇਕ ਕੇ ਬੈਠਣ ਦੀ ਇਜਾਜ਼ਤ ਦੇਵੇਗਾ। ਖਿਡਾਰੀ ਗੋਡੇ ਟੇਕ ਕੇ ਬਲੈਕ ਲਾਈਵਜ਼ ਮੈਟਰ ਦਾ ਸਮਰਥਨ ਕਰਨਗੇ ਤੇ ਨਸਲਵਾਦ ਦਾ ਵਿਰੋਧ ਕਰਨਗੇ। ਮਈ ਵਿਚ ਅਮਰੀਕਾ ਦੇ ਮਿਨੋਪੋਲਿਸ ਸ਼ਹਿਰ ਵਿਚ ਪੁਲਿਸ ਹਿਰਾਸਤ ਵਿਚ ਮਾਰੇ ਗਏ ਸਿਆਹਫਾਮ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਵਿਚ ਬਲੈਕ ਲਾਈਵਜ਼ ਮੈਟਰ ਦਾ ਸਮਰਥਨ ਕੀਤਾ ਜਾ ਰਿਹਾ ਹੈ।