ਕਿਸੇ ਸਮੇਂ ਸੰਤ ਰਾਮ ਉਦਾਸੀ ਨੇ ਕਿਹਾ ਸੀ “ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ” । ਪਰ ਹੁਣ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਅਤੇ ਸਾਡੀਆਂ ਸਰਕਾਰਾਂ ਵੱਲੋਂ ਇਹਨਾ ਕੰਮੀਆਂ / ਕਿਰਤੀਆਂ ਦੀ ਸਾਰ ਨਾ ਲੈਣਾ ਅਤੇ ਇਹਨਾਂ ਨੂੰ ਆਪਣੇ ਹਾਲ ‘ ਤੇ ਛੱਡ ਦੇਣ ਕਰਕੇ ਇਹਨਾਂ ਨੂੰ ਹੁਣ ਸੂਰਜ ਤੋਂ ਹੀ ਡਰ ਲੱਗਣ ਲੱਗ ਪਿਆ ਹੈ । ਇਸੇ ਕਰਕੇ ਹੁਣ ਇਹ ਆਪਣੀ ਜੰਮਣ ਭੋਇ ਦੀ ਖਿੱਚ ਕਰਕੇ ਅਤੇ ਆਪਣੀਆਂ ਕੰਮ ਕਾਰ ਵਾਲੀਆ ਥਾਵਾਂ ਛੱਡ ਕੇ ਕਿਸੇ ਨਾ ਕਿਸੇ ਤਰਾਂ ਆਪਣੇ ਜੱਦੀ ਪਿੰਡਾਂ ਨੂੰ ਵਾਪਸ ਚਲੇ ਜਾਣਾ ਚਾਹੁੰਦੇ ਹਨ , ਪਰ ਕਿਰਤੀ ਵਰਗ ਪ੍ਰਸਾਸ਼ਨ ( ਸੂਰਜ ) ਦੇ ਡਰ ਕਾਰਨ ਦਿਨ ਦੀ ਬਜਾਇ ਰਾਤ ਦੇ ਹਨੇਰੇ ‘ ਚ ਸਫ਼ਰ ਕਰਨ ਨੂੰ ਤਰਜ਼ੀਹ ਦੇ ਰਹੇ ਹਨ , ਮਤਾ ਕਿਤੇ ਕੋਈ ਰੁਕਾਵਟ / ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਸਾਡੇ ਅਤੇ ਸਾਡੀਆਂ ਸਰਕਾਰਾ ਲਈ ਕਿੰਨੀ ਸ਼ਰਮਨਾਕ ਗੱਲ ਹੈ ਕਿ ਅਸੀ ਉਸ ਕਿਰਤੀ ਵਰਗ ਦੀ ਸਾਂਭ ਸੰਭਾਲ ਨਹੀਂ ਕਰ ਸਕੇ ਜਿਸ ਦੇ ਸਿਰ ‘ ਤੇ ਦੇਸ਼ ਦੀ ਅਰਥ ਵਿਵਸਥਾ ਦਾ ਪਹੀਆ ਘੁੰਮਦਾ ਹੈ । ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ ਸਾਡੀਆਂ ਸੂਬਾ ਸਰਕਾਰਾ ਕਿਰਤੀ ਵਰਗ ਨੂੰ ਆਪਣੇ ਨਾ ਮੰਨ ਕੇ ਅਤੇ ਉਹਨਾ ਨਾਲ ਅਣਮਨੁੱਖੀ ਵਿਹਾਰ ਕਰਦਿਆਂ ਹੋਇਆ ਸੂਬਿਆ ਦੇ ਬਾਡਰਾਂ ‘ ਤੇ ਰੋਕਿਆ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਪ੍ਰਬੰਧ ਦੇ ਉੱਥੇ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਸਰਕਾਰੀ ਵਾਅਦਿਆਂ / ਦਾਅਵਿਆਂ ਦੇ ਬਾਵਜੂਦ ਵੀ ਇਹਨਾਂ ਕਿਰਤੀਆ ਨੂੰ ਆਪਣੇ ਰੁਜ ਗਾਰ ਤੋਂ ਹੱਥ ਧੋਣੇ ਪਏ ਅਤੇ ਇਹ ਰੋਟੀ ਟੁੱਕ ਤੋਂ ਆਤੁਰ ਹੋਏ ਆਪਣੇ ਪਿਤਰੀ ਪਿੰਡਾਂ ਨੂੰ ਵਾਪਸ ਜਾਣ ਲਈ ਮਜਬੂਰ ਹੋ ਗਏ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਕਿਰਤੀ ਲੋਕ ਇੰਨੀ ਸਖ਼ਤ ਘਾਲਣਾ ਘਾਲਣ ਤੋਂ ਬਾਅਦ ਵੀ ਇੰਨਾ ਨਹੀਂ ਕਮਾ ਸਕੇ ਕਿ ਦੋ ਦਿਨ ਵਿਹਲੇ ਬੈਠ ਕੇ ਖਾ ਸਕਣ ? ਅਤੇ ਚਾਰ ਦਿਨ ਇਹ ਵੀ ਜ਼ਿੰਦਗੀ ਦਾ ਅਨੰਦ ਮਾਣ ਸਕਣ । ਸਾਡੀਆਂ ਸਰਕਾਰਾ ਹਮੇਸ਼ਾ ਦੀ ਤਰਾਂ ਹੀ ਸਰਮਾਏਦਾਰਾ ਦਾ ਪੱਖ ਪੂਰਦੀਆਂ ਆਈਆਂ ਹਨ । ਇੱਕ ਪਾਸੇ ਕਿਰਤੀਆਂ ਦਾ ਰੁਜ਼ਗਾਰ ਖੁੱਸ ਗਿਆ ਹੈ ਅਤੇ ਸਾਡੇ ਦੇਸ਼ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਦੇ ਹੱਕਾਂ ‘ ਤੇ ਡਾਕਾ ਮਾਰਦਿਆਂ , ਉਹਨਾ ਦੀ ਭਲਾਈ ਲਈ ਬਣਾਏ ਦਿਖਾਵੇ ਮਾਤਰ ਲਈ ਬਣਾਏ ਕਾਨੂੰਨ ਵੀ ਰੱਦ ਕਰਕੇ ਕਿਰਤੀਆਂ ਤੋਂ ਬੰਧੂਆ ਮਜ਼ਦੂਰੀ ਕਰਵਾਉਣ ਦੇ ਸਾਰੇ ਪ੍ਰਬੰਧ ਕਰ ਲਏ ਹਨ ।
ਕਾਰਪੋਰੇਟ ਪੱਖੀ ਸਰਕਾਰਾ ਨੇ ਮਜ਼ਦੂਰਾਂ ਦੇ ਕੰਮ ਦਾ ਸਮਾਂ ਵਧਾ ਕੇ 8 ਤੋਂ 12 ਘੰਟੇ ਕਰ ਦਿੱਤਾ ਹੈ ਅਤੇ ਇਸ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਲਗਾਏ ਗਏ ਲੌਕਡਾਉਨ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਹੈ ਤਾਂ ਕਿ ਇਸ ਸਮੇਂ ਦੌਰਾਨ ਮਜ਼ਦੂਰਾਂ ਦੀ ਕਮੀ ਅਤੇ ਘੱਟ ਮਜ਼ਦੂਰਾਂ ਨਾਲ ਵੱਧ ਕੰਮ ਕੀਤਾ ਜਾ ਸਕੇ । ਪਰ ਸਵਾਲ ਇਸ ਗੱਲ ਦਾ ਹੈ ਕਿ ਕੰਮ ਦਾ ਸਮਾਂ ਵਧਾਉਣ ਦੇ ਨਾਲ ਨਾਲ ਉਜਰਤ ਵਧਾਉਣ ਬਾਰੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ । ਮੋਦੀ ਹਕੂਮਤ ਅਤੇ ਸੂਬਿਆ ਦੀਆ ਸਰਕਾਰਾਂ ਗ਼ਰੀਬਾਂ ਦੀ ਸਾਰ ਲੈਣ ਅਤੇ ਉਹਨਾ ਤੱਕ ਰਾਸ਼ਨ ਪੁੱਜਦਾ ਕਰਨ ਦੇ ਦਮਗਜੇ ਮਾਰਦੀਆਂ ਨਹੀਂ ਥੱਕ ਰਹੀਆਂ , ਪਰ ਦੇਸ਼ ਦੇ ਸਾਧਨ ਹੀਣ ਲੋਕਾਂ ਦੇ ਹਾਲਾਤ ਕੁੱਝ ਹੋਰ ਹੀ ਤਸਵੀਰ ਪੇਸ਼ ਕਰ ਰਹੇ ਹਨ ।
ਡਿਜੀਟਲ ਭਾਰਤ ਦੀਆਂ ਕਈ ਤਸਵੀਰਾਂ ਅਜਿਹੀਆਂ ਹਨ ਕਿ ਦੇਖ ਕੇ ਮਨ ਅੰਦਰ ਗ਼ੁੱਸੇ ਦੇ ਭਾਵ ਪੈਦਾ ਹੋਣੇ ਸੁਭਾਵਿਕ ਹੀ ਹਨ, ਕਿ ਕਿਸ ਤਰਾਂ ਆਪਣੇ ਕੰਮ ਖੁੱਸ ਜਾਣ ਤੋਂ ਬਾਅਦ ਭੁੱਖ ਨਾਲ ਕੁੱਝ ਦਿਨ ਤਾਂ ਔਖੇ ਸੌਖੇ ਦਿਨ ਕੱਟੀ ਕੀਤੇ ਪਰ ਪ੍ਰਸਾਸ਼ਨ ਵੱਲੋਂ ਕੋਈ ਮਦਦ ਨਾ ਮਿਲਣ ਕਰਕੇ ਆਪਣੇ ਘਰਾਂ ਨੂੰ ਬਿਨਾਂ ਕਿਸੇ ਸਾਧਨ ਦੇ ਪੈਦਲ ਹੀ ਚੱਲਣ ਲਈ ਮਜਬੂਰ ਹੋ ਕੇ ਆਪਣੇ ਅਣਕਿਆਸੇ ਸਫ਼ਰ ‘ ਤੇ ਚੱਲ ਪਏ । ਬੱਚੇ , ਬੁੱਢੇ , ਜਵਾਨ ਅਤੇ ਇੱਥੋਂ ਤੱਕ ਕਿ ਗਰਭਵਤੀ ਔਰਤਾਂ ਵੀ ਇਸ ਮੁਸ਼ਕਲਾਂ ਭਰੇ ਸਫ਼ਰ ‘ ਤੇ ਚੱਲ ਪਏ , ਬਿਨਾਂ ਇਸ ਨਾਮੁਰਾਦ ਬਿਮਾਰੀ ਦੇ ਡਰ ਤੋਂ , ਕਿਉਂਕਿ ਭੁੱਖ ਦੇ ਦੈਂਤ ਤੋਂ ਬਿਨਾਂ ਉਨ੍ਹਾਂ ਨੂੰ ਕੋਈ ਵੀ ਇੰਨਾ ਭਿਆਨਕ ਅਤੇ ਦਰਦਨਾਕ ਨਹੀਂ ਲੱਗਦਾ ।
