ਮੌਤ ਵਿਕਾਊ ਹੈ

685
ਮੌਤ ਦਾ ਨਾਂ ਸੁਣਦਿਆਂ ਹੀ ਕਈਆਂ ਨੂੰ ਤਰ੍ਹੇਲ਼ੀਆਂ ਆ ਜਾਂਦੀਆਂ ਹਨ। ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਧ ਦਲੇਰ ਕਹਾਉਣ ਵਾਲਾ ਵੀ ਉਸ ਸਮੇਂ ਥਰ ਥਰ ਕੰਬਣ ਲੱਗ ਪੈਂਦਾ ਹੈ ਜਦੋਂ ਕਿਸੇ ਪਿਸਤੌਲ ਦੀ ਠੰਡੀ ਨਾਲ਼ੀ ਉਸ ਦੀ ਗ਼ਰਦਨ ਤੇ ਰੱਖ ਦਿੱਤੀ ਜਾਂਦੀ ਹੈ। ਉਸ ਸਮੇਂ  ਵੱਡਿਆਂ ਵੱਡਿਆਂ ਦੇ ਪਜਾਮੇ ਨਿੱਕਰਾਂ ਵੀ ਗਿੱਲੀਆਂ ਹੋ ਜਾਂਦੀਆਂ ਹਨ। ਮੌਤ ਵਰਗਾ ਸ਼ਬਦ ਕੋਈ ਵੀ ਉਸੇ ਤਰ੍ਹਾਂ ਨਹੀਂ ਸੁਣਨਾ ਚਾਹੁੰਦਾ ਜਿਸ ਤਰ੍ਹਾਂ ਕੋਈ ਸਿਆਸਤਦਾਨ ਆਪਣੇ ਤੇ ਲੱਗੇ ਘੁਟਾਲਿਆਂ ਦੇ ਦੋਸ਼ ਜਾਂ ਫਿਰ ਕੋਈ ਧਾਰਮਿਕ ਵਿਅਕਤੀ ਆਪਣੇ ਧਰਮ ਦੇ ਖਿਲਾਫ਼  ਧਰਮ ਵਿੱਚ ਆ ਰਹੀਆਂ ਕੁਰੀਤੀਆਂ ਬਾਰੇ ਕਿਸੇ ਦਾ ਸੱਚ ਬੋਲਣਾ ਆਦਿ ਆਦਿ। 
ਮੌਤ ਹਰ ਰੋਜ਼ ਵਿਕਦੀ ਹੈ।  ਇਸ ਨੂੰ ਵੇਚਣ ਵਾਲਿਆਂ ਦੀ ਗਿਣਤੀ ਕਰਨੀ ਵੀ ਔਖੀ ਹੈ। ਅੱਜ ਅਸੀਂ  ਇੱਕੀਵੀਂ ਸਦੀ ਦੀਆਂ 19 ਬਹਾਰਾਂ ਦੇਖ ਚੁੱਕੇ ਹਾਂ ਅਤੇ 20ਵੀਂ ਬਹਾਰ ਵਿੱਚ ਕੋਰੋਨਾ ਵਾਇਰਸ ਦੀ ਆੜ ਹੇਠਾਂ ਵਿਸ਼ਵ ਭਰ ਦੇ ਸਰਮਾਏਦਾਰਾਂ ਅਤੇ ਸਿਆਸਤਦਾਨਾਂ ਨੇ ਪਹਿਲੀ ਤਿਮਾਹੀ ਵਿੱਚ ਹੀ ਗਰੀਬ ਮਿਹਨਤਕਸ਼ ਲੋਕਾਂ ਦਾ ਖੂਨ ਚੂਸਣਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਵਿੱਚ ਬਹਾਰਾਂ ਦੀ ਥਾਂ ਪੱਤਝੜ, ਸੋਕੇ,ਭੁੱਖਮਰੀ ਅਤੇ ਮੌਤ ਨੇ ਪੈਰ ਪਸਾਰ ਲਏ ਹਨ। ਮੌਤ ਦਾ ਤਾਂਡਵ ਨਾਚ ਸ਼ਰੇਆਮ ਨੱਚਿਆ ਜਾ ਰਿਹਾ ਹੈ। ਪੁਲੀਸ ਅਤੇ ਗੋਦੀ ਮੀਡੀਆ ਨੂੰ ਵਰਤ ਕੇ ਸ਼ਰੇਆਮ ਮੌਤ ਵੇਚੀ ਜਾ ਰਹੀ ਹੈ। 
ਮੌਤ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਕਈ ਹਸਪਤਾਲਾਂ ਵਿੱਚ ਇਲਾਜ ਕਰਵਾ ਕੇ ਸਰੀਰਕ ਤੌਰ ਤੇ ਭਾਵੇਂ  ਇਸ  ਲਈ ਜਿਉਂਦੇ ਹਨ ਤਾਂ ਕਿ ਉਹ ਆਪਣੇ ਇਲਾਜ ਦੌਰਾਨ ਆਏ ਲੱਖਾਂ ਰੁਪਏ ਦੇ ਖਰਚੇ ਨੂੰ ਉਤਾਰ ਸਕਣ। ਕੀ ਉਹ ਮੌਤ ਖਰੀਦ ਕੇ ਨਹੀਂ  ਲਿਆਉਂਦੇ ਅਤੇ ਪੈਸੇ ਦੇ ਕੇ ਮੌਤ ਆਪਣੀ ਜੇਬ ਵਿੱਚ ਪਾ ਕੇ  ਕਰਜ਼ ਚੁਕਾਉਂਦੇ ਇੱਕ ਜ਼ਿੰਦਾ ਲਾਸ਼ ਬਣਕੇ ਤੁਰਦੇ ਫਿਰਦੇ  ਨਹੀਂ ਰਹਿੰਦੇ ? ਹਾਂ ਜਿਹੜੇ ਗਰੀਬ ਲੋਕ ਮੌਤ ਖਰੀਦ ਨਹੀਂ ਸਕਦੇ ਉਹ ਵਿਚਾਰੇ ਜਰੂਰ ਮਰ ਜਾਂਦੇ ਹਨ। 
ਅੱਜ ਪੂਰੇ ਵਿਸ਼ਵ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਸਿਰ ਮੜ੍ਹੀਆਂ ਜਾ ਰਹੀਆਂ ਮੌਤਾਂ ਨਾਲ ਮਰਿਆਂ ਦੀਆਂ ਲਾਸ਼ਾਂ ਦੇ ਢੇਰਾਂ ਦੇ ਢੇਰ ਪਏ ਹਨ ਅਤੇ ਹੋਰ ਵੀ ਪੈਣਗੇ ਪਰ ਉੱਥੇ ਹੀ ਜਿਉਂਦੀਆਂ ਲਾਸ਼ਾਂ ਦੀ  ਵੀ ਤਾਂ ਗਿਣਤੀ ਨਹੀਂ ਕੀਤੀ ਜਾ ਸਕਦੀ ਜੋ ਸਭ ਕੋਰੋਨਾ ਵਾਇਰਸ ਦੇ ਨਾਂ ਮੜ੍ਹਨੀਆਂ ਹਨ ਭਾਵੇਂ ਉਹ ਕਿਸੇ ਵੀ ਕਾਰਨ ਕਿਉਂ ਨਾ ਹੋਣ। ਜ਼ਬਰ ਵਿਰੁੱਧ ਇੱਕ ਵੀ ਲਫ਼ਜ਼ ਨਾ ਬੋਲਣ ਵਾਲਿਆਂ ਨੂੰ ਕੀ ਤੁਸੀਂ ਜਿਉਂਦਾ ਸਮਝਦੇ ਹੋ?ਜੇ ਹਾਂ ਹੈ ਤਾਂ ਲੱਖ ਲਾਹਣਤ ਹੈ ਤੁਹਾਡੇ  ਜਿਉਣ ਦੇ ਵੀ। ਤੁਹਾਡੇ ਨਾਲੋਂ ਤਾਂ ਭਗਤ, ਸਰਾਭੇ ਅਤੇ ਗਦਰੀ ਬਾਬੇ ਹੀ ਚੰਗੇ ਹਨ ਜੋ ਦੇਸ਼ ਲਈ ਕੁਰਬਾਨ ਹੋ ਕੇ ਸਰੀਰਕ ਤੌਰ ਤੇ ਤਾਂ( ਮਰ ) ਸ਼ਹੀਦ ਹੋ ਗਏ ਪਰ ਉਹ ਸਦਾ ਲਈ ਅਮਰ ਹੋ ਗਏ। ਉਨ੍ਹਾਂ ਦੇ ਰਸਤਿਆਂ ਤੇ ਜਾਂ ਤਾਂ ਚੱਲਣਾ ਸ਼ੁਰੂ ਕਰੋ ਜਾਂ ਫਿਰ ਉਨ੍ਹਾਂ ਨੂੰ ਪੂਜਣਾ ਛੱਡ ਦਿਉ। 
ਅੱਜ  ਹਰ  ਪਾਸੇ ਮੌਤ ਵਿਕਾਊ ਹੈ। ਕਈ ਮਿਲਾਵਟ ਕਰਕੇ, ਰੋਜ਼ਾਨਾ ਜੀਵਨ ਦਾਨ ਦੇਣ ਵਾਲੀਆਂ ਖਾਣ ਪੀਣ ਦੀਆਂ ਵਸਤਾਂ ਤੇ ਦਵਾਈਆਂ ਮਹਿੰਗੀਆਂ ਕਰਕੇ, ਸਰਕਾਰ ਮੁਲਾਜ਼ਮਾਂ ਦੇ ਭੱਤੇ ਬੰਦ ਕਰਕੇ ,ਦੇਸ਼ ਦੀ ਸੁਰੱਖਿਆ ਦੀ ਆੜ ਹੇਠਾਂ ਮਨੁੱਖਤਾ ਦਾ ਘਾਣ ਕਰਨ ਲਈ ਮਾਰੂ ਹਥਿਆਰ ਖਰੀਦਣ ਲਈ ਮਨੁੱਖਤਾ ਦੇ ਦੁਸ਼ਮਣ ਮੁਲਕਾਂ ਨਾਲ ਸਮਝੌਤੇ ਕਰਕੇ ਹਥਿਆਰਾਂ ਦੇ ਅੰਬਾਰ ਇਕੱਠੇ ਕਰਨ ਅਤੇ ਲੋਕਾਂ ਨੂੰ ਮੌਤ ਦਾ ਡਰ ਦੇ ਕੇ ਕਰਫਿਊ, ਤਾਲਾਬੰਦੀ ਅਤੇ ਸਮਾਜਿਕ ਦੂਰੀ ਦੀਆਂ ਕੋਝੀਆਂ ਚਾਲਾਂ ਚੱਲ ਕੇ ਅਤੇ ਕਿਰਤੀ ਵਰਗ ਤੋਂ ਰੁਜ਼ਗਾਰ ਖੋਹ  ਉਨ੍ਹਾਂ ਨੂੰ ਅੰਦਰ ਤਾੜ ਭੁੱਖੇ ਰੱਖ ਕੇ ਜਿਉਂਦਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਕੇ ਸ਼ਰੇਆਮ ਮੌਤ ਨੂੰ ਵੇਚਿਆਆ ਜਾ ਰਿਹਾ ਹੈ। 
ਭਾਵੇਂ ਲੋਕਾਂ ਨੂੰ ਬੁੱਧੂ ਬਣਾ ਕੇ ਇਹ ਕਿਹਾ ਜਾਂਦਾ ਹੈ ਕਿ ਜਿਉਂਣਾ ਝੂਠ ਮਰਨਾ ਸੱਚ ਹੈ। ਪਰ ਜਿਉਣਾ ਤੇ ਮਰਨਾ ਦੋਨੋਂ ਹੀ ਸੱਚ ਹਨ। ਜੇ ਜਿਉਂਣਾ ਝੂਠ ਹੁੰਦਾ ਤਾਂ ਫਿਰ ਜਿਉਣ ਲਈ ਅਸੀਂ ਡਾਕਟਰਾਂ ਦੀਆਂ ਜੇਬਾਂ ਕਿਉਂ ਭਰਦੇ ਹਾ? ਮਰਨਾ ਸੱਚ ਹੈ ਤਾਂ ਮਰਦੇ ਕਿਉਂ ਨਹੀਂ ?ਨਾਲੇ ਕਹਿੰਦੇ ਹੋ ਕਿ ਸੱਚ  ਬੋਲੋ।  
ਖੈਰ ਅੱਜ ਕੱਲ੍ਹ ਭਾਵੇਂ ਸੱਚ ਬੋਲਣਾ ਮੌਤ ਨੂੰ ਮਾਸੀ ਕਹਿਣ ਦੇ  ਤੁੱਲ (ਬਰਾਬਰ)ਹੈ ਅਤੇ ਮੌਤ ਦੇ ਵਣਜਾਰੇ ਹਰਲ ਹਰਲ ਕਰਦੇ ਫਿਰਦੇ ਹਨ ਪਰ ਫਿਰ ਵੀ ਭਗਤ, ਸਰਾਭੇ ਦੇ ਪਦ ਚਿੰਨ੍ਹਾਂ ਤੇ ਚੱਲਣ ਵਾਲੇ ਗੋਬਿੰਦ ਪਨਸਾਰਿਆਂ ,ਕਲਬੁਰਗੀਆਂ, ਦਭੋਲਕਰਾਂ, ਜੱਜ ਲੋਇਆਂ, ਰੋਹਿਤ ਵਾਮੁਲਿਆਂ  ਪੱਤਰਕਾਰ ਅਕਸ਼ੈ ਸਿੰਘ ਤੇ ਗੌਰੀ ਲੰਕੇਸ਼ ਵਰਗੀਆਂ ਲੇਖਕਾਂਵਾਂ ,ਅਨੇਕਾਂ ਬੁੱਧੀਜੀਵੀਆਂ ਦੀ  ਵੀ ਉਸੇ ਤਰ੍ਹਾਂ ਕਮੀਂ ਨਹੀਂ ਹੈ ਜਿਵੇਂ ਸੰਤ ਰਾਮ ਉਦਾਸੀ ਨੇ ਕਿਹਾ ਹੈ ਕਿ 
ਐਵੇਂ ਭਰਮ ਹੈ ਸਾਡੇ ਕਾਤਿਲਾਂ ਨੂੰ 
ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ 
ਬਦਲੇ ਲਏ ਤੋਂ ਵੀ ਜਿਹੜੀ ਮੁੱਕਣੀ ਨਾ
ਏਡੀ ਲੰਮੀਂ ਹੈ ਸਾਡੀ ਕਤਾਰ ਲੋਕੋ। 
ਭਗਤ, ਸਰਾਭਿਆਂ ਲਈ ਮੌਤ ਲਾੜੀ ਸੀ ਜਿਸ ਨੂੰ ਵਿਆਉਂਣ ਲਈ ਉਹ ਹੱਸਦੇ ਹੋਏ ਫਾਂਸੀਆਂ ਦੇ ਰੱਸੇ ਚੁੰਮ ਗਏ ਪਰ ਕਈ ਵਿਚਾਰੇ ਉਨ੍ਹਾਂ ਦੇ ਵਾਰਸ ਕਹਾਉਣ ਵਾਲੇ ਕੋਰੋਨਾ ਵਾਇਰਸ ਦੇ ਅਖੌਤੀ ਡਰ ਕਾਰਨ ਹੀ ਘਰਾਂ ਦੇ ਅੰਦਰ ਖੱਲ ਖੂੰਜਿਆਂ ਵਿੱਚ ਧਾਰਮਿਕ ਪਖੰਡੀਆਂ ਵਾਂਗ ਲੁਕ ਛਿਪ ਕੇ ਬੈਠ ਗਏ ਹਨ ਤੇ ਇਸ ਲਾਕ ਡਾਊਨ, ਕਰਫਿਊ ਅਤੇ ਸਮਾਜਿਕ ਦੂਰੀ ਬਾਰੇ ਕੁਝ ਵੀ ਨਹੀਂ ਬੋਲ  ਰਹੇ। 
ਇਹ ਸੱਚ ਹੈ ਕਿ ਮੌਤ ਨੇ ਸਭ ਨੂੰ  ਆਪਣੇ ਕਲਾਵੇ ਵਿੱਚ ਲੈ  ਲੈਣਾ ਹੈ  ਉਸ ਤੋਂ ਕੋਈ ਵੀ ਨਹੀਂ ਬਚ ਸਕਣਾ। ਸਿਆਸਤਦਾਨ ਆਪਣੇ ਆਲੇ-ਦੁਆਲੇ ਸੁਰੱਖਿਆ ਬਲਾਂ ਦੇ ਏ ਤੋਂ  ਲੈ ਕੇ ਜੈੱਡ ਤੱਕ ਲੱਖ ਘੇਰੇ ਬਣਾ ਲੈਣ ਜਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਲੁਕ ਜਾਣ ਪਰ ਉਹ ਮੌਤ ਤੋਂ ਬਚ ਨਹੀਂ ਸਕਦੇ। ਭਾਵੇਂ ਉਹ ਸੱਚ ਬੋਲਣ ਵਾਲੇ ਨੰਗੇ ਧੜ ਚੱਲਣ ਵਾਲਿਆਂ ਨੂੰ ਲੱਖ ਕਤਲ ਕਰ ਦੇਣ ਪਰ ਇਹ ਮੌਤ ਵੇਚਣ ਵਾਲੇ ਵੀ ਇੱਕ ਦਿਨ ਇਸ ਮੌਤ ਨੂੰ ਖਰੀਦ ਕੇ ਉਸੇ ਤਰ੍ਹਾਂ ਆਪਣੇ ਖੀਸੇ ਵਿਚ ਪਾ ਕੇ ਨਹੀਂ ਰੱਖ ਸਕਣਗੇ ਜਿਸ ਤਰ੍ਹਾਂ ਪਹਾੜ ਸੂਰਜ ਚੜ੍ਹਨ ਦੀ ਸੂਹੀ ਸਵੇਰ ਨੂੰ ਨਹੀਂ ਰੋਕ ਸਕਦਾ। 
ਅਜੇ ਵੀ ਵੇਲਾ ਹੈ ਕੋਰੋਨਾ ਵਾਇਰਸ ਦੇ ਦੌਰ ਵਿੱਚ ਮੌਤ ਦਾ  ਨਿਵਾਲਾ ਬਣਨ ਤੋਂ ਪਹਿਲਾਂ  ਪਹਿਲਾਂ ਮੌਤ ਦੇ ਡਰ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਬੰਦ ਕਰਕੇ ਆਪ ਵੀ ਅਮਨ ਚੈਨ  ਨਾਲ  ਜੀਓ ਅਤੇ ਦੂਜਿਆਂ ਨੂੰ ਵੀ ਜਿਉਣ  ਦਿਓ। 


ਸੁਖਮਿੰਦਰ ਬਾਗ਼ੀ ਸਮਰਾਲਾ 
ਮੋਬਾਈਲ ਨੰ 9417394805