ਮੋਦੀ ਸਿਰਫ `ਮਨ ਕੀ ਬਾਤ` ਸੁਣਾਉਣ ਨਾਲੋਂ `ਜਨ ਕੀ ਬਾਤ` ਵੀ ਸੁਣਨ

210

ਬਟਾਲਾ, 28 ਮਈ (ਪੀ ਬੀ ਐਨ) –

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕੇਵਲ ਆਪਣੇ ‘ਮਨ ਕੀ ਬਾਤ’ ਹੀ ਨਾ ਸੁਨਾਉਣ ਬਲਕਿ ਦੇਸ਼ ਭਰ ਦੇ ‘ਜਨ ਕੀ ਬਾਤ’ ਵੀ ਸੁਣਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਤਾਲਾਬੰਦੀ ਕਾਰਨ ਦੇਸ਼ ਭਰ ਦੇ ਮਜ਼ਦੂਰ ਤੇ ਗਰੀਬ ਪਰਿਵਾਰ ਸੰਕਟ ਦੀ ਘੜੀ ਵਿੱਚ ਹਨ ਅਤੇ ਕੇਂਦਰ ਸਰਕਾਰ ਨੂੰ ਫੌਰੀ ਤੌਰ ’ਤੇ ਏਨ੍ਹਾਂ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ ਗੱਲਾਂ-ਬਾਤਾਂ ਨਾਲ ਹੀ ਸਾਰ ਰਹੀ ਹੈ ਜਦਕਿ ਦੇਸ਼ ਵਾਸੀ ਹਕੀਕਤ ਵਿੱਚ ਕੁਝ ਮਦਦ ਦੀ ਆਸ ਕਰ ਰਹੇ ਹਨ।

ਬਾਜਵਾ ਨੇ ਕਿਹਾ ਕਿ ਰੋਜ਼ਾਨਾਂ ਟੀਵੀ. ਉੱਪਰ ਪੈਦਲ ਆਪਣੇ ਰਾਜਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਦਰਦਨਾਕ ਤਸਵੀਰਾਂ ਨੇ ਦੇਸ਼ ਦੀ ਅਸਲ ਹਾਲਾਤ ਨੂੰ ਉਜਾਗਰ ਕਰਕੇ ਰੱਖ ਦਿੱਤਾ ਹੈ ਪਰ ਇਸ ਸਭ ਦੇ ਬਾਵਜੂਦ ਵੀ ਕੇਂਦਰ ਸਰਕਾਰ ਉੱਪਰ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਪੰਜਾਬ ਸਰਕਾਰ ਵਾਂਗ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਤੱਕ ਪਹੁੰਚਾਉਣ ਦੇ ਤੁਰੰਤ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਮਜ਼ਦੂਰਾਂ ਦੀਆਂ ਕੁਝ ਮੁਸ਼ਕਲਾਂ ਘੱਟ ਹੋ ਸਕਣ।

ਸੋਸਲ ਮੀਡੀਆ ਦੇ ਰਾਹੀਂ ਕਾਂਗਰਸ ਪਾਰਟੀ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਸ. ਤ੍ਰਿਪਤ ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੁਣ ਮਨ-ਮਰਜੀ ਛੱਡ ਕੇ ਦੇਸ਼ ਦੇ ਗਰੀਬਾਂ ਲਈ ਹਕੀਕਤ ਵਿੱਚ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਲੋਂ 20 ਹਜ਼ਾਰ ਕਰੋੜ ਰੁਪਏ ਦੇ ਪੈਕਜ ਦਾ ਐਲਾਨ ਵੀ ਸਿਰਫ ਇੱਕ ਜੁਮਲਾ ਹੀ ਹੈ ਅਤੇ ਇਸਦਾ ਲਾਭ ਇੱਕ ਵੀ ਵਿਅਕਤੀ ਨੂੰ ਵੀ ਨਹੀਂ ਪੁੱਜਣ ਵਾਲਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੇ ਅਸਲ ਵਿੱਚ ਕੁਝ ਕਰਨਾ ਚਾਹੁੰਦੀ ਹੈ ਤਾਂ ਉਹ ਤੁਰੰਤ ਗਰੀਬ ਅਤੇ ਲੋੜਵੰਦਾਂ ਦੇ ਖਾਤਿਆਂ ਵਿੱਚ 10 ਹਜ਼ਾਰ ਰੁਪਏ ਪਾਏ ਅਤੇ ਸਾਢੇ ਸੱਤ-ਸੱਤ ਹਜ਼ਾਰ ਰੁਪਏ ਹਰ ਮਹੀਨੇ ਲੋੜਵੰਦਾਂ ਦੇ ਖਾਤੇ ਵਿੱਚ ਪਾਇਆ ਜਾਵੇ।

ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਹੁਣ ਸਿਰਫ ਗੱਲਾਂ ਨਾਲ ਹੀ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੀ। ਉਨ੍ਹਾਂ ਕਿਾ ਕਿ ਇਸ ਸੰਕਟ ਦੀ ਘੜ੍ਹੀ ਵਿੱਚ ਦੇਸ਼ ਭਰ ਦੇ ਲੋਕ ਕੇਂਦਰ ਸਰਕਾਰ ਕੋਲੋਂ ਮਦਦ ਦੀ ਆਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਕੇਂਦਰ ਸਰਕਾਰ ਨੇ ਗਰੀਬ ਤੇ ਲੋੜਵੰਦਾਂ ਦੀ ਬਾਂਹ ਨਾ ਫੜ੍ਹੀ ਤਾਂ ਭਾਜਪਾ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪਵੇਗਾ।