ਬੰਬ ਜਾਂ ਰੋਟੀ

374

ਇਹ ਵਿਸ਼ਾ ਜਿੰਨਾ ਸੌਖਾ ਅਤੇ ਸਰਲ ਲੱਗਦਾ ਹੈ ਉਨਾ ਹੈ ਨਹੀਂ। ਇਸ ਗੁੰਝਲਦਾਰ ਵਿਸ਼ੇ ਨੇ ਆਪਣੇ ਅੰਦਰ ਝਾਤੀ ਮਾਰਨ ਲਈ ਸਾਨੂੰ ਇੱਕ ਸਮਾਂ ਦਿੱਤਾ ਹੈ ਆਉ ਸੋਚੀਏ ਕੀ ਹੋਣਾ ਚਾਹੀਦਾ ਹੈ ਅਤੇ ਕੀ ਹੋ ਰਿਹਾ ਹੈ,?
 ਸਿਆਣੇ ਕਹਿੰਦੇ ਹਨ ਕਿ ਭੁੱਖੇ ਅੱਗੇ ਸਵਾਲ ਪਾਈਏ ਉਸ ਦਾ ਜਵਾਬ ਹੁੰਦਾ ਹੈ ਟੁੱਕ ਜਾਂ ਰੋਟੀ। ਅੱਜ ਪੂਰੇ ਵਿਸ਼ਵ ਦੇ ਅੰਦਰ ਇਹੀ ਸਵਾਲ ਖੜਾ ਹੈ। ਨਿੱਤ  ਦਿਨ ਅਖਬਾਰਾਂ ਵਿੱਚ, ਟੈਲੀਵਿਜ਼ਨ ਚੈਨਲਾਂ ਤੇ ਇਹ ਆਮ ਹੀ ਵਿਖਾਇਆ ਜਾਂਦਾ ਹੈ ਕਿ ਵਿਸ਼ਵ ਭਰ ਦੇ ਕਿਰਤੀ ਲੋਕ ਭੁੱਖ ਕਾਰਨ ਮੌਤ ਦੇ ਮੂੰਹ ਵੱਲ ਜਾ ਰਹੇ ਹਨ। ਪਰ ਰੌਲਾ ਸਿਰਫ਼ ਕੋਰੋਨਾ ਵਾਇਰਸ ਦਾ ਪਾਇਆ ਜਾ ਰਿਹਾ ਹੈ। ਹੁਣ ਸਵਾਲ ਇਹ ਵੀ ਪੈਦਾ ਹੋ ਰਿਹਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ? ਕੀ ਵਿਸ਼ਵ ਵਿੱਚ ਖਾਣ ਪੀਣ ਦੀਆਂ ਵਸਤਾਂ ਦੀ ਘਾਟ ਹੋ ਗਈ ਹੈ? ਇਸ ਦਾ ਸਪਸ਼ਟ ਜਵਾਬ ਨਹੀਂ ਵਿੱਚ ਹੈ। ਇਹ ਸਿਰਫ਼ ਆਰਥਿਕ ਸਾਧਨਾ ਦੀ ਕਾਣੀ  ਵੰਡ ਹੈ। ਕੁਦਰਤ ਨੇ ਧਰਤੀ ਤੇ ਪੈਦਾ ਹੋਣ ਵਾਲੇ ਸਾਰੇ ਇਨਸਾਨਾਂ ਅਤੇ ਜਾਨਵਰਾਂ ਤੱਕ ਲਈ ਆਪਣੇ ਕੁਦਰਤੀ ਸੋਮਿਆਂ ਤੇ ਹਰੇਕ ਲਈ ਬਰਾਬਰ ਦਾ ਅਧਿਕਾਰ ਦਿੱਤਾ ਸੀ। ਪਰ ਇਸ ਧਰਤੀ ਤੇ ਚਾਲਾਕ ਲੋਕਾਂ ਜਿੰਨ੍ਹਾਂ ਵਿੱਚ ਹੁਣ ਦੇ ਸਮੇਂ ਵਿੱਚ ਸਿਆਸਤਦਾਨ, ਸਰਮਾਏਦਾਰ ਅਖੌਤੀ ਉਚ ਜਾਤੀ, ਅਫਸਰਸ਼ਾਹੀ ਅਤੇ ਉਨ੍ਹਾਂ ਦੇ ਜੁੱਤੀ ਚੱਟ ਚੇਲੇ ਬਾਲਕੇ ਅਤੇ ਕੁਝ ਨੌਕਰਸ਼ਾਹ ਆਉਂਦੇ ਹਨ।ਇੰਨ੍ਹਾਂ ਸਾਰਿਆਂ ਨੇ ਰਲਕੇ ਇੱਕ ਅਜਿਹਾ  ਲੁਟੇਰਾ ਮਾਫੀਆ ਗ੍ਰੋਹ ਬਣਾ ਲਿਆ ਹੈ ਜੋ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲੱਗ ਪਿਆ ਹੈ। ਕੁਦਰਤ ਦੇ ਬਰਾਬਰੀ ਦੇ ਅਧਿਕਾਰ ਨੂੰ ਤਹਿਸ਼ ਨਹਿਸ਼ ਕਰਨ ਤੇ ਤੁੱਲ ਗਿਆ ਹੈ।
ਮਨੁੱਖੀ ਜੀਵਨ ਚੱਲਦਾ ਰੱਖਣ ਲਈ ਉਸ ਦੀਆਂ ਤਿੰਨ ਮੁੱਖ ਲੋੜਾਂ ਸਨ ਕੁੱਲੀ, ਗੁੱਲੀ ਅਤੇ ਜੁੱਲੀ ।ਪਰ ਜਿਉਂ ਜਿਉਂ ਸਮਾਂ ਬਦਲਦਾ ਗਿਆ ਅਤੇ ਮਨੁੱਖ ਦੀ ਸੋਝੀ ਵਿਕਾਸ ਕਰਦੀ ਗਈ ਇਹ ਲੋੜਾਂ ਇੱਛਾਵਾਂ ਵਿੱਚ ਬਦਲਦੀਆਂ ਗਈਆਂ ਅਤੇ ਲੁੱਟ ਖਸੁੱਟ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਸਿਲਸਿਲੇ ਨੂੰ ਬਰਕਰਾਰ ਰੱਖਣ ਲਈ ਇਸ ਲੁਟੇਰੇ ਮਾਫੀਆ ਗ੍ਰੋਹ ਨੂੰ ਆਪਣੀ ਜਾਨ ਤੇ ਮਾਲ ਦੀ ਰਾਖੀ ਲਈ ਭਰੋਸੇਯੋਗ ਸਾਥੀਆਂ ਦੀ ਮਦਦ ਦੀ ਲੋੜ ਸੀ। ਜਿਸ ਵਿੱਚੋਂ ਨਿਕਲੇ ਪ੍ਰਾਈਵੇਟ ਬਾਕਸਰ ਅਤੇ ਸੁਰੱਖਿਆ ਬਲ ਜੋ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਇੰਨ੍ਹਾਂ ਦੇ ਇਸ਼ਾਰਿਆਂ ਤੇ ਚੱਲਣ ਲਈ ਮਜ਼ਬੂਰ ਹੈ।  ਇਹ ਚਲਾਕ ਮੁੱਠੀ ਭਰ ਸਨ ਅਤੇ ਇਨ੍ਹਾਂ ਖਿਲਾਫ਼ ਸੀ ਵਿਸ਼ਾਲ ਲੋਕਾਈ। ਇਸੇ ਵਿੱਚੋਂ ਨਿਕਲੇ ਹਥਿਆਰ ਅਤੇ ਬੰਬ ਬੰਦੂਕਾਂ।
ਮੁੱਖ ਲੋੜ ਰੋਟੀ ਨੂੰ ਬੰਬ ਵਿੱਚ ਬਦਲ ਦਿੱਤਾ ਗਿਆ ਅਤੇ ਕੁਦਰਤ ਦੇ ਵਿਕਾਸ ਨੂੰ ਵਾਢਾ ਲਾ ਕੇ ਉਸ ਨੂੰ ਮੁੱਠੀ
ਭਰ ਲੁਟੇਰਿਆਂ ਨੇ ਵਿਨਾਸ਼ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਜੋ ਕਿ ਅੱਜ ਤੱਕ ਬਾਦਸਤੂਰ ਜਾਰੀ ਹੈ।
ਅੱਜ ਅਖੌਤੀ ਕੋਰੋਨਾ ਵਾਇਰਸ ਦਾ ਹਊਆ ਬਣਾ ਕੇ ਇਸ ਦੇਸ਼ ਦੇ ਕਿਰਤੀ ਲੋਕਾਂ ਨੂੰ ਭੁੱਖੇ ਮਾਰਨ ਦੀ ਕੋਝੀ ਚਾਲ ਚੱਲੀ ਗਈ ਹੈ। ਪੂਰੇ ਵਿਸ਼ਵ ਨੂੰ ਇੰਨ੍ਹਾਂ ਸਰਮਾਏਦਾਰਾਂ ਤੇ ਸਿਆਸਤਦਾਨਾਂ ਨੇ ਰਲ਼ ਕੇ ਇੱਕ ਬਰੂਦ ਦੇ ਢੇਰ ਤੇ  ਬਿਠਾ ਦਿੱਤਾ ਹੈ। ਹਰ ਮੁਲਕ ਕੋਲ ਹਥਿਆਰਾਂ ਦੇ ਅੰਬਾਰ ਲੱਗੇ ਹੋਏ ਹਨ।ਇਹ ਸਿਆਸਤਦਾਨ ਮਰਨ ਤੋਂ ਬਚਣ ਲਈ ਹਥਿਆਰਾਂ ਤੇ ਅੰਨ੍ਹੇਵਾਹ ਪੈਸਾ ਖਰਚ ਕਰ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਢਿੱਡ ਭਰਨ ਲਈ ਅਤੇ ਜਿਉਂਦੇ ਰਹਿਣ ਲਈ ਆਨਾਜ ਪੈਦਾ ਕੀਤਾ ਜਾਂਦਾ।ਕੁਦਰਤ ਨੇ ਇਸ ਲਈ ਧਰਤੀ , ਫ਼ਸਲਾਂ ਲਈ ਅਨਕੂਲ ਵਾਤਾਵਰਣ ਅਤੇ ਜਲਵਾਯੂ ਦਿੱਤਾ ਸੀ ਪਰ ਇਸ ਨੇ ਕਾਰਖਾਨੇ ਉਸਾਰ ਕੇ ਮੌਤ ਦਾ ਸਮਾਨ ਬੰਬ ਬੰਦੂਕਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਰੇਕ ਮੁਲਕ ‘ਤੇ ਵਿਕਸਤ ਅਤੇ ਵਿਕਾਸਸ਼ੀਲ ਦਾ ਫੱਟਾ ਲਾ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਅਮਰੀਕਾ ਆਪਣੇ ਦੇਸ਼ ਦਾ ਸਭ ਤੋਂ ਵੱਧ ਪੈਸਾ ਸੁਰੱਖਿਆ ਦੀ ਆੜ ਹੇਠਾਂ 732 ਅਰਬ ਡਾਲਰ ਦੂਜੇ ਨੰਬਰ ਤੇ ਚੀਨ 712 ਅਰਬ ਡਾਲਰ ਅਤੇ ਤੀਜੇ ਨੰਬਰ ਤੇ ਭਾਰਤ ਹੈ  ਜਿਸਦਾ ਕੋਈ ਉਸੇ ਤਰ੍ਹਾਂ ਹਿਸਾਬ ਕਿਤਾਬ ਨਹੀਂ ਜਿਸ ਤਰ੍ਹਾਂ ਮੋਦੀ ਦੇ ਕੋਰੋਨਾ ਰਾਹਤ ਕੋਸ਼ ਵਿੱਚ ਆ ਰਹੇ ਪੈਸਿਆਂ, ਨੋਟਬੰਦੀ ਦੌਰਾਨ ਆਰ ਬੀ ਆਈ ਦੇ ਖ਼ਜ਼ਾਨੇ ਵਿੱਚ ਆਏ ਪੁਰਾਣੇ ਨੋਟਾਂ ਅਤੇ ਭਾਰਤ ਵਿਚਲੇ ਕਾਲੇ ਧਨ ਦਾ ਕੋਈ ਅਤਾ ਪਤਾ ਨਹੀਂ ਹੈ। ਸਾਡੇ ਦੇਸ਼ ਦੇ ਸਿਆਸਤਦਾਨ ਤਾਂ ਇਹ ਜਾਨਲੇਵਾ ਸਾਜੋ ਸਮਾਨ ਖਰੀਦਣ ਲਈ ਪੈਸਾ ਇਕੱਠਾ ਕਰਨ ਲਈ ਵੀ ਭ੍ਰਿਸ਼ਟਾਚਾਰ ਦੇ ਸਭ ਹੱਦਾਂ ਬੰਨੇ ਵੀ ਟੱਪ ਜਾਂਦੇ ਹਨ। ਅਤੇ ਫਰਾਂਸ ਜਾ ਕੇ ਰਫਾਲ ਜਹਾਜ਼ ਦੇ ਪਹੀਆਂ ਥੱਲੇ ਨਿੰਬੂ ਰੱਖਕੇ ਅਤੇ ਨਾਰੀਅਲ ਤੋੜਨ ਜਿਹੀ ਹਰਕਤ ਕਰਕੇ ਪੂਰੇ ਵਿਸ਼ਵ ਵਿੱਚ ਵਿਗਿਆਨ ਦੀ ਹੇਠੀ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ।
ਪਰ ਦੂਜੇ ਪਾਸੇ ਸਿਹਤ ਤੇ ਹੋ ਰਹੇ ਖਰਚੇ ਤੇ ਨਜ਼ਰ ਮਾਰੀਏ ਤਾਂ ਭਾਰਤ ਨੇ ਸਿਹਤ ਬੱਜਟ ਤੇ ਸਿਰਫ਼ 69 ਹਜ਼ਾਰ ਕਰੋੜ ਰੁਪਏ ਹੀ ਰੱਖੇ ਹਨ ਅਤੇ ਆਯੂਸ਼ਮਨ ਯੋਜਨਾ ਦੇ 6 ਹਜ਼ਾਰ 400 ਕਰੋੜ ਰੁਪਏ ਵੀ ਇਸ ਵਿੱਚ ਸ਼ਾਮਿਲ ਹਨ। ਭਾਰਤ ਦੀ ਆਬਾਦੀ ਲਗਭਗ 131 ਕਰੋੜ ਦੇ ਕਰੀਬ ਹੈ। ਇਹ ਬੱਜਟ ਦਾ ਪ੍ਰਤੀ ਵਿਅਕਤੀ ਖ਼ਰਚ 500 ਰੁਪੈ ਤੋਂ ਵੀ ਘੱਟ ਬਣਦਾ ਹੈ। ਤੁਸੀਂ ਖੁਦ ਸੋਚੋ ਜਿਸ ਵਿੱਚ ਜਿਉਂਣ ਲਈ ਪੈਸੇ ਘੱਟ ਅਤੇ ਮੌਤ ਦਾ ਸਮਾਨ ਖਰੀਦਣ ਲਈ ਬੇਥਾਹ ਪੈਸੇ ਖਰਚ ਕੀਤੇ ਜਾ ਰਹੇ ਹੋਣ ਉਹ ਦੇਸ਼ ਵਿਕਾਸ ਕਰੇਗਾ  ਜਾਂ ਉਸ ਦੇਸ਼ ਦਾ ਵਿਨਾਸ਼ ਹੋਵੇਗਾ?  ਇਹ ਲੁਟੇਰੇ ਨਹੀਂ ਜਾਣਦੇ ਕਿ ਕੁਦਰਤ ਆਪਣੇ ਆਪ ਨੂੰ ਖੁਦ ਹੀ ਸਮਤੋਲ ਬਣਾਉਣ ਦੇ ਸਮਰੱਥ ਹੈ।ਉਸ ਨੇ ਭੋਜਨ ਲੜੀ ਅਤੇ ਜਨਮ ਮੌਤ ਆਪਣੇ ਕੰਟਰੌਲ ਹੇਠ ਰੱਖੀ ਹੋਈ ਹੈ। ਇਤਿਹਾਸ ਪੜ੍ਹ ਲੈਣਾ ਕਦੇ ਹੜ੍ਹ, ਭੁਚਾਲ, ਅਤੇ ਪਲੇਗ ਵਰਗੀਆਂ ਬਿਮਾਰੀਆਂ ਪੈਦਾ ਕਰਕੇ ਧਰਤੀ ਤੇ ਸਮਤੋਲ ਬਣਾਇਆ ਹੋਇਆ ਹੈ।  ਲੁਟੇਰੇ ਇਹ ਜੋ ਬਣਾਉਟੀ ਜਿਹਾ ਕੋਰੋਨਾ ਵਾਇਰਸ ਦਾ ਹਊਆ ਖੜ੍ਹਾ ਕਰ ਕੇ ਕੁਦਰਤ ਦੇ ਸਾਜੇ ਲੋਕਾਂ ਦਾ ਘਾਣ ਕਰ ਰਹੇ ਹਨ ਇਸ ਦਾ ਉਨ੍ਹਾਂ ਨੂੰ ਇੱਕ ਦਿਨ ਹਿਸਾਬ ਕਿਤਾਬ ਜਰੂਰ ਦੇਣਾ ਪਵੇਗਾ। ਅਜੇ ਵੀ ਵੇਲਾ ਹੈ ਸੰਭਲ ਜਾਓ। ਡੁੱਲੇ ਬੇਰਾਂ ਦਾ ਕੁੱਝ ਵੀ ਨਹੀਂ ਵਿਗੜਿਆ ।ਧਾਰਮਿਕ ਸਥਾਨਾਂ ਵਿੱਚ ਪਿਆ ਸੋਨਾ ਬਾਹਰ ਕੱਢ ਕੇ ਲੋਕਾਂ ਦੀ ਭਲਾਈ ਲਈ ਵਰਤ ਲਵੋ। ਯਾਦ ਕਰੋ ਸੋਮਨਾਥ ਮੰਦਰ ਬਾਰੇ ਜਿਸ ਨੂੰ ਕੁਦਰਤ ਦੇ ਪੈਦਾ ਕੀਤੇ ਮਹਿਮੂਦ ਗਜ਼ਨਵੀ ਨੇ ਸਤਾਰਾਂ ਵਾਰ ਲੁੱਟਿਆ ਸੀ। ਜੇਕਰ ਤੁਹਾਡੇ ਕਾਰੇ ਵੇਖ ਕੇ ਕੁਦਰਤ ਕਹਿਰਵਾਨ ਹੋ ਗਈ। ਕਿਤੇ ਮੰਦਰਾਂ ਵਿੱਚ ਪਿਆ ਸੋਨਾ ਵੀ ਹੜੱਪਾ ਮਹਿਜੋਦੜੋ ਵਾਂਗ ਪੁਰਾਤਨ ਕਾਲ ਨਾ ਬਣ ਜਾਵੇ। ਜਾਂ ਫਿਰ ਭੁੱਖ ਨਾਲ ਮਰ ਰਹੇ ਕਿਰਤੀ ਲੋਕ ਹੀ ਮਹਿਮੂਦ ਗਜ਼ਨਵੀ ਬਣਨ ਲਈ ਮਜ਼ਬੂਰ ਨਾ ਹੋ ਜਾਣ। ਮਨੁੱਖਤਾ ਦਾ ਘਾਣ ਕਰਨ ਵਾਲੇ ਬੰਬ ਬਣਾਉਣ ਦੀ ਥਾਂ  ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਚਾਉਣ ਲਈ ਰੋਟੀ ਦਾ ਪ੍ਰਬੰਧ ਕਰੋ।
ਹਿਟਲਰ ਨਾ ਬਣੋ ਹਿਟਲਰ ਦਾ ਅੰਤ ਬਹੁਤ ਮਾੜਾ ਹੋਇਆ ਸੀ ਅਤੇ ਉਸ ਨੂੰ ਖ਼ੁਦਕਸ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ ਕਿਤੇ …………?
ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰ 9417394805