ਸਰਕਾਰ ਕਹਿ ਰਹੀ ਹੈ ਕਿ ਮਜ਼ਦੂਰ ਵਰਗ ਨੂੰ ਰਾਸ਼ਨ ਸਮੇਂ ਸਿਰ ਮੁਹੱਈਆ ਕਰ ਦਿੱਤਾ ਗਿਆ ਹੈ ਪਰ ਮਜ਼ਦੂਰ ਇਹ ਕਹਿ ਰਹੇ ਹਨ ਕਿ ਉਹਨਾ ਨੂੰ ਰਾਸ਼ਨ ਮਿਲਦਾ ਹੁੰਦਾ ਤਾਂ ਉਹ ਆਪਣੇ ਕੰਮ ਕਾਰ ਵਾਲੀਆਂ ਥਾਵਾਂ ਛੱਡ ਕੇ ਇਸ ਤਰਾਂ ਸੜਕਾਂ ‘ ਤੇ ਆਉਣ ਲਈ ਮਜਬੂਰ ਨਾ ਹੁੰਦੇ । ਸਾਡੀਆਂ ਸਰਕਾਰਾ ਇਹਨਾਂ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦਾ ਕੋਈ ਪੁਖ਼ਤਾ ਪ੍ਰਬੰਧ ਕਰ ਕੇ ਦੇਣਾ ਤਾਂ ਦੂਰ ਦੀ ਗੱਲ ਕੋਈ ਆਰਜ਼ੀ ਪ੍ਰਬੰਧ ਵੀ ਨਹੀਂ ਕਰਕੇ ਦੇ ਸਕੀਆਂ ਮੋਦੀ ਸਰਕਾਰ ਜਦੋਂ ਦੀ ਹੋਂਦ ‘ ਚ ਆਈ ਹੈ , ਆਮ ਲੋਕਾਂ ਨੂੰ ਲਾਈਨਾਂ ਵਿੱਚ ਲਿਆ ਕੇ ਖੜੇ ਕਰਨਾ ਆਪਣਾ ਅਧਿਕਾਰ ਸਮਝਦੀ ਹੈ |
ਪਹਿਲਾਂ ਤਾਂ ਕਿਰਤੀ ਵਰਗ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਕਿਹਾ ਗਿਆ । ਇਹ ਕੰਮ ਵੀ ਕਿਰਤੀ ਲੋਕਾਂ ਨੇ ਕਿਸੇ ਨਾ ਕਿਸੇ ਤਰਾਂ ਨੇਪਰੇ ਚਾੜ ਲਿਆ। ਫਿਰ ਪੁਲਿਸ ਸਟੇਸ਼ਨਾਂ ‘ ਚ ਲਾਈਨਾਂ ਲਗਵਾਈਆਂ ਅਤੇ ਬਾਅਦ ‘ ਚ ਰੇਲਵੇ ਸਟੇਸ਼ਨਾਂ ‘ ਤੇ ਲਾਈਨਾਂ ਲਗਵਾਈਆਂ , ਪਰ ਕਈ ਮਜ਼ਦੂਰਾਂ ਨੂੰ ਆਪਣੇ ਘਰ ਜਾਣਾ ਨਸੀਬ ਨਹੀਂ ਹੋਇਆ। ਹੁਣ ਤਾਂ ਕਿਰਤੀ ਮਜ਼ਦੂਰ ਵਰਗ ਨੂੰ ਪੈਦਲ ਆਪਣੇ ਘਰਾਂ ਨੂੰ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ । ਦਿੱਲੀ ਤੋਂ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਜਾ ਰਹੇ ਮਜ਼ਦੂਰਾਂ ਨੂੰ ਉਤਰਪ੍ਰਦੇਸ਼ ਦਿੱਲੀ ਸਰਹੱਦ ‘ ਤੇ ਰੋਕ ਲਿਆ ਗਿਆ ਅਤੇ ਦਿੱਲੀ ਪੁਲਸ ਦਾ ਕਹਿਣਾ ਹੈ ਕਿ ਉਹਨਾ ਨੂੰ ਉੱਪਰੋਂ ਹੁਕਮ ਹੈ ਕਿ ਕਿਸੇ ਨੂੰ ਵੀ ਸਰਹੱਦ ਪਾਰ ਨਾ ਕਰਨ ਦਿੱਤੀ ਜਾਵੇ ।
ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਹਨਾਂ ਕਿਰਤੀਆਂ ਨਾਲ ਇਹ ਅਣਮਨੁੱਖੀ ਵਰਤਾਰੇ ਦੀ ਕੋਈ ਪਹਿਲੀ ਘਟਨਾ ਨਹੀਂ ਹੈ । ਇਸ ਤੋਂ ਪਹਿਲਾਂ ਵੀ ਕਈ ਵਾਰ ਇਹਨਾਂ ਨੂੰ ਪੁਲਸੀਆ ਜਬਰ ਦਾ ਸਾਹਮਣਾ ਕਰਨਾ ਪਿਆ ਹੈ । ਪੰਜਾਬ ਸੂਬੇ ‘ ਚ ਸਾਉਣੀ ਦੀ ਫ਼ਸਲ ਝੋਨੇ ਦੀ ਬਿਜਾਈ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਦੀ ਭਾਰੀ ਕਿੱਲਤ ਸਾਫ਼ ਤੌਰ ‘ ਤੇ ਨਜ਼ਰ ਆ ਰਹੀ ਹੈ ।
ਦੂਜੇ ਪਾਸੇ ਕਿਰਤੀ ਮਜ਼ਦੂਰ ਵਰਗ ਇਹ ਜਾਣਦਿਆਂ ਹੋਇਆ ਵੀ ਆਪਣੇ ਪਿਤਰੀ ਪਿੰਡਾਂ ਨੂੰ ਕਿਸੇ ਨਾ ਕਿਸੇ ਤਰਾਂ ਵਾਪਸ ਚਲੇ ਜਾਣਾ ਚਾਹੁੰਦਾ ਹੈ , ਕਿਉਂਕਿ ਇੱਕ ਤਾਂ ਉਹਨਾ ਕਿਰਤੀ ਲੋਕਾਂ ਨੂੰ ਨੇੜ ਭਵਿੱਖ ‘ ਚ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਅਤੇ ਦੂਜਾ ਉਹ ਮਾਨਸਿਕ ਤੌਰ ‘ ਤੇ ਇੰਨਾ ਟੁੱਟ ਚੁੱਕਿਆ ਹੈ ਕਿ ਉਸ ਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ , ਉਸ ਨੂੰ ਇੱਕੋ ਇੱਕ ਆਪਣੇ ਪਿਛਲੇ ਪਿੰਡਾਂ ਨੂੰ ਵਾਪਸ ਜਾਣ ਦਾ ਹੀ ਰਾਹ ਨਜ਼ਰੀ ਆ ਰਿਹਾ ਹੈ , ਜਿੱਥੇ ਕਿਸੇ ਵੇਲੇ ਉਸ ਨੇ ਆਪਣੇ ਬਿਹਤਰ ਉੱਜਵਲ ਭਵਿੱਖ ਲਈ ਪਰਵਾਸ ਦਾ ਕੌੜਾ ਘੁੱਟ ਪੀਣ ਲਈ ਮਜਬੂਰ ਹੋਏ ਸੀ ।
ਕਿਸੇ ਨਾ ਕਿਸੇ ਤਰਾਂ ਉਹਨਾ ਨੇ ਪਿਆਸੇ ਰਹਿ ਕੇ 40 45 ਦਿਨ ਤਾਂ ਔਖੇ ਸੌਖੇ ਕੋਟ ਲਏ , ਪਰ ਨਰਿੰਦਰ ਮੋਦੀ ਸਰਕਾਰ ਨੇ ਅਤੇ ਸੂਬਿਆਂ ਦੀਆਂ ਸਰਕਾਰਾਂ ਨੇ ਮਿਲੇ ਜੁਲੇ ਵਿਚਾਰ ਅਧੀਨ ਲੌਕਡਾਊਨ ‘ ਚ ਵਾਧਾ ਕਰ ਦਿੱਤਾ ਤਾਂ ਇਹਨਾਂ ਮਜ਼ਦੂਰਾਂ ਦੇ ਸਬਰ ਦਾ ਬੰਨ੍ਹ ਆਖ਼ਰਕਾਰ ਟੁੱਟ ਗਿਆ ਅਤੇ ਪੰਜਾਬ ਆਏ ਕਿਰਤੀ ਵੀ ਆਪਣੇ ਪਿੰਡਾਂ ਨੂੰ ਜਾਣ ਲਈ ਸੜਕਾਂ ‘ ਤੇ ਆ ਗਏ ਅਤੇ ਸਰਕਾਰ ਤੋਂ ਆਪਣੇ ਪਿੰਡਾ ਨੂੰ ਜਾਣ ਦੀ ਮੰਗ ਸਵੀਕਾਰ ਨਾ ਹੋਣ ‘ ਤੇ ਪੈਦਲ ਹੀ ਆਪਣੇ ਘਰਾਂ ਵੱਲ ਨੂੰ ਚੱਲ ਪਏ।ਲੁਧਿਆਣੇ ਤੋਂ 200 ਕਿਲੋਮਟਰ ਦੇ ਕਰੀਬ ਪੈਦਲ ਚੱਲ ਕੇ ਸਹਾਰਨਪੁਰ ਪਹੁੰਚ ਚੁੱਕੇ ਸੌ ਦੇ ਕਰੀਬ ਮਜ਼ਦੂਰਾਂ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਅਤੇ ਉਨ੍ਹਾਂ ਨੂੰ ਕਾਫ਼ੀ ਖੱਜਲ ਖ਼ਰਾਬ ਕਰਨ ਤੋਂ ਬਾਅਦ ਵਾਪਸ ਪੰਜਾਬ ਲਿਆ ਕੇ ਛੱਡ ਦਿੱਤਾ ।
ਮਜ਼ਦੂਰਾਂ ਪ੍ਰਤੀ ਇੰਨਾ ਗੈਰ ਸੰਵੇਦਨਸ਼ੀਲ ਰਵੱਈਆ ਉਹਨਾ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਹੈ । ਪੇਂਟਰ ਵਜੋਂ ਕੰਮ ਕਰਦੇ ਅਨਿਲ ਸੋਨੀ ਨਾਮ ਦੇ ਵਿਅਕਤੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਕਦੇ ਵਾਪਸ ਨਹੀਂ ਆਵੇਗਾ ਚਾਹੇ ਉਸਨੂੰ ਆਪਣੇ ਪਿੰਡਾਂ / ਸ਼ਹਿਰ ‘ ਚ ਭੀਖ ਕਿਉਂ ਨਾ ਮੰਗਣੀ ਪਵੇ । ਸਾਡੀਆਂ ਸਰਕਾਰਾ ਨੂੰ ਪਰਵਾਸੀ ਮਜ਼ਦੂਰਾਂ ਨੂੰ ਉਹਨਾ ਦੇ ਬਣਦੇ ਹੱਕ ਦੇਣ ਦੇ ਨਾਲ ਨਾਲ ਸਹੀ ਸਲਾਮਤ ਉਹਨਾ ਦੇ ਘਰੋਂ ਘਰੀਂ ਪਹੁੰਚਦਾ ਕਰਨ ਲਈ ਸਹੀ ਅਤੇ ਢੁਕਵੇਂ ਪ੍ਰਬੰਧ ਜਲਦੀ ਤੋਂ ਜਲਦੀ ਕਰਨੇ ਚਾਹੀਦੇ ਹਨ । ਕਿਉਂਕਿ ਇਹਨਾਂ ਕਿਰਤੀਆ ਨੇ ਹੀ ਆਖ਼ਰਕਾਰ ਕੋਲ ਨੂੰ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਹੈ ।
ਵਰਿੰਦਰ ਸਿੰਘ ਭੁੱਲਰ
9914803345