ਮਾਸੂਮਾਂ ਦੇ ਮਨਾਂ ‘ਚ ਨਫ਼ਰਤ ਭਰਨ ‘ਚ ਰੁੱਝੀ ਸੰਘ?

690

ਜਦੋਂ ਤੋਂ ਭਾਰਤ ਦੇ ਅੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਲੈ ਕੇ ਹੀ ਘੱਟ ਗਿਣਤੀਆਂ ਦੇ ਵਿਰੁੱਧ ਕਈ ਅਜਿਹੇ ਬਿਆਨ ਅਤੇ ਕਨੂੰਨ ਬਣਾਏ ਜਾ ਰਹੇ ਹਨ, ਜੋ ਸਾਬਤ ਕਰਦੇ ਹਨ ਕਿ ਭਾਜਪਾ ਦੇਸ਼ ਨੂੰ ਸਿਰਫ਼ ਇੱਕੋ ਧਰਮ ਦਾ ਇੱਕ ਦੇਸ਼ ਮਤਲਬ ਕਿ “ਹਿੰਦੂ ਰਾਸ਼ਟਰ” ਬਣਾਉਣਾ ਚਾਹੀਦੀ ਹੈ। ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ, ਸਗੋਂ ਇੱਕੋ ਹੀ ਹੈ ਕਿ ਆਰਐਸਐਸ ਦੇ ਇਸ਼ਾਰੇ ‘ਤੇ ਚੱਲਣ ਵਾਲੀ ਭਾਜਪਾ ਹਿੰਦੂਆਂ ਨੂੰ ਛੱਡ ਕੇ ਸਭਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖ ਰਹੀ ਹੈ। ਪਿਛਲੇ ਸਮੇਂ ਵਿੱਚ ਜਿੰਨੇ ਵੀ ਭਾਜਪਾ ਦੇ ਪ੍ਰੋਗਰਾਮ ਹੋਏ ਹਨ, ਹਰ ਪ੍ਰੋਗਰਾਮ ਦੇ ਵਿੱਚ ਹੀ ਅਜਿਹੀ ਬਿਆਨਬਾਜ਼ੀ ਹੋਈ ਹੈ, ਜੋ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਹੀ ਸਾਬਤ ਹੋਈ ਹੈ। ਦਰਅਸਲ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਕਾਰ ਜੋ ਵਿਤਕਰਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਉਸ ਨੂੰ ਵੀ ਮੋਦੀ ਹਕੂਮਤ ਹੁਣ ਤੱਕ ਠੀਕ ਨਹੀਂ ਕਰ ਸਕੀ। ਜੋ ਗਿਣੇ ਚੁਣੇ ਹਿੰਦੂ ਸਭਨਾਂ ਧਰਮਾਂ ਦਾ ਸਤਿਕਾਰ ਕਰਨ ਨੂੰ ਉਤਾਵਲੇ ਹਨ, ਉਨ੍ਹਾਂ ਨੂੰ ਵੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਧਮਕੀਆਂ ਦੇਣ ਵਾਲੇ ਕੋਈ ਹੋਰ ਨਹੀਂ, ਬਲਕਿ ਸੰਘ ਦੇ ਹੀ ਕੁਝ ਅਹੁਦੇਦਾਰ ਹਨ। ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਮਾਸੂਮ ਬੱਚਿਆਂ ਨੂੰ ਵੀ ਆਰਐਸਐਸ ਦੇ ਵੱਲੋਂ ਬਖ਼ਸ਼ਿਆ ਨਹੀਂ ਜਾ ਰਿਹਾ। ਦੱਸ ਦਈਏ ਕਿ ਆਰਐਸਐਸ ਦੇ ਦੁਆਰਾ ਚਲਾਏ ਜਾਂਦੇ ਸਕੂਲਾਂ ਕਾਲਜਾਂ ਵਿੱਚ ਜ਼ਿਆਦਾਤਰ ਬੱਚੇ ਹਿੰਦੂ ਸਮਾਜ ਨਾਲ ਸਬੰਧ ਰੱਖਣ ਵਾਲੇ ਹੀ ਪੜ੍ਹਦੇ ਹਨ, ਉਨ੍ਹਾਂ ਬੱਚਿਆਂ ਨੂੰ ਅਜਿਹਾ ਨਫ਼ਰਤ ਦਾ ਪਾਠ ਆਰਐਸਐਸ ਦੇ ਵੱਲੋਂ ਪੜ੍ਹਾਇਆ ਜਾ ਰਿਹਾ ਹੈ, ਜੋ ਸਭ ਦੇ ਲਈ ਖ਼ਤਰਨਾਕ ਸਿੱਧ ਹੋ ਰਿਹਾ ਹੈ। ਆਰਐਸਐਸ ਦੀ ਸ਼ੁਰੂ ਤੋਂ ਹੀ ਸੋਚ ਰਹੀ ਹੈ ਕਿ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਦੇਸ਼ ਬਣਾਇਆ ਜਾਵੇ ਪਰ ਕੁਝ ਕੁ ਕਾਰਨਾਂ ਦੇ ਕਰਕੇ ਆਰਐਸਐਸ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੁੰਦੀ ਰਹੀ। ਪਰ..!! ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਆਰਐਸਐਸ ਨੂੰ ਖੁੱਲ ਮਿਲ ਗਈ ਹੈ, ਕਿ ਘੱਟ ਗਿਣਤੀਆਂ ਨੂੰ ਵੱਧ ਤੋਂ ਵੱਧ ਹਿੰਦੂ ਧਰਮ ਦਾ ਪਾਠ ਪੜਾ ਕੇ ਹਿੰਦੂ ਬਣਾਇਆ ਜਾਵੇ ਅਤੇ ਜਿਹੜਾ ਵੀ ਹਿੰਦੂਆਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਉਸ ਨੂੰ ਦੇਸ਼ ਧ੍ਰੋਹੀ ਸਾਬਤ ਕਰਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ ਜਾਵੇ। ਦੋਸਤੋਂ, ਆਰਐਸਐਸ ਦੀ ਚਾਲ ਤਾਂ ਤੁਸੀਂ ਸਭ ਸਮਝ ਹੀ ਗਏ ਹੋਵੋਗੇ। ਪਰ, ਪਿਛਲੇ ਦਿਨੀਂ ਜੋ ਨਫ਼ਰਤ ਦੇ ਬੀਜ ਆਰਐਸਐਸ ਦੇ ਵੱਲੋਂ ਮਸੂਮਾਂ ਦੇ ਅੰਦਰ ਬੀਜੇ ਗਏ, ਉਸ ਤੋਂ ਸਾਫ਼ ਇਹ ਹੀ ਪਤਾ ਲਗਦਾ ਹੈ ਕਿ ਬਹੁਤ ਜਲਦ ਦੇਸ਼ ਦੇ ਅੰਦਰ ਭਿਆਨਕ ਅੱਗ ਲੱਗਣ ਵਾਲੀ ਹੈ। ਭਾਵੇਂ ਹੀ ਨਾਗਰਿਕਤਾ ਸੋਧ ਬਿੱਲ ਪਾਸ ਕਰਕੇ ਦੇਸ਼ ਦੇ ਅੰਦਰ ਮੋਦੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ ਅਤੇ ਦੇਸ਼ ਅੰਦਰ ਅੱਗ ਲੱਗੀ ਵੀ ਹੋਈ ਹੈ, ਪਰ ਆਉਣ ਵਾਲੇ ਸਮੇਂ ਵਿੱਚ ਜੋ ਕੁਝ ਵੀ ਹੋਵੇਗਾ, ਉਹ ਇਸ ਤੋਂ ਵੀ ਭਿਆਨਕ ਹੋਵੇਗਾ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਕਰਨਾਟਕਾ ਦੇ ਇੱਕ ਸਕੂਲ ਦੇ ਅੰਦਰ ਆਰਐਸਐਸ ਦੇ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੇ ਦੌਰਾਨ ਮੁਸਲਮਾਨਾਂ ਦੇ ਖ਼ਿਲਾਫ਼ ਇੱਕ ਨਾਟਕ ਬੱਚਿਆਂ ਨੂੰ ਖਿਡਾਇਆ ਗਿਆ ਅਤੇ ਬਾਬਰੀ ਮਸਜਿਦ ਤੇ ਕਬਜ਼ਾ ਕਿਸ ਤਰ੍ਹਾਂ ਕਰਕੇ ਮੰਦਰ ਬਣਾਉਣਾ ਹੈ, ਉਸ ਦੇ ਬਾਰੇ ਵਿੱਚ ਸਾਫ਼ ਵਿਖਾਇਆ ਗਿਆ। ਇੱਥੇ ਦੱਸ ਦਈਏ ਕਿ ਪੂਰੇ ਭਾਰਤ ਵਿੱਚ ਚਲਦੇ ਆਪਣੇ ‘ਵਿੱਦਿਆ ਭਾਰਤੀ’ ਸਕੂਲਾਂ ਪ੍ਰੋਗਰਾਮਾਂ ਕਰਵਾਏ ਜਾ ਰਹੇ ਹਨ ਤਾਂ ਜੋ ਮਾਸੂਮਾਂ ਨੂੰ ਹਿੰਦੂ ਧਰਮ ਦੇ ਬਾਰੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਹਿੰਦੂ ਰਾਸ਼ਟਰ ਨੂੰ ਕਾਇਮ ਕੀਤਾ ਜਾ ਸਕੇ। ਸਾਥੀਓ, ਤੁਹਾਨੂੰ ਇਹ ਵੀ ਦੱਸ ਦਈਏ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਦੇ ਮਾਸੂਮ ਬੱਚਿਆਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਲਈ ਆਰਐਸਐਸ ਦੇ ਵੱਲੋਂ ਨਫ਼ਰਤ ਦਾ ਪਾਠ ਪੜਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਹੀ ਆਰਐਸਐਸ ਦੇ ਵੱਲੋਂ ਚਲਾਏ ਜਾ ਰਹੇ ਕਰਨਾਟਕਾ ਦੇ ਸਕੂਲ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਕੇਸਰੀ-ਚਿੱਟੇ ਕੱਪੜੇ ਪਵਾ ਕੇ ਉਨ੍ਹਾਂ ਕੋਲੋਂ ਬਾਬਰੀ ਮਸਜਿਦ ਢਹਾਉਣ ਦਾ “ਨਾਟਕ” ਕਰਵਾਇਆ ਗਿਆ। ਨਾਟਕ ਦੇ ਅੰਤਲੇ ਦ੍ਰਿਸ਼ ਵਿੱਚ ਬੱਚੇ ਬਾਬਰੀ ਮਸਜਿਦ ਦੇ ਵੱਡੇ ਪੋਸਟਰ ਵੱਲ ਭੱਜਦੇ ਜਾਂਦੇ ਹਨ ਤੇ ਉਸ ਨੂੰ ਪਾੜਦੇ ਹੋਏ “ਜੈ ਸ੍ਰੀਰਾਮ” ਦੇ ਨਾਅਰੇ ਲਾਉਂਦੇ ਹਨ। ਇਸ ਮਗਰੋਂ ਰਾਮ ਮੰਦਰ ਖੜ੍ਹਾ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਇਹ ਸਕੂਲ ਆਰਐਸਐਸ ਦੇ ਨਾਲ ਜੁੜੇ ਪ੍ਰਭਾਕਰ ਭੱਟ ਵੱਲੋਂ ਚਲਾਇਆ ਜਾਂਦਾ ਹੈ। ਦੱਸ ਇਹ ਵੀ ਦਈਏ ਕਿ ਇਸੇ ਹੀ ਪ੍ਰਭਾਕਰ ਭੱਟ ਬਾਰੇ ਵਿੱਚ ਸੀਨੀਅਰ ਪੱਤਰਕਾਰ ਸ਼੍ਰੀਮਤੀ ਗ਼ੌਰੀ ਲੰਕੇਸ਼ ਨੇ ਵੀ ਲਿਖਿਆ ਸੀ ਕਿ ਕਿਵੇਂ ਇਹ ਸ਼ਖ਼ਸ ਦੋ ਸਕੂਲ ਚਲਾ ਕੇ ਕਰਨਾਟਕਾ ਵਿੱਚ ਬੱਚਿਆਂ ਨੂੰ ਉਕਸਾਉਣ, ਨਫ਼ਰਤ ਫੈਲਾਉਣ ਵਾਲੇ ਸੰਘੀ ਵਿਚਾਰ ਸਿਖਾਉਂਦਾ ਹੈ। ਇਸੇ ਖ਼ਾਸ ਗੱਲ ਇਹ ਵੀ ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੇਂਦਰੀ ਮੰਤਰੀ ਸਦਾਨੰਦ ਗੌੜਾ ਤੇ ਕਿਰਨ ਬੇਦੀ ਹਾਜ਼ਰ ਹੋਏ ਸਨ। ਦੋਸਤੋ ਜਿਸ ਪ੍ਰਕਾਰ ਇਸ ਵੇਲੇ ਆਰਐਸਐਸ ਦੇ ਪ੍ਰੋਗਰਾਮ ਵਿੱਚ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਬੱਚਿਆਂ ਦੇ ਅੰਦਰ ਭਰੀ ਗਈ, ਉਸ ਤੋਂ ਇਹ ਜਾਪਦਾ ਹੈ ਕਿ ਭਾਜਪਾ ਸਰਕਾਰ ਵੱਲੋਂ ਆਰਐਸਐਸ ਦੇ ਇਸ਼ਾਰੇ ਤੇ ਦੇਸ਼ ਨੂੰ ਤੋੜਨ ਦੀ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ, ਜਿਸ ਦਾ ਨੁਕਸਾਨ ਕਿਸੇ ਇੱਕ ਵਰਗ ਨੂੰ ਨਹੀਂ, ਬਲਕਿ ਹਿੰਦੂਆਂ ਨੂੰ ਛੱਡ ਕੇ ਸਭਨਾਂ ਨੂੰ ਹੋਵੇਗਾ। ਜਿਸ ਤਰ੍ਹਾਂ ਦਾ ਮੁਸਲਮਾਨਾਂ ਦੇ ਖ਼ਿਲਾਫ਼ ਨਾਟਕ ਕਰਨਾਟਕਾ ਦੇ ਇੱਕ ਸਕੂਲ ਵਿੱਚ ਹੋਇਆ, ਇਸ ਤੋਂ ਪਹਿਲਾਂ ਸਿੱਖਾਂ ਦੇ ਖ਼ਿਲਾਫ਼ ਵੀ ਆਰਐਸਐਸ ਦੇ ਵੱਲੋਂ ਨਾਟਕ ਕਰਵਾਏ ਜਾ ਚੁੱਕੇ ਹਨ। ਸੋ ਦੋਸਤੋਂ, ਇਸ ਸਭ ਤੋਂ ਇਹ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਾਸੂਮਾਂ ਨੂੰ ਮੋਹਰਾ ਬਣਾ ਕੇ ਦੇਸ਼ ਦੇ ਅੰਦਰ ਵਸੀਆਂ ਹੋਰ ਕੌਮਾਂ ਨੂੰ ਹੋਲੀ-ਹੋਲੀ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਹਿੰਦੂ ਰਾਸ਼ਟਰ ਕਾਇਮ ਕੀਤਾ ਜਾਵੇਗਾ। ਬਾਕੀ ਜੇਕਰ ਅਸੀਂ ਹੁਣੇ ਈ ਨਾ ਜਾਗੇ ਤਾਂ ਉਹ ਵੇਲਾ ਦੂਰ ਨਹੀਂ ਜਦੋਂ ਅਸੀਂ ਫਿਰ ਤੋਂ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਜਾਵਾਂਗਾ।