ਮੌਤ ਬਾਅਦ ਜ਼ਿੰਦਗੀ….

343

ਸ਼ੋਸ਼ਲ ਮੀਡੀਆ ਹੁਣ ਸ਼ੋਸ਼ਲ ਨਹੀਂ ਰਿਹਾ। ਮੀਡੀਆ ਸ਼ਬਦ ਹੀ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਇਸ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸੱਚ ਬੋਲ ਰਿਹਾ ਹੈ ਜਾਂ ਫਿਰ ਕੋਰਾ ਝੂਠ ਬੋਲ ਰਿਹਾ ਹੈ। ਜਦੋਂ ਦੇ ਮੋਦੀ ਸਾਹਿਬ ਨੇ 15-15 ਲੱਖ ਰੁਪਏ ਹਰੇਕ ਵਿਅਕਤੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ, ਸਭ ਕਾ ਸਾਥ ਸਭ  ਕਾ ਵਿਕਾਸ ਵਰਗੇ ਵੱਡੇ ਵੱਡੇ ਝੂਠ ਬੋਲ ਕੇ ਇਸ ਨੂੰ ਜੁਮਲਿਆਂ ਵਿੱਚ ਬਦਲਣ ਲਈ ਪੂਰੇ ਭਾਰਤੀ ਮੀਡੀਆ ਨੂੰ ਗੋਦੀ ਮੀਡੀਆ ਵਿੱਚ ਬਦਲ ਦਿੱਤਾ ਹੈ ਉਦੋਂ ਤੋਂ ਹੀ ਲੋਕਾਂ ਦਾ ਵਿਸ਼ਵਾਸ ਮੀਡੀਆ ਤੋਂ ਉੱਠ ਗਿਆ ਹੈ। ਸ਼ੋਸ਼ਲ ਮੀਡੀਆ ਵੀ ਹੁਣ ਅਸ਼ੋਸ਼ਲ ਅਤੇ ਅਸ਼ਲੀਲ ਹਰਕਤਾਂ ਕਰਨ ਤੇ ਉੱਤਰ ਆਇਆ ਹੈ। ਹੁਣ ਝੂਠ ਦਾ ਦੂਜਾ ਨਾਂ ਮੀਡੀਆ ਹੈ। ਕੋਰੋਨਾ ਵਾਇਰਸ ਦੇ ਦੌਰ ਵਿੱਚ ਇਹ ਮੀਡੀਆ ਸਰਕਾਰ ਦਾ ਧੂਤੂ ਬਣਿਆ ਹੋਇਆ ਅਸੀਂ ਆਪਣੀਆਂ ਖੁੱਲੀਆਂ ਅੱਖਾਂ ਨਾਲ ਸ਼ਰੇਆਮ ਵੇਖ ਸਕਦੇ ਹਾਂ। ਪੀਲ਼ੀ ਪੱਤਰਕਾਰੀ ਅੱਜ ਕੋਰੋਨਾ ਵਾਇਰਸ ਦੀ ਤਰ੍ਹਾਂ ਆਪਣੇ ਪੂਰੇ ਜੋਬਨ ਤੇ ਹੈ। ਕਰਫਿਊ ਅਤੇ ਸਮਾਜਿਕ ਦੂਰੀ ਪੱਤਰਕਾਰਾਂ ਲਈ ਇੱਕ ਮਨੋਰੰਜਨ ਦਾ ਸਾਧਨ ਬਣ ਗਿਆ ਹੈ। ਕਈ ਥਾਂਵਾਂ ਤੇ ਕੁੱਝ ਕੁ ਗੋਲ ਦਾਇਰੇ ਕੱਢ ਕੇ ਸਮਾਜਿਕ ਦੂਰੀ ਦਾ ਮਖੌਲ ਉਡਾਇਆ ਜਾ ਰਿਹਾ ਹੈ। ਇਹ ਸਮਾਜਿਕ ਦੂਰੀ ਦਾ ਉਹ ਹਾਲ ਹੈ ਨਾ ਨੌਂ ਮਣ ਤੇਲ ਪੂਰਾ ਹੋਵੇ ਨਾ ਹੀ ਰਾਧਾ ਨੱਚੇ। ਕਈ ਵਾਰ ਸਰਕਾਰ ਅਜਿਹੇ ਹੁਕਮ ਜਾਰੀ ਕਰ ਦਿੰਦੀ ਹੈ ਕਿ ਉਸਨੂੰ ਲਾਗੂ ਕਰਵਾਉਣ ਲਈ ਹਰੇਕ ਮਹਿਕਮੇ ਸਮੇਤ ਪੁਲਿਸ ਮਹਿਕਮੇ ਦੇ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਆ ਜਾਂਦੀ ਹੈ। ਵਿਚਾਰੇ ਪੁਲਿਸ ਮੁਲਾਜ਼ਮ ਇਸੇ ਪ੍ਰੇਸ਼ਾਨੀ ਤੇ ਚੱਲਦਿਆਂ ਸਰਕਾਰੀ ਹੁਕਮ ਲਾਗੂ ਕਰਵਾਉਣ ਲਈ ਹੜਬੜਾਹਟ ਕਾਰਨ  ਮਜ਼ਬੂਰੀ ਵੱਸ ਨਿਰਦੋਸ਼ ਤੇ ਨਿਹੱਥੇ ਲੋਕਾਂ ਨੂੰ ਮਾਰਨ ਕੁੱਟਣ ਲੱਗ ਪੈਂਦੇ ਹਨ।  ਜ਼ਰਾ ਸੋਚੋ ਕਿ ਜੇਕਰ ਲੋਕ ਵੀ ਭੜਕਾਹਟ ਵਿੱਚ ਆ ਕੇ ਆਪਣੇ ਡਾਂਗਾਂ ਸੋਟੇ ਚੁੱਕਣ ਲੱਗ ਪਏ ਫਿਰ ਭਰਾ ਨਾਲ ਭਰਾ ਲੜ ਕੇ ਮਰਨਗੇ ਪਰ ਸਿਆਸਤਦਾਨਾਂ ਤਾਂ ਕੁੱਝ ਨਹੀਂ ਵਿਗੜਨਾ। ਜਿਸ ਤਰ੍ਹਾਂ 1947 ਦੀ ਆਜ਼ਾਦੀ ਸਮੇਂ ਨਹਿਰੂ ,ਗਾਂਧੀ, ਪਟੇਲ ਅਤੇ ਜਿੰਨਾਹ ਬਚ ਗਏ ਪਰ ਮਾਰੇ ਗਏ ਵਿਚਾਰੇ ਬੇਗੁਨਾਹ ਦੋਸਤ ਬਣੇ  ਹਿੰਦੂ, ਸਿੱਖ, ਮੁਸਲਮਾਨ ,ਈਸਾਈ  ਅਤੇ ਹੋਰ ਅਨੇਕਾਂ ਲੋਕ।
ਮਰਨਾ ਸਭ ਨੇ ਹੈ। ਪਰ ਮੌਤ ਮੌਤ ਵਿੱਚ ਫ਼ਰਕ ਹੁੰਦਾ ਹੈ ਕਈ ਮੌਤ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ। ਮੁਆਫ਼ ਕਰਨਾ ਤਰਕਸ਼ੀਲ ਵੀਰੋ ਮੈਂ ਪੁਨਰਜਨਮ ਦੀ ਗੱਲ ਨਹੀਂ ਕਰ ਰਿਹਾ। ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਪੁਨਰਜਨਮ ਬਿਲਕੁਲ ਝੂਠ ਹੈ ਇਹ ਸਿਰਫ਼ ਚਲਾਕ ਲੋਕਾਂ ਨੇ ਸਧਾਰਨ ਲੋਕਾਂ ਨੂੰ ਬੁੱਧੂ ਬਣਾਉਣ ਲਈ ਇੱਕ ਜ਼ਾਲ  ਵਿਛਾਇਆ ਹੋਇਆ ਹੈ। ਜਿਸ ਵਿੱਚ ਸਧਾਰਨ ਲੋਕਾਂ ਨੂੰ ਫਸਾ ਕੇ ਲੁੱਟਿਆ ਅਤੇ ਕੁੱਟਿਆ ਜਾਂਦਾ ਹੈ। ਨਾ ਹੀ ਕੋਈ ਉਪਰ ਸਵਰਗ ਹੈ।ਜਿਸ ਦੀ ਰਾਜਗੱਦੀ ਤੇ ਕੋਈ ਧਰਮਰਾਜ ਬੈਠਾ ਹੈ ਜਿਵੇਂ ਮਰਨ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਸਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ। ਇਹ ਸਭ ਲੁਟੇਰੇ ਪ੍ਰਬੰਧ ਦੀਆਂ ਕੋਝੀਆਂ ਚਾਲਾਂ ਹਨ। ਆਪਣੇ ਆਲੇ-ਦੁਆਲੇ ਧਿਆਨ ਨਾਲ ਨਜ਼ਰ ਮਾਰੀਏ ਤਾਂ ਇਸ ਦੁਨੀਆਂ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਤੁਸੀਂ ਮਰੇ ਹੋਏ ਕਿੰਨੇ ਕੁ ਵਿਅਕਤੀਆਂ ਦੇ ਨਾਂ  ਜਾਣਦੇ ਹੋ? ਕੀ ਕੋਈ ਦਸ ਸਕਦਾ ਹੈ?  ਹੋਰ ਤਾਂ ਹੋਰ ਤੁਸੀਂ ਆਪਣੇ ਪਰਿਵਾਰ ਦੇ ਮਰੇ ਹੋਏ ਮੈਂਬਰਾਂ ਦੇ ਕਿੰਨੇ ਕੁ ਨਾਂ ਗਿਣਾ ਸਕਦੇ ਹੋ?  ਦੋਸਤੋ ਹੁਣ ਇਹ ਨਾ ਕਹਿਣਾ ਕਿ ਪਹਿਲਾਂ ਤੂੰ ਦੱਸ? ਮੈਂ  ਵੀ  ਤੁਹਾਡੇ ਵਰਗਾ ਹੀ ਹਾਂ। ਕੋਈ ਵੀ ਆਪਣੇ ਮਾਂ ਦੇ ਪੇਟ ਵਿੱਚੋਂ ਲੇਖਕ, ਆਲੋਚਕ ਜਾਂ ਫਿਰ ਅਧਿਆਪਕ ਬਣ ਕੇ ਪੈਦਾ ਨਹੀਂ ਹੁੰਦਾ। ਨਾ ਹੀ ਬਾਬਾ ਨਾਨਕ ਬਣ ਕੇ ਪੈਦਾ ਹੋਇਆ ਸੀ। ਹਰ ਕੋਈ ਲੁਟੇਰਾ ਬਣ ਕੇ ਵੀ ਪੈਦਾ ਨਹੀਂ ਹੁੰਦਾ। ਇਸ ਧਰਤੀ ਤੇ ਪੈਦਾ ਹੋਣ ਤੋਂ ਬਾਅਦ ਹੀ ਮਨੁੱਖ ਸਭ ਕੁਝ ਬਣਦਾ  ਹੈ। ਫ਼ਰਕ ਸਿਰਫ਼ ਇਹ ਹੈ ਕਿ ਕਈ ਹਿਟਲਰ, ਮੋਦੀ,ਟਰੰਪ  ਤੇ ਔਰੰਗਜ਼ੇਬ ਬਣ ਜਾਂਦੇ ਹਨ ਅਤੇ ਕਈ ਬਾਬਾ ਨਾਨਕ, ਭਗਤ ਸਰਾਭੇ ਗਦਰੀ ਬਾਬੇ ਜਾਂ ਫਿਰ ਮੇਰੇ ਵਰਗੇ ਨਿਕੰਮੇ ਬਾਗ਼ੀ ਬਣ ਜਾਂਦੇ ਹਨ। ਗੱਲ ਚੱਲ ਰਹੀ ਹੈ ਮੌਤ ਬਾਅਦ ਜ਼ਿੰਦਗੀ ਦੀ ਸ਼ੁਰੂਆਤ ਕਰੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀਆਂ ਪਿਛਲੀਆਂ ਪੀੜ੍ਹੀਆਂ ਦੇ ਮਰ ਚੁੱਕੇ ਵੱਡ ਵਡੇਰਿਆਂ ਦੇ ਨਾਂ ਪੁੱਛੋ। ਹਰ ਇੱਕ ਮੁਸ਼ਕਲ ਨਾਲ ਚਾਰ ਪੰਜ ਨਾਵਾਂ ਤੋਂ ਵੱਧ ਕੋਈ ਨਹੀਂ ਦੱਸ ਸਕਦਾ। ਫਿਰ ਇਹ ਵੱਡ ਵਡੇਰਿਆਂ ਦੀਆਂ ਥਾਂ ਥਾਂ ਮਟੀਆਂ ਬਣਾ ਕੇ ਉਨ੍ਹਾਂ ਨੂੰ ਪੂਜਿਆ ਕਿਉਂ ਜਾ ਰਿਹਾ ਹੈ ? ਜਦ ਕਿ ਤੁਸੀਂ ਉਨ੍ਹਾਂ ਦੇ ਨਾਂ ਤੱਕ ਨਹੀਂ ਜਾਣਦੇ?
