ਇਸਲਾਮਾਬਾਦ : ਪਾਕਿਸਤਾਨ ‘ਚ ਕੋਰੋਨਾ ਵਾਇਰਸ ਦੇ ਮਾਮਲੇ 54 ਹਜ਼ਾਰ ਤੋਂ ਉੱਪਰ ਪਹੁੰਚ ਚੁੱਕੇ ਹਨ। ਇਸ ਦੌਰਾਨ ਯੂਐੱਸ ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਹੈ। ਉਸ ਨੇ ਇਸ ਮਹਾਮਾਰੀ ਨਾਲ ਲੜਨ ਲਈ 60 ਲੱਖ ਯੂਐੱਸ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ। ਪਾਕਿਸਤਾਨ ‘ਚ ਅਮਰੀਕੀ ਰਾਜਦੂਤ ਪਾਲ ਜੌਨਸ ਨੇ ਇਕ ਵੀਡੀਓ ਸੰਦੇਸ਼ ‘ਚ ਕਿਹਾ ਕਿ ਯੂਐੱਸ ਵੱਲੋਂ ਦਿੱਤੀ ਜਾਣ ਵਾਲੀ ਇਹ ਮਦਦ ਰਾਸ਼ੀ ਪਾਕਿਸਤਾਨ ‘ਚ ਕੋਰੋਨਾ ਵਾਇਰਸ ਦੇ ਗੰਭੀਰ ਮਾਮਲਿਆਂ ਵਾਲੇ ਹਸਪਤਾਲਾਂ ‘ਚ ਕੰਮ ਕਰ ਰਹੇ ਸਿਹਤ ਮੁਲਾਜ਼ਮਾਂ ਲਈ ਟ੍ਰੇਨਿੰਗ ਦਾ ਵਿਸਥਾਰ ਕਰੇਗੀ।
ਇਸ ਦੇ ਨਾਲ ਹੀ ਜੌਨਸ ਨੇ ਆਪਣੇ ਸੰਦੇਸ਼ ‘ਚ ਪਾਕਿਸਤਾਨ ਨੂੰ ਈਦ-ਉਲ-ਫ਼ਿਤਰ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ‘ਮੈਂ ਰਮਜ਼ਾਨ ਪੂਰਾ ਹੋਣ ਦੀ ਸਾਰੇ ਪਾਕਿਸਤਾਨੀਆਂ ਨੂੰ ਵਧਾਈ ਦਿੰਦਾ ਹਾਂ।’ ਇਸ ਤੋਂ ਇਲਾਨਾ ਜੌਨਸ ਨੇ ਇਸਲਾਮਾਬਾਦ ਨੂੰ ਹਾਲ ਹੀ ‘ਚ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਤੇ ਸਾਂਝੇਦਾਰੀ ਦੇ ਸੰਕੇਤ ਦੇ ਰੂਪ ‘ਚ ਮੈਡੀਕਲ ਸਪਲਾਈ ਲਈ ਧੰਨਵਾਦ ਕੀਤਾ ਹੈ। ਪੀਟੀਆਈ