ਮੈਂ ਮਾਂ ਹਾਂ ਧਰਤੀ ਮਾਂ ਹਾਂ, ਮੇਰੀ ਕੁੱਖ ਚੋ ਰੁੱਖ ਨੇ ਜਾਏ
ਮੇਰੀ ਜਾਈ ਇਹ ਵਨਸਪਤੀ ਮੇਰੇ ਸੀਨਿਓਂ ਅੰਮ੍ਰਿਤ ਆਏ ।
ਹੁਣ ਔੜਾਂ ਮਾਰੀ ਹੋ ਗਈ ਆਂ, ਦੁੱਖ ਹੋ ਗਏ ਦੂਣ ਸਵਾਏ ।
ਮੇਰੀ ਕਦਰ ਨਾ ਕੀਤੀ ਆਦਮ ਨੇ, ਮੇਰੇ ਅੰਦਰ ਲਾਂਬੂ ਲਾਏ ।
ਕਦੇ ਇੱਕ ਮਾਨਸ ਦੀ ਜਾਤ ਸੀ, ਅੱਜ ਕਿੰਝ ਤਰੇੜਾਂ ਪਈਆਂ ਨੇ,
ਮੇਰਾ ਸੀਨਾ ਵੀ ਦੋ ਫਾੜ ਕੀਤਾ, ਏਹਨਾ ਬੇਰਿਹਮ ਝਟਕਈਆਂ ਨੇ ।
ਮੈਨੂੰ ਹਿੰਦ ਪਾਕ ਵਿਚ ਵੰਡ ਦਿਤਾ, ਕਈ ਵੱਖਰੇ ਧਰਮ ਚਲਾਏ ।
ਮੈਂ ਮਾਂ ਹਾਂ ਧਰਤੀ ਮਾਂ ਹਾਂ, ਮੇਰੀ ਕੁੱਖ ਚੋ ਰੁੱਖ ਨੇ ਜਾਏ ।
ਮੈ ਪੰਜ ਆਬਾਂ ਦੀ ਜਾਈ ਸੀ, ਤੇ ਸੁੱਖ ਨਾਲ ਮਿੱਠਾ ਨੀਰ ਸੀ,
ਹੁਣ ਜ਼ਹਿਰਾਂ ਘੁਲੀਆਂ ਵੱਖ ਹੋਏ ਹਾਏ ਕੀ ਮੇਰੀ ਤਕਦੀਰ ਸੀ ।
ਜਦ ਪੁੱਤ ਮੇਰੇ ਹੀ ਵੱਖ ਹੋਏ, ਕਿੰਝ ਮਮਤਾ ਲੋਰੀ ਗਾਏ ।
ਮੈਂ ਮਾਂ ਹਾਂ ਧਰਤੀ ਮਾਂ ਹਾਂ, ਮੇਰੀ ਕੁੱਖ ਚੋ ਰੁੱਖ ਨੇ ਜਾਏ ।
ਇਹ ਫਸਲ ਵੀ ਇਹ ਨਸਲ ਵੀ ਮੈਂ ਪੁੱਤਾਂ ਵਾਂਗੂ ਪਾਲੇ ਨੇ,
ਮੈਂ ਧੁੱਪਾਂ ਛਾਵਾਂ ਸਹਿ ਕੇ ਵੀ, ਪਾਏ ਪੁੱਤ ਦੇ ਮੂੰਹ ਨਿਵਾਲੇ ਨੇ ।
ਕਈ ਵਾਰੀ ਉੱਜੜੀ ਵੱਸੀ ਹਾਂ ਕਈ ਮੰਦਰ ਮਸਜਿਦ ਢਾਏ,
ਮੈਂ ਮਾਂ ਹਾਂ ਧਰਤੀ ਮਾਂ ਹਾਂ, ਮੇਰੀ ਕੁੱਖ ਚੋ ਰੁੱਖ ਨੇ ਜਾਏ ।
ਕੀ ਦਸਾਂ ਕੀ ਕੀ ਹੋਈਆਂ ਕੀਤੀਆ ਬੰਦੇ ਨੇ ਬਦਖੋਈਆਂ ਨੇ,
ਮੇਰਾ ਜਿਗਰਾ ਲਹੂ ਲੁਹਾਣ ਹੋਇਆ,ਮੇਰੇ ਸਾਹਵੇਂ ਇੱਜਤਾਂ ਖੋਹੀਆਂ ਨੇ।
ਚਿੰਤਾ ਏਸ ਜਹਾਨ ਦੀ ਮੈਨੂੰ ਅੰਦਰੋਂ ਅੰਦਰੀ ਖਾਏ,
ਮੈਂ ਮਾਂ ਹਾਂ ਧਰਤੀ ਮਾਂ ਹਾਂ, ਮੇਰੀ ਕੁੱਖ ਚੋ ਰੁੱਖ ਨੇ ਜਾਏ
ਮੈਂ ਮਾਂ ਹਾਂ ਸੱਭ ਕੁਝ ਸਹਿੰਦੀ ਹਾਂ ਮੇਰੇ ਬਦਨ ‘ਤੇ ਚੱਲੀਆਂ ਸ਼ੋਰਾਂ ਨੇ,
ਮੈਨੂੰ ਜ਼ਖਮੀ ਕੀਤਾ ਆਪਣਿਆਂ ਨੇ, ‘ਸਿਮਰ’ ਲੁੱਟ ਲਿਆ ਠੱਗਾਂ ਚੋਰਾਂ ਨੇ।
ਪਰ ਸੱਭ ਧਰਮਾਂ ਲਈ ਇੱਕੋ ਜੇਹੀ, ਮੈਂ ਅਪਨੇ ਫਰਜ਼ ਨਿਭਾਏ।
ਮੈਂ ਮਾਂ ਹਾਂ ਧਰਤੀ ਮਾਂ ਹਾਂ, ਮੇਰੀ ਕੁੱਖ ਚੋ ਰੁੱਖ ਨੇ ਜਾਏ।
ਸੰਨ ਸੰਤਾਲੀ ਵਿਚ ਜਦ ਵੰਡਿਆ ਸੀ ਮੇਰੇ ਛਾਤੀ ਲੀਕਾਂ ਪਈਆਂ ਸੀ,
ਮੈ ਧਰਮ ਕਰਮ ਵਿੱਚ ਵੰਡੀ ਗਈ, ਸਬਰ ਚ ਸਿਸਕੀਆਂ ਲਈਆਂ ਸੀ
ਮੈਂ ਮਾਤਾ ਅਮਰ ਸ਼ਹੀਦਾਂ ਦੀ, ਜਿਹਨਾਂ ਮੌਤ ਦੇ ਸੋਹਲੇ ਗਾਏ।
ਮੈਂ ਮਾਂ ਹਾਂ ਧਰਤੀ ਮਾਂ ਹਾਂ, ਮੇਰੀ ਕੁੱਖ ਚੋ ਰੁੱਖ ਨੇ ਜਾਏ।
ਸਿਮਰਜੀਤ ਕੌਰ
ਸਿਮਰਜੀਤ ਕੋਰ ਭੈਣ ਜੀ ਧਰਤੀ ਅਤੇ ੲਿਕ ਮਾਂ ਦਾ ਦਰਦ ਤੁਸਾਂ ਤੇ ਬਾ ਖੂਬ ਚਿਤਰਿਅਾ ਹੈ ,ਅਫਸੋਸ਼ ਅੱਜ ਵੀ ੳੁਹੀ ਕੁਝ ੲਿਤਿਹਾਸ ਦੁਰਹਾੳੁਣ ਜਾ ਰਿਹਾ ਹੈ !!