ਭਾਰਤ ‘ਚ ਚੀਨੀ ਐਪ ਬੈਨ ਦਾ ਅਸਰ, Zoom app ਨੇ ਚੀਨ ਦੇ ਨਿਵੇਸ਼ ਤੇ ਹਾਇਰਿੰਗ ਤੋਂ ਬਣਾਈ ਦੂਰੀ

235

ਨਵੀਂ ਦਿੱਲੀ :

ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਚੀਨ ਖ਼ਿਲਾਫ਼ ਭਾਰਤ ‘ਚ ਇਕ ਮਾਹੌਲ ਤਿਆਰ ਹੋ ਗਿਆ ਹੈ। ਅਜਿਹੇ ‘ਚ ਅਮਰੀਕੀ ਸੋਸ਼ਲ ਵੀਡੀਓ ਕਾਨਫਰੰਸਿਗ ਐਪ ਜ਼ੂਮ (Zoom) ਨੇ ਚੀਨੀ ਨਿਵੇਸ਼ ਤੇ ਚੀਨ ਦੇ ਲੋਕਾਂ ਦੀ ਹਾਇਰਿੰਗ ਨਾ ਕਰਨ ਦਾ ਐਲਾਨ ਕੀਤਾ ਹੈ।

ਜ਼ੂਮ ਨੇ ਸਾਫ਼ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਭਾਰਤ ‘ਚ ਲੋਕਲ ਟੈਲੇਂਟ ਨੂੰ ਮੌਕਾ ਦਿੱਤਾ ਜਾਵੇਗਾ। ਜ਼ੂਮ ਨੇ ਦੱਸਿਆ ਕਿ ਭਵਿੱਖ ‘ਚ ਚੀਨ ਵਿਚ ਆਉਣ ਵਾਲੇ ਨਿਵੇਸ਼ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ। ਜ਼ੂਮ ਐਪ ਦੇ ਪ੍ਰੈਜ਼ੀਡੈਂਟ (ਇੰਜੀਨੀਅਰਿੰਗ ਐਂਡ ਪ੍ਰੋਡਕਟ) Velchamy Sankarlingam ਨੇ ਕਿਹਾ ਕਿ ਜ਼ੂਮ ਲਈ ਭਾਰਤ ਇਕ ਵੱਡਾ ਬਾਜ਼ਾਰ ਹੈ।

ਖ਼ਾਸਕਰ ਜ਼ੂਮ ਐਪ ਦੇ ਚੀਨੀ ਕੁਨੈਕਸ਼ਨ ਨੂੰ ਲੈ ਕੇ ਭਾਰਤ ਅਜੇ ਭੰਬਲਭੂਸੇ ਦੀ ਹਾਲਤ ‘ਚ ਹੈ ਤੇ ਸੋਸ਼ਲ ਮੀਡੀਆ ‘ਤੇ ਜ਼ੂਮ ਐਪ ਨੂੰ ਬੈਨ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਭਾਰਤ ‘ਚ ਵੀਡੀਓ ਕਾਨਫਰੰਸਿਗ ਲਈ ਮਸ਼ਹੂਰ ਪਲੈਟਫਾਰਮ ਜ਼ੂਮ ਦੇ ਇਸਤੇਮਾਲ ਨੂੰ ਲੈ ਕੇ ਪਿਛਲੇ ਮਹੀਨੇ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਇਸ ਦੀ ਵਰਤੋਂ ਨੂੰ ਲੈ ਕੇ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਸੀ। ਉਥੇ ਹੀ 59 ਚੀਨੀ ਐਪ ਬੈਨ ਹੋਣ ਤੋਂ ਬਾਅਦ ਭਾਰਤ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਜ਼ੂਮ ਦੇ ਬਾਇਕਾਟ ਦੀ ਮੁਹਿੰਮ ਸ਼ੁਰੂ ਹੋ ਗਈ ਸੀ।

ਅਜਿਹੇ ‘ਚ ਜ਼ੂਮ ਨੇ ਸਪੱਸ਼ਟ ਕੀਤਾ ਕਿ ਜ਼ੂਮ ਇਕ ਅਮਰੀਕੀ ਕੰਪਨੀ ਹੈ, ਜਿਸ ਦਾ ਹੈੱਡਕੁਆਰਟਰ ਕੈਲੀਫੋਰਨੀਆ ਦੇ ਸੈਨਜੋਸ ‘ਚ ਹੈ। ਇਸ ਤੋਂ ਇਲਾਵਾ ਇਕ ਤਕਨਾਲੋਜੀ ਕੰਪਨੀ ਹੋਣ ਨਾਤੇ ਜ਼ੂਮ ਦਾ ਚੀਨ ‘ਚ ਇਕ ਦਫ਼ਤਰ ਹੈ।

ਜ਼ੂਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਪ ‘ਚ ਭਾਰਤੀ ਹਿੱਸੇਦਾਰੀ ਨੂੰ ਵਧਾਇਆ ਜਾਵੇਗਾ, ਜੋ ਭਾਰਤ ਦੀ ਡਿਜੀਟਲ ਇੰਡੀਆ, ਸਟਾਰਟਅਪ ਇੰਡੀਆ, ਸਕਿੱਲ ਇੰਡੀਆ ਮੁਹਿੰਮ ਨੂੰ ਅੱਗੇ ਵਧਾਏਗਾ।