ਮਜ਼ਦੂਰਾਂ ਦੀ ਘਾਟ ਨੂੰ ਦੇਖਦਿਆਂ ਝੋਨੇ ਦੀ ਸਿੱਧੀ ਬਿਜਾਈ ਨੂੰ ਦੇ ਰਹੇ ਨੇ ਕਿਸਾਨ ਤਰਜੀਹ

186

ਮੰਡੀ ਲਾਧੂਕਾ, 23 ਮਈ

ਕੋਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਕਾਰਨ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਹੋਇਆਂ ਜ਼ਿਆਦਾਤਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਤਰਜੀਹ ਦੇ ਰਹੇ ਹਨ। ਇਸ ਬਾਬਤ ਪਿੰਡ ਤਬੋਰੜੀ ਦੀ ਢਾਣੀ ਦੇ ਕਿਸਾਨ ਸੰਦੀਪ ਕੁਮਾਰ ਕੰਬੋਜ ਨੇ ਆਪਣੇ ਖੇਤ ‘ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰ ਦਿੱਤੀ ਹੈ।

ਇਸ ਦੌਰਾਨ ਸੰਦੀਪ ਕੁਮਾਰ ਦੇ ਖੇਤ ‘ਚ ਝੋਨੇ ਦੀ ਸਿੱਧੀ ਬਿਜਾਈ ਕਰਨ ਆਏ ਕਿਸਾਨ ਲੇਖ ਰਾਜ ਵਾਸੀ ਢਾਣੀ ਮੁਨਸ਼ੀ ਰਾਮ ਨੇ ਦੱਸਿਆ ਕਿ ਮੈਂ ਪਿਛਲੇ ਤਿੰਨ ਸਾਲਾ ਤੋਂ ਆਪਣੇ ਖੇਤ ‘ਚ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹਾ ਅਤੇ ਇਕ ਕਿੱਲੇ ‘ਚੋਂ 60 ਤੋਂ 65 ਮਣ ਤੱਕ ਬਾਸਮਤੀ 1121 ਝੋਨੇ ਦਾ ਝਾੜ ਪ੍ਰਾਪਤ ਕਰ ਚੁੱਕਿਆ ਹਾਂ।

ਉਨ੍ਹਾਂ ਦੱਸਿਆ ਕਿ ਇੱਕ ਦਿਨ ‘ਚ 10 ਤੋਂ 12 ਕਿੱਲੇ ਮਸ਼ੀਨ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨ ਦਾ ਬਹੁਤ ਘੱਟ ਖਰਚਾ ਹੁੰਦਾ ਹੈ ਤੇ ਝੋਨੇ ਦਾ ਝਾੜ ਵੀ ਵਧੀਆ ਨਿਕਲਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਵਾਰ ਇਲਾਕੇ ਵਿਚ ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ‘ਚ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਪਹਿਲ ਦੇ ਰਹੇ ਹਨ।