ਰਿਸ਼ਤਿਆਂ ਨਾਲੋਂ ਜ਼ਿਆਦਾ ਬਟਵਾਰਾ ਜ਼ਰੂਰੀ ਐ.?

549

ਰਿਸ਼ਤੇ ਬੜੇ ਹੀ ਕੀਮਤੀ ਹੁੰਦੇ ਹਨ, ਜੇਕਰ ਇਨ੍ਹਾਂ ਮਾੜੀ ਜਿਹੀ ਵੀ ਖਟਾਸ ਆ ਜਾਵੇ ਤਾਂ ਟੁੱਟਣ ਲੱਗਿਆ ਦੇਰ ਨਹੀਂ ਲੱਗਦੀ। ਭਾਵੇਂ ਹੀ ਸਾਡੇ ਸਮਾਜ ਦੇ ਵਿਚ ਇਸ ਵੇਲੇ ਰਿਸ਼ਤਿਆਂ ਦੀ ਕੋਈ ਕਮੀ ਨਹੀਂ, ਪਰ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਸਾਫ ਦਿਲ ਦੇ ਇਨਸਾਨ ਤਾਂ ਹਨ, ਪਰ ਉਨ੍ਹਾਂ ਨੂੰ ਚੰਗਾ ਰਿਸ਼ਤੇ ਨਿਭਾਉਣ ਵਾਲਾ ਨਹੀਂ ਮਿਲ ਰਿਹਾ। ਦੋਸਤਾਂ ਮਿੱਤਰਾਂ ਵਿਚ ਨਿੱਕੀ ਨਿੱਕੀ ਗੱਲ ਤੋਂ ਹੁੰਦੀਆਂ ਲੜਾਈਆਂ, ਕਈ ਵਾਰ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਹਨ। ਪਰ ਜਿਥੇ ਰਿਸ਼ਤੇ ਜ਼ਿਆਦਾ ਗੂੜੇ ਹੋਣ, ਉਥੇ ਲੜਾਈਆਂ ਝਗੜਿਆਂ ਤੋਂ ਬਾਅਦ ਵੀ ਸੁਲਾਹ ਹੋ ਜਾਂਦੀ ਹੈ। ਦਰਅਸਲ, ਸਾਡੇ ਦੇਸ਼ ਦੇ ਅੰਦਰ ਬਟਵਾਰੇ ਦਾ ਨਾਮ ਸੁਣਦਿਆ ਹੀ ਲੋਕਾਂ ਦੇ ਮੂੰਹ ‘ਤੇ 1947 ਦਾ ਵੇਲਾ ਆ ਜਾਂਦਾ ਹੈ, ਜਦੋਂ ਸਾਡੇ ਦੇਸ਼ ਦਾ ਬਟਵਾਰਾ ਹੋਇਆ ਸੀ। ਬਟਵਾਰੇ ਦੇ ਦੌਰਾਨ ਇਕ ਪਰਿਵਾਰ ਦੋ ਭਾਗਾਂ ਦੇ ਵਿਚ ਵੰਡਿਆ ਗਿਆ ਸੀ। ਹਿੰਦੋਸਤਾਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਤੋੜਣ ਵਾਲੇ ਕੋਈ ਬਾਹਰਲੇ ਬੰਦੇ ਨਹੀਂ ਸਨ, ਉਹ ਵੀ ਹਿੰਦੋਸਤਾਨ ਵਿਚ ਰਹਿ ਕੇ ਗੋਰਿਆਂ ਦਾ ਸਾਥ ਦਿੰਦੇ ਹੋਏ ਬਟਵਾਰਾ ਕਰਵਾ ਗਏ। ਦੋਸਤੋਂ, ਅੱਜ ਜਦੋਂ ਵੀ ਬਟਵਾਰਾ ਹੋਣ ਦੀ ਗੱਲ ਚਲਦੀ ਹੈ ਤਾਂ ਬਹੁਤੇ ਲੋਕ ਕੰਨਾਂ ਨੂੰ ਹੱਥ ਲਗਾ ਜਾਂਦੇ ਹਨ। ਕਿਉਂਕਿ ਬਟਵਾਰੇ ਦਾ ਨਾਮ ਹੀ ਮਾੜਾ ਹੈ। ਬਟਵਾਰਾ ਹੁਣ ਤੱਕ ਜਿੰਨੇ ਵੀ ਲੋਕਾਂ ਨੇ ਕੀਤਾ, ਉਨ੍ਹਾਂ ਨੇ ਘਾਟਾ ਹੀ ਖਾਦਾ ਹੈ। ਦਰਅਸਲ, ਜਦੋਂ ਜ਼ਿਆਦਾ ਤੇਜ਼ ਦਿਮਾਗ ਵਾਲੇ ਬੰਦੇ, ਦੋ ਸ਼ਰੀਫ਼ ਲੋਕਾਂ ਦੇ ਵਿਚ ਬਹਿ ਜਾਂਦੇ ਹਨ ਤਾਂ ਉਦੋਂ ਪੁਆੜਾ ਜਰੂਰ ਪੈ ਜਾਂਦਾ ਹੈ। ਦੋ ਸਕੇ ਭਰਾਵਾਂ ਨੂੰ ਵੀ ਕਈ ਵਾਰ ਤੇਜ਼ ਦਿਮਾਗ ਵਾਲੇ ਬੰਦੇ ਵੱਖੋਂ ਵੱਖ ਕਰਵਾ ਦਿੰਦੇ ਹਨ ਅਤੇ ਲਹੂ ਦੇ ਰਿਸ਼ਤੇ ਪਾਣੀ ਬਣ ਜਾਂਦੇ ਹਨ। ਜਿਹੜਾ ਭਰਾ ਕਦੇ ਆਪਣੇ ਭਰਾ ਦੇ ਸਾਹੀਂ ਸਾਹ ਲੈਂਦਾ ਸੀ, ਉਹ ਹੀ ਤੇਜ਼ ਦਿਮਾਗ ਵਾਲੇ ਦੀਆਂ ਗੱਲਾਂ ਵਿਚ ਆ ਕੇ ਆਪਣਾ ਭਰਾ ਆਪਣੇ ਤੋਂ ਖੋਹ ਬੈਠਦਾ ਹੈ। ਦੋਸਤੋਂ, ਅੱਜ ਦੇ ਜ਼ਮਾਨੇ ਵਿਚ ਭਾਵੇਂ ਹੀ ਲੋਕਾਂ ਲਈ ਪੈਸਾ ਸਭ ਕੁਝ ਹੋ ਗਿਆ ਹੈ, ਪਰ ਜਿਥੇ ਰਿਸ਼ਤਿਆਂ ਨੇ ਨਿੱਭ ਜਾਣਾ ਹੈ, ਉਥੇ ਪੈਸਾ ਕਿਸੇ ਕੰਮ ਨਹੀਂ ਆਉਂਦਾ। ਕਿਉਂਕਿ ਅੱਜ ਬਹੁਤ ਲੋਕ ਅਜਿਹੇ ਤੁਰੇ ਫਿਰਦੇ ਹਨ, ਜਿਨ੍ਹਾਂ ਦੇ ਕੋਲ ਪੈਸਾ ਤਾਂ ਅਰਬਾਂ ਰੁਪਇਆ ਹੈ, ਪਰ ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਵਾਲਾ ਕੋਈ ਨਹੀਂ ਹੈ। ਦੋਸਤੋਂ, ਅੱਜ ਦੇ ਲੇਖ ਵਿਚ ਹੀ ਅਸੀਂ ਰਿਸ਼ਤਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੋਏ ਬਟਵਾਰਾ ਦੀ ਗੱਲ ਕਰਾਂਗੇ। ਦਰਅਸਲ, ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਮੁਹੱਲਾ ਮੱਲੀਆਂ ਦਾ ਰਹਿਣ ਵਾਲਾ ਰੋਹਿਤ ਜਿਨ੍ਹਾਂ ਦੇ ਘਰੇਲੂ ਬਟਵਾਰੇ ਨੂੰ ਲੈ ਕੇ ਕਈ ਵਾਰ ਪੰਚਾਇਤਾਂ ਜੁੜੀਆਂ, ਪਰ ਕੋਈ ਹੱਲ ਨਾ ਨਿਕਲਿਆ। ਇਕ ਦਿਨ ਰੋਹਿਤ ਦੇ ਸ਼ਰੀਕਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰੋਹਿਤ ਅਤੇ ਉਸ ਦੇ ਭਰਾ ਤੇ ਪਿਤਾ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਤਿੰਨੇ ਪਿਉ ਪੁੱਤਾਂ ਦੀ ਕੁੱਟਮਾਰ ਸਿਰਫ ਤੇ ਸਿਰਫ ਬਟਵਾਰੇ ਖ਼ਾਤਰ ਹੋਈ। ਭਾਵੇਂ ਹੀ ਪੁਲਿਸ ਦੇ ਵਲੋਂ ਕੁੱਟਮਾਰ ਕਰਨ ਵਾਲਿਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਹੁਣ ਤੱਕ ਕੋਈ ਵੀ ਮੁਲਜ਼ਮ ਪੁਲਿਸ ਹੱਥੇ ਨਹੀਂ ਚੜਿਆ। ਦੱਸ ਦਈਏ ਕਿ ਗੱਲਬਾਤ ਕਰਦਿਆ ਹੋਇਆ ਰੋਹਿਤ ਗੁਲਾਟੀ ਪੁੱਤਰ ਰਕੇਸ਼ ਕੁਮਾਰ ਵਾਸੀ ਮੁਹੱਲਾ ਮੱਲੀਆਂ ਜ਼ੀਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਉਂਦਿਆ ਹੋਇਆ ਦੱਸਿਆ ਕਿ ਘਰੇਲੂ ਜਾਇਦਾਦ ਦੇ ਬਟਵਾਰੇ ਸਬੰਧੀ ਉਸ ਦਾ ਆਪਣੇ ਹੀ ਰਿਸ਼ਤੇਦਾਰ ਸੰਜੀਵ ਕੁਮਾਰ, ਰਾਜੇਸ਼ ਗੁਲਾਟੀ ਅਤੇ ਸੁਰਜੀਤ ਸਿੰਘ ਆਦਿ ਨਾਲ ਝਗੜਾ ਚੱਲਦਾ ਆ ਰਿਹਾ ਸੀ। ਰੋਹਿਤ ਗੁਲਾਟੀ ਨੇ ਦੋਸ਼ ਲਗਾਉਂਦਿਆ ਹੋਇਆ ਦੱਸਿਆ ਕਿ ਘਰੇਲੂ ਜਾਇਦਾਦ ਦੇ ਬਟਵਾਰੇ ਨੂੰ ਲੈ ਕੇ ਸੰਜੀਵ, ਰਾਜੇਸ਼, ਸੁਰਜੀਤ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਮੁੱਦਈ ਅਤੇ ਉਸ ਦੇ ਪਿਤਾ ਰਕੇਸ਼ ਕੁਮਾਰ ਅਤੇ ਭਰਾ ਰਜਿਤ ਗੁਲਾਟੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਸੱਟਾਂ ਵੱਜਣ ਦੇ ਕਾਰਨ ਮੁੱਦਈ ਹੋਰੀਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰੋਹਿਤ ਗੁਲਾਟੀ ਦੇ ਬਿਆਨਾਂ ਦੇ ਆਧਾਰ ‘ਤੇ ਸੰਜੀਵ ਕੁਮਾਰ ਪੁੱਤਰ ਸ਼ਾਂਤੀ ਸਰੂਪ ਵਾਸੀ ਮੁਹੱਲਾ ਮੱਲੀਆਂ ਜ਼ੀਰਾ, ਰਾਜੇਸ਼ ਗੁਲਾਟੀ ਪੁੱਤਰ ਸ਼ਾਂਤੀ ਸਰੂਪ ਵਾਸੀ ਪਿੰਡ ਰਟੋਲ ਰੋਹੀ, ਸੁਰਜੀਤ ਸਿੰਘ ਉਰਫ ਹਨੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤੋਂ ਇਲਾਵਾ ਦੋ ਅਣਪਛਾਤੇ ਬੰਦਿਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।