ਮੁਲਾਜ਼ਮ ਬਨਾਮ ਮੁਲਜ਼ਮ

197

ਇੱਕ ਕਹਾਵਤ ਹੈ ਕਿ ਘਰ ਦੀ ਮੁਰਗੀ ਦਾਲ ਬਰਾਬਰ। ਇਹ ਹਰ ਕੋਈ ਸਮਝ ਸਕਦਾ ਹੈ ਪਰ ਫਿਰ ਵੀ ਇਸ ਸੱਚ ਤੋਂ ਪਰਦਾ ਉਠਾਉਣਾ ਅਤੇ ਇਸ ਨੂੰ ਸਮਝਣਾ ਜ਼ਰੂਰੀ ਹੈ। ਦਾਲ ਹਰ ਘਰ ਵਿੱਚ ਹੁੰਦੀ ਹੈ। ਪਰ ਜਦੋਂ ਕੋਈ ਖ਼ਾਸ ਮਹਿਮਾਨ ਆ ਜਾਏ ਤਾਂ ਉਸ ਦੀ ਟਹਿਲ ਸੇਵਾ ਕਰਨੀ ਪੈਂਦੀ ਹੈ। ਉਹ ਟਹਿਲ ਸੇਵਾ ਦਾਲ ਰੋਟੀ ਨਾਲ ਤਾਂ ਹੋ ਨਹੀਂ ਸਕਦੀ।ਫਿਰ ਵਧੀਆ ਸੇਵਾ ਲਈ ਵਿਚਾਰੀ ਮੁਰਗੀ ਦੀ ਸ਼ਾਮਤ ਆ ਜਾਂਦੀ ਹੈ ਅਤੇ ਇਸ ਨੂੰ ਹੀ ਕਿਹਾ ਜਾਂਦਾ ਹੈ ਕਿ ਘਰ ਦੀ ਮੁਰਗੀ ਦਾਲ ਬਰਾਬਰ। ਉਸ ਮੁਰਗੀ ਨੂੰ ਮਹਿਮਾਨ ਦੀ ਟਹਿਲ ਸੇਵਾ ਕਰਨ ਲਈ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ।ਮਹਿਮਾਨ ਦੀ ਟਹਿਲ ਸੇਵਾ ਦੀ ਆੜ ਹੇਠ ਹੋਰ ਕਈ ਵੀ ਵਿਚਾਰੀ ਮੁਰਗੀ  ਦੀਆਂ ਹੱਡੀਆਂ ਚੂਸ ਕੇ ਸਵਾਦ ਲੈ  ਲੈਂਦੇ ਹਨ ਖਾਸ ਕਰਕੇ ਕੁੱਤੇ। ਹੁਣ ਕੋਰੋਨਾ ਵਾਇਰਸ ਵਰਗੇ ਮਹਿਮਾਨ ਦੀ ਟਹਿਲ ਸੇਵਾ ਕਰਨ ਲਈ ਮੁਲਾਜ਼ਮਾਂ ਨੂੰ ਘਰ ਦੀ ਮੁਰਗੀ ਸਮਝਿਆ ਜਾ ਰਿਹਾ ਹੈ।ਅਤੇ ਸਿਆਸਤਦਾਨ ਇਸ ਕੋਰੋਨਾ ਵਾਇਰਸ ਦੀ ਆੜ ਹੇਠ ਲੋਕ ਸੇਵਕ ਦਾ ਮੁਖੌਟਾ ਪਾ ਕੇ ਮਹਿਮਾਨ ਕੋਰੋਨਾ ਵਾਇਰਸ ਦੀ ਟਹਿਲ ਸੇਵਾ ਕਰਨ ਲਈ ਆਪਣੀ ਮੁਲਾਜ਼ਮ ਮੁਰਗੀ ਨੂੰ ਇਸ ਮਹਿਮਾਨ
 ਅੱਗੇ ਪਰੋਸ ਕੇ ਆਪ ਵੀ ਹੱਡੀਆਂ ਦਾ ਸਵਾਦ ਚੱਖਣਾ ਚਾਹੁੰਦੇ ਹਨ। ਅਤੇ ਇਸ ਦੇ ਨਾਲ ਹੀ ਮੁਲਾਜ਼ਮ ਦੇ ਸ਼ਬਦ ਵਿੱਚ “ਲਾ” ਅੱਖਰ ਦੇ ਕੰਨੇ ਦੀ ਲਗ ਮਾਤਰ ਕੱਟ ਕੇ ਮੁਲਾਜ਼ਮ ਨੂੰ ਮੁਲਜ਼ਮ ਬਣਾ ਰਹੇ ਹਨ । ਮੁਲਜ਼ਮ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਨੇ ਕੋਈ ਗਲਤੀ ਜਾਂ ਗੁਨਾਹ ਕੀਤਾ ਹੋਵੇ ਉਹ ਕਨੂੰਨ ਦੀ ਨਜ਼ਰ ਵਿੱਚ ਮੁਲਜ਼ਮ ਬਣ ਜਾਂਦਾ ਹੈ ਜਾਂ ਫਿਰ ਜਾਣ ਬੁੱਝ ਕੇ ਬਣਾ ਦਿੱਤਾ ਜਾਂਦਾ ਹੈ। ਭਾਰਤ ਦੇਸ਼ ਵਿੱਚ ਕਦੇ ਵੀ, ਕਿਤੇ ਵੀ  ਕੁੱਝ ਵੀ ਹੋ ਸਕਦਾ ਹੈ। ਇਹ ਬਿਨਾਂ ਸਿਰਾਂ ਦੇ ਭੀੜਾਂ( ਮੌਬ ਲਿਚਿੰਗਾਂ) ਦਾ ਦੇਸ਼ ਹੈ। ਸਮਝ ਨਹੀਂ ਆ ਰਿਹਾ ਕਿ ਮੁਲਾਜ਼ਮਾਂ ਨੂੰ ਮੁਲਜ਼ਮ ਕਿਉਂ ਸਮਝਿਆ ਜਾ ਰਿਹਾ ਹੈ। ਕੀ ਇਹ ਸੱਚ ਮੁੱਚ ਹੀ ਸਿਆਸਤਦਾਨ ਆਪਣੇ ਮੁਲਾਜ਼ਮਾਂ ਨੂੰ ਘਰ ਦੀ ਮੁਰਗੀ ਦਾਲ ਬਰਾਬਰ ਹੀ ਸਮਝਦੇ  ਹਨ। ਕੁਦਰਤੀ ਆਫਤਾਂ ਸਮੇਂ ਅਤੇ ਹੁਣ ਕੋਰੋਨਾ ਵਾਇਰਸ ਦੇ ਦੌਰ ਵਿੱਚ ਸਾਰੇ ਸਰਕਾਰੀ ਮੁਲਾਜ਼ਮ ਆਪਣੀਆਂ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ। ਖੁਦ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਨਾਲ ਲੜਾਈ ਦੌਰਾਨ ਖ਼ਤਰੇ ਵਿੱਚ ਪਾ ਰਹੇ ਹਨ। ਦੂਜੇ ਪਾਸੇ ਸਿਆਸਤਦਾਨ ਖੁੱਡਾਂ ਵਿੱਚ ਲੁਕ ਛੁਪ ਕੇ ਬੈਠੇ ਹੋਏ ਹਨ। ਪੁਲਿਸ, ਸਿਹਤ ਅਤੇ ਸਫਾਈ ਕਰਮਚਾਰੀ ਕੋਰੋਨਾ ਵਾਇਰਸ ਨਾਲ ਲੜਦੇ ਹੋਏ ਸ਼ਹੀਦ ਹੋ ਰਹੇ ਹਨ  ਹੁਣ ਤੱਕ ਇੱਕ ਵੀ ਸਿਆਸਤਦਾਨ ਕੋਰੋਨਾ ਵਾਇਰਸ ਦੀ ਮਾਰ ਹੇਠ ਨਹੀਂ ਆਇਆ। ਪਰ ਫਿਰ ਵੀ ਤਨਦੇਹੀ ਨਾਲ ਕੰਮ ਕਰਨ ਦੇ ਬਾਵਜੂਦ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਭੱਤੇ ਕੱਟੇ ਜਾ ਰਹੇ ਹਨ। ਬਾਬਾ ਨਾਨਕ ਜੀ ਦੇ ਕਥਨ ਅਨੁਸਾਰ
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ
ਪਾਪ ਕੀ ਜੰਝ ਲੈ ਕਾਬਲੋਂ ਧਾਇਆ
ਜੋਰੀ ਮੰਗੇ ਦਾਨ ਵੇ ਲਾਲੋ
ਏਤੀ ਮਾਰ ਪਈ ਕੁਰਲਾਣੈਂ
ਤੈਂ ਕੀ ਦਰਦ ਨਾ ਆਇਆ
ਕਿੱਥੇ ਗਏ ਕਰੋ ਜਾਂ ਮਰੋ ਦੇ ਨਾਅਰੇ ਲਾਉਣ ਵਾਲੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ। ਮਰਨ ਵਰਤ ਰੱਖਣ ਵਾਲੇ ਲੀਡਰ,? ਜਿਹੜੇ ਇੱਕ ਵਾਰ ਪ੍ਰਧਾਨ ਸਕੱਤਰ ਬਣਨ ਤੋਂ ਬਾਅਦ
ਮਰਨ ਤੱਕ ਪ੍ਰਧਾਨ ਸਕੱਤਰੀਆਂ ਸਾਂਭ ਕੇ ਰੱਖਦੇ ਹਨ ਅਤੇ ਨਵੇਂ ਜੁਝਾਰੂ ਨੌਜਵਾਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਖੁਦ ਹੀ ਆਪ ਹੁਦਰੀਆਂ ਕਰਦੇ ਰਹਿੰਦੇ ਹਨ। ਬੁੱਢੇ ਬਲ਼ਦ ਵਾਂਗ ਨਾ ਸਰਕਾਰ ਤੋਂ ਕੁਝ ਪ੍ਰਾਪਤ ਕਰ ਸਕਦੇ ਹਨ ਅਤੇ ਨਾ ਹੀ ਕਿਸੇ ਨੂੰ ਪ੍ਰਾਪਤ ਕਰਨ ਦਿੰਦੇ ਹਨ। ਸਾਰੇ ਅਫਸਰਸ਼ਾਹੀ ਨਾਲ ਚਾਹ ਅਤੇ ਪਿਆਲੇ ਦੀ ਸਾਂਝ ਭਿਆਲੀ ਪਾ ਸੰਘਰਸ਼ਾਂ ਦੀ ਫੂਕ ਕੱਢਦੇ ਰਹਿੰਦੇ ਹਨ।
 ਕੀ ਕੋਈ ਦੱਸ ਸਕਦਾ ਹੈ ਕਿ ਸਰਕਾਰ ਦਾ ਖ਼ਜ਼ਾਨਾ ਮੁਲਾਜ਼ਮਾਂ ਲਈ ਹੀ ਖਾਲੀ ਕਿਉਂ ਹੁੰਦਾ ਹੈ ।ਇੱਕ ਮਜਦੂਰ ਜੋ ਹਰ ਰੋਜ਼ ਦਿਹਾੜੀ ਲਾ ਕੇ ਧਨ ਕਮਾਉਂਦਾ ਹੈ ਉਸ ਦਾ ਹੀ  ਖਾਣਾ ਖਾਂਦਾ ਹੈ  ਜਿਸ ਦਿਨ ਦਿਹਾੜੀ ਨਾ ਲੱਗੇ ਉਸ ਦਿਨ ਉਸ ਨੂੰ ਪੈਸੇ ਨਹੀਂ ਮਿਲਦੇ ਉਸ ਦੀ ਜੇਬ੍ਹ ਤਾਂ ਖਾਲੀ ਹੋ ਸਕਦੀ ਹੈ। ਪਰ ਸਰਕਾਰ ਦੇ ਖ਼ਜ਼ਾਨੇ ਵਿੱਚ ਤਾਂ ਹਰ ਪਲ ਪੈਸੇ ਆਉਂਦੇ ਹੀ ਰਹਿੰਦੇ ਹਨ। ਹਰ ਇੱਕ ਚੀਜ਼ ਤੇ ਟੈਕਸ ਵਸੂਲਿਆ ਜਾਂਦਾ ਹੈ। ਫਿਰ ਉਹ ਪੈਸਾ ਜਾਂਦਾ ਕਿੱਥੇ ਹੈ? ਮੁਲਾਜ਼ਮਾਂ ਨੂੰ ਰਿਟਾਇਰ ਹੋਣ ਤੇ ਆਪਣੀ  ਬੇਸਿਕ ਤਨਖਾਹ ਤੇ ਅੱਧੀ ਪਚੱਧੀ ਇੱਕ ਹੀ ਪੈਨਸ਼ਨ ਮਿਲਦੀ ਹੈ ।ਪਰ ਸਿਆਸਤਦਾਨਾਂ ਨੂੰ ਕਈ ਕਈ ਪੈਨਸ਼ਨਾਂ ਹਜਾਰਾਂ ਨਹੀਂ ਲੱਖਾਂ ਰੁਪਏ ਦੀਆਂ ਮਿਲਦੀਆਂ ਹਨ।ਫਿਰ ਸਰਕਾਰ ਉਨ੍ਹਾਂ ਤੇ ਕੱਟ ਕਿਉਂ ਨਹੀਂ ਲਗਾਉਂਦੀ? ਤਾਂ ਹੀ ਕਿਹਾ ਜਾਂਦਾ ਹੈ ਕਿ ਸਿਆਸਤ ਦੇ ਹਮਾਮ ਵਿੱਚ ਸਾਰੇ ਸਿਆਸਤਦਾਨ ਨੰਗੇ ਹਨ। ਕਈ ਤਾਂ ਇੱਥੋਂ ਤਕ ਵੀ ਕਹਿ ਦਿੰਦੇ ਹਨ ਕਿ ਚੋਰ ਚੋਰ ਮਸੇਰ ਭਾਈ।
 ਮੁਲਾਜ਼ਮ ਇੱਕ ਇਮਾਨਦਾਰ ਕਰ ਦਾਤਾ (ਇਨਕਮ ਟੈਕਸ )ਹੈ। ਉਹ ਆਪਣੀ ਕਮਾਈ  ਲੁਕਾ ਨਹੀਂ ਸਕਦਾ। ਦੂਜੇ ਪਾਸੇ ਵੱਡੇ ਵੱਡੇ ਧਨ ਕੁਬੇਰ  ਬੇਈਮਾਨੀ ਨਾਲ ਆਪਣਾ ਧਨ ਵੀ ਬਚਾ ਲੈਂਦੇ ਹਨ ਅਤੇ ਇਨਕਮ ਟੈਕਸ ਦੀ ਚੋਰੀ ਵੀ  ਕਰਦੇ ਹਨ। ਫਿਰ  ਇਮਾਨਦਾਰ ਮੁਲਾਜ਼ਮ ਨੂੰ ਹੀ ਬਲੀ ਦਾ ਬੱਕਰਾ ਕਿਉਂ ਬਣਾਇਆ ਜਾ ਰਿਹਾ ਹੈ? ਸਾਡੇ ਦੇਸ਼ ਵਿੱਚ ਹਰ ਮਹਿਕਮੇ ਵਿੱਚ ਅਫ਼ਸਰ ਤੋਂ  ਲੈ ਕੇ ਦਰਜਾ ਚਾਰ ਤੱਕ ਦੀਆਂ ਲੱਖਾਂ ਅਸਾਮੀਆਂ  ਲੰਮੇਂ ਸਮੇਂ ਤੋਂ ਖਾਲੀ ਪਈਆਂ ਹਨ ਅਤੇ ਉਹ ਭਰੀਆਂ ਨਹੀਂ ਜਾ ਰਹੀਆਂ। ਪਰ ਆਬਾਦੀ ਦਿਨੋਂ ਦਿਨ ਵੱਧ ਰਹੀ ਹੈ ਅਤੇ ਇਸ ਵੱਧਦੀ ਆਬਾਦੀ ਕਾਰਨ ਮੁਲਾਜ਼ਮਾਂ ਤੇ ਕੰਮ ਦਾ ਬੋਝ ਵੀ ਵੱਧਦਾ ਜਾ ਰਿਹਾ ਹੈ । ਇੱਕ ਪਾਸੇ ਕੰਮ ਦਾ ਬੋਝ ਵਧਾ ਕੇ ਮੁਲਾਜ਼ਮਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ  ਦੂਜੇ ਪਾਸੇ ਉਨ੍ਹਾਂ ਦੇ ਭੱਤੇ ਕੱਟੇ ਜਾ ਰਹੇ ਹਨ। ਮੁਲਜ਼ਮ ਦੂਹਰੀ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਜਾ ਰਹੇ ਹਨ। ਸਿਆਸਤਦਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਵਿਅਕਤੀ ਦੀ ਭਾਰ ਚੁੱਕਣ ਦੀ ਇੱਕ ਸਮਰੱਥਾ ਹੁੰਦੀ ਹੈ। ਜਿਸ ਦਿਨ ਉਸ ਦੀ ਉਹ ਸਮਰੱਥਾ ਹੀ ਖ਼ਤਮ ਹੋ ਗਈ ਫਿਰ ਕੀ ਨਤੀਜਾ ਨਿੱਕਲ ਸਕਦਾ ਹੈ?ਇਹ ਸਰਕਾਰ ਸਮੇਤ ਸੱਭ ਭਲੀ ਭਾਂਤ ਜਾਣਦੇ ਹਨ ਕਿਉਂਕਿ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜੇ ਰੀੜ੍ਹ ਦੀ ਹੱਡੀ ਟੁੱਟ ਗਈ ਫੇਰ ਸਰਕਾਰ ਦਾ ਕੀ ਬਣੇਗਾ?
 ਜਿੰਨਾ ਚਿਰ ਪੈੱਨ ਹੱਥ ਦੀਆਂ ਉਂਗਲਾਂ ਵਿੱਚ ਹੁੰਦਾ ਹੈ ਉਹ ਉਨਾਂ ਚਿਰ ਹੀ  ਲਿਖ ਸਕਦਾ ਹੈ ਜਦੋਂ ਮੁਲਾਜ਼ਮਾਂ ਨੇ ਇਹ ਪੈੱਨ ਡਾਊਨ ਕਰ ਦਿੱਤਾ  ਫਿਰ ਸਰਕਾਰ ਦਾ ਲਾਕ ਡਾਊਨ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ।ਅਜੇ ਵੀ ਵੇਲਾ ਹੈ ਸੰਭਲ ਜਾਓ। ਮੁਲਾਜ਼ਮਾਂ ਦੇ ਭੱਤੇ ਕੱਟਣੇ ਬੰਦ ਕਰ ਦਿਉ।ਮੁਲਾਜ਼ਮਾਂ ਨੂੰ ਮੁਲਜ਼ਮ ਬਣਨ ਲਈ ਮਜ਼ਬੂਰ ਨਾ ਕਰੋ।ਕਿਉਂਕਿ ਸਭ ਜਾਣਦੇ ਹਨ ਕਿ ਜਿਹੜਾ ਇੱਕ ਵਾਰ ਮੁਲਜ਼ਮ ਬਣ ਗਿਆ ਉਸ ਨੂੰ ਤੁਹਾਡੇ ਸੁਧਾਰ ਘਰ( ਜ਼ੇਲ੍ਹਾਂ)  ਵੀ ਸੁਧਾਰ ਨਹੀਂ ਸਕਣਗੀਆਂ।

 ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰ 9417394805