ਮਹਾਂਮਾਰੀ ਦੌਰਾਨ ਮੀਡੀਆ ਖੇਤਰ ਬੁਰੀ ਤਰਾਂ ਪ੍ਰਭਾਵਿਤ ਹੋਇਆ-ਪੀ.ਐਚ.ਡੀ. ਚੈਂਬਰ

218

ਨਵੀਂ ਦਿੱਲੀ, 24 ਮਈ (ਏਜੰਸੀ)-ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਆਡ ਇੰਡਸਟਰੀ ਵੱਲੋਂ ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਇਸ਼ਤਿਹਾਰਾਂ ਦੀ ਆਮਦਨ ‘ਚ ਆਈ ਵੱਡੀ ਕਮੀ ਨਾਲ ਮੀਡੀਆ ਖੇਤਰ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਪੀ.ਐਚ.ਡੀ. ਚੈਂਬਰ ਦੀ ਮੀਡੀਆ ਤੇ ਆਟਰਟੇਨਮੈਂਟ ਕਮੇਟੀ ਦੇ ਪ੍ਰਧਾਨ ਡਾ. ਡੀ.ਕੇ. ਅਗਰਵਾਲ, ਸੀਨੀਅਰ ਉਪ ਪ੍ਰਧਾਨ ਸੰਜੇ ਅਗਰਵਾਲ ਤੇ ਚੇਅਰਮੈਨ ਮੁਕੇਸ਼ ਗੁਪਤਾ ਨੇ ਇਹ ਰਿਪੋਰਟ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਸੌਂਪੀ ਹੈ।ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਹਾਂਮਾਰੀ ਦੌਰਾਨ ਮੀਡੀਆ ਖੇਤਰ ਸਭ ਤੋਂ ਵੱਧ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।

ਮਹਾਂਮਾਰੀ ਦੌਰਾਨ ਅਖ਼ਬਾਰਾਂ ਦੀ ਸਰਕੂਲੇਸ਼ਨ ‘ਚ ਸਭ ਤੋਂ ਵੱਡੀ ਕਮੀ ਆਈ ਹੈ ਜਦਕਿ ਇਸ਼ਤਿਹਾਰਾਂ ਦੀ ਆਮਦਨ ‘ਚ ਵੀ ਬਹੁਤ ਵੱਡਾ ਘਾਟਾ ਪਿਆ ਹੈ। ‘ਆਊਟਲੁੱਕ ਆਫ਼ ਮੀਡੀਆ ਆਡ ਆਟਰਟੇਨਮੈਂਟ ਇੰਡਸਟਰੀ ਇਨ ਦਾ ਕੋਵਿਡ ਸਿਨੈਰੀਓ’ ਦੇ ਸਿਰਲੇਖ ਹੇਠ ਸੌਂਪੀ ਰਿਪੋਰਟ ‘ਚ ਪੀ.ਐਚ.ਡੀ. ਚੈਂਬਰ ਨੇ ਕਿਹਾ ਹੈ ਕਿ ਬਿਜਲਈ ਮੀਡੀਆ ਨੂੰ ਵੀ ਇਸ਼ਤਿਹਾਰਾਂ ਤੋਂ ਹੁੰਦੀ ਆਮਦਨ ‘ਚ ਬਹੁਤ ਵੱਡਾ ਘਾਟਾ ਪਿਆ ਹੈ। ਚੈਂਬਰ ਨੇ ਕਿਹਾ ਕਿ ਕੋਵਿਡ-19 ਨੇ ਦੇਸ਼ ਦੀ ਆਰਥਿਕਤਾ, ਵਪਾਰ, ਉਦਯੋਗ ਤੇ ਆਮ ਜਨਜੀਵਨ ਨੂੰ ਬੁਰੀ ਤਰਾਂ ਝੰਬਿਆ ਹੈ। ਇਸ ਦੌਰ ‘ਚ ਕੋਈ ਵੀ ਉਦਯੋਗ ਜਾਂ ਆਰਥਿਕਤਾ ਦਾ ਖੇਤਰ ਇਸ ਤੋਂ ਅਨ ਛੂਹਿਆ ਨਹੀਂ ਰਿਹਾ।