ਆਪਣੇ ਵੱਡ ਵਡੇਰਿਆਂ ਦੇ ਤੁਸੀਂ ਨਾਂ ਤੱਕ ਨਹੀਂ ਜਾਣਦੇ ਪਰ ਫਿਰ ਵੀ ਤੁਸੀਂ ਉਨ੍ਹਾਂ ਨੂੰ ਪੂਜਦੇ ਹੋ। ਪਰ ਜਿਹੜੇ ਮਰ ਕੇ ਵੀ ਜਿਉੰਦੇ ਹਨ ਉਨ੍ਹਾਂ ਦੇ ਦੱਸੇ ਗਏ ਰਸਤਿਆਂ ਤੇ ਵੀ ਨਹੀਂ ਚੱਲਦੇ  ਫਿਰ ਤੁਹਾਨੂੰ ਕੀ ਕਹੀਏ। ਅਕ੍ਰਿਤਘਣ ਕਹਿ ਕੇ ਮੈਂ ਤੁਹਾਥੋਂ ਗ਼ਾਲ਼ਾਂ ਨਹੀਂ ਖਾ ਸਕਦਾ ਇਸ ਲਈ ਕੋਈ ਵੀ ਵਿਸ਼ੇਸ਼ਣ ਤੁਸੀਂ ਆਪਣੇ ਆਪ ਲਾ ਲੈਣਾ। ਲੱਭ ਭੱਗ 99.9% ਮਨੁੱਖਾਂ ਦੀ ਇਹ ਕਹਾਣੀ ਹੈ ਕਿ ਉਹ ਇਸ ਧਰਤੀ ਤੇ ਪੈਦਾ ਹੁੰਦੇ ਹਨ ਆਪਣੀ ਜਿੰਦਗੀ ਭੋਗਦੇ ਹਨ ਅਤੇ ਦੁਨੀਆਂ ਤੋਂ ਤੁਰ ਜਾਂਦੇ ਹਨ।ਕਈ ਜਿੰਦਗੀ ਘੜੀਸਦੇ ਹਨ ਬਹੁਤ ਘੱਟ ਲੋਕ ਹਨ ਜੋ ਆਪਣੀ  ਜਿੰਦਗੀ ਵੀ ਜਿਉੰਦੇ ਹਨ ਅਤੇ ਦੂਜਿਆਂ ਦੀ ਜਿੰਦਗੀ ਵੀ ਸੁਧਾਰਦੇ ਹਨ। ਅਜਿਹੇ ਲੋਕ ਸਦਾ ਲਈ ਅਮਰ ਹੋ ਜਾਂਦੇ ਹਨ। ਜਦ ਤੱਕ ਸੂਰਜ ਚੰਦ ਰਹੇਗਾ ਅਜਿਹੇ ਲੋਕਾਂ ਦਾ ਨਾਮ ਰਹੇਗਾ। ਇਹ ਉਸ ਝੂਠੇ ਪੁਨਰ ਜਨਮ ਦੀ ਕਹਾਣੀ ਵਾਂਗ ਨਹੀਂ ਜਿਸ ਵਿੱਚ ਮਰਨ ਤੋਂ ਬਾਅਦ ਨਾਂ, ਜਨਮ ਦਿਨ ਅਤੇ ਸਥਾਨ ਇੱਥੋਂ ਤੱਕ ਕਿ ਮਾਤਾ ਪਿਤਾ, ਭੈਣ ਭਰਾ ਅਤੇ ਰਿਸ਼ਤੇਦਾਰ ਤੱਕ ਬਦਲ ਜਾਂਦੇ ਹਨ । ਝੂਠ ਸਦਾ ਝੂਠ ਹੀ ਰਹਿੰਦਾ ਹੈ ਅਤੇ ਝੂਠ ਕਦੇ ਸੱਚ ਨਹੀਂ ਬਣ ਸਕਦਾ।