ਦਲਜੀਤ ਕੌਰ, ਧੂਰੀ
ਨਹਿਰੀ ਪਾਣੀ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਦਫਤਰ ਧੂਰੀ ਅੱਗੇ ਲੱਗੇ ਮੋਰਚੇ ਦੇ 11ਵੇਂ ਦਿਨ ਅੱਜ ਮੋਰਚੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਕਿਰਤੀ ਕਿਸਾਨ ਯੂਨੀਅਨ ਮੋਗਾ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਖਖਰਾਣਾਂ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਦੇਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇਂ ਹਲਕੇ ਦੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਖਮਿਆਜ਼ਾ ਆਉਣ ਵਾਲੀਆਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ, ਕੱਲ੍ਹ ਮੁੱਖ ਮੰਤਰੀ ਧੂਰੀ ਹਲਕੇ ਵਿੱਚ ਹੋਣ ਦੇ ਬਾਵਜੂਦ ਨਹਿਰੀ ਪਾਣੀ ਸਬੰਧੀ ਲੋਕਾਂ ਦੀ ਗੱਲ ਸੁਣਨ ਲਈ 10 ਮਿੰਟ ਨਹੀਂ ਰੁਕਿਆ, ਜਦੋਂ ਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸਨ ਕਿ ਸਾਨੂੰ ਸੜਕ ਤੇ ਜਾਂਦਿਆਂ ਨੂੰ ਆਵਾਜ਼ ਮਾਰ ਲਿਓ ਅਸੀਂ ਗੱਲ ਸੁਣ ਲਈ ਖੜਾਂਗੇ ਪਰ ਪਿਛਲੇ 10 ਦਿਨਾਂ ਤੋਂ ਮੁੱਖ ਮੰਤਰੀ ਦਫਤਰ ਅੱਗੇ ਲੋਕ ਬੈਠੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਮੁੱਖ ਮੰਤਰੀ ਸਾਹਿਬ 10 ਮਿੰਟ ਦਾ ਸਮਾਂ ਨਹੀਂ ਕੱਢ ਸਕੇ।
ਆਗੂਆਂ ਨੇ ਚੇਤਾਵਨੀ ਦਿੰਦਿਆਂ 6 ਅਕਤੂਬਰ ਨੂੰ ਪੱਕੇ ਮੋਰਚੇ ਵਿਚ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ।ਆਗੂਆਂ ਨੇ ਲੋਕਾਂ ਨੂੰ ਵੱਧ ਚੜ ਕੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ਅੱਜ ਦੇ ਰੋਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਿੰਡ ਬੰਗਾਂ (ਮੂਣਕ) ਤੋਂ ਮੋਰਚੇ ਦੀ ਸਪੋਟ ਲਈ ਨੌਜਵਾਨਾਂ ਦਾ ਕਾਫਲਾ ਪਹੁੰਚਿਆ ਜਿਸ ਦੀ ਅਗਵਾਈ ਪ੍ਰਧਾਨ ਸੋਹਣ ਸਿੰਘ ਅਤੇ ਮੀਤ ਪ੍ਰਧਾਨ ਟੋਨੀ ਨੇ ਕੀਤੀ।
ਇਸ ਮੌਕੇ ਸੰਘਰਸ਼ ਕਮੇਟੀ ਦੇ ਬੀਕੇਯੂ ਰਾਜੇਵਾਲ ਦੇ ਬਲਵਿੰਦਰ ਸਿੰਘ ਜੱਖਲਾਂ, ਮਾਸਟਰ ਮੱਘਰ ਸਿੰਘ ਭੂਦਨ, ਭੁਪਿੰਦਰ ਸਿੰਘ ਲੌਂਗੋਵਾਲ, ਚਮਕੌਰ ਸਿੰਘ ਹਥਨ, ਮੇਹਰ ਸਿੰਘ ਈਸਾਪੁਰ, ਉਗਰਾਹਾਂ ਦੇ ਆਗੂ ਮਾਨ ਸਿੰਘ ਸੱਦੋਪੁਰ, ਅਮਰੀਕ ਸਿੰਘ ਘਨੌਰ ਕਲਾਂ, ਲਾਭ ਸਿੰਘ ਨੱਥੋਹੇੜੀ, ਗੁਰਜੀਤ ਸਿੰਘ ਭੜੀ, ਗੁਰਮੇਲ ਸਿੰਘ ਟਿੱਬਾ, ਮਹਿੰਦਰਪਾਲ ਬਡਰੁੱਖਾਂ, ਸੁਖਦੇਵ ਸਿੰਘ ਉੱਭਾਵਾਲ ਅਤੇ ਚਮਕੌਰ ਸਿੰਘ ਬਧਰਾਵਾਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪਰਮੇਲ ਸਿੰਘ ਹਥਨ ਨੇ ਨਿਭਾਈ।