ਕਰਾਂਤੀਕਾਰੀ ਸ਼ਹੀਦ ਕਰਤਾਰ ਸਿੰਘ ਸਰਾਭਾ, 24 ਮਈ 1896 ਨੂੰ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਜਨਮਿਆ । ਛੋਟੀ ਉਮਰ ਵਿੱਚ ਮਾਤਾ ਪਿਤਾ ਗੁਜਰ ਗਏ ਤਾਂ ਉਸ ਦਾ ਪਾਲਨ ਪੋਸ਼ਣ ਦਾਦੇ ਸਰਦਾਰ ਬਦਨ ਸਿੰਘ ਨੇ ਕੀਤਾ। 1916 ਵਿੱਚ ਖ਼ੁਫ਼ੀਆ ਮਹਿਕਮੇ ਵੱਲੋਂ ਛਾਪੀ ਗ਼ਦਰ ਡਾਇਰੈਕਟਰੀ ਵਿੱਚ ਦਾਦੇ ਬਦਨ ਸਿੰਘ ਬਾਰੇ ਲਿਖਿਆ ਹੈ ਕਿ ਉਹ ਇਨਕਲਾਬੀਆਂ ਦਾ ਹਿਮਾਇਤੀ ਸੀ ਤੇ ਉਸ ਨੇ ਆਪਣੇ ਪੋਤੇ ਨੂੰ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਕੀਤਾ। ਕਰਤਾਰ ਸਿੰਘ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਰੋਲ ਮਾਡਲ ਸੀ। 28 ਜੁਲਾਈ 1912 ਨੂੰ ਅਮਰੀਕਾ ਪੜਾਈ ਕਰਨ ਪਹੁੰਚਿਆ ।
ਮਜ਼ਦੂਰਾਂ,ਕਿਸਾਨਾਂ, ਸਾਬਕਾ ਫ਼ੌਜੀਆ ਅਤੇ ਵਿੱਦਿਆ ਰਥੀਆ ਦੀ ਬਣਾਈ ਜਥੇਬੰਦੀ ਗਦਰ ਪਾਰਟੀ ਦਾ ਉਹ ਮੋਹਰੀ ਆਗੂ ਬਣ ਗਿਆ। ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਕਰੀਮ ਬਖ਼ਸ਼, ਪੰਡਿਤ ਜਗਤ ਰਾਮ, ਪੰਡਿਤ ਕਾਂਸ਼ੀ ਰਾਮ, ਹਰਨਾਮ ਸਿੰਘ ਟੁੰਡੀਲਾਟ, ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ ਵਰਗੇ ਇਨਕਲਾਬੀਆਂ ਦੀ ਸੰਗਤ ਵਿੱਚ ਕਰਤਾਰ ਸਿੰਘ ਵੱਧ ਚੜ੍ਹ ਕੇ ਕੰਮ ਕਰ ਰਿਹਾ ਸੀ। ਅਮਰੀਕਾ ਵਿੱਚ ਗਦਰ ਲਹਿਰ ਦੀ ਉਸਾਰੀ ਕਰਨ, ਭਾਰਤੀਆ ਨੂੰ ਸੰਗਠਿਤ ਕਰਨ, ਦਿਨ ਰਾਤ ਗਦਰ ਅਖ਼ਬਾਰ ਛਾਪਣ, ਉਰਦੂ ਲੇਖਾਂ ਨੂੰ ਪੰਜਾਬੀ ‘ਚ ਅਨੁਵਾਦ ਕਰਕੇ ਛਾਪਣ ਜਿਹੇ ਕੰਮ ਕੀਤੇ। ਦੇਸ ਭਗਤੀ ਦੇ ਮੁਜੱਸਮੇ ਕਰਤਾਰ ਸਿੰਘ ਸਰਾਭਾ ‘ਚ ਅਸਮਾਨੀ ਬਿਜਲੀ ਜਿੰਨੀ ਫੁਰਤੀ ਸੀ। ਗਦਰ ਪਾਰਟੀ ਦੀ ਲਲਕਾਰ ਤੇ ਦੇਸ਼ ਦੇ ਗ਼ੁਲਾਮੀ ਦੇ ਸੰਗਲ਼ ਤੋੜਨ ਲਈ ਕਰਤਾਰ ਸਿੰਘ ਭਾਰਤ ਆ ਗਿਆ ।
ਨਿਸ਼ਾਨਾ ਸੀ ਦੇਸ਼ ਆਜ਼ਾਦ ਕਰਵਾ ਕੇ ਇੱਥੇ ਧਰਮ ਨਿਰਪੱਖ ਜਮਹੂਰੀ ਪੰਚਾਇਤੀ ਰਾਜ ਕਾਇਮ ਕਰਨਾ। ਸੰਕਲਪ ਸੀ ਤਖ਼ਤ ਜਾਂ ਤਖ਼ਤਾ ਭਾਵ ਅੰਗਰੇਜ਼ਾਂ ਕੋਲੋਂ ਰਾਜ ਖੋਹਣਾ ਜਾਂ ਅਸਫਲ ਹੋਣ ਤੇ ਫਾਂਸੀ ਦੇ ਤਖ਼ਤੇ ਤੇ ਚੜ੍ਹ ਜਾਣਾ। ਦੇਸ਼ ਮੁੜਦਿਆਂ ਪ੍ਰਮੁੱਖ ਨੇਤਾ ਫੜੇ ਗਏ। ਬਨਾਰਸ ਤੋਂ ਰਾਸ ਬਿਹਾਰੀ ਬੋਸ ਨੂੰ ਪੰਜਾਬ ਵਿੱਚ ਸੱਦ ਕੇ ਗਦਰ ਸੰਗਠਨ ਨੂੰ ਉਸਾਰਨ ਲਈ ਹੈਰਾਨ ਕਰਨ ਵਾਲਾ ਆਗੂ ਰੋਲ ਅਦਾ ਕੀਤਾ। ਅਫ਼ਗ਼ਾਨਿਸਤਾਨ ਦੀ ਸਰਹੱਦ ਦੀਆ ਛਾਉਣੀਆਂ ਤੋਂ ਲੈ ਕੇ ਬੰਗਾਲ ਦੀਆ ਛਾਉਣੀਆਂ ਤੱਕ ਦੇਸੀ ਫ਼ੌਜੀਆ ਨੂੰ ਬਗ਼ਾਵਤ ਚ ਸ਼ਾਮਲ ਕਰਾਉਣ ਲਈ ਗਦਰੀਆਂ ਨੇ ਸੰਪਰਕ ਕਾਇਮ ਕੀਤੇ। ਕਰਤਾਰ ਸਿੰਘ ਬਿਨਾ ਕਿਸੇ ਡਰ ਦੇ ਛਾਉਣੀਆਂ ‘ਚ ਗਦਰ ਪ੍ਰਾਪੇਗੰਡਾ ਕਰਨ ਚਲਾ ਜਾਂਦਾ ਸੀ।
ਅੱਠ ਹਜ਼ਾਰ ਦੇ ਕਰੀਬ ਗ਼ਦਰੀ ਦੇਸ਼ ਭਗਤ ਭਾਰਤ ਨੂੰ ਆਜ਼ਾਦ ਕਰਾਉਣ ਲਈ ਵਿਦੇਸ਼ਾਂ ਤੋਂ ਪਰਤ ਆ ਏ ਸਨ। ਗਦਰ ਕਰਨ ਲਈ ਹਥਿਆ ਰ ‘ਕੱਠੇ ਕਰਨ, ਉੱਤਰੀ ਭਾਰਤ ਚ ਘੁੰਮ ਕੇ ਦੇਸ਼ ਭਗਤਾਂ ਦਾ ਸੰਗਠਨ ਖੜਾਂ ਕਰਨ,ਪ੍ਰਚਾਰ ਸਮੱਗਰੀ ਵੰਡਣ, ਗੱਲ ਕੀ ਕੋਈ ਵੀ ਅਜਿਹਾ ਕੰਮ ਨਹੀਂ ਸੀ ਜਿਸ ‘ਚ ਕਰਤਾਰ ਸਿੰਘ ਸ਼ਾਮਲ ਨਹੀਂ ਸੀ। ਫੜੇ ਜਾਣ ਤੇ ਪੂਰੇ ਹੌਸਲੇ ਨਾਲ ਭਰੀ ਅਦਾਲਤ ਚ ਦੇਸ਼ ਆਜ਼ਾਦ ਕਰਾਉਣ ਲਈ ਕੀਤੇ ਕੰਮਾਂ ਬਾਰੇ ਮੰਨਿਆ, ਹਾਲਾਂਕਿ ਜੱਜ ਨੇ ਉਸਨੂੰ ਬਿਆਨ ਦਿੰਦੇ ਨੂੰ ਰੋਕ ਕੇ ਕਿਹਾ ਕਿ ਜੋ ਬਿਆਨ ਦੇ ਰਿਹਾ ਏਂ ਤੈਨੂੰ ਫਾਂਸੀ ਦੀ ਸਜ਼ਾ ਹੋ ਜਾਵੇਗੀ। ਜੱਜ ਨੇ ਅਦਾਲਤੀ ਕਾਰਵਾਈ ਰੋਕ ਅਗਲੇ ਦਿਨ ਬਿਆਨ ਦੇਣ ਲਈ ਕਿਹਾ।
ਕਰਤਾਰ ਸਿੰਘ ਨੇ ਬਹੁਤ ਬੇਬਾਕੀ ਨਾਲ ਅਦਾਲਤ ਨੂੰ ਦੱਸਿਆ ਕਿ ਉਸ ਨੇ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਉਖਾੜਨ ਲਈ ਸਭ ਕੁੱਝ ਕੀਤਾ। ਉਸ ਦੇ ਗਦਰ ਕਰਾਉਣ ਦੀ ਕੋਸ਼ਿਸ਼ ਦੇ ਹਰੇਕ ਕੰਮ, ਜਗਾ, ਮੀਟਿੰਗ, ਸਲਾਹ, ਐਕਸ਼ਨ ‘ਚ ਸ਼ਾਮਲ ਹੋਣ ਕਰ ਕੇ ਲਾਹੌਰ ਸਾਜ਼ਿਸ਼ ਕੇਸ ਦੇ ਜੱਜਾਂ ਨੇ ਕਰਤਾਰ ਸਿੰਘ ਵਾਸਤੇ ਸਰਵਵਿਆਪਕ ਸ਼ਬਦ ਲਿਖਿਆ। ਇਹੀ ਸ਼ਬਦ ਸ਼ਹੀਦ ਭਗਤ ਸਿੰਘ ਬਾਰੇ ਵੀ ਜੱਜਾਂ ਨੇ ਲਿਖਿਆ ਸੀ। ਗਦਰੀਆਂ ਦੇ ਲਾਹੌਰ ਸਾਜ਼ਿਸ਼ ਕੇਸ ਦੀ ਇੱਕ ਕਾਪੀ ਖਟਕੜ ਕਲਾਂ ਦੇ ਸ਼ਹੀਦੇ ਆਜ਼ਮ ਮਿਊਜ਼ੀਅਮ ਵਿੱਚ ਪਈ ਹੈ। ਉਹ ਦੇ ਵਿੱਚ ਕਰਤਾਰ ਸਿੰਘ ਸਰਾਭਾ ਬਾਰੇ ਲਿਖੇ ਸ਼ਬਦ ਸਰਵਵਿਆਪਕ ਹੇਠ ਭਗਤ ਸਿੰਘ ਨੇ ਨਿਸ਼ਾਨੀ ਲਾਈ ਹੋਈ ਹੈ।
16 ਨਵੰਬਰ 1915 ਦਿਨ ਮੰਗਲਵਾਰ ਨੂੰ 6 ਸਾਥੀਆ ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਪੁੱਤਰ ਬੂੜ ਸਿੰਘ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ (ਗਿੱਲਵਾਲੀ, ਅੰਮ੍ਰਿਤਸਰ), ਹਰਨਾਮ ਸਿੰਘ (ਭੱਟੀ ਗੋਲਾਈਆਂ, ਸਿਆਲਕੋਟ), ਵਿਸ਼ਨੂੰ ਗਣੇਸ਼ ਪਿੰਗਲੇ (ਤਾਲੇਗਾਂਓਂ ਧਮਤੇਰਾ, ਜ਼ਿਲ੍ਹਾ ਪੁਣੇ, ਮਹਾਰਾਸ਼ਟਰ) ਤੇ ਜਗਤ ਸਿੰਘ (ਸੁਰ ਸਿੰਘ, ਅੰਮ੍ਰਿਤਸਰ) ਸਮੇਤ ਲਾਹੌਰ ਦੀ ਸੈਂਟਰਲ ਜੇਲ੍ਹ ‘ਚ ਫਾਂਸੀ ਦਿੱਤੀ ਗਈ ਤੇ ਲਾਸ਼ਾਂ ਵਾਰਸਾਂ ਦੇ ਹਵਾਲੇ ਨਾ ਕਰ ਕੇ ਜੇਲ੍ਹ ਪ੍ਰਸ਼ਾਸਨ ਨੇ ਜੇਲ ਦੀ ਚਾਰ ਦੀਵਾਰੀ ਦੇ ਅੰਦਰ ਦਬਾ ਦਿੱਤੀਆਂ। ਗ਼ਦਰੀ ਫ਼ੌਰੀ ਤੌਰ ਤੇ ਭਾਵੇਂ ਆ ਪਣੇ ਮਿਸ਼ਨ ‘ਚ ਕਾਮਯਾਬ ਨਹੀਂ ਹੋਏ, ਪਰ ਉਨ੍ਹਾਂ ਦੀਆ ਕੁਰਬਾਨੀਆਂ ਨੇ ਬਾਅਦ ਦੀਆ ਲਹਿਰਾਂ ਦੇ ਦੇਸ਼ ਭਗਤਾਂ ਤੇ ਪਣੀ ਅਮਿੱਟ ਛਾਪ ਛੱਡੀ।
ਅਖੀਰ ਗਦਰੀਆਂ ਵਾਲਾ ਤਰੀਕਾ ਹੀ ਕਾਮਯਾਬ ਹੋਇਆ । ਆਜ਼ਾਦ ਹਿੰਦ ਫ਼ੌਜ ਦੇ 70 ਹਜ਼ਾਰ ਫ਼ੌਜੀਆ ਨੇ ਬਗ਼ਾਵਤ ਕਰ ਦਿੱਤੀ।ਫਿਰ 1946 ਚ ਨੇਵੀ ਨੇ ਬਗ਼ਾਵਤ ਕੀਤੀ। ਇਨ੍ਹਾਂ ਹਥਿਆਰਬੰਦ ਬਗ਼ਾਵਤਾਂ ਤੋਂ ਡਰਦੇ ਮਾਰੇ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ। ਕੋਟਨ ਕੋਟ ਪ੍ਰਣਾਮ ਹੈ ਵੀਰ ਕਰਤਾਰ ਸਿੰਘ ਸਰਾਭੇ ਨੂੰ ਜੋ 19 ਸਾਲ 5 ਮਹੀਨੇ 23 ਦਿਨ ਦੀ ਨਿੱਕੀ ਉਮਰ ‘ਚ ਬਹੁਤ ਵੱਡੀ ਕੁਰਬਾਨੀ ਕਰ ਕੇ ਸਾਨੂੰ ਵਿਦੇਸ਼ੀ ਹਾਕਮਾਂ ਦੀ ਗ਼ੁਲਾਮੀ ਤੋਂ ਨਿਜਾਤ ਦੁਆ ਗਿਆ ।
ਸੀਤਾ ਰਾਮ ਮਾਧੋਪੁਰੀ