ਤੁਸੀਂ  ਜਿੰਨਾ ਮਰਜ਼ੀ ਜੋਰ ਲਾ ਲਵੋ ਝੂਠ ਨੂੰ ਕਦੇ ਵੀ ਸੱਚ ਨਹੀਂ ਬਣਾ ਸਕਦੇ।  ਪੁਨਰ ਜਨਮ ਦੇ ਝੂਠ ਅਕਸਰ ਹੀ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਲੋਕਾਂ ਸਾਹਮਣੇ  ਨੰਗੇ ਕੀਤੇ ਹਨ। ਜਿਵੇਂ  ਯੂ ਟਿਊਬ ਤੇ ਅਲੂਣਾ ਮਿਆਣਾ ਦੇ ਗੁਰਪ੍ਰੀਤ ਸਿੰਘ ਉਰਫ਼ ਤਰਨਜੀਤ ਸਿੰਘ ਦੇ ਪੁਨਰ ਜਨਮ ਦੀ ਕਹਾਣੀ ਦੇ ਝੂਠ ਨੂੰ ਗੁੜ ਵਿੱਚ ਲਪੇਟ ਕੇ ਅਜ ਕਲ ਵਰਤਾਇਆ ਜਾ ਰਿਹਾ ਹੈ।
ਮੌਤ ਤੋਂ ਬਾਅਦ ਜਿਉਂਦੇ ਇਨਸਾਨਾਂ ਵਿੱਚ ਅਨੇਕਾਂ ਨਾਂ ਆਉਂਦੇ ਹਨ ।ਜੋ ਕਿ ਸਾਰੇ ਉਸ ਤਰ੍ਹਾਂ ਨਹੀਂ ਲਿਖੇ ਜਾ ਸਕਦੇ। ਜਿਸ ਤਰ੍ਹਾਂ  84 ਲੱਖ ਜੂਨਾਂ ਅਤੇ 33 ਕਰੋੜ ਦੇਵੀ ਦੇਵਤਿਆਂ ਦੇ ਨਾਂ ਲਿਖਣੇ ਅਸੰਭਵ ਹਨ। ਫਿਰ ਵੀ ਬਾਬਾ ਨਾਨਕ, ਭਗਤ ਸਰਾਭੇ ਗਦਰੀ ਬਾਬੇ ਜਾਂ ਫਿਰ ਹੋਰ ਅਨੇਕਾਂ ਅਜਿਹੇ ਗਦਰੀ ਸੂਰਬੀਰ ਅਤੇ ਰਵੀਦਾਸ ਫਰੀਦ ਕਬੀਰ ਵਰਗੇ ਭਗਤ ਹਨ। ਜਿਹੜੇ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹਨ ਪਰ ਉਹ ਸਾਡੇ ਦਿਲਾਂ ਵਿੱਚ ਹਰ ਪਲ ਵੱਸਦੇ ਹਨ। ਕੀ ਇਹ ਸੱਚ ਨਹੀਂ ਹੈ ਕਿ  ਮੌਤ ਬਾਅਦ ਵੀ ਜ਼ਿੰਦਗੀ ਹੁੰਦੀ ਹੈ? ਅਜਿਹੀ ਜ਼ਿੰਦਗੀ ਕੋਈ ਕੋਈ ਹੀ ਜਿਉਂਦਾ ਹੈ।

ਸੁਖਮਿੰਦਰ ਬਾਗ਼ੀ ਸਮਰਾਲਾ 
ਮੋਬਾਈਲ ਨੰ 9417394805