ਭਗਤ ਸਿੰਘ ਦੇ ਸੁਪਨਿਆਂ ਦਾ ਬਣੇ ਦੇਸ਼, ਨਹੀਂ ਚਾਹੁੰਦੀ ਮੋਦੀ ਹਕੂਮਤ

677

ਮੋਦੀ ਸਰਕਾਰ ਦੇ ਵੱਲੋਂ ਜਦੋਂ ਤੋਂ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਅੰਦਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਭਾਵੇਂ ਹੀ ਇਸ ਪ੍ਰਦਰਸ਼ਨ ਦੇ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਦੇ ਵੱਲੋਂ ਲਾਠੀਆਂ ਵੀ ਵਰਾਹੀਆਂ ਜਾ ਰਹੀਆਂ ਹਨ, ਪਰ ਫਿਰ ਵੀ ਪ੍ਰਦਰਸ਼ਨਕਾਰੀ ਪਿੱਛੇ ਨਹੀਂ ਹੱਟ ਰਹੇ ਅਤੇ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਹਨ। ਮੋਦੀ ਹਕੂਮਤ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਅੱਤਵਾਦੀ ਤੇ ਵੱਖਵਾਦੀ ਕਿਹਾ ਜਾ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ।  ਜੇਕਰ ਹਕੂਮਤ ਦੇ ਵਿਰੁੱਧ ਪ੍ਰਦਰਸ਼ਨ ਕਰਨਾ ਅੱਤਵਾਦੀ ਹੈ ਜਾਂ ਫਿਰ ਵੱਖਵਾਦੀ ਹੈ ਤਾਂ, ਸਿਆਸੀ ਲੀਡਰ ਵੀ ਸਰਕਾਰਾਂ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹਨ, ਫਿਰ ਹਕੂਮਤ ਉਨ੍ਹਾਂ ਨੂੰ ਕਿਉਂ ਨਹੀਂ ਅੱਤਵਾਦੀ ਕਹਿੰਦੀ? ਦੋਸਤੋ, ਨਾਗਰਿਕਤਾ ਸੋਧ ਬਿੱਲ ਦਾ ਅਸਾਮ, ਪੰਜਾਬ, ਬੰਗਾਲ, ਦਿੱਲੀ ਤੋਂ ਇਲਾਵਾ ਹੋਰਨਾਂ ਕਈ ਸੂਬਿਆਂ ਦੇ ਵਿੱਚ ਵਿਰੋਧ ਹੋ ਰਿਹਾ ਹੈ, ਪਰ ਸਰਕਾਰ ਇਸ ਬਿੱਲ ਨੂੰ ਰੱਦ ਕਰਨ ਦੇ ਲਈ ਕੋਈ ਵੀ ਨੀਤੀ ਨਹੀਂ ਅਪਣਾ ਰਹੀ, ਜਿਸਦੇ ਕਾਰਨ ਲੋਕਾਂ ਵਿੱਚ ਰੋਸ ਹੈ। ਦੱਸ ਦਈਏ ਕਿ ਮੋਦੀ ਹਕੂਮਤ ਦੇ ਵੱਲੋਂ ਜਿਵੇਂ ਆਰਐਸਐਸ ਦੇ ਆਗੂ ਰਹਿ ਚੁੱਕੇ ਸਾਵਰਕਰ ਨੂੰ ਭਾਰਤ ਦਾ ਸਭ ਤੋਂ ਮਹਾਨ ਨੇਤਾ ਤੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਪਾਉਣ ਵਾਲਾ ਨੌਜਵਾਨ ਮੰਨਿਆ ਜਾ ਰਿਹਾ ਹੈ। ਮੋਦੀ ਹਕੂਮਤ ਦੇ ਵੱਲੋਂ ਸਾਵਰਕਰ ਦੀ ਸੋਚ ਮੁਤਾਬਿਕ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਧਕੇਲਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਸ਼ਹੀਦ ਭਗਤ ਸਿੰਘ, ਜਿਨ੍ਹਾਂ ਦੇ ਵੱਲੋਂ ਅੰਗਰੇਜ਼ ਹਕੂਮਤ ਦੇ ਵਿਰੁੱਧ ਟੱਕਰ ਲਈ ਗਈ। ਉਸਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਦੇ ਲਈ ਸਰਕਾਰ ਕਈ ਪ੍ਰਕਾਰ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਦੱਸ ਦਈਏ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਗਰਦੀ ਬਾਬਿਆਂ ਅਤੇ ਬੱਬਰ ਅਕਾਲੀਆਂ ਦੇ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਗਿਆ। ਪਰ ਮੋਦੀ ਹਕੂਮਤ ਦੇ ਵੱਲੋਂ ਇਨ੍ਹਾਂ ਸਾਰਿਆਂ ਨੂੰ ਪਾਸੇ ਰੱਖ ਕੇ ਸਾਵਰਕਰ ਦੀ ਗੱਲ ‘ਤੇ ਗੌਰ ਕੀਤਾ ਜਾ ਰਿਹਾ ਹੈ ਅਤੇ ਆਰਐਸਐਸ ਦੀ ਚਾਲ ਮੁਤਾਬਿਕ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਕਨ੍ਹਈਆ ਕੁਮਾਰ ਨੇ ਇੱਕ ਅਜਿਹਾ ਬਿਆਨ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਆਰਐਸਐਸ ਵੀ ਕੰਬ ਉੱਠਿਆ। ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੀ ਸੱਚ ਬੋਲਦੇ ਹਨ, ਪਰ ਮੋਦੀ ਹਕੂਮਤ ਦੇ ਵੱਲੋਂ ਉਨ੍ਹਾਂ ਨੂੰ ਵੀ ਏਜੰਸੀਆਂ ਦਾ ਏਜੰਟ ਦੱਸਿਆ ਜਾ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ। ਕਨ੍ਹਈਆ ਕੁਮਾਰ ਨੇ ਬਿਆਨ ਜਾਰੀ ਕਰਦਿਆਂ ਪਿਛਲੇ ਦਿਨੀਂ ਕਿਹਾ ਕਿ ਮੋਦੀ ਹਕੂਮਤ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਸਾਫ਼ ਕਿਹਾ ਕਿ “ਅਸੀਂ ਸਾਵਰਕਰ ਦੇ ਸੁਪਨਿਆ ਦਾ ਨਹੀਂ, ਸਗੋਂ ਭਗਤ ਸਿੰਘ ਅਤੇ ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੈ”। ਉਨ੍ਹਾਂ ਨੇ ਐਨਆਰਸੀ ਦੇ ਨਤੀਜਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਹਿੰਦੂ-ਮੁਸਲਮਾਨ ਦਾ ਮਾਮਲਾ ਨਹੀਂ, ਸਗੋਂ ਇਹ ਸੰਵਿਧਾਨ ਨਾਲ ਜੁੜਿਆ ਮਸਲਾ ਹੈ। ਸੰਵਿਧਾਨ ਨੂੰ ਖ਼ਰਾਬ ਹੋਣ ਤੋਂ ਬਚਾਉਣ ਦਾ ਮਾਮਲਾ ਹੈ। ਸੀਏਏ ਦੇ ਵਿਰੋਧ ਵਿੱਚ ਕੀਤੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਨ੍ਹਈਆ ਕੁਮਾਰ ਨੇ ਕਿਹਾ, “ਇਹ ਲੜਾਈ ਇੱਕ ਦਿਨ ਦੀ ਨਹੀਂ, ਬਲਕਿ ਇਹ ਲੰਬੀ ਚੱਲੇਗੀ”। ਦੋਸਤੋ, ਵੇਖਿਆ ਜਾਵੇ ਤਾਂ ਕਨ੍ਹਈਆ ਕੁਮਾਰ ਅਤੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਕਦੇ ਵੀ ਝੂਠ ਨਹੀਂ ਬੋਲਦੇ ਅਤੇ ਨਾ ਹੀ ਕਦੇ ‘ਨਿਊਜ਼ਨੰਬਰ’ ਝੂਠ ਪ੍ਰਕਾਸ਼ਿਤ ਕਰਦਾ ਹੈ, ਪਰ ਹਕੂਮਤ ਦੇ ਵੱਲੋਂ ਜਿਸ ਪ੍ਰਕਾਰ ਦੇਸ਼ ਨੂੰ ਤੋੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਇਸਦਾ ਮਤਲਬ ਸਾਫ਼ ਹੈ ਕਿ ਆਰਐਸਐਸ ਦੇ ਇਸ਼ਾਰੇ ‘ਤੇ ਸਰਕਾਰ ਦੇ ਵੱਲੋਂ ਸਾਵਰਕਰ ਦੀ ਸੋਚ ਵਾਲਾ ਭਾਰਤ ਬਣਾਇਆ ਜਾ ਰਿਹਾ ਹੈ, ਜਦਕਿ ਭਗਤ ਸਿੰਘ ਅਤੇ ਡਾ. ਬੀਆਰ ਅੰਬੇਡਕਰ ਦੀ ਸੋਚ ਵਾਲੇ ਭਾਰਤ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।