ਫਰੀਦਕੋਟ 25 ਮਈ :-
ਅੱਜ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਢਿਲਵਾਂ ਕਲਾਂ ਵਿਖੇ ਮਾਇਕਰੋ ਫਾਈਨਾਂਸ ਕੰਪਨੀਆਂ ਦੁਆਰਾ ਲੌਕਡਾਉਨ ਦੌਰਾਨ ਜਬਰੀ ਕਿਸ਼ਤਾਂ ਭਰਵਾਉਣ ਦੇ ਵਿਰੋਧ ਵਿੱਚ ਔਰਤਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਸੁਰਿੰਦਰ ਢਿਲਵਾਂ ਅਤੇ ਰਾਜਵਿੰਦਰ ਰੈਂਪੂ ਨੇ ਦੱਸਿਆ ਕਿ ਲੌਕਡਾਉਨ ਦੇ ਚਲਦਿਆਂ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਨੇ ਮਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੁੱਝ ਹਦਾਇਤਾਂ ਜਾਰੀ ਕੀਤੀਆਂ ਸਨ ਜਿਨਾਂ ਮੁਤਾਬਿਕ ਕੋਈ ਵੀ ਬੈਂਕ ਜਾਂ ਫਾਈਨਾਂਸ ਕੰਪਨੀ ਕਿਸੇ ਵੀ ਵਿਅਕਤੀ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਨਹੀਂ ਕਰ ਸਕਦੀ।
ਪਰ ਆਰ.ਬੀ.ਆਈ. ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਇਨ੍ਹਾਂ ਕੰਪਨੀਆਂ ਦੇ ਮੁਲਾਜ਼ਮ ਘਰਾਂ ਵਿੱਚ ਆ ਕੇ ਔਰਤਾਂ ਨੂੰ ਕਿਸ਼ਤਾਂ ਭਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਡਰਾਵੇ ਦੇ ਰਹੇ ਹਨ ਜਦਕਿ ਲੌਕਡਾਉਨ ਕਾਰਨ ਹਰ ਵਰਗ ਦਾ ਕੰਮ ਕਾਜ ਠੱਪ ਹੋ ਚੁੱਕਾ ਹੈ।ਅਜਿਹੇ ਸਮੇਂ ਬੇਜ਼ਮੀਨੇ,ਮਜ਼ਦੂਰ ਲੋਕ ਕਿਸ਼ਤਾਂ ਭਰਨ ਤੋਂ ਅਸਮਰੱਥ ਹਨ।ਜਦੋਂ ਕਿ ਤਾਲਾਬੰਦੀ ਦੌਰਾਨ ਪਬਲਿਕ ਦੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਆਫ ਇੰਡੀਆ (ਆਰ,ਬੀ,ਆਈ)ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੋਰੇਟੇਰੀਅਮ ਪੀਰੀਅਡ ਚ ਤਿੰਨ ਮਹੀਨੇ ਦਾ ਵਾਧਾ ਕਰਦੇ ਹੋਏ ਅਗਸਤ ਤੱਕ ਵਦਾ ਦਿੱਤਾ ਹੈ।
ਪਰ ਇਸਦੇ ਬਾਵਜੂਦ ਵੀ ਇਹ ਮੁਲਾਜ਼ਮ ਬੀਬੀਆਂ ਨੂੰ ਕਨੂੰਨੀ ਕਾਰਵਾਈ ਤੇ ਡਿਫਾਲਟਰ ਕਰਾਰ ਦੇਣ ਦੀਆਂ ਧਮਕੀਆਂ ਦੇ ਰਹੇ ਹਨ।ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਕਿ ਲੌਕਡਾਉਨ ਦੇ ਉਹਲੇ ਕਾਰਪੋਰੇਟਸ ਘਰਾਣਿਆਂ ਦਾ ਅਰਬਾਂ-ਖਰਬਾਂ ਦਾ ਲੋਨ ਮੁਆਫ ਕਰ ਦਿੱਤਾ ਗਿਆ ਪਰੰਤੂ ਕਿਰਤੀ ਲੋਕਾਂ ਨੂੰ ਸਰਕਾਰ ਨੇ ਕੋਈ ਰਾਹਤ ਨਹੀਂ ਦਿਤੀ।ਉਨ੍ਹਾਂ ਮੰਗ ਕੀਤੀ ਕਿ ਲਾਕਡਾਉਨ ਖਤਮ ਹੋਣ ਅਤੇ ਕੰਮਕਾਜੀ ਹਾਲਾਤਾਂ ਦੇ ਠੀਕ ਹੋਣ ਤੱਕ ਕਿਸ਼ਤਾਂ ਨਾ ਭਰਾਈਆ ਜਾਣ।
ਸਰਕਾਰੀ ਤੇ ਪ੍ਰਾਈਵੇਟ ਹਰ ਪ੍ਰਕਾਰ ਦੇ ਕਰਜਿਆਂ ‘ਤੇ ਲਾਕਡਾਉਨ ਸਮੇਂ ਦਾ ਵਿਆਜ ਨਾ ਵਸੂਲਿਆ ਜਾਵੇ ਅਤੇ ਮਜਦੂਰਾਂ ਦੇ ਖਾਤਿਆਂ ਵਿੱਚ 10-10 ਹਜਾਰ ਰੁਪਏ ਜਮ੍ਹਾਂ ਕਰਵਾਏ ਜਾਣ। ਇਸ ਮੌਕੇ ਉਸ਼ਾ ਰਾਣੀ,ਰਾਜਵਿੰਦਰ ਕੌਰ,ਕੁਲਦੀਪ ਕੌਰ,ਨਰਿੰਦਰ ਕੌਰ,ਲਵਪ੍ਰੀਤ ਕੌਰ,ਮਨਪ੍ਰੀਤ ਕੌਰ,ਸਿਮਰਨ ਕੌਰ ਆਦਿ ਹਾਜਰ ਸਨ।