ਭਾਰਤ ਦੇ ਅੰਦਰ ਕਿਤੇ ਇਨਸਾਫ਼ ਹੈ? ਕੀ ਅਸੀਂ ਆਪਣੇ ਦੇਸ਼ ਦੇ ਅੰਦਰ ਰਹਿ ਕੇ ਇਨਸਾਫ਼ ਦੀ ਉਮੀਦ ਰੱਖ ਸਕਦੇ ਹਾਂ? ਜਿਹੜੇ ਦੇਸ਼ ਦੇ ਅੰਦਰ ਸਹੀ ਫੈਸਲੇ ਦੇਣ ਵਾਲੇ ਜੱਜਾਂ ਦੀ ਮਿੰਟਾਂ ਦੇ ਵਿਚ ਬਦਲੀ ਹੋ ਜਾਂਦੀ ਹੋਵੇ, ਉਸ ਦੇਸ਼ ਦਾ ਸਿਸਟਮ ਅਤੇ ਉਥੋਂ ਦੇ ਲੀਡਰਾਂ ਦੀ ਕਿੰਨੀ ਗੁੰਡਾਗਰਦੀ ਹੁੰਦੀ ਹੋਵੇ, ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ। ਥਾਣਿਆਂ ਤੋਂ ਕਚਿਹਰੀ ਤੱਕ ਅਤੇ ਕੋਰਟ ਤੋਂ ਘਰ ਤੱਕ ਜਿਹੜੀ ਮਰਜੀ ਥਾਂ ਦੇਖ ਲਓ, ਹਰ ਜਗ੍ਹਾ ਲੀਡਰਾਂ ਦੀ ਹੀ ਚੱਲਦੀ ਹੈ। ਜਿਹੜਾ ਪੁਲਿਸ ਵਾਲਾ, ਪਟਵਾਰੀ ਤੋਂ ਇਲਾਵਾ ਜੱਜ ਲੀਡਰਾਂ ਦੀ ਨਹੀਂ ਮੰਨਦਾ, ਉਹ ਦੀ ਬਦਲੀ ਹੋ ਜਾਂਦੀ ਹੈ। ਐਨੇ ਮੰਦੜੇ ਹਾਲ ਤਾਂ ਉਦੋਂ ਦੇਸ਼ ਦੇ ਨਹੀਂ ਸੀ ਹੋਵੇ, ਜਦੋਂ ਅੰਗਰੇਜ਼ ਸਾਡੇ ‘ਤੇ ਰਾਜ ਕਰਦੇ ਸਨ। ਅੰਗਰੇਜ਼ਾਂ ਦਾ ਵੀ ਇਕ ਸਟੈਂਡ ਹੁੰਦਾ ਸੀ, ਉਹ ਉਸ ਤੋਂ ਥੱਲੇ ਨਹੀਂ ਸੀ ਆਉਂਦੇ, ਪਰ ਸਾਡੇ ਦੇਸ਼ ਦੇ ਮੌਜ਼ੂਦਾਂ ਲੀਡਰਾਂ ਦੀ ਸੋਚ ਐਨੀ ਕੁ ਜ਼ਿਆਦਾ ਥੱਲੇ ਡਿੱਗ ਚੁੱਕੀ ਹੈ ਕਿ ਕੋਈ ਕਹਿਣ ਹੱਦ ਨਹੀਂ। ਜਿਹੜੇ ਪਾਸੇ ਮਰਜ਼ੀ ਦੇਖ ਲਓ, ਜਿਹੜਾ ਤਾਂ ਮੌਜ਼ੂਦਾਂ ਸਰਕਾਰ ਦਾ ਮੰਤਰੀ, ਵਿਧਾਇਕ ਜਾਂ ਫਿਰ ਹੋਰ ਉੱਚ ਅਹੁਦੇ ‘ਤੇ ਤਾਇਨਾਤ ਹੈ ਉਹਦਾ ਤਾਂ ਵਾਲ ਵੀ ਵਿੰਗਾਂ ਨਹੀਂ ਹੁੰਦਾ, ਜਦੋਂਕਿ ਸਰਕਾਰ ਦੇ ਨਾਲ ਨਾ ਰਹਿਣ ਵਾਲਿਆਂ ਨੂੰ ਹੀ ਸਰਕਾਰ ਦੇ ਬੰਦਿਆਂ ਵਲੋਂ ਦੇਸ਼ ਧਿਰੋਹੀ, ਬਾਹਰਲੇ ਬੰਦੇ, ਆਈਐਸਆਈ ਦੇ ਏਜੰਟ ਤੋਂ ਇਲਾਵਾ ਹੋਰ ਵੀ ਦੇਸ਼ ਵਿਰੋਧੀ ਆਦਿ ਕਿਹਾ ਜਾਂਦਾ ਹੈ। ਸਿੱਖ ਕਤਲੇਆਮ 1984 ਦੇ ਵਿਚ ਹੋਏ ਸਨ, ਜਿਨ੍ਹਾਂ ਦਾ ਇਨਸਾਫ਼ ਹੁਣ ਤੱਕ ਨਹੀਂ ਮਿਲ ਸਕਿਆ। ਹਾਲੇ ਵੀ ਜ਼ਖਮ ਅੱਲ੍ਹੇ ਲਈ ਫਿਰਦੇ ਸੈਂਕੜੇ ਪਰਿਵਾਰ ਕੋਰਟ ਕਚਿਹਰੀਆਂ ਦੇ ਚੱਕਰ ਕੱਟ ਰਹੇ ਹਨ, ਪਰ ਮੌਜ਼ੂਦਾਂ ਹਕੂਮਤ ਦੇ ਵਲੋਂ ਉਨ੍ਹਾਂ ਦੀ ਇਕ ਨਹੀਂ ਸੁਣੀ ਜਾ ਰਹੀ। ਸਿੱਖਾਂ ਤਾਂ ਕਰੀਬ ਤਿੰਨ ਦਹਾਕੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਨਸਾਫ਼ ਨਹੀਂ ਮਿਲਿਆ, ਪਰ ਹੁਣ ਜੋ ਕੁਝ ਸਾਡੇ ਦੇਸ਼ ਦੇ ਅੰਦਰ ਲੋਕਾਂ ਉਪਰ ਅੱਤਿਆਚਾਰ ਹੋ ਰਿਹਾ ਹੈ, ਕੀ ਇਸ ਦਾ ਇਨਸਾਫ਼ ਮਿਲੇਗਾ? ਕੀ ਦਿੱਲੀ ਦੇ ਅੰਦਰ ਪਿਛਲੇ ਦਿਨੀਂ ਕੀਤੇ ਗਏ ਦਰਜਨਾਂ ਦੀ ਗਿਣਤੀ ਵਿਚ ਕਤਲੇਆਮ ਦਾ ਮੁਲਜ਼ਮ ਕੋਈ ਫੜਿਆ ਜਾਵੇਗਾ?
ਕੀ ਮੋਦੀ ਹਕੂਮਤ ਉਨ੍ਹਾਂ ਹਿੰਸਾ ਭੜਕਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਵਾਏਗੀ, ਜਿਨ੍ਹਾਂ ਨੇ ਦਿੱਲੀ ਦੇ ਅੰਦਰ ਕਤਲ ਕਰਵਾਏ? ਕੀ ਉਨ੍ਹਾਂ ਪੁਲਿਸ ਵਾਲਿਆਂ ‘ਤੇ ਕੋਈ ਕਾਰਵਾਈ ਹੋਵੇਗੀ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਔਰਤਾਂ, ਲੜਕੀਆਂ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਦੇ ਨਾਲ ਛੇੜਖਾਣੀ ਕੀਤੀ ਅਤੇ ਸਰਕਾਰ ਦੀ ਸ਼ਹਿ ‘ਤੇ ਜੁਲਮ ਢਾਹਿਆ? ਭਾਰਤ ਦੇ ਅੰਦਰ ਕਰੀਬ ਢਾਈ ਮਹੀਨੇ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਜ਼ਾਹਰੇ ਚੱਲ ਰਹੇ ਹਨ, ਪਰ ਇਸ ਦਾ ਨਤੀਜਾ ਹੁਣ ਤੱਕ ਇਹ ਨਿਕਲਿਆ ਹੈ ਕਿ ਮੋਦੀ ਸਰਕਾਰ ਲੋਕਾਂ ਦੇ ਰੋਹ ਅੱਗੇ ਝੁੱਕਦੀ ਨਜ਼ਰੀ ਆਉਣ ਲੱਗੀ ਹੈ। ਭਾਵੇਂ ਹੀ ਮੋਦੀ ਸਰਕਾਰ ਦੇ ਮੰਤਰੀਆਂ, ਆਗੂਆਂ ਤੋਂ ਇਲਾਵਾ ਹੋਰ ਸੀਨੀਅਰ ਲੀਡਰਾਂ ਦੇ ਵਲੋਂ ਅੱਗ ਲਾਓ ਬਿਆਨ ਦਿੱਤੇ ਜਾ ਰਹੇ ਹਨ, ਪਰ ਸੰਘਰਸ਼ੀ ਲੋਕ ਇਨ੍ਹਾਂ ਤੋਂ ਡਰਨ ਵਾਲੇ ਨਹੀਂ। ਸਾਥੀਓ, ਬੜੀ ਹੈਰਾਨੀ ਉਸ ਵੇਲੇ ਹੁੰਦੀ ਹੈ, ਜਦੋਂ ਸਰਕਾਰ ਦੇ ਵਿਰੁੱਧ ਬੋਲਣ ਵਾਲੇ ਇਕ ਸੰਘਰਸ਼ੀ ‘ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ, ਜਦੋਂਕਿ ਸਾਡਾ ਸਵਿਧਾਨ ਸਾਨੂੰ ਪੂਰਨ ਤੌਰ ‘ਤੇ ਇਹ ਅਧਿਕਾਰ ਦਿੰਦਾ ਹੈ ਕਿ ਅਸੀਂ ਦੇਸ਼ ਦੀ ਤਾਨਾਸ਼ਾਹੀ ਹਕੂਮਤ ਦੇ ਵਿਰੁੱਧ ਜੰਮ ਕੇ ਆਵਾਜ਼ ਚੁੱਕ ਸਕਦੇ ਹਾਂ। ਵਿਦੇਸ਼ਾਂ ਦੇ ਅੰਦਰ ਵੀ ਜਦੋਂ ਕੋਈ ਸਰਕਾਰ ਜਾਂ ਫਿਰ ਲੀਡਰ ਆਪਣਾ ਜ਼ੋਰ ਚਲਾਉਣ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਸ਼ੱਕ ਉਹ ਹਿਲਟਰ ਹੋਵੇ ਜਾਂ ਫਿਰ ਕੋਈ ਹੋਰ ਭਾਰਤੀ ਲੀਡਰ, ਜਿਨ੍ਹਾਂ ਨੂੰ ਆਖ਼ਰਕਾਰ ਲੋਕਾਂ ਦੇ ਰੋਹ ਅੱਗੇ ਝੁੱਕਣਾ ਹੀ ਪਿਆ ਹੈ।
ਬੜੀ ਹੈਰਾਨ ਕਰਨ ਵਾਲੀ ਖ਼ਬਰ ਇਹ ਹੈ ਕਿ ਮੋਦੀ ਸਰਕਾਰ ਦੇ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾਈ ਲੀਡਰ ਅਨੁਰਾਗ ਠਾਕੁਰ, ਪਰਵੇਸ਼ ਵਰਮਾ, ਗਿਰੀਰਾਜ ਸਿੰਘ ਅਤੇ ਕਪਿਲ ਮਿਸ਼ਰਾ ਉਪਰ ਕੇਸ ਨਾ ਦਰਜ ਕਰਨ ਦੀ ਕੋਰਟ ਨੇ ਇਹ ਦਲੀਲ ਦਿੱਤੀ ਹੈ ਕਿ ”ਭੜਕਾਊ ਬਿਆਨ ਦੇਣ ਵਾਲੇ ਆਗੂਆਂ ਵਿਰੁੱਧ ਕੇਸ ਦਰਜ ਕਰਨ ਵਾਲਾ ਸਮਾਂ ਮੁਨਾਸਿਬ ਨਹੀਂ ਹੈ।” ਪਰ ਜੇਕਰ ਕੋਈ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਦਾ ਹੈ, ਸਰਕਾਰ ਦੇ ਵਿਰੁੱਧ ਬੋਲਦਾ ਹੈ ਤਾਂ ਉਸ ਨੂੰ ਝੱਟ ਪੱਟ ਚੁੱਕ ਕੇ ਪਹਿਲੋਂ ਤਾਂ ਜੇਲ੍ਹ ਦੇ ਅੰਦਰ ਸੁੱਟਦੇ ਹਨ, ਫਿਰ ਉਸ ‘ਤੇ ਅਜਿਹੇ ਮੁਕੱਦਮੇ ਦਰਜ ਕਰ ਦਿੰਦੇ ਹਨ, ਜਿਸ ਦੇ ਨਾਲ ਫੜਿਆ ਗਿਆ ਸੰਘਰਸ਼ੀ, ਸਾਰੀ ਉਮਰ ਜੇਲ੍ਹ ਦੇ ਅੰਦਰ ਹੀ ਸੜਕਾਂ ਰਹਿੰਦਾ ਹੈ। ਹਨੇਰ ਗਰਦੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਮਚਾ ਕੇ ਰੱਖੀ ਹੈ, ਉਹ ਦੇਸ਼ ਨੂੰ ਅੱਗੇ ਨਹੀਂ ਬਲਕਿ ਬਹੁਤ ਜ਼ਿਆਦਾ ਪਿੱਛੇ ਲਿਜਾ ਰਹੇ ਹਨ ਅਤੇ ਦੇਸ਼ ਨੂੰ ਕਥਿਤ ਤੌਰ ‘ਤੇ ਤੋੜਣ ਦੀਆਂ ਕਈ ਪ੍ਰਕਾਰ ਦੀਆਂ ਕੋਝੀਆਂ ਚਾਲਾਂ ਭਾਜਪਾਈਆਂ ਦੇ ਵਲੋਂ ਚੱਲੀਆਂ ਜਾ ਰਹੀਆਂ ਹਨ। ਸਾਥੀਓ, ਕੁਝ ਸਮਾਂ ਪਹਿਲੋਂ ਜਵਾਹਰ ਨਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਸੀਪੀਆਈ ਦੇ ਆਗੂ ਡਾਕਟਰ ਕਨੱਈਆ ਕੁਮਾਰ ਦੇ ਵਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਚ ਆਪਣੇ ਹੱਕਾਂ ਦੀ ਲੜਾਈ ਲਈ ਸਰਕਾਰ ਦੇ ਵਿਰੁੱਧ ਮੋਰਚਾ ਖੋਲਿਆ ਸੀ ਅਤੇ ਉਨ੍ਹਾਂ ਦੇ ਵਲੋਂ ਸਰਕਾਰ ਨੂੰ ਹੀ ਆਪਣੇ ਭਾਸ਼ਣਾਂ ਦੇ ਦੌਰਾਨ ਕੋਸਿਆ ਸੀ, ਪਰ ਪੁਲਿਸ ਦੇ ਵਲੋਂ ਕਨੱਈਆ ਕੁਮਾਰ ਨੂੰ ਇਸ ਪ੍ਰਕਾਰ ਦੇਸ਼ ਧਿਰੋਹ ਦੇ ਕੇਸ ਵਿਚ ਫਸਾਇਆ ਕਿ, ਕਈ ਸਾਲ ਬੀਤ ਜਾਣ ਦੇ ਬਾਅਦ ਵੀ ‘ਕੁਮਾਰ’ ਨੂੰ ਇਨਸਾਫ਼ ਨਹੀਂ ਮਿਲਿਆ, ਹਾਲਾਂਕਿ ਕਨੱਈਆ ਆਪਣੀ ਗੱਲ ‘ਤੇ ਅੜੇ ਹੋਏ ਹਨ ਕਿ ਉਨ੍ਹਾਂ ਨੇ ਕੁਝ ਵੀ ਗਲ਼ਤ ਨਹੀਂ ਕਿਹਾ। ਇਕ ਪਾਸੇ ਤਾਂ ਕਨੱਈਆ ਕੁਮਾਰ ਵਰਗੇ ਸਿਰ ਕੱਢ ਲੀਡਰਾਂ ਨੂੰ ਭਾਰਤੀ ਹਕੂਮਤ ਅਤੇ ਅਦਾਲਤਾਂ ਦੇ ਵਲੋਂ ਇਨਸਾਫ਼ ਛੇਤੀ ਨਹੀਂ ਦਿੱਤਾ ਜਾ ਰਿਹਾ, ਉਥੇ ਹੀ ਦੂਜੇ ਪਾਸੇ ਭੜਕਾਊ ਭਾਸ਼ਣ ਦੇਣ ਵਾਲੇ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਪਰਵੇਸ਼ ਵਰਮਾ ਅਤੇ ਗਿਰੀਰਾਜ ਸਿੰਘ ਵਰਗੇ ਭਾਜਪਾਈ ਲੀਡਰਾਂ ਉਪਰ ਕਿਸੇ ਪ੍ਰਕਾਰ ਦੀ ਕੋਈ ਵੀ ਸਰਕਾਰ ਦੇ ਵਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਦੇਸ਼ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ ਮੋਦੀ ਸਰਕਾਰ ਦੇ ਵਲੋਂ ਦਸੰਬਰ ਮਹੀਨੇ ਦੇ ਵਿਚ ਲਿਆਂਦਾ ਗਿਆ, ਜਿਸ ਦਾ ਵਿਰੋਧ ਅੱਜ ਤੋਂ ਕਰੀਬ ਢਾਈ ਮਹੀਨੇ ਪਹਿਲੋਂ ਤੋਂ ਹੀ ਹੁੰਦਾ ਆ ਰਿਹਾ ਹੈ, ਪਰ ਹੁਣ ਤੱਕ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਰਕਾਰ ਦੇ ਵਲੋਂ ਇਨਸਾਫ਼ ਦੇਣ ਦੀ ਬਿਜਾਏ, ਉਨ੍ਹਾਂ ਉਪਰ ਹੀ ਵੰਨ ਸਵੰਨੇ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਹੈ। ਬੇਸ਼ੱਕ ਪਾਕਿਸਤਾਨ ਵੀ ਸਾਡਾ ਗੁਆਢੀ ਮੁਲਖ਼ ਹੈ, ਪਰ ਸਾਡੇ ਭਾਰਤੀ ਲੀਡਰਾਂ ਦੇ ਵਲੋਂ ਪਾਕਿਸਤਾਨ ਨੂੰ ਇਸ ਪ੍ਰਕਾਰ ਮੀਡੀਆ ਮੂਹਰੇ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਪਰਵੇਸ਼ ਵਰਮਾ ਅਤੇ ਗਿਰੀਰਾਜ ਸਿੰਘ ਵਰਗੇ ਭਾਜਪਾਈ ਲੀਡਰ ਚੁੱਪ ਬੈਠੇ ਹੋਣ। ਵੇਖਿਆ ਜਾਵੇ ਤਾਂ ਇੰਨੇ ਤਿੱਖੇ ਭਾਸ਼ਣ ਤਾਂ ਪਾਕਿਸਤਾਨ ਵੀ ਨਹੀਂ ਦਿੰਦਾ, ਜਿੰਨ੍ਹੇ ਤਿੱਖੇ ਭਾਸ਼ਣ ਭਾਜਪਾਈ ਦਿੰਦੇ ਹਨ। ਸਾਥੀਓਂ, ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਜਦੋਂ ਦਿੱਲੀ ਦੇ ਅੰਦਰ ਭਾਜਪਾ ਚੋਣਾਂ ਹਾਰੀ ਤਾਂ ਉਦੋਂ ਤੋਂ ਹੀ ਭਾਜਪਾ ਦੇ ਮੰਨ ਵਿਚ ਇਹ ਗੱਲ ਚਲਣੀ ਸ਼ੁਰੂ ਹੋ ਗਈ ਸੀ ਕਿ ਦਿੱਲੀ ਦੇ ਸ਼ਾਹੀਨ ਬਾਗ ਦੇ ਵਿਚ ਚੱਲ ਰਹੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਧਰਨੇ ਨੂੰ ਕਿਸ ਤਰ੍ਹਾ ਖ਼ਤਮ ਕਰਵਾਇਆ ਜਾਵੇ। ਹਾਲਾਂਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨਾਂ ਕਰਨਾ ਸਭ ਨੂੰ ਅਧਿਕਾਰ ਹੈ। ਜਿਸ ਦਾ ਦਿਲ ਕਰਦਾ ਹੈ, ਉਹ ਇਸ ਕਾਨੂੰਨ ਦੀ ਹਮਾਇਤ ਵੀ ਕਰ ਸਕਦਾ ਹੈ ਅਤੇ ਜਿਸ ਨੂੰ ਇਹ ਕਾਨੂੰਨ ਪਾਸੰਦ ਨਹੀਂ ਉਹ ਇਸ ਕਾਨੂੰਨ ਦਾ ਵਿਰੋਧ ਵੀ ਕਰ ਸਕਦਾ ਹੈ। ਜੇਕਰ ਕੋਈ ਸਾਡੇ ‘ਤੇ ਇਹ ਕਾਨੂੰਨ ਧੱਕੇ ਦੇ ਨਾਲ ਥੋਪਣਾ ਚਾਹੁੰਦਾ ਹੈ ਤਾਂ ਇਸ ਦਾ ਸਿੱਧਾ ਕਾਰਨ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਾਨੂੰਨ ਲੋਕ ਵਿਰੋਧੀ ਕਾਨੂੰਨ ਹੈ ਅਤੇ ਇਸ ਕਾਲੇ ਕਾਨੂੰਨ ਦੇ ਵਿਰੁੱਧ ਸਾਨੂੰ ਅਵਾਜ਼ ਚੁੱਕਣੀ ਚਾਹੀਦੀ ਹੈ। ਖ਼ੈਰ, ਦਿੱਲੀ ਦੇ ਸ਼ਾਹੀਨ ਬਾਗ ਵਿਖੇ ਚੱਲ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਵਾਉਣ ਵਾਸਤੇ ਮੋਦੀ ਹਕੂਮਤ ਦੇ ਵਲੋਂ ਕਈ ਚਾਲਾਂ ਚੱਲੀਆਂ ਗਈਆਂ, ਪਰ ਉਹ ਸਫ਼ਲ ਨਾ ਹੋ ਸਕੇ। ਫਿਰ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਦੇ ਦੌਰੇ ‘ਤੇ ਆਏ ਤਾਂ, ਉਨ੍ਹਾਂ ਦਾ ਹਰ ਜਗ੍ਹਾ ‘ਤੇ ਵਿਰੋਧ ਹੋਇਆ। ਇਸ ਤੋਂ ਇਲਾਵਾ ਟਰੰਪ ਹਾਲੇ ਭਾਰਤ ਦੇ ਵਿਚ ਹੀ ਸਨ ਕਿ ਦਿੱਲੀ ਦੇ ਵਿਚ ਭਾਜਪਾਈ ਲੀਡਰ ਕਪਿਲ ਮਿਸ਼ਰਾ ਨੇ ਅੱਗ ਲਾਓ ਬਿਆਨ ਦੇ ਕੇ ਹਿੰਸਾ ਨੂੰ ਭੜਕਾ ਦਿੱਤਾ। ਲੱਗੇ ਦੋਸ਼ਾਂ ਦੇ ਮੁਤਾਬਿਕ, ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ‘ਤੇ ਭਾਜਪਾ, ਆਰਐਸਐਸ ਤੋਂ ਇਲਾਵਾ ਹੋਰਨਾਂ ਹਿੰਦੂ ਜਥੇਬੰਦੀਆਂ ਦੇ ਵਲੋਂ ਹਮਲਾ ਕਰ ਦਿੱਤਾ ਗਿਆ। ਕਾਨੂੰਨ ਦਾ ਵਿਰੋਧ ਕਰਨ ਵਾਲੇ ਵੀ ਭੜਕ ਉੱਠੇ ਉਨ੍ਹਾਂ ਨੇ ਵੀ ਇਸ ਦਾ ਮੁਕਾਬਲਾ ਕੀਤਾ। ਹਾਲਾਂਕਿ ਇਸ ਦਿੱਲੀ ਦੇ ਅੰਦਰ ਚਾਰ/ਪੰਜ ਦਿਨ ਲਗਾਤਾਰ ਹਿੰਸਾ ਚੱਲਦੀ ਰਹੀ ਅਤੇ ਦਰਜਨਾਂ ਦੀ ਗਿਣਤੀ ਵਿਚ ਲੋਕ ਮਾਰੇ ਗਏ। ਇਹ ਸਭ ਕੁਝ ਭਾਜਪਾਈ ਲੀਡਰਾਂ ਦੇ ਵਲੋਂ ਦਿੱਤੇ ਗਏ ਭੜਕਾਉ ਭਾਸ਼ਣਾਂ ਦੇ ਕਾਰਨ ਹੀ ਹੋਇਆ। ਜੇਕਰ ਭਾਜਪਾਈ ਲੀਡਰ ਅਜਿਹੇ ਗੰਦੇ ਅਤੇ ਦੇਸ਼ ਨੂੰ ਤੋੜਣ ਵਾਲੇ ਬਿਆਨ ਨਾ ਦਿੰਦੇ ਤਾਂ, ਭੀੜ ਨੇ ਕਿਸੇ ‘ਤੇ ਵੀ ਹਮਲਾ ਨਹੀਂ ਸੀ ਕਰਨਾ। ਦੱਸ ਦਈਏ ਕਿ ਦਿੱਲੀ ਦੇ ਅੰਦਰ ਭੜਕੀ ਹਿੰਸਾ ਦੇ ਕਾਰਨ ਜਿਥੇ ਦਰਜਨਾਂ ਲੋਕ ਮਾਰੇ ਗਏ, ਉਥੇ ਹੀ ਮੁਸਲਮਾਨਾਂ ਦੇ ਘਰ, ਦੁਕਾਨਾਂ ਤੋਂ ਇਲਾਵਾ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਦੰਗਾਕਾਰੀਆਂ ਦੇ ਵਲੋਂ ਨਿਸ਼ਾਨਾ ਬਣਾਇਆ ਗਿਆ। ਬੇਸ਼ੱਕ ਸਾਡੇ ਦੇਸ਼ ਦੇ ਅੰਦਰ ਰਹਿਣ ਵਾਲੇ ਹਰ ਧਰਮ, ਜਾਤ ਦੇ ਲੋਕ ਸਾਡੇ ਆਪਣੇ ਹਨ, ਪਰ ਭਾਜਪਾ ਅਤੇ ਹੋਰ ਇਨ੍ਹਾਂ ਦੀਆਂ ਫਿਰਕੂ ਜਥੇਬੰਦੀਆਂ ਦੀ ਸੋਚ ਹੀ ਪਤਾ ਨਹੀਂ ਕਿਉਂ ਘੱਟ ਗਿਣਤੀਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਹੀ ਰਹੀ ਹੈ। ਇਸ ਤੋਂ ਇਲਾਵਾ ਆਰਐਸਐਸ ਅਤੇ ਭਾਜਪਾ ਦੇ ਵਲੋਂ ਹਮੇਸ਼ਾਂ ਹੀ ਹਿੰਦੂ ਧਰਮ ਦੇ ਲੋਕਾਂ ਨੂੰ ਛੱਡ ਕੇ ਬਾਕੀ ਸਭ ਧਰਮਾਂ ਦੇ ਵਿਰੁੱਧ ਫਿਰਕੂ ਭਾਸ਼ਣ ਦਿੱਤੇ ਜਾਂਦੇ ਰਹੇ ਹਨ ਅਤੇ ਦੰਗੇ ਭੜਕਾਏ ਗਏ ਹਨ। ਸਾਥੀਓ, ਤੁਹਾਨੂੰ ਦੱਸ ਦਈਏ ਕਿ ਦਿੱਲੀ ਅੰਦਰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭੜਕੇ ਦੰਗਿਆਂ ‘ਤੇ ਹਰਿਆਣਾ ਦੇ ਮੰਤਰੀ ਰਣਜੀਤ ਚੌਟਾਲਾ ਨੇ ਵਿਵਾਦਿਤ ਬਿਆਨ ਦਿੰਦਿਆਂ ਹੋਇਆ ਕਿਹਾ ਕਿ ਦੰਗੇ ਤਾਂ ਹੁੰਦੇ ਰਹਿੰਦੇ ਹਨ। ਪਹਿਲਾਂ ਵੀ ਹੁੰਦੇ ਰਹੇ ਸਨ। ਜਦੋਂ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ ਤਾਂ ਪੂਰੀ ਦਿੱਲੀ ਸੜ ਰਹੀ ਸੀ। ਇਹ ਤਾਂ ਜਿੰਦਗੀ ਦਾ ਹਿੱਸਾ ਹੈ, ਜੋ ਹੁੰਦੇ ਰਹਿੰਦੇ ਹਨ। ਰਣਜੀਤ ਚੌਟਾਲਾ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਦਿੱਲ਼ੀ ਦੰਗਿਆਂ ਦੀ ਅੱਗ ਵਿਚ ਸੜ ਰਹੀ ਹੈ ਅਤੇ ਮੌਤ ਦੇ ਅੰਕੜੇ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਰਣਜੀਤ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਕੰਟਰੋਲ ਕਰ ਰਹੀ ਹੈ। ਇਸ ਵਿਚ ਕੁਝ ਜਿਉਡਿਸ਼ਿਅਲ ਮਾਮਲਾ ਹੈ, ਇਸ ਲਈ ਇਸ ‘ਤੇ ਜ਼ਿਆਦਾ ਬੋਲਣਾ ਸਹੀ ਨਹੀਂ ਹੈ। ਸਾਥੀਓਂ, ਜਿਸ ਪ੍ਰਕਾਰ ਹਰਿਆਣੇ ਦੇ ਮੰਤਰੀ ਚੌਟਾਲਾ ਬਿਆਨ ਦੇ ਰਹੇ ਹਨ, ਉਸ ਪ੍ਰਕਾਰ ਸਾਫ਼ ਪਤਾ ਲੱਗਾ ਹੈ ਕਿ ਚੌਟਾਲਾ ਵੀ ਦੇਸ਼ ਦੀ ਫਿਰਕੂ ਰਾਜਨੀਤੀ ਦਾ ਹੀ ਹਿੱਸਾ ਹਨ ਅਤੇ ਦੇਸ਼ ਨੂੰ ਕਥਿਤ ਤੌਰ ‘ਤੇ ਤੋੜਣ ਵਿਚ ਯਤਨ ਕਰ ਰਹੇ ਹਨ। ਸਾਥੀਓ, ਵੇਖਿਆ ਜਾਵੇ ਤਾਂ, ਧਰਮ ਨਿਰਪੱਖ ਦੇਸ਼ ਅੰਦਰ ਦੰਗੇ ਹੋਣਾ, ਹਕੂਮਤ ਨੂੰ ਸਵਾਲ ਕਰਦਾ ਹੈ ਕਿ ਧਰਮ ਨਿਰਪੱਖ ਦੇਸ਼ ਦੇ ਅੰਦਰ ਇਕ ਤਬਕੇ ਨੂੰ ਛੱਡ ਕੇ ਬਾਕੀ ਸਭਨਾ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਹਿੰਦੂ ਧਰਮ ਮਾੜਾ ਨਹੀਂ, ਪਰ ਇਸ ਦੇ ਮਾਲਕ ਬਣੇ ਬੈਠੇ ਲੀਡਰ ਮਾੜੇ ਹਨ। ਦਿੱਲੀ ਵਿਚ ਦੰਗੇ ਧਰਮ ਦੇ ਨਾਮ ‘ਤੇ ਹੋਣਾ ਸਾਬਤ ਕਰਦਾ ਹੈ ਕਿ ਕਿਸ ਪ੍ਰਕਾਰ ਹਕੂਮਤ ਹਿੰਦੂਆਂ ਨੂੰ ਛੱਡ ਕੇ ਬਾਕੀ ਸਭਨਾ ਨੂੰ ਦੇਸ਼ ਵਿਚੋਂ ਬਾਹਰ ਕੱਢਣ ਲਈ ਹੱਥ ਕੰਡੇ ਅਪਣਾ ਰਹੀ ਹੈ। ਦਿੱਲੀ ਹਿੰਸਾ ਵਿਚ ਮਾਰੇ ਗਏ ਲੋਕ, ਵੱਖ ਵੱਖ ਧਰਮਾਂ ਦੇ ਨਾਲ ਸਬੰਧ ਰੱਖਦੇ ਸਨ। ਦਿੱਲੀ ਦੇ ਲੋਕ ਜੋ ਹਿੰਦੂ, ਮੁਸਲਿਮ, ਸਿੱਖ ਜਾਂ ਫਿਰ ਈਸਾਈ ਹਨ, ਸਭ ਮਿਲ ਜੁਲ ਕੇ ਰਹਿਣ ਦੇ ਆਦੀ ਹਨ, ਪਰ ਗੰਦੀ ਰਾਜਨੀਤੀ ਦੇ ਵਲੋਂ ਲੋਕਾਂ ਨੂੰ ਧਰਮ ਦੇ ਨਾਮ ‘ਤੇ ਲੜਾਇਆ ਜਾ ਰਿਹਾ ਹੈ। ਕਥਿਤ ਤੌਰ ‘ਤੇ ਕਹਿ ਸਕਦੇ ਹਾਂ ਕਿ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਦੇਸ਼ ਵਿਚ ਦੰਗੇ ਕਰਵਾਏ ਗਏ ਹਨ।