National ‘ਭੁੱਖੇ ਮਰ ਜਾਵਾਂਗੇ ਪਰ ਮੁੜਾਂਗੇ ਨਹੀਂ’ May 18, 2020 247 ਨਵੀਂ ਦਿੱਲੀ, 18 ਮਈ ਫੈਕਟਰੀ ’ਚ ਕੰਮ ਕਰਦਾ ਵਿਜੇ ਕੁਮਾਰ (28) ਪਤਨੀ ਅਤੇ ਦੋ ਬੱਚਿਆਂ ਨਾਲ ਗਾਜ਼ੀਪੁਰ ਦੇ ਫਲਾਈਓਵਰ ’ਤੇ ਕਈ ਘੰਟਿਆਂ ਤੋਂ ਪਿੱਤਰੀ ਸਥਾਨ ਸੀਤਾਪੁਰ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਹੈ। ਉਹ ਪੈਦਲ ਹੀ ਆਪਣੇ ਘਰਾਂ ਲਈ ਤੁਰ ਪਏ ਸਨ ਪਰ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ’ਤੇ ਐਤਵਾਰ ਨੂੰ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। aਉਸ ਨੇ ਦੱਸਿਆ ਕਿ ਗੁੜਗਾਉਂ ਦੀ ਫੈਕਟਰੀ ਨੇ ਮਾਰਚ ਤੋਂ ਉਸ ਨੂੰ ਤਨਖਾਹ ਨਹੀਂ ਦਿੱਤੀ ਹੈ। ਕਰੋਨਾ ਲੌਕਡਾਊਨ ਕਾਰਨ ਵਿਜੇ ਕੁਮਾਰ ਵਰਗੇ ਸੈਂਕੜੇ ਫੈਕਟਰੀ ਵਰਕਰ, ਦਿਹਾੜੀਦਾਰ, ਰੇਹੜੀ-ਫੜ੍ਹੀ ਵਾਲੇ ਅਤੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ ਅਤੇ ਉਨ੍ਹਾਂ ਯੂਪੀ ਅਤੇ ਬਿਹਾਰ ’ਚ ਆਪਣੇ ਪਿੱਤਰੀ ਰਾਜਾਂ ਵੱਲ ਜਾਣ ਨੂੰ ਤਰਜੀਹ ਦਿੱਤੀ ਹੈ। ਪੇਂਟਰ ਅਨਿਲ ਸੋਨੀ ਨੇ ਕਿਹਾ,‘‘ਮੈਂ ਇਥੇ ਵਾਪਸ ਨਹੀਂ ਆਵਾਂਗਾ ਭਾਵੇਂ ਮੈਨੂੰ ਆਪਣੇ ਸ਼ਹਿਰ ’ਚ ਭੀਖ ਕਿਉਂ ਨਾ ਮੰਗਣੀ ਪਵੇ। ਇਹ ਕਾਹਦੀ ਜ਼ਿੰਦਗੀ ਹੈ। ਪੁਲੀਸ ਵਾਲੇ ਅੱਗੇ ਵਧਣ ਨਹੀਂ ਦੇ ਰਹੇ ਅਤੇ ਕੋਈ ਬੱਸ ਜਾਂ ਰੇਲ ਗੱਡੀ ਵੀ ਨਹੀਂ ਚਲਾਈ ਜਾ ਰਹੀ ਹੈ।’’ ਦਿੱਲੀ ਪੁਲੀਸ ਦੇ ਅਧਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੁਕਮ ਮਿਲੇ ਹਨ ਕਿ ਕੋਈ ਵੀ ਪਰਵਾਸੀ ਮਜ਼ਦੂਰ ਸਰਹੱਦ ਤੋਂ ਪਾਰ ਨਹੀਂ ਜਾਵੇਗਾ। ਕੁਝ ਨੌਜਵਾਨ ਸਾਈਕਲਾਂ ’ਤੇ ਹੀ ਆਪਣੇ ਘਰਾਂ ਨੂੰ ਨਿਕਲੇ ਹੋਏ ਹਨ। -ਪੀਟੀਆਈ