ਮੋਦੀ ਨੇ ਵੋਟਾਂ ਲੈਣ ਵੇਲੇ ਤਾਂ, ਨਹੀਂ ਪੁੱਛਿਆ ਸੀ ਕਿ ”ਤੂੰ” ਭਾਰਤੀ ਏ?

407

ਹਾਂ, ਮੈਂ ਭਾਰਤੀ ਹਾਂ। ਪਰ ਮੇਰੇ ਕੋਲੋਂ ਮੇਰੇ ਭਾਰਤੀ ਹੋਣ ਦਾ ਸਬੂਤ ਪੁੱਛਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ। ਇੱਥੋਂ ਤੱਕ ਕਿ ਕਿਸੇ ਵੀ ਲੀਡਰ ਜਾਂ ਫਿਰ ਸਰਕਾਰੀ ਅਧਿਕਾਰੀ ਨੂੰ ਕੋਈ ਵੀ ਅਧਿਕਾਰ ਨਹੀਂ ਕਿ ਉਹ ਮੇਰੇ ਕੋਲੋਂ ਮੇਰੇ ਭਾਰਤੀ ਹੋਣ ਦਾ ਸਬੂਤ ਪੁੱਛੇ। ਪਰ.!! ਜੇਕਰ ਕੋਈ ਤੁਹਾਡੇ ਕੋਲੋਂ ਭਾਰਤੀ ਹੋਣ ਦਾ ਸਬੂਤ ਪੁੱਛਦਾ ਹੈ ਤਾਂ, ਇਸਦਾ ਸਿੱਧਾ ਮਤਲਬ ਹੈ ਕਿ ਪਹਿਲੋਂ ਤੁਸੀਂ ਗ਼ੈਰ ਭਾਰਤੀ ਸੀ ਅਤੇ ਗ਼ੈਰ ਭਾਰਤੀ ਹੋਣ ਦੇ ਨਾਲ-ਨਾਲ ਤੁਸੀਂ ਗ਼ੈਰ ਵੋਟਰ ਵੀ ਸੀ। ਪਰ ਅਜਿਹਾ ਕਿਵੇਂ ਹੋ ਗਿਆ? ਦੋਸਤੋ, ਪਿਛਲੇ ਕਈ ਦਿਨਾਂ ਤੋਂ ਨਾਗਰਿਕਤਾ ਸੋਧ ਬਿੱਲ ਦਾ ਰੌਲਾ ਭਾਰਤ ਦੇ ਅੰਦਰ ਪਿਆ ਹੋਇਆ ਹੈ। ਇਹ ਬਿੱਲ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਪਿਛਲੇ ਮਹੀਨੇ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪ੍ਰਵਾਨਗੀ ਮਿਲਣ ਤੇ ਰਾਜ ਸਭਾ ਵਿੱਚ ਵੀ ਇਹ ਬਿੱਲ ਪਾਸ ਹੋ ਗਿਆ। ਬੇਸ਼ੱਕ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਗੂਆਂ ਅਤੇ ਵਰਕਰਾਂ ਵੱਲੋਂ ਸੋਸ਼ਲ ਸਾਈਟਾਂ ਅਤੇ ਅਖ਼ਬਾਰਾਂ ਦੇ ਵਿੱਚ ਬਿਆਨਬਾਜ਼ੀ ਕਰਕੇ, ਇਸ ਬਿੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਜਨਤਾ ਦੇ ਵਿੱਚ ਭਾਜਪਾ ਪ੍ਰਤੀ ਕੋਈ ਵਿਰੋਧਤਾ ਪੈਦਾ ਨਾ ਹੋਵੇ। ਪਰ ਦੋਸਤੋ ਇਨਕਲਾਬੀ, ਕਾਮਰੇਡ, ਕਿਸਾਨ, ਮਜ਼ਦੂਰ, ਮੁਸਲਮਾਨ ਭਾਈਚਾਰੇ ਦੇ ਲੋਕ, ਵਿਦਿਆਰਥੀ ਸੰਗਠਨ ਅਤੇ ਹੋਰ ਕਈ ਜੱਥੇਬੰਦੀਆਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਹਨ। ਕਿਉਂਕਿ ਇਹ ਬਿੱਲ ਲੋਕ ਵਿਰੋਧੀ ਹੈ ਅਤੇ ਨਾਗਰਿਕਤਾ ਸੋਧ ਬਿੱਲ ਤੋਂ ਬਾਅਦ ਹੁਣ ਨਾਗਰਿਕਤਾ ਕਾਨੂੰਨ ਵੀ ਬਣ ਗਿਆ ਹੈ। ਭਾਵੇਂ ਹੀ ਨਾਗਰਿਕਤਾ ਕਾਨੂੰਨ ਪਹਿਲੋਂ ਤੋਂ ਹੀ ਭਾਰਤ ਦੇ ਅੰਦਰ ਮੌਜ਼ੂਦ ਸੀ, ਪਰ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਮੁਸਲਮਾਨਾਂ ਅਤੇ ਘੱਟ ਗਿਣਤੀਆਂ ‘ਤੇ ਅੱਤਿਆਚਾਰ ਨੂੰ ਬੜਾਵਾ ਦੇਣ ਵਾਸਤੇ ਇਹ ਬਿੱਲ ਵਿੱਚ ਮੁੜ ਤੋਂ ਸੋਧ ਕਰ ਦਿੱਤੀ ਗਈ। ਬਿੱਲ ਦੇ ਵਿੱਚ ਸੋਧ ਕਰਨਾ, ਬੇਸ਼ੱਕ ਭਾਜਪਾ ਮੁਤਾਬਿਕ ਜ਼ਰੂਰੀ ਸੀ, ਪਰ ਇੱਕ ਧਰਮ ਦੇ ਵਿਰੁੱਧ ਇਹ ਬਿੱਲ ਪਾਸ ਕਰਨਾ ਠੀਕ ਨਹੀਂ ਸੀ। ਮੋਦੀ ਹਕੂਮਤ ਦੇ ਵੱਲੋਂ ਪਹਿਲੋਂ ਜਿੱਥੇ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਖ਼ਤਮ ਕੀਤੀ ਗਈ, ਉਸ ਤੋਂ ਬਾਅਦ ਰਾਮ ਮੰਦਰ ਅਤੇ ਬਾਬਰੀ ਮਸਜਿਦ ਦਾ ਮੁੱਦਾ ਉਛਾਲ ਕੇ ਹਿੰਦੂਆਂ ਦੇ ਹੱਕ ਵਿੱਚ ਫੈਸਲਾ ਕੀਤਾ ਗਿਆ ਅਤੇ ਹੁਣ ਨਾਗਰਿਕਤਾ ਸੋਧ ਬਿੱਲ ਲਿਆ ਕੇ ਮੋਦੀ ਹਕੂਮਤ ਦੇ ਵੱਲੋਂ ਇੱਕ ਵਾਰ ਫਿਰ ਤੋਂ ਘੱਟ ਗਿਣਤੀਆਂ ਅਤੇ ਮੁਸਲਮਾਨ ਭਾਈਚਾਰੇ ਦੇ ਵਿਰੁੱਧ ਜ਼ਹਿਰ ਉਗਲ ਦਿੱਤਾ ਗਿਆ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਸ ਵਕਤ ਤਕਰੀਬਨ ਪੂਰੇ ਭਾਰਤ ਦੇ ਅੰਦਰ ਹੀ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਦੱਖਣੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿੱਚ ਬੀਤੇ ਕਰੀਬ ਤਿੰਨ ਹਫਤਿਆਂ ਤੋਂ ਪ੍ਰਦਰਸ਼ਨ ਜਾਰੀ ਹੈ। ਇੱਥੇ ਮਰਦਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ ਹਨ। ਮੰਡੀ ਹਾਊਸ ਤੋਂ ਜੰਤਰ ਮੰਤਰ ਤੱਕ ਚੱਲ ਰਹੇ ਮਾਰਚ ਵਿੱਚ ਬੀਤੇ ਦਿਨ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹਨ ਅਤੇ ਉਕਤ ਰੋਸ ਪ੍ਰਦਰਸ਼ਨ ਦੀ ਅਗਵਾਈ ਅਲਕਾ ਲਾਂਬਾ ਸਣੇ ਸਥਾਨਕ ਕਈ ਨੇਤਾਵਾਂ ਨੇ ਕੀਤੀ। ਦਿੱਲੀ ਪੁਲਿਸ ਦੇ ਵੱਲੋਂ ਬੇਸ਼ੱਕ ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪਰ ਦੋਸਤੋ, ਇਸ ਤੋਂ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਦੇ ਅੰਦਰ ਵੜ-ਵੜ ਕੇ ਪੁਲਿਸ ਦੇ ਵੱਲੋਂ ਵਿਦਿਆਰਥੀ ਸਾਥੀਆਂ ‘ਤੇ ਬੇਤਹਾਸ਼ਾ ਲਾਠੀਚਾਰਜ ਕਰਕੇ, ਗੋਲੀਆਂ ਚਲਾਉਣ ਤੋਂ ਇਲਾਵਾ ਅੱਥਰੂ ਗੈਸ ਗੋਲੇ ਸੁੱਟੇ ਗਏ ਸਨ, ਜਿਸਦੇ ਕਾਰਨ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ ਸੀ ਅਤੇ ਕਈ ਵਿਦਿਆਰਥੀ ਇਸ ਲਾਠੀਚਾਰਜ ਦੇ ਦੌਰਾਨ ਜ਼ਖਮੀ ਹੋਏ ਸਨ। ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਮੋਦੀ ਸਰਕਾਰ ਸੀਏਏ ਨੂੰ ਵਾਪਸ ਲਵੇਗੀ ਜਾਂ ਨਹੀਂ?