ਸਾਡਾ ਪੰਜਾਬ, ਮਾਂ ਬੋਲੀ ਪੰਜਾਬੀ ਅਤੇ ਵਿਰਸੇ ਦੀ ਆਲੰਬਰਦਾਰਤਾ ਦੀ ਅਮੀਰੀ ਚ ਦੁਨੀਆਂ ਭਰ ਦੇ ਪੰਜਾਬੀ ਲੇਖਕਾਂ ਦੀ ਸ਼ਮੂਲੀਅਤ ਅਤੇ ਯੋਗਦਾਨ ਨੂੰ ਸ਼ਾਬਦਕ ਰੂਪ ਚ ਬਿਆਨਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ।ਲੇਖਕ ਕਾਵਿ ਸੰਗ੍ਰਹਿ,ਇਕਾਂਗੀ, ਨਾਟਕਾਂ, ਕਹਾਣੀਆਂ, ਨਾਵਲਾਂ, ਮਿੰਨੀ ਕਹਾਣੀਆਂ ਦੀ ਪੁਸਤਕਾਂ, ਰਸਾਲਿਆਂ, ਅਖ਼ਬਾਰਾਂ ਰਾਹੀਂ ਆਪਣੇ ਵਡਮੁੱਲੇ ਯੋਗਦਾਨ ਦੀ ਤੱਤਪਰ ਹਨ।ਇਸੇ ਤਰ੍ਹਾਂ ਯੂ ਐੱਸ ਏ ਤੋਂ ਸਾਹਿਤਕਾਰ ਤ੍ਰਿਪਤ ਭੱਟੀ ਮੁੱਖ ਸੰਪਾਦਕ ਦੀ ਕਾਬਿਲ ਰਹਿਨੁਮਾਈ ਹੇਠ ਮਿੰਨੀ ਕਹਾਣੀ ਦੇ ਡਾਕਟਰ ਅਤੇ ਲੇਖਕ ਹਰਪ੍ਰੀਤ ਸਿੰਘ ਰਾਣਾ ਅਤੇ ਦਵਿੰਦਰ ਪਟਿਆਲਵੀ ਦੀ ਸੰਪਾਦਨਾ ਹੇਠ ਪਟਿਆਲਾ ਤੋਂ ਛਪਦਾ ਪੰਜਾਬੀਅਤ ਦੀ ਤਰਜਮਾਨੀ ਦੀ ਹਾਮੀ ਭਰਦਾ ਪਾਏਦਾਰ ਮਿੰਨੀ ਕਹਾਣੀ ਰਚਨਾਵਾਂ ਭਰਪੂਰ ਮਿੰਨੀ ਕਹਾਣੀ ਸਮੂਹ ਤਿਮਾਹੀ ਰਸਾਲਾ “ਛਿਣ” ਦੀ ਸਾਹਿਤ ਦੇ ਖੇਤਰ ਚ ਆਪਣੀ ਵਡਮੁੱਲੀ ਅਤੇ ਨਿਵੇਕਲੀ ਪਛਾਣ ਹੈ।
ਇਸ ਸੰਬੰਧੀ ਚਾਨਣਾ ਪਾਉਂਦਿਆਂ ਸਾਹਿਤਕਾਰਾਂ ਡਾ.ਹਰਪ੍ਰੀਤ ਸਿੰਘ ਰਾਣਾ ਅਤੇ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਰਸਾਲਾ ਛਿਣ ਨਿਰੋਲ ਮਿੰਨੀ ਕਹਾਣੀਆਂ ਅਧਾਰਿਤ ਹੈ।ਹਰੇਕ ਅੰਕ ਮਿੰਨੀ ਕਹਾਣੀ ਲੇਖਕਾਂ ਦੀਆਂ ਰਚਨਾਵਾਂ ਦੀ ਪੜਚੋਲ ਕਰਨ ਉਪਰੰਤ ਹੀ ਛਾਪਿਆ ਜਾਂਦਾ ਹੈ।ਉਹਨਾਂ ਦਾ ਕਹਿਣਾ ਹੈ ਕਿ ਅਜੋਕੇ ਇਲੈਕਟ੍ਰਾਨਿਕ ਚਕਾਚੌਂਧ ਵਾਲੇ ਦੌਰ ਚ ਪਾਠਕਾਂ ਕੋਲ ਨਾਵਲ, ਲੰਮੀਆਂ ਕਹਾਣੀਆਂ, ਇਕਾਂਗੀ ਆਦਿ ਪੜਨ ਲਈ ਵਕਤ ਨੂੰ ਤਵੱਜੋ ਦੀ ਘਾਟ ਦੇ ਮੱਦੇਨਜ਼ਰ ਪਾਠਕਾਂ ਚ ਪੜਨ ਦੀ ਰੁਚੀ ਮਿੰਨੀ ਕਹਾਣੀ ਦੀ ਪ੍ਰਫੁੱਲਤਾ ਅਤੇ ਉਤਸ਼ਾਹਿਤਤਾ ਹਿੱਤ ਯਤਨਸ਼ੀਲ਼ਤਾ ਚ ਛਿਣ ਦੀ ਵੀ ਭਰਪੂਰ ਕੋਸ਼ਿਸ਼ ਹੈ।ਛਿਣ ਦੇ ਸੰਪਾਦਕੀ ਮੰਡਲ ਨੇ ਬੱਤੀਵਾਂ ਤਾਜ਼ਾ ਅੰਕ ਪਾਠਕਾਂ ਦੇ ਰੂਬਰੂ ਕੀਤਾ ਹੈ।
ਇਸ ਵਾਰ ਦੇ ਅੰਕ ਚ ਹਰਪ੍ਰੀਤ ਸਿੰਘ ਰਾਣਾ, ਪ੍ਰਿੰਸੀਪਲ ਜੰਗ ਬਹਾਦਰ ਘੁੰਮਣ, ਵਿਵੇਕ ਕੋਟ ਈਸੇ ਖਾਂ, ਕੁਲਵਿੰਦਰ ਕੌਸ਼ਲ, ਸਿਵਤਾਰ ਸਿੰਘ ਡੱਲਾ, ਪ੍ਰੀਤਮ ਸਿੰਘ ਪੰਛੀ, ਬੀਰਦਵਿੰਦਰ ਸਿੰਘ ਬਨਭੌਰੀ,ਅਮਰੀਕ ਸਿੰਘ ਤਲਵੰਡੀ ਕਲਾਂ, ਸੁਰਿੰਦਰਦੀਪ ਕੌਰ, ਅਮਨਦੀਪ ਸਿੰਘ ਸੰਢੌਰਾ, ਗੁਰਪ੍ਰੀਤ ਸਿੰਘ ਜਖਵਾਲੀ, ਸੁਕੇਸ਼ ਸਾਹਨੀ ਬਰੇਲੀ,ਪ੍ਰੋ. ਰੂਪ ਦੇਵਗੁਣ ਸਿਰਸਾ,ਪ੍ਰਤਾਪ ਸਿੰਘ ਸੋਢੀ ਇੰਦੌਰ, ਡਾ.ਰਾਮ ਨਿਵਾਸ ਮਾਨਵ ਨਾਰਨੌਲ ਆਦਿ ਲੇਖਕਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮਿੰਨੀ ਕਹਾਣੀਆਂ ਪ੍ਰਤੀ ਪ੍ਰੋਢ ਅਤੇ ਖੁੰਢ ਸਾਹਿਤਕਾਰਾਂ ਨਿਰੰਜਣ ਬੋਹਾ,ਡਾ.ਅਮਰ ਕੋਮਲ,ਡਾ.ਹਰਪ੍ਰੀਤ ਸਿੰਘ ਰਾਣਾ ਵੱਲੋਂ ਕੀਤਾ ਗਿਆ ਵਿਸ਼ਲੇਸ਼ਣ ਅਧਿਐਨ ਛਾਪਿਆ ਗਿਆ ਹੈ ਜੋ ਇੱਕ ਸੂਹੀ ਸਿਰਜਾਣਮਕ, ਸੰਜੀਦਾ ਅਤੇ ਸੁਧਾਰਵਾਦੀ ਸੋਚ ਦਾ ਸਬੂਤ ਹੈ।
“ਨਕਸ਼” ਦੇ ਨਾਮ ਹੇਠ ਬੀਰ ਦਵਿੰਦਰ ਸਿੰਘ ਦੇ ਜੀਵਨ, ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਦਾ ਸੰਖੇਪ ਜਾਣਕਾਰੀ, ਦਵਿੰਦਰ ਪਟਿਆਲਵੀ ਵੱਲੋਂ ਸਾਹਿਤਕਾਰ ਤ੍ਰਿਪਤ ਭੱਟੀ ਦੇ ਜੀਵਨ , ਪਰਿਵਾਰ, ਸਾਹਿਤਕ ਰੁਚੀਆਂ, ਸਾਹਿਤਕ ਯੋਗਦਾਨ ਅਤੇ ਪ੍ਰਾਪਤੀਆਂ ਸਬੰਧੀ ਜਾਣਕਾਰੀ ਕਾਬਲੇ ਤਾਰੀਫ਼ ਹੈ।ਹੀਰਾ ਸਿੰਘ ਤੂਤ ਦੀ ਮਿੰਨੀ ਕਹਾਣੀ ਪੁਸਤਕ ਸ਼ਕਤੀ ਪ੍ਰਦਰਸ਼ਨ ਦਾ ਰਘਵੀਰ ਸਿੰਘ ਮਹਿਮੀ ਅਤੇ ਬੀਰ ਦਵਿੰਦਰ ਸਿੰਘ ਬਨਭੌਰੀ ਦੀ ਪੁਸਤਕ ਦੋ ਪਲ ਦੀ ਸ਼ਹਿਜ਼ਾਦੀ ਦਾ ਡਾ.ਇੰਦਰਪਾਲ ਕੌਰ ਦੁਆਰਾ ਕੀਤਾ ਰੀਵਿਊ ਵੀ ਇਸ ਵਾਰ ਦੇ ਅੰਕ ਚ ਸ਼ਾਮਿਲ ਹੈ।
ਛਿਣ ਦੀ ਟੀਮ ਦਾ ਅੰਕ ਵਿਚ ਸ਼ਾਮਿਲ ਰਚਨਾਵਾਂ ਪ੍ਰਤੀ ਰੀਵਿਊ ਕਰਵਾਉਣਾ ਅਤੇ ਨਾਲ ਹੀ ਅੰਕ ਵਿੱਚ ਛਾਪਣਾ ਇੱਕ ਪ੍ਰਸੰਸਾਯੋਗ ਅਤੇ ਨਿਵੇਕਲਾ ਯਤਨ ਹੈ ਅਤੇ ਮਿਨੀ ਕਹਾਣੀ ਦੇ ਖੇਤਰ ਮੀਲ ਪੱਥਰ ਹੈ।
ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ
9779708257
਼