ਰਣਜੀਤ ਬਾਵਾ ਉਤੇ ਕੇਸ ਦਰਜ ਕਰਨਾ, ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 51ਏ ਦੀ ਉਲੰਘਣਾ

245
ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਗਾਏ ਗੀਤ ਵਿੱਚ ਛੂਆ-ਛਾਤ ਅਤੇ ਅੰਧ ਵਿਸ਼ਵਾਸਾਂ ਉਤੇ ਉਂਗਲ ਰੱਖੀ ਗਈ ਹੈ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਜੇਕਰ ਫਿਰਕਾਪੑਸਤ, ਕਟੜਪੰਥੀ ਤੇ ਅੰਧਵਿਸ਼ਵਾਸੀ ਅੰਸਰਾ ਦੇ ਦਬਾਅ ਥੱਲੇ ਆਕੇ, ਪੰਜਾਬ ਸਰਕਾਰ ਬਾਵਾ ਖ਼ਿਲਾਫ਼ ਐਫ ਆਈ ਆਰ ਦਰਜ ਕਰਦੀ ਹੈ ਤਾਂ ਇਹ ਸਰਕਾਰ ਵਲੋ ਸੰਵਿਧਾਨ ਦੀ ਧਾਰਾ 51 ਏ ਦੀ ਪਾਲਣਾ ਤੋਂ ਭਗੌੜਾ ਹੋਣ ਬਰਾਬਰ ਹੈ। ਇਹ ਦੋਸ਼ ਅੱਜ ਇੱਥੇ ਪ੍ਰੈਸ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਸੀ ਪੀ ਆਈ ਦੇ ਸੂਬਾ ਮੀਤ ਸਕੱਤਰ ਜਗਜੀਤ ਸਿੰਘ ਜੋਗਾ ਨੇ ਲਾਇਆ। ਉਹਨਾ ਕਿਹਾ ਕਿ ਧਾਰਾ 51 ਏ ਸਰਕਾਰ ਨੂੰ ਇਨਸਾਨੀਅਤ ਤੇ ਵਿਗਿਆਨਿਕ ਚਿੰਤਨ ਨੂੰ ਅੱਗੇ ਵਧਾਉਣ ਤੇ ਹਲਾਸ਼ੇਰੀ ਦੇਣ ਲਈ ਪੑਤੀਬੱਧ ਕਰਦੀ ਹੈ। ਇਸ ਗੀਤ ਵਿੱਚ ਵੀ ਦਲਿਤਾ ਤੇ ਗ਼ਰੀਬਾਂ ਨਾਲ ਧਾਰਮਿਕ ਸਥਾਨਾਂ ਵਿੱਚ ਛੂਆ-ਛਾਤ ਵਾਲੇ ਵਤੀਰੇ ਅਤੇ ਪਸੂਆ ਦੇ ਮੱਲ ਮੂਤਰ ਤੋਂ ਵੀ ਗ਼ਰੀਬਾਂ ਨੂੰ ਮਾੜਾ ਸਮਝਣ ਦੀ ਮਾਨਸਿਕਤਾ ਉੱਪਰ ਟਕੋਰ ਕੀਤੀ ਗਈ ਹੈ। ਗ਼ਰੀਬਾਂ ਦੀ ਭੁੱਖ ਤੇ ਕੁਟ ਨਾਲ਼ੋਂ ਪੱਥਰਾ ਨੂੰ ਦੁੱਧ ਪਿਲਾਉਣ ਦੇ ਅੰਧ ਵਿਸ਼ਵਾਸ ਨੂੰ ਤਰਜੀਹ ਦੇਣ ਦੇ ਇਨਸਾਨੀ ਵਤੀਰੇ ਉਤੇ ਉਂਗਲ ਰੱਖੀ ਗਈ ਹੈ। ਪੂੰਜੀਪਤੀਆਂ ਵੱਲੋਂ ਗ਼ਰੀਬਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਦੇ ਸਮਾਜਿਕ ਵਰਤਾਰੇ ਉਤੇ ਦੁੱਖ ਪੑਗਟ ਕਰਦੇ ਹੋਏ ਗੀਤ ਵਿੱਚ ਕਿਹਾ ਗਿਆ ਹੈ ਕਿ “ ਜੇ ਮੈਂ ਮਾੜੇ ਘਰੇ ਜੰਮਿਆ ਤਾਂ ਮੇਰਾ ਕੀ ਕਸੂਰ ਐ । ਸ਼ੑੀ ਜੋਗਾ ਨੇ ਕਿਹਾ ਕਿ ਸਮਾਜ ਵਿੱਚ ਫੈਲੇ ਅੰਧ ਵਿਸ਼ਵਾਸ, ਊਚ ਨੀਚ ਤੇ ਗਰੀਬ ਅਮੀਰ ਦੇ ਪਾੜੇ ਨੂੰ ਸੑੀ ਬਾਵਾ ਵੱਲੋਂ ਮੂਰਤੀਮਾਨ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ। ਉਹਨਾ ਕਿਹਾ ਕਿ ਹਰ ਅੰਧ ਵਿਸ਼ਵਾਸ ਨੂੰ ਧਰਮ ਨਾਲ ਜੋੜ ਦੇਣਾ ਸਾਡੇ ਦੇਸ਼ ਦੀ ਵੱਡੀ ਬਦਕਿਸਮਤੀ ਹੈ। ਹਰ ਵਿਗਿਆਨਿਕ ਤੇ ਤਰਕ ਦੀ ਗੱਲ ਨੂੰ ਫਿਰਕਾਪ੍ਰਸਤੀ ਦੀ ਪੁੱਠ ਚਾੜ ਦੇਣ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸੀ ਪੀ ਆਈ ਆਗੂ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਵੀ ਵਹਿਮਾਂ ਭਰਮਾ,ਜਾਦੂ ਟੂਣਿਆਂ ਤੇ ਅੰਧਵਿਸ਼ਵਾਸ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ ਸੰਘਰਸ਼ ਕਰਨ ਵਾਲੇ ਆਗੂ ਸੀੑ ਦਬੋਲਕਰ ਦੀ ਇਹਨਾ ਕਟੜਪੰਥੀ ਫਿਰਕਾਪੑਸਤ ਅੰਸਰਾ ਨੇ ਜਾਨ ਲੈ ਲਈ ਸੀ। ਇਸੇ ਤਰਾਂ ਦੇਸ਼ ਵਿੱਚ ਗੌਰੀ ਲੰਕੇਸ ਵਰਗੀ ਅਗਾਂਹ ਵਧੂ ਲੇਖਿਕਾ ਦਾ ਵੀ ਇਹਨਾ ਧਾਰਮਿਕ ਕਟੜਵਾਦੀ ਅੰਸਰਾ ਨੇ ਕਤਲ ਕਰਵਾ ਦਿੱਤਾ ਸੀ। ਰਣਜੀਤ ਬਾਵਾ ਖ਼ਿਲਾਫ਼ ਕੈਪਟਨ ਸਰਕਾਰ ਵੱਲੋਂ ਕਾਰਵਾਈ ਕਰਨਾ ਅਜਿਹੇ ਅੰਧ ਵਿਸਵਾਸੀ ਜਨੂੰਨੀਆ ਦੇ ਜਨੂੰਨ ਨੂੰ ਨੂੰ ਹਲਾਸ਼ੇਰੀ ਦੇਣਾ ਹੋਵੇਗਾ। ਜੋ ਸਵਿੰਧਾਨ ਦੀਆ ਸੈਕੁਲਰ ਕਦਰਾਂ ਕੀਮਤਾਂ ਦਾ ਘਾਣ ਅਤੇ ਲੁੱਟ ਖਸੁੱਟ ਤੇ ਛੂਆ ਛਾਤ ਦਾ ਸ਼ਿਕਾਰ ਗ਼ਰੀਬਾਂ ਤੇ ਦਲਿਤਾ ਦਾ ਅਪਮਾਨ ਹੋਵੇਗਾ। ਸੑੀ ਜੋਗਾ ਨੇ ਯਾਦ ਕਰਵਾਇਆ ਕਿ ਰਾਜਾ ਰਾਮ ਮੋਹਨ ਰਾਏ ਨੇ ਜਦੋਂ ਹਿੰਦੂ ਔਰਤਾ ਨੂੰ ਪਤੀ ਦੇ ਨਾਲ ਹੀ ਚਿਖਾ ਵਿੱਚ ਜਿਉਂਦਿਆਂ ਹੀ ਸਾੜ ਦੇਣ ਦੀ ਸਤੀ ਪੑਥਾ ਦਾ ਵਿਰੋਧ ਕੀਤਾ ਸੀ, ਉਦੋਂ ਵੀ ਧਾਰਮਿਕ ਜਨੂੰਨੀਆ ਨੇ ਹੋ ਹੱਲਾ ਕੀਤਾ ਸੀ। ਪਵਿਤਰ ਗੁਰਬਾਣੀ ਵਿੱਚ ਵੀ ਵਹਿਮਾਂ ਭਰਮਾ, ਜਾਦੂ ਟੂਣਿਆਂ, ਜਲ ਧਾਰਿਆ ਤੇ ਪੱਥਰ ਪੂਜਾ ਤੋਂ ਮਾਨਵਤਾ ਨੂੰ ਦੂਰ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ। ਮਲਿਕ ਭਾਗੋ ਤੇ ਭਾਈ ਲਾਲੋ ਦਾ ਮੁਕਾਬਲਾ ਕਰਦੇ ਹੋਏ ਗਰੀਬ ਭਾਈ ਲਾਲੋਆ ਦਾ ਸਾਥ ਦੇਣ ਦਾ ਉਪਦੇਸ਼ ਦਿੱਤਾ ਗਿਆ ਹੈ। “ ਨੀਚਾ ਅੰਦਰ ਨੀਚ ਜਾਤਿ, ਨੀਚੀ ਹੂੰ ਅਤਿ ਨੀਚ। ਨਾਨਕ ਤਿਨਕੇ ਸੰਗ ਸਾਥ ਵੱਡਿਆ ਸਿਉਂ ਕਿਆ ਰੀਸ” ਦਾ ਪਾਠ ਦਿੰਦੇ ਹੋਏ ਛੂਆ ਛਾਤ ਨਾ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਜੇਕਰ ਇਹਨਾ ਸਿੱਖਿਆਵਾਂ ਨੂੰ ਰਣਜੀਤ ਬਾਵਾ ਨੇ ਆਪਣੇ ਗੀਤ ਵਿੱਚ ਮੂਰਤੀਮਾਨ ਕਰ ਦਿੱਤਾ ਹੈ ਤਾਂ ਇਸ ਵਿੱਚ ਕਿਸੇ ਧਰਮ ਵਿਸ਼ੇਸ਼ ਦੀ ਬੇ ਅਦਬੀ ਕਿਵੇਂ ਹੋ ਗਈ। ਕਮਿਊਨਿਸਟ ਆਗੂ ਨੇ ਪੰਜਾਬ ਸਰਕਾਰ ਨੂੰ ਪਿਛਾਂਹ ਖਿੱਚੂ ਅੰਧਵਿਸ਼ਵਾਸੀ ਜਨੂੰਨੀਆ ਨੂੰ ਪੱਠੇ ਪਾਉਣ ਤੋਂ ਬਚਣ ਦੀ ਮੰਗ ਕੀਤੀ। ਉਹਨਾਂ ਮਹਾਰਾਸ਼ਟਰ ਵਾਂਗ ਵਹਿਮਾਂ ਭਰਮਾ, ਜਾਦੂ ਟੂਣਿਆਂ ਤੇ ਅੰਧ ਵਿਸ਼ਵਾਸਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਖ਼ਿਲਾਫ਼ ਪੰਜਾਬ ਵਿੱਚ ਵੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ।