ਕਿਉਂ ਮਤਲਬ ਕੱਢ ਯਾਰਾਨੇ ਹੋ ਗਏ,
ਤੇਰੇ ਬੋਲ ਸਾਡੇ ਅਜ ਤਾਹਨੇ ਹੋ ਗਏ।
ਤੇਰੇ ਬੋਲ ਸਾਡੇ ਅਜ ਤਾਹਨੇ ਹੋ ਗਏ।
ਗੱਲ ਗੱਲ ਤੇ ਕਰਨੀ ਬੇਕਦਰੀ,
ਇਹ ਤਾਂ ਸੱਜਣਾਂ ਛੱਡਣ ਦੇ ਬਹਾਨੇ ਹੋ ਗਏ।
ਪਹਿਲਾਂ ਮੁੱਲ ਪਾਉਂਦੇ ਸੀ ਅਰਬਾਂ ਖਰਬਾਂ,
ਹੁਣ ਕਿਉਂ ਕੀਮਤ ਵਿੱਚ ਚਾਰ ਆਨੇ ਹੋ ਗਏ।
ਕੱਲ੍ਹ ਤੱਕ ਸੀ ਤੁਸੀਂ ਜਿਨ੍ਹਾਂ ਨੂੰ ਨਫ਼ਰਤ ਕਰਦੇ,
ਅੱਜ ਓਹਨਾਂ ਦੇ ਕਿਵੇਂ ਦੀਵਾਨੇ ਹੋ ਗਏ।
ਸੀ ਰੱਬ ਦੇ ਘਰ ਜਾ ਖਾਦੀਆਂ ਸੌਹਾਂ,
ਹੁਣ ਕਿਹੜੀ ਗੱਲੋਂ ਬੇਈਮਾਨੇ ਹੋ ਗਏ।
ਸਾਨੂੰ ਹੀਰਾ ਕਹਿ ਸਾਂਭ ਸਾਂਭ ਰੱਖਣ ਵਾਲੇ,
ਹੁਣ ਅਸੀਂ ਕਿੰਝ ਕੱਖਾਂ ਦੇ ਕਾਨੇ ਹੋ ਗਏ।
ਜੋ ਕਦੇ ਸਾਡੇ ਲਈ ਗੁਣਗੁਣਾਉਂਦੇ ਸੀ,
ਕਿਉਂ ਓਹ ਖਾਸ ਗੈਰਾਂ ਲਈ ਤਰਾਨੇ ਹੋ ਗਏ।
ਚਲ ਛੱਡ ਤੂੰ ਹੱਸਦੀ ਰਹਿ ਤੇ ਵੱਸਦੀ ਰਹਿ,
ਅਸੀਂ ਦੁੱਖਾਂ ਦੇ ਅਜਕਲ ਪਰਵਾਨੇ ਹੋ ਗਏ।
ਤੇਰੇ ਲਈ ਕੈਨੇਡਾ ਅਜ ਜੰਨਤ ਹੋਇਆ,
‘ਬੇਗੋਵਾਲੀਏ’ ਲਈ ਜੰਨਤ ਮੈਖਾਨੇ ਹੋ ਗਏ ।
ਰਿੰਕੂ ਬੇਗੋਵਾਲੀਆ
ਦੋਰਾਹਾ