ਭਿ੍ਸ਼ਟਾਚਾਰ ਦਾ ਮੁਕੱਦਮਾ ਨੇਤਨਯਾਹੂ ‘ਤੇ ਸ਼ੁਰੂ

186

ਯੇਰੂਸ਼ਲਮ (ਪੀਟੀਆਈ) : ਇਜ਼ਰਾਈਲ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ‘ਤੇ ਭਿ੍ਸ਼ਟਾਚਾਰ ਦਾ ਮੁਕੱਦਮਾ ਐਤਵਾਰ ਨੂੰ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਣ ਲਈ ਪੁੱਜੇ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਉਪਰ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਹ ਪਾਕ-ਸਾਫ਼ ਹੋ ਕੇ ਨਿਕਲਣਗੇ। ਸਭ ਤੋਂ ਲੰਬਾ ਸਮਾਂ 11 ਸਾਲ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਹੁਦੇ ‘ਤੇ ਹੁੰਦਿਆਂ ਮੁਕੱਦਮੇ ਦਾ ਸਾਹਮਣਾ ਕਰਨ ਵਾਲੇ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ।

70 ਸਾਲਾ ਨੇਤਨਯਾਹੂ ‘ਤੇ ਭਿ੍ਸ਼ਟਾਚਾਰ ਕਰਨ, ਰਿਸ਼ਵਤ ਲੈਣ ਅਤੇ ਵਿਸ਼ਵਾਸ ਤੋੜਨ ਦੇ ਤਿੰਨ ਦੋਸ਼ ਲਗਾਏ ਗਏ ਹਨ। ਉਨ੍ਹਾਂ ਨੇ ਇਸੇ ਮਹੀਨੇ ਗੱਠਜੋੜ ਸਰਕਾਰ ਦੇ ਮੁਖੀ ਵਜੋਂ ਆਪਣਾ ਕਾਰਜਕਾਲ ਜਾਰੀ ਰੱਖਿਆ ਹੈ। ਮੀਡੀਆ ਨਾਲ ਗੱਲਬਾਤ ‘ਚ ਨੇਤਨਯਾਹੂ ਨੇ ਕਿਹਾ ਕਿ ਪਹਿਲੇ ਹੀ ਦਿਨ ਤੋਂ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਝੂਠੇ ਮਾਮਲੇ ਬਣਾਏ ਗਏ ਅਤੇ ਬੇਬੁਨਿਆਦ ਦੋਸ਼ ਲਗਾਏ ਗਏ। ਇਹ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਮੁਕੱਦਮਿਆਂ ਦੀ ਸੁਣਵਾਈ ‘ਚ ਪਾਕ-ਸਾਫ਼ ਹੋ ਕੇ ਨਿਕਲਣਗੇ। ਇਸ ਪਿੱਛੋਂ ਜੱਜਾਂ ਦੀ ਬੈਂਚ ਦੇ ਸਾਹਮਣੇ ਪੇਸ਼ ਹੋ ਕੇ ਨੇਤਨਯਾਹੂ ਨੇ ਉਨ੍ਹਾਂ ਤੋਂ ਦੋਸ਼ਾਂ ਦੇ ਵਿਸ਼ੇ ਵਿਚ ਅਧਿਐਨ ਕਰਨ ਅਤੇ ਉਨ੍ਹਾਂ ਨੂੰ ਸਮਝਣ ਲਈ ਸਮਾਂ ਮੰਗਿਆ। ਨੇਤਨਯਾਹੂ ਦੇ ਵਕੀਲ ਮੀਕਾ ਫੇਟਮੈਨ ਨੇ ਪ੍ਰਧਾਨ ਮੰਤਰੀ ‘ਤੇ ਲੱਗੇ ਦੋਸ਼ਾਂ ਦੇ ਲੋੜੀਂਦੇ ਸਬੂਤ ਨਾ ਹੋਣ ਦੀ ਗੱਲ ਕਹੀ। ਪ੍ਰਧਾਨ ਮੰਤਰੀ ਦੇ ਬਚਾਅ ਲਈ ਗਠਿਤ ਵਕੀਲਾਂ ਦੀ ਟੀਮ ਨੇ ਦੋਸ਼ਾਂ ਨੂੰ ਸਮਝਣ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਹੈ।

ਇਸ ਤੋਂ ਪਹਿਲੇ ਤਿੰਨ ਜੱਜਾਂ ਦੇ ਬੈਂਚ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਦਿੱਤੀ ਗਈ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਬੈਂਚ ਨੇ ਪ੍ਰਧਾਨ ਮੰਤਰੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਦੋਸ਼-ਪੱਤਰ ਨੂੰ ਪੜ੍ਹੇ ਜਾਣ ਦੇ ਸਮੇਂ ਅਦਾਲਤ ‘ਚ ਮੌਜੂਦ ਹੋਣ। ਬੈਂਚ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਮਨਜ਼ੂਰ ਕਰਨਾ ਨਿਯਮਾਂ ਅਤੇ ਪਰੰਪਰਾਵਾਂ ਦੇ ਖ਼ਿਲਾਫ਼ ਹੁੰਦਾ, ਇਸ ਲਈ ਉਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਨੇਤਨਯਾਹੂ ਨੇ ਅਦਾਲਤ ‘ਚ ਆਪਣੀ ਮੌਜੂਦਗੀ ਨਾਲ ਉੱਥੇ ਕੋਵਿਡ-19 ਤੋਂ ਬਚਾਅ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਹੁਣ ਦਾ ਵਾਸਤ ਦੇ ਕੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਨੇਤਨਯਾਹੂ ਦੀ ਸੁਰੱਖਿਆ ਵਿਚ ਵੱਡਾ ਸਰਕਾਰੀ ਅਮਲਾ ਮੁਸਤੈਦ ਰਹਿੰਦਾ ਹੈ। Thankyou Punjabi jagran