ਰਾਮ ਰਹੀਮ ਸੀ ਪੰਜਾਬ ‘ਚ ਬੇਅਦਬੀ ਮਾਮਲਿਆਂ ਦਾ ਮਾਸਟਰਮਾਈਂਡ, ਵੱਡਾ ਖੁਲਾਸਾ

214

ਫ਼ਰੀਦਕੋਟ : ਪੰਜਾਬ ਦੇ ਧਾਰਮਿਕ ਤੇ ਸਿਆਸੀ ਖੇਤਰ ਵਿਚ ਤਰਥੱਲੀ ਮਚਾਉਣ ਵਾਲੇ ਬਰਗਾੜੀ ਬੇਅਦਬੀ ਕਾਂਡ ‘ਚ ਪੰਜ ਸਾਲ ਬਾਅਦ ਹੁਣ ਨਵਾਂ ਮੋੜ ਆ ਗਿਆ ਹੈ। ਘਟਨਾ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕਰ ਲਿਆ ਹੈ। ਹਰਿਆਣੇ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਨੂੰ ਹਿਰਾਸਤ ਵਿਚ ਲੈਣ ਲਈ ਐੱਸਆਈਟੀ ਨੇ ਅਦਾਲਤ ਵਿਚ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ ਜਿਸ ਦੀ ਸੁਣਵਾਈ ਅਦਾਲਤ ਵੱਲੋਂ ਅੱਠ ਜੁਲਾਈ ਨੂੰ ਨਿਸ਼ਚਤ ਕੀਤੀ ਗਈ ਹੈ।

ਬੇਅਦਬੀ ਕਾਂਡ ਨਾਲ ਜੁੜੇ ਤਿੰਨ ਮੁਕੱਦਮਿਆਂ (ਪਾਵਨ ਸਰੂਪ ਚੋਰੀ ਕਰਨ, ਪੋਸਟਰ ਲਾਉਣ ਤੇ ਬੇਅਦਬੀ ਕਰਨ) ਦੀ ਜਾਂਚ ਕਰ ਰਹੇ ਐੱਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਦੇ ਮਾਮਲੇ ਦੀ ਅੱਜ ਤਕ ਦੀ ਜਾਂਚ ਦਾ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ ਜਿਸ ਵਿਚ 11 ਲੋਕ ਮੁਲਜ਼ਮ ਹਨ। ਐੱਸਆਈਟੀ ਵੱਲੋਂ ਮੁਕੱਦਮੇ ਵਿਚ ਜੋ ਹੋਰ ਨਾਂ ਜੋੜੇ ਗਏ ਹਨ ਉਨ੍ਹਾਂ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ ਹਨ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਨੂੰ ਹਿਰਾਸਤ ਵਿਚ ਲੈਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਹੈ ਜਦਕਿ ਬਾਕੀ ਤਿੰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਕੱਦਮੇ ਵਿਚ ਡੇਰਾ ਮੁਖੀ ਦਾ ਨਾਂ ਜੋੜੇ ਜਾਣ ਕਾਰਨ ਉਨ੍ਹਾਂ ਨੇ ਹੁਣ ਤਕ ਦੀ ਛਾਣਬੀਨ ਤੇ ਤੱਥਾਂ ਦਾ ਹੋਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁਕੱਦਮੇ ਵਿਚ ਜੋ ਵੀ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਉਨ੍ਹਾਂ ਦੇ ਬਿਆਨਾਂ ਤੋਂ ਤੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰ੍ਰੰਥ ਸਾਹਿਬ ਦੀ ਕਿਸ ਤਰ੍ਹਾਂ ਚੋਰੀ ਕੀਤੀ, ਚੋਰੀ ਕੀਤੇ ਜਾਣ ਬਾਅਦ ਅਗਲੇ ਚਾਰ ਮਹੀਨਿਆਂ ਤਕ ਮੁਲਜ਼ਮਾਂ ਨੇ ਡੇਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਲੁਕਾ ਕੇ ਰੱਖਿਆ ਤੇ ਡੇਰੇ ਤੋਂ ਹੀ ਮਿਲੇ ਨਿਰਦੇਸ਼ਾਂ ਅਨੁਸਾਰ ਮੁਲਜ਼ਮਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ।

ਮੁਲਜ਼ਮਾਂ ਵੱਲੋਂ ਬੇਅਦਬੀ ਕੀਤੇ ਜਾਣ ਦਾ ਕਾਰਨ ਡੀਆਈਜੀ ਖੱਟੜਾ ਨੇ ਦੱਸਿਆ ਕਿ 2007 ਤੋਂ ਬਾਅਦ ਮਾਲਵੇ ਦੇ ਇਸ ਹਿੱਸੇ ਵਿਚ ਡੇਰੇ ਦਾ ਪ੍ਰਭਾਵ ਤੇਜ਼ੀ ਨਾਲ ਵੱਧ ਰਿਹਾ ਸੀ, ਇਸ ਦਰਮਿਆਨ 2015 ਵਿਚ ਡੇਰਾ ਮੁਖੀ ਦੀ ਐੱਮਐੱਸਜੀ ਫਿਲਮ ਰਿਲੀਜ਼ ਹੋਈ ਜਿਸ ਨੂੰ ਲੈ ਕੇ ਇੱਥੇ ਕੁਝ ਸਿੱਖ ਜਥੇਬੰਦੀਆਂ ਨਾਲ ਡੇਰੇ ਦੀ ਤਕਰਾਰ ਵੀ ਹੋਈ, ਅਜਿਹੇ ਵਿਚ ਮੁਲਜ਼ਮਾਂ ਨੇ ਡੇਰਾ ਹੈੱਡਕੁਆਰਟਰ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਬਦਲੇ ਦੀ ਭਾਵਨਾ ਨਾਲ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸਬੂਤਾਂ ਤੇ ਬਿਆਨਾਂ ਦੇ ਆਧਾਰ ‘ਤੇ ਅੱਗੇ ਵੱਧ ਰਹੀ ਹੈ ਅਤੇ ਸਹੀ ਦਿਸ਼ਾ ਵਿਚ ਜਾ ਰਹੀ ਹੈ।

ਬਰਗਾੜੀ ਕਾਂਡ : ਕਦੋਂ ਕੀ ਵਾਪਰਿਆ

– ਪੰਜ ਸਾਲ ਪਹਿਲਾਂ ਫ਼ਰੀਦਕੋਟ ਦੇ ਬਰਗਾੜੀ ਵਿਖੇ ਵਾਪਰੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ।

– ਪਹਿਲੀ ਜੂਨ 2015 ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘਵਾਲਾ ਦੇ ਗੁਰਦੁਆਰੇ ‘ਚੋਂ ਚੋਰੀ ਕੀਤਾ ਗਿਆ ਸੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ।

– 24-25 ਸਤੰਬਰ 2015 ਦੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਮੰਦੀ ਸ਼ਬਦਾਵਲੀ ਵਾਲੇ ਲਾਏ ਗਏ ਸਨ ਪੋਸਟਰ।

– 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਸੀ ਬੇਅਦਬੀ।

– 2018 ਵਿਚ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਪੜਤਾਲ ਦੌਰਾਨ 10 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰ ਕੇ ਜਾਂਚ ਰਿਪੋਰਟ ਸੀਬੀਆਈ ਨੂੰ ਭੇਜੀ ਸੀ।

– ਸੀਬੀਆਈ ਇਸ ਮਾਮਲੇ ‘ਚ ਕੋਈ ਸਬੂਤ ਇਕੱਠੇ ਨਹੀਂ ਸੀ ਕਰ ਸਕੀ ਤੇ ਸਾਰੇ ਮੁਲਜ਼ਮਾਂ ਨੂੰ ਕਲੀਨ ਚਿਟ ਦੇ ਦਿੱਤੀ ਗਈ ਸੀ।

– ਸੀਬੀਆਈ ਦੀ ਕਲੀਨ ਚਿਟ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਧਾਨ ਸਭਾ ‘ਚ ਪ੍ਰਸਤਾਵ ਪਾਸ ਕਰ ਕੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।

– ਡੇਢ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਕੇਸ ਸੂਬਾ ਸਰਕਾਰ ਕੋਲ ਵਾਪਸ ਆ ਗਿਆ ਤੇ ਐਸਆਈਟੀ ਨੂੰ ਜਾਂਚ ਸੌਂਪੀ ਗਈ।

– ਐੱਸਆਈਟੀ ਵੱਲੋਂ ਪਹਿਲਾਂ ਕੀਤੀ ਗਈ ਪੜਤਾਲ ਦੌਰਾਨ 10 ਡੇਰਾ ਪ੍ਰੇਮੀਆਂ ਨੂੰ ਕੀਤਾ ਗਿਆ ਸੀ ਨਾਮਜ਼ਦ।

– ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦੀ ਪਿਛਲੇ ਸਾਲ ਨਾਭਾ ਜੇਲ੍ਹ ‘ਚ ਕਰ ਦਿੱਤੀ ਗਈ ਸੀ ਹੱਤਿਆ।

– ਤਿੰਨ ਘਟਨਾਵਾਂ ਦੀ ਜਾਂਚ ਮੁੜ ਜਲੰਧਰ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਟੀਮ ਨੂੰ ਵਾਪਸ ਮਿਲਦਿਆਂ ਹੀ ਕੀਤੀ ਕਾਰਵਾਈ।

– ਐੱਸਆਈਟੀ ਨੇ ਸ਼ੁੱਕਰਵਾਰ ਨੂੰ ਛਾਪੇਮਾਰੀ ਕਰ ਕੇ 7 ਡੇਰਾ ਪ੍ਰੇਮੀਆਂ ਨੂੰ ਕੀਤਾ ਸੀ ਗ੍ਰਿਫ਼ਤਾਰ।

– ਦੋ ਮੁਲਜ਼ਮਾਂ ਨੂੰ ਸੀਬੀਆਈ ਅਦਾਲਤ ਵੱਲੋਂ 7 ਸਤੰਬਰ 2018 ਨੂੰ ਦਿੱਤੀ ਗਈ ਜ਼ਮਾਨਤ ਅਦਾਲਤ ਨੇ ਰੱਖੀ ਜਾਰੀ। Thankyou punjabi